ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨ ਗੁਰਦੁਆਰਾ ਕਲਗੀਧਰ ਦਰਬਾਰ ਸਾਹਿਬ ਐਬਸਫੋਰਡ ਵਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 422ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਇਸ ਸਬੰਧ ਵਿਚ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਆਰੰਭ 4 ਸਤੰਬਰ ਨੂੰ ਕੀਤੇ ਗਏ ਜਿਹਨਾਂ ਦੇ ਭੋਗ 6 ਸਤੰਬਰ ਨੂੰ ਸਵੇਰੇ 8 ਵਜੇ ਪਾਉਣ ਉਪਰੰਤ ਗਰੰਥੀ ਸਿੰਘ ਵਲੋਂ ਅਰਦਾਸ ਕਰਨ ਨਾਲ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਰਵਾਨਗੀ ਠੀਕ 11 ਵਜੇ ਹੋਈ। ਬਹੁਤ ਹੀ ਸੁੰਦਰ ਢੰਗ ਨਾਲ ਸਜਾਈ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ ਅਤੇ ਪਿੱਛੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਵਾਹਿਗੁਰੂ ਦਾ ਜਾਪ ਕਰਦਿਆਂ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ।
ਨਗਰ ਕੀਰਤਨ ਦੌਰਾਨ ਰਾਗੀ ਤੇ ਢਾਡੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਅਤੇ ਗੁਰੂ ਜੱਸ ਦਾ ਗਾਇਨ ਕੀਤਾ ਗਿਆ। ਢਾਡੀ ਜਥਿਆਂ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਿਤ ਵਾਰਾਂ ਪੇਸ਼ ਕੀਤੀਆਂ। ਰਾਗੀ ਤੇ ਢਾਡੀ ਜਥਿਆਂ ਵਿਚ ਭਾਈ ਦਵਿੰਦਰ ਸਿੰਘ ਸੋਢੀ, ਭਾਈ ਮਹਿਤਾਬ ਸਿੰਘ ਜਲੰਧਰ ਵਾਲੇ, ਕਵੀਸ਼ਰ ਭਾਈ ਜੋਗਾ ਸਿੰਘ ਭਾਗੋਵਾਲ ਦੇ ਨਾਮ ਵਿਸ਼ੇਸ਼ ਜ਼ਿਕਰਯੋਗ ਹਨ। ਖਾਲਸਾ ਸਕੂਲ ਦੇ ਬੱਚਿਆਂ ਅਤੇ ਗਤਕਾ ਸੰਸਥਾਵਾਂ ਦੇ ਸਿੰਘਾਂ ਨੇ ਗਤਕੇ ਦੇ ਜੌਹਰ ਦਿਖਾਏ। ਨਗਰ ਕੀਰਤਨ ਵਿੱਚ ਨੀਲੀਆਂ ਅਤੇ ਪੀਲੀਆਂ ਦਸਤਾਰਾਂ ਤੇ ਦੁਪੱਟਿਆਂ ਨਾਲ ਸਜੀ ਸੰਗਤ ਨੇ ਐਬਸਫੋਰਡ ਸਿਟੀ ਵਲੋਂ ਨਗਰ ਕੀਰਤਨ ਲਈ ਰਾਖਵੀਆਂ ਰੱਖੀਆਂ ਸੜਕਾਂ ਨੂੰ ਖ਼ਾਲਸਾਈ ਰੰਗ ਵਿੱਚ ਰੰਗ ਦਿੱਤਾ। ਸਿੱਖ ਮੋਟਰਸਾਈਕਲ ਕਲੱਬਾਂ ਦੇ ਨੌਜਵਾਨਾਂ ਨੇ ਖਾਲਸਾਈ ਸ਼ਾਨ ਦਾ ਇਕ ਵੱਖਰਾ ਹੀ ਮਾਹੌਲ ਸਿਰਜਿਆ। ਸਿੱਖ ਰਾਈਡਰਜ਼ ਵਲੋਂ ਨੌਜਵਾਨਾਂ ਲਈ ਦਸਤਾਰਾਂ ਸਜਾਉਣ ਲਈ ਬਣਾਏ ਗਏ ਫਲੋਟ ਨੇ ਨੌਜਵਾਨਾਂ ਨੂੰ ਆਕਰਸ਼ਿਤ ਕੀਤਾ। ਨਗਰ ਕੀਰਤਨ ਦੌਰਾਨ ਵੱਖ ਵੱਖ ਸੰਸਥਾਵਾਂ ਦੇ ਫਲੋਟਾਂ ਦਰਮਿਆਨ ਸਿੱਖਸ ਫਾਰ ਜਸਟਿਸ ਵਲੋਂ ਆਪਣੇ ਫਲੋਟ ਰਾਹੀਂ ਅਲਬਰਟਾ ਵਿਚ ਅਕਤੂਬਰ ਮਹੀਨੇ ਕਰਵਾਏ ਜਾਣ ਵਾਲੇ ਰਿਫੈਂਰਡਮ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਭਾਰਤ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਜਾ ਰਹੀ ਸੀ। ਵੱਖ-ਵੱਖ ਸਿਆਸੀ ਆਗੂਆਂ ਜਿਹਨਾਂ ਵਿਚ ਐਮ ਪੀ ਸੁਖਮਨ ਗਿੱਲ, ਐਮ ਪੀ ਬਰੈਡ ਵਿਸ, ਸਕੂਲ ਟਰੱਸਟੀ ਅਰਸ਼ ਕਲੇਰ, ਕੌਂਸਲਰ ਦੇਵ ਸਿੱਧੂ, ਕੌਂਸਲਰ ਉਮੀਦਵਾਰ ਜੈਗ ਸਿੱਧੂ, ਅਮਰੀਕ ਨਾਰੰਗ, ਜਸਮੀਤ ਫੂਲਕਾ, ਸਕੂਲ ਟਰੱਸਟੀ ਉਮੀਦਵਾਰ ਵਿਨੈ ਵੜੈਚ, ਐਬਸਫੋਰਡ- ਮਿਸ਼ਨ ਜਿਮਨੀ ਚੋਣ ਲਈ ਉਮੀਦਵਾਰ ਲਖਵਿੰਦਰ ਝੱਜ, ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ, ਲਖਵਿੰਦਰ ਸਿੰਘ ਬਰਾੜ ਤੇ ਹੋਰ ਸ਼ਾਮਿਲ ਸਨ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਦਿਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ।
ਨਗਰ ਕੀਰਤਨ ਦੌਰਾਨ ਵੱਖ-ਵੱਖ ਵਪਾਰਕ ਅਦਾਰਿਆਂ ਅਤੇ ਸੰਸਥਾਵਾਂ ਵਲੋਂ ਖਾਣ ਪੀਣ ਦੇ ਵਿਸ਼ੇਸ਼ ਸਟਾਲ ਲਗਾਏ ਗਏ ਸਨ ਜਿਹਨਾਂ ਵਿਚ ਠੰਡੀ ਸ਼ਰਦਾਈ, ਠੰਡੇ ਜਲ ਪਦਾਰਥ, ਗਰਮਾ ਗਰਮਾ ਚਾਹ, ਪਕੌੜੇ-ਜਲੇਬੀਆਂ, ਛੋਲੇ ਕੁਲਚੇ, ਮੱਕੀ ਦੀ ਰੋਟੀ-ਸਾਗ, ਗੰਨੇ ਦਾ ਤਾਜ਼ਾ ਰਸ ਅਤੇ ਗੁਰੂ ਕੇ ਲੰਗਰ ਆਦਿ ਸ਼ਾਮਿਲ ਸਨ। ਇਹਨਾਂ ਸਟਾਲਾਂ ਤੇ ਨਗਰ ਕੀਰਤਨ ਵਿਚ ਚਲ ਰਹੀਆਂ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ। ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵਲੋਂ ਸਾਫ ਸਫਾਈ ਦੀ ਸੇਵਾ ਨਾਲੋ ਨਾਲ ਨਿਭਾਈ ਗਈ। ਨਗਰ ਕੀਰਤਨ ਦੇ ਰਸਤੇ ਵਿਚ ਸਿਟੀ ਕੌਂਸਲ ਲਈ ਚੋਣਾਂ ਲੜ ਰਹੇ ਉਮੀਦਵਾਰਾਂ ਵਲੋਂ ਵੋਟਾਂ ਦੀ ਅਪੀਲ ਲਈ ਵਿਸ਼ੇਸ਼ ਬੋਰਡ ਲਗਾਕੇ ਸੰਗਤਾਂ ਦਾ ਧਿਆਨ ਖਿੱਚਣ ਦਾ ਯਤਨ ਕੀਤਾ ਗਿਆ।
ਨਗਰ ਕੀਰਤਨ ਸ਼ਾਮੀਂ 5 ਵਜੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੀ ਸਫਲਤਾ ਲਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ ਗੁਰਜੀਤ ਸਿੰਘ, ਸਕੱਤਰ ਬਾਜ ਸਿੰਘ ਤੇ ਪ੍ਰਬੰਧਕ ਕਮੇਟੀ ਨੇ ਸੰਗਤਾਂ ਅਤੇ ਵਲੰਟੀਅਰਾਂ ਦੀ ਵਿਸ਼ੇਸ਼ ਧੰਨਵਾਦ ਕੀਤਾ।
ਤਸਵੀਰਾਂ – ਸ਼ਰਮਾ।


















































