Sep 8, 2026

ਹਸਪਤਾਲ ਵਿਚ ਮੌਤ ਹੋਣ ਉਪਰੰਤ ਸਰਪੰਚ ਤੇ ਹੋਰਾਂ ਖਿਲਾਫ ਕੇਸ ਦਰਜ- ਵਿਰੋਧੀ ਆਗੂਆਂ ਵਲੋਂ ਵਿੱਤ ਮੰਤਰੀ ਖਿਲਾਫ ਕੇਸ ਦਰਜ ਕਰਨ ਦੀ ਮੰਗ-

ਸੰਗਰੂਰ- ਦਿੜ੍ਹਬਾ ਹਲਕੇ ਦੇ ਪਿੰਡ ਤੂਰ ਬੰਜ਼ਾਰਾ ਵਿਖੇ ਵਿੱਤ ਮੰਤਰੀ ਦੇ ਸਮਾਗਮ ਦੌਰਾਨ ਨਸ਼ੇ ਦਾ ਮੁੱਦਾ ਉਠਾਉਣ ਵਾਲੇ ਮਜ਼ਦੂਰ ਗੁਲਜ਼ਾਰ ਸਿੰਘ (ਜਿਸ ਨੇ ਪੰਚਾਇਤ ਦੇ ਨੁਮਾਇੰਦਿਆਂ ਵੱਲੋਂ ਧਮਕਾਉਣ ਮਗਰੋਂ ਸਲਫ਼ਾਸ ਨਿਗਲ ਲਈ ਸੀ) ਦੀ ਡੀਐੱਮਸੀ ਲੁਧਿਆਣਾ ਵਿਖੇ ਇਲਾਜ ਦੌਰਾਨ ਮੌਤ ਹੋਣ ਦੀ ਦੁਖਦਾਈ ਖਬਰ ਹੈ।

ਮ੍ਰਿਤਕ ਗੁਲਜ਼ਾਰ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਉਰਫ਼ ਲੱਖਾ ਦੇ ਬਿਆਨਾਂ ’ਤੇ ਪੁਲੀਸ ਨੇ ਥਾਣਾ ਦਿੜ੍ਹਬਾ ਵਿੱਚ ਪਿੰਡ ਤੂਰਬੰਜ਼ਾਰਾ ਦੀ ਸਰਪੰਚ ਬਲਜਿੰਦਰ ਕੌਰ, ਉਸ ਦੇ ਪਤੀ ਬਲਜੀਤ ਸਿੰਘ, ਸੁਖਦੇਵ ਸਿੰਘ ਉਰਫ਼ ਸੁੱਖਾ, ਵਿੱਕੀ ਸਿੰਘ ਪੰਚ ਅਤੇ ਗੋਨਾ ਸਿੰਘ ਵਾਸੀਆਨ ਤੂਰਬੰਜ਼ਾਰਾ ਦੇ ਖ਼ਿਲਾਫ਼ ਜ਼ੇਰ ਧਾਰਾ 108 ਬੀ.ਐੱਨ.ਐੱਸ., ਸੈਕਸ਼ਨ 3(1)(r)(s) ਐੱਸ.ਸੀ./ਐੱਸ.ਟੀ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 6 ਸਤੰਬਰ ਨੂੰ ਪਿੰਡ ਤੂਰਬੰਜ਼ਾਰਾ ਵਿਖੇ ਵਿੱਤ ਮੰਤਰੀ ਦੇ ਸਮਾਗਮ ਦੌਰਾਨ ਪਿੰਡ ਦੇ ਦਲਿਤ ਭਾਈਚਾਰੇ ਨਾਲ ਸਬੰਧਤ ਮਜ਼ਦੂਰ ਗੁਲਜ਼ਾਰ ਸਿੰਘ ਨੇ ਮੁੱਦਾ ਉਠਾਇਆ ਸੀ ਕਿ ਉਸ ਦਾ ਲੜਕਾ ਚਿੱਟਾ ਨਸ਼ਾ ਕਰਦਾ ਹੈ, ਜਿਸ ਨੇ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਹੈ। ਦੋਸ਼ ਹੈ ਕਿ ਪਿੰਡ ਦੇ ਕੁੱਝ ਵਿਅਕਤੀਆਂ ਵੱਲੋਂ ਮਜ਼ਦੂਰ ਨੂੰ ਧਮਕਾਇਆ ਗਿਆ।

ਮਰਨ ਤੋਂ ਪਹਿਲਾਂ ਇੱਕ ਵੀਡੀਓ ਬਿਆਨ ਵਿੱਚ ਗੁਲਜ਼ਾਰ ਸਿੰਘ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਪੰਚਾਇਤ ਦੇ ਨੁਮਾਇੰਦਿਆਂ ਵੱਲੋਂ ਕਿਹਾ ਗਿਆ ਕਿ ਉਹ ਪੰਚਾਇਤ ਵਿੱਚ ਆ ਕੇ ਮੁਆਫ਼ੀ ਮੰਗੇ। ਉਹ ਪੰਚਾਇਤ ਵਿੱਚ ਨਹੀਂ ਗਿਆ ਸਗੋਂ ਉਸ ਨੇ ਡਰਦਿਆਂ ਸਲਫ਼ਾਸ ਨਿਗਲ ਲਈ। ਪਹਿਲਾਂ ਉਸ ਨੂੰ ਸੰਗਰੂਰ ਹਸਪਤਾਲ ਲਿਆਂਦਾ ਗਿਆ, ਫਿਰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਇਸ ਮਗਰੋਂ ਫਿਰ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਡੀਐੱਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਬਿੱਕਰ ਸਿੰਘ ਨੇ ਵੀ ਆਪਣੇ ਭਰਾ ਦੇ ਬਿਆਨਾਂ ਦੀ ਪੁਸ਼ਟੀ ਕੀਤੀ ਹੈ। ਅੱਜ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਮਗਰੋਂ ਉਸ ਦੀ ਦੇਹ ਨੂੰ ਪਿੰਡ ਲਿਜਾਇਆ ਜਾਵੇਗਾ।

ਇਸ ਘਟਨਾ ਮਗਰੋਂ ਸੂਬੇ ਦੀ ਸਿਆਸਤ ਵੀ ਗਰਮਾ ਗਈ ਹੈ। ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ, ਸੁਖਪਾਲ ਸਿੰਘ ਖਹਿਰਾ ਅਤੇ ਬਿਕਰਮ ਸਿੰਘ ਮਜੀਠੀਆ ਸਮੇਤ ਅਨੇਕਾਂ ਆਗੂਆਂ ਵੱਲੋਂ ਸਰਕਾਰ ਨੂੰ ਘੇਰਿਆ ਗਿਆ ਹੈ। ਇਸ ਮੌਕੇ ਸਿਵਲ ਹਸਪਤਾਲ ਵਿੱਚ ਮੌਜੂਦ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਆਗੂ ਵਿਨਰਜੀਤ ਸਿੰਘ ਗੋਲਡੀ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਚਮਨਦੀਪ ਸਿੰਘ ਮਿਲਖੀ, ਭਾਜਪਾ ਆਗੂ ਰਣਦੀਪ ਸਿੰਘ ਦਿਓਲ, ਕਾਂਗਰਸ ਆਗੂ ਜਗਦੇਵ ਗਾਗਾ ਨੇ ਮੰਗ ਕੀਤੀ ਹੈ ਕਿ ਵਿੱਤ ਮੰਤਰੀ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਜਾਵੇ ਕਿਉਂਕਿ ਮਜ਼ਦੂਰ ਗੁਲਜ਼ਾਰ ਸਿੰਘ ਨੇ ਮਰਨ ਤੋਂ ਪਹਿਲਾਂ ਵੀਡੀਓ ਬਿਆਨ ਜਾਰੀ ਕਰਕੇ ਚੀਮਾ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ।

featured-img

 

Leave a Reply

Your email address will not be published. Required fields are marked *