Sep 11, 2026

 ਮੌਜੂਦਾ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ-

ਸਰੀ ( ਕਾਹਲੋਂ)- – 10,000 ਸੀਟਾਂ ਵਾਲੇ ਪ੍ਰਸਤਾਵਿਤ ਸਿਟੀ ਸੈਂਟਰ ਐਰੀਨਾ ਵਾਲੀ ਜਗ੍ਹਾ ’ਤੇ ਢੋਆ-ਢੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਐਰੀਨਾ ਭਵਿੱਖ ਵਿੱਚ ਵੈਨਕੂਵਰ ਜਾਇੰਟਸ ਦਾ ਘਰ ਅਤੇ ਸਰੀ ਦੇ ਉੱਭਰ ਰਹੇ ਖੇਡਾਂ ਅਤੇ ਮਨੋਰੰਜਨ ਹੱਬ ਦਾ ਇੱਕ ਮਹੱਤਵਪੂਰਨ ਹਿੱਸਾ ਹੋਵੇਗਾ। ਵੀਰਵਾਰ ਨੂੰ, ਮੇਅਰ ਬਰੈਂਡਾ ਲੌਕ, ਕੌਂਸਲ ਦੇ ਮੈਂਬਰ, ਵੈਨਕੂਵਰ ਜਾਇੰਟਸ ( Vancouver Giants ) ਦੇ ਬਹੁਮਤ ਮਾਲਕ ਰੌਨ ਟੋਇਗੋ (Ron Toigo ) ਅਤੇ ਸਹਿ-ਮਾਲਕ ਮਾਈਕਲ ਬੂਬਲੇ (Michael Bublé) ਇਸ ਅਹਿਮ ਮੀਲ ਪੱਥਰ ਸਮੇਂ ਮੌਜੂਦ ਸਨ। ਇਸ ਦੌਰਾਨ ਢਾਹੁਣ ਵਾਲੇ ਵਰਕਰਾਂ (demolition crews) ਨੇ 10355 ਕਿੰਗ ਜਾਰਜ ਬੁਲੇਵਾਰਡ ‘ਤੇ ਸਥਿਤ ਪੁਰਾਣੀ ਸੇਫਵੇਅ ਇਮਾਰਤ ਨੂੰ ਢਾਉਣ ਦਾ ਕੰਮ ਸ਼ੁਰੂ ਕੀਤਾ। ਮੇਅਰ ਬਰੈਂਡਾ ਲੌਕ ਨੇ ਕਿਹਾ, “ਇਹ ਸਰੀ ਦੇ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਸ਼ਹਿਰੀ ਵਿਕਾਸ ਪ੍ਰੋਜੈਕਟਾਂ ਵਿੱਚੋਂ ਇੱਕ ਵੱਲ ਉਤਸ਼ਾਹਜਨਕ ਅਗਲਾ ਕਦਮ ਹੈ। ਇਹ ਇਸ ਗੱਲ ਦੀ ਪੁਰਜ਼ੋਰ ਪੁਸ਼ਟੀ ਕਰਦਾ ਹੈ ਕਿ ਸਰੀ ਵਿੱਚ ਵੱਡੀਆਂ ਚੀਜ਼ਾਂ ਹੋ ਰਹੀਆਂ ਹਨ ਅਤੇ ਸਿਟੀ ਸੈਂਟਰ ਲਈ ਸਾਡਾ ਦ੍ਰਿਸ਼ਟੀਕੋਣ ਹੁਣ ਹਕੀਕਤ ਦਾ ਰੂਪ ਧਾਰ ਰਿਹਾ ਹੈ।”

ਸਿਟੀ ਸੈਂਟਰ ਐਰੀਨਾ (City Centre Arena) ਅਤੇ ਐਂਟਰਟੇਨਮੈਂਟ ਡਿਸਟ੍ਰਿਕਟ (Entertainment District ) ਦੇ ਨਿਰਮਾਣ ਦੇ ਪਹਿਲੇ ਪੜਾਅ ਦੇ ਹਿੱਸੇ ਵਜੋਂ ਹੁਣ ਸਾਈਟ ਦੀ ਤਿਆਰੀ ਦਾ ਕੰਮ ਚੱਲ ਰਿਹਾ ਹੈ। ਇਸ ਪ੍ਰੋਜੈਕਟ ਵਿੱਚ ਇੱਕ ਲਗਜ਼ਰੀ ਹੋਟਲ, ਕਾਨਫ਼ਰੰਸ ਲਈ ਜਗ੍ਹਾ ਅਤੇ ਰਿਹਾਇਸ਼ੀ ਵਿਕਾਸ ਵੀ ਸ਼ਾਮਲ ਹੋਵੇਗਾ। ਇਸ ਨਾਲ ਵਸਨੀਕਾਂ, ਸੈਲਾਨੀਆਂ ਅਤੇ ਵੱਡੇ ਸਮਾਗਮਾਂ ਲਈ ਇੱਕ ਨਵਾਂ ਆਕਰਸ਼ਕ ਕੇਂਦਰ ਤਿਆਰ ਹੋਵੇਗਾ। ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਪ੍ਰਧਾਨ ਅਤੇ ਸੀਈਓ (Surrey City Development Corporation President & CEO) ਬਿਲ ਔਜਲਾ ਨੇ ਕਿਹਾ, “ਇਹ ਪ੍ਰੋਜੈਕਟ ਸਰੀ ਦੇ ਭਵਿੱਖ ਵਿੱਚ ਇੱਕ ਮਹੱਤਵਪੂਰਨ ਨਿਵੇਸ਼ ਹੈ। ਇਹ ਇੱਕ ਅਜਿਹੀ ਸਹੂਲਤ ਤਿਆਰ ਕਰੇਗਾ, ਜੋ ਵਸਨੀਕਾਂ ਅਤੇ ਪੂਰੇ ਖੇਤਰ ਲਈ ਲੰਬੇ ਸਮੇਂ ਤੱਕ ਆਰਥਿਕ, ਸੱਭਿਆਚਾਰਕ, ਖੇਡ ਅਤੇ ਭਾਈਚਾਰਕ ਲਾਭ ਪੈਦਾ ਕਰੇਗਾ। ਅੱਜ ਦਾ ਢਾਹੁਣ ਦਾ ਕੰਮ ਕਈ ਸਾਲਾਂ ਦੀ ਯੋਜਨਾਬੰਦੀ ਤੋਂ ਅਮਲੀ ਕਾਰਵਾਈ ਵੱਲ ਬਦਲਾਅ ਨੂੰ ਦਰਸਾਉਂਦਾ ਹੈ।”

ਸਿਟੀ ਸੈਂਟਰ ਐਰੀਨਾ ਅਤੇ ਐਂਟਰਟੇਨਮੈਂਟ ਡਿਸਟ੍ਰਿਕਟ ਦੇ 2030 ਤੱਕ ਪੂਰਾ ਹੋਣ ਦੀ ਉਮੀਦ ਹੈ। ਲਗਭਗ 360 ਮਿਲੀਅਨ ਡਾਲਰ ਦੀ ਕੁੱਲ ਅਨੁਮਾਨਿਤ ਲਾਗਤ ਵਾਲਾ ਇਹ ਪ੍ਰੋਜੈਕਟ ਅਗਲੇ ਦਹਾਕੇ ਦੌਰਾਨ 2.4 ਬਿਲੀਅਨ ਡਾਲਰ ਦੇ ਆਰਥਿਕ ਲਾਭ ਪੈਦਾ ਕਰਨ ਦੇ ਨਾਲ ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਭਰ ਵਿੱਚ 2,700 ਤੋਂ ਵੱਧ ਨੌਕਰੀਆਂ ਪੈਦਾ ਕਰਨ ਦੀ ਉਮੀਦ ਰੱਖਦਾ ਹੈ।

ਸਿਟੀ ਸੈਂਟਰ ਐਰੀਨਾ ਅਤੇ ਐਂਟਰਟੇਨਮੈਂਟ ਡਿਸਟ੍ਰਿਕਟ ਬਾਰੇ ਵਧੇਰੇ ਜਾਣਕਾਰੀ ਲਈ ਪ੍ਰੋਜੈਕਟ ਦੇ ਵੈੱਬਪੇਜ ‘ਤੇ ਜਾਓ।

default

Leave a Reply

Your email address will not be published. Required fields are marked *