Sep 12, 2026

Screenshot

ਵਿਸ਼ਵ ਸਿੱਖ ਭਾਈਚਾਰੇ ਖਿਲਾਫ ਨਸਲੀ ਨਫਰਤ ਦੀ ਸਿਖਰ…

ਸੁਖਵਿੰਦਰ ਸਿੰਘ ਚੋਹਲਾ—

ਵਿਸ਼ਵ ਭਰ ਵਿਚ ਆਰਥਿਕ ਮੰਦੀ ਦੇ ਚਲਦਿਆਂ ਵਿਕਸਿਤ ਮੁਲਕਾਂ ਵਿਚ ਸਰਕਾਰਾਂ ਦੀਆਂ ਇਮੀਗ੍ਰੇਸ਼ਨ ਨੀਤੀਆਂ ਖਿਲਾਫ ਸਥਾਨਕ ਲੋਕਾਂ ਵਿਚਾਲੇ ਵਿਰੋਧ ਅਤੇ ਰੋਸ ਦੀ ਮੁਹਿੰਮ ਚੱਲ ਰਹੀ ਹੈ। ਸਬੰਧਿਤ ਸਰਕਾਰਾਂ ਆਰਥਿਕ ਮੁਹਾਜ਼ ਤੇ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਅਤੇ ਸਥਾਨਕ ਲੋਕਾਂ ਦੇ ਦਬਾਅ ਕਾਰਣ ਇਮੀਗ੍ਰੇਸ਼ਨ ਨੀਤੀਆਂ ਵਿਚ ਸਖਤਾਈ ਕਰਨ ਲਈ ਮਜਬੂਰ ਹਨ। ਗੈਰ ਕਨੂੰਨੀ ਪ੍ਰਵਾਸੀਆਂ ਖਿਲਾਫ ਸਵੈ ਇੱਛਾ ਜਾਂ ਜਬਰੀ ਵਾਪਿਸ ਭੇਜੇ ਜਾਣ ਦੀਆਂ ਸਰਕਾਰੀ ਮੁਹਿੰਮਾਂ ਨੂੰ ਵੱਡੇ ਪੱਧਰ ਤੇ ਪ੍ਰਚਾਰਿਆ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵਲੋਂ ਨਿੱਤ ਨਵੇਂ ਵਿਵਾਦਿਤ ਬਿਆਨਾਂ ਦੇ ਨਾਲ ਗੈਰ ਕਨੂੰਨੀ ਪਰਵਾਸ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਇਵੇਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਹੋਰ ਕੌਮਾਂਤਰੀ ਮਸਲਿਆਂ ਨਾਲ ਨਿਪਟਣ ਵਾਂਗ ਉਹ ਗੈਰ ਕਨੂੰਨੀ ਪਰਵਾਸੀਆਂ ਖਿਲਾਫ ਵੀ ਇਕ ਜੰਗ ਲੜ ਰਹੇ ਹੋਣ। ਅਮਰੀਕਾ ਵਿਚ ਇਸ ਸਮੇਂ ਅੰਦਾਜ਼ਨ 11 ਤੋਂ 14 ਮਿਲੀਅਨ ਗੈਰ ਕਨੂੰਨੀ ਅਤੇ ਗੈਰ ਦਸਤਾਵੇਜੀ ਪਰਵਾਸੀਆਂ ਦੀ ਗਿਣਤੀ ਦੱਸੀ ਜਾਂਦੀ ਹੈ। ਅਮਰੀਕਾ ਕਰੋੜਾਂ ਦੀ ਗਿਣਤੀ ਵਿਚ ਰਹਿ ਰਹੇ ਗੈਰਕਨੂੰਨੀ ਪਰਵਾਸੀਆਂ ਦੀ ਸਮੱਸਿਆ ਨਾਲ ਕਿਵੇਂ ਨਿਪਟੇਗਾ ਜਾਂ ਨਿਪਟ ਰਿਹਾ ਹੈ, ਇਹ ਉਸਦੀਆਂ ਇਮੀਗ੍ਸ਼ਨ ਵਿਰੋਧੀ ਨੀਤੀਆਂ ਅਤੇ ਸਖਤਾਈਆਂ ਤੋਂ ਸਪੱਸ਼ਟ ਹੈ ਪਰ ਇਸ ਨਾਲ ਮੁਲਕ ਵਿਚ ਪਰਵਾਸੀਆਂ ਖਿਲਾਫ ਜੋ ਵਿਤਕਰੇ ਅਤੇ ਨਸਲਵਾਦ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ, ਉਹ ਬਹੁਤ ਹੀ ਚਿੰਤਾਜਨਕ ਹੈ। ਗੈਰ ਕਨੂੰਨੀ ਪਰਵਾਸੀਆਂ ਖਿਲਾਫ ਅਮਰੀਕੀ ਗ੍ਰਹਿ ਵਿਭਾਗ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਨਾਲ ਨਿੱਤ ਮਾਨਵੀ ਅਧਿਕਾਰਾਂ ਦੀ ਉਲੰਘਣਾ ਦੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਹਨ। ਅਜਿਹੀ ਹੀ ਇਕ ਤਾਜਾ ਕਹਾਣੀ ਅਮਰੀਕਾ ਦੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ‘ (DHS) ਵਲੋਂ  ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਇੱਕ ਅਜਿਹੀ ਪੋਸਟ ਹੈ ਜਿਸ ਵਿਚ ਸਿੱਧੇ ਰੂਪ ਵਿਚ ਅਮਰੀਕਾ ਵਿਚ ਵਸਦੇ ਭਾਰਤੀ ਅਤੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਵਿਭਾਗ ਵਲੋਂ ਇਸ ਵਿਵਾਦਪੂਰਨ ਪੋਸਟਰ ਤੇ “ਸਵੈ-ਦੇਸ਼ ਵਾਪਸੀ ਕਰੋ ਜਾਂ ਨਤੀਜਾ ਭੁਗਤੋ” ਦਾ ਸੰਦੇਸ਼ ਲਿਖਿਆ  ਗਿਆ ਹੈ। ਗ੍ਰਾਫਿਕ ਵਿੱਚ ਲਿਖੀ ਇੱਕ ਹੋਰ ਲਾਈਨ —ਮਿਸਟਰ ਸਿੰਘ  “ਸਾਡੀਆਂ ਸੜਕਾਂ ਤੋਂ ਹਟ ਜਾਓ। ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ,  —ਸਿੱਧੇ ਰੂਪ ਵਿਚ ਅਮਰੀਕੀ ਸਿੱਖ ਭਾਈਚਾਰੇ ਨਾਲ ਨਸਲਵਾਦੀ ਵਿਤਕਰੇ ਅਤੇ ਨਫਰਤ ਦੀ ਉਦਾਹਰਣ ਹੈ।  

ਸਿੰਘ” ਸ਼ਬਦ — ਜੋ ਕਿ ਖਾਸ ਤੌਰ ਤੇ ਸਿੱਖਾਂ ਵਿੱਚ ਪ੍ਰਚਲਿਤ ਉਪਨਾਮ ਹੈ ਅਤੇ ਵਿਆਪਕ ਤੌਰ ਤੇ ਭਾਰਤੀ ਮੂਲ ਦੇ ਲੋਕਾਂ ਨਾਲ ਵੀ ਜੁੜਿਆ ਹੋਇਆ ਹੈ — ਦੀ ਵਰਤੋਂ ਕਾਰਨ ਆਲੋਚਕਾਂ ਨੇ ਸਵਾਲ ਚੁੱਕੇ ਹਨ ਕਿ ਸਰਕਾਰੀ ਇਮੀਗ੍ਰੇਸ਼ਨ ਸੰਦੇਸ਼ ਵਿੱਚ ਕਿਸੇ ਖਾਸ ਨਸਲੀ ਪਛਾਣ ਨੂੰ ਕਿਉਂ ਸ਼ਾਮਲ ਕੀਤਾ ਗਿਆ ਹੈ। ਇਸਦੇ ਨਾਲ ਮਿਸਟਰ ਸਿੰਘ ਸ਼ਬਦ ਦੀ ਵਰਤੋਂ ਅਤੇ ਤੁਹਾਨੂੰ ਗੱਡੀ ਚਲਾਉਣੀ ਨਹੀ ਆਉਂਦੀ, ਸਾਡੀਆਂ ਸੜਕਾਂ ਤੋਂ ਹਟ ਜਾਓ, ਵਰਗੀਆਂ ਸਖਤ ਟਿਪਣੀਆਂ ਅਮਰੀਕਾ ਪ੍ਰਸ਼ਾਸਨ ਦੀ ਸਿੱਖ ਭਾਈਚਾਰੇ ਪ੍ਰਤੀ ਹਿਕਾਰਤ ਨੂੰ ਪ੍ਰਗਟਾਉਂਦੀਆਂ ਅਤੇ ਨਫਰਤ ਨੂੰ ਹਵਾ ਦੇਣ ਵਾਲੀਆਂ ਹਨ। ਭਾਵੇਂਕਿ ਗਲਤ ਡਰਾਈਵਿੰਗ ਬਾਰੇ ਟਿੱਪਣੀ ਅਮਰੀਕਾ ਵਿੱਚ ਹਾਲ ਹੀ ਵਿੱਚ ਵਾਪਰੇ ਘਾਤਕ ਸੜਕ ਹਾਦਸਿਆਂ ਦੇ ਮੱਦੇਨਜ਼ਰ ਆਈ ਹੈ, ਜਿਨ੍ਹਾਂ ਵਿੱਚ ਟਰੱਕ ਡਰਾਈਵਰਾਂ ਵਜੋਂ ਪਛਾਣੇ ਗਏ ਵਿਅਕਤੀ ਕਥਿਤ ਤੌਰ ਤੇ ਗੈਰ-ਕਾਨੂੰਨੀ ਭਾਰਤੀ ਨਾਗਰਿਕ ਸਨ। ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਸਥਿਤੀ ਅਤੇ ਡਰਾਈਵਿੰਗ ਨਿਯਮਾਂ ਦੀ ਪਾਲਣਾ ਦੇ ਮਾਮਲਿਆਂ ਨੂੰ ਕਿਸੇ ਉਪਨਾਮ ਜਾਂ ਨਸਲੀ ਭਾਈਚਾਰੇ ਨਾਲ ਕਥਿਤ ਉਲੰਘਣਾਵਾਂ ਨੂੰ ਜੋੜਨਾ ਕਿਸੇ ਵੀ ਹਾਲਤ ਵਿਚ ਉਚਿਤ ਨਹੀਂ। ਅਮਰੀਕਾ ਸਰਕਾਰ ਦੇ ਇਸ ਨਸਲੀ ਨਫਰਤ ਪੈਦਾ ਕਰਨ ਵਾਲੇ ਪੋਸਟਰ ਦੀ ਵੱਖ-ਵੱਖ ਸਿੱਖ ਸੰਸਥਾਵਾਂ, ਭਾਰਤੀ ਅਤੇ ਹਿੰਦੂ ਸੰਸਥਾਵਾਂ ਨੇ ਕਰੜੀ ਆਲੋਚਨਾ ਕੀਤੀ ਹੈ। ਹਿੰਦੂ ਅਮੈਰੀਕਨ ਫਾਊਂਡੇਸ਼ਨ‘  ਨੇ ਅਮਰੀਕੀ ਗ੍ਰਹਿ ਵਿਭਾਗ ਦੇ ਇਸ ਸੰਦੇਸ਼ ਦੀ ਸਖ਼ਤ ਆਲੋਚਨਾ ਕਰਦਿਆਂ ਇਸਨੂੰ “ਭਾਰਤ-ਵਿਰੋਧੀ ਪੱਖਪਾਤ” ਦੀ ਇੱਕ ਉਦਾਹਰਣ ਦੱਸਿਆ ਹੈ। ਇਸ ਮਾਮਲੇ ਵਿਚ ਉਘੇ ਪੱਤਰਕਾਰ ਐਲਕ ਨੋਲਨ ਵਲੋਂ ਐਕਸ ਤੇ ਇਕ ਪੋਸਟ ਪਾਕੇ ਅਮਰੀਕੀ ਪ੍ਰਸ਼ਾਸਨ ਦੇ ਨਸਲੀ ਵਿਵਹਾਰ ਦੀ ਕਰੜੀ ਨਿੰਦਾ ਕੀਤੀ ਹੈ। ਉਸਨੇ ਲਿਖਿਆ ਹੈ ਉਸਦੇ ਪੜਦਾਦਾ, ਕੱਥਾ ਸਿੰਘ, ਦਹਾਕਿਆਂ ਪਹਿਲਾਂ ਬਿਹਤਰ ਮੌਕਿਆਂ ਦੀ ਤਲਾਸ਼ ਵਿੱਚ ਭਾਰਤ ਤੋਂ ਅਮਰੀਕਾ ਆਏ ਸਨ ਅਤੇ ਕੈਲੀਫੋਰਨੀਆ ਵਿੱਚ ਸੌਗੀ  ਦੇ ਕਿਸਾਨ ਬਣੇ । ਉਸਦੇ ਦਾਦਾ, ਡੈਨ ਸਿੰਘ, ਨੇ ਬਾਅਦ ਵਿੱਚ ਪਰਿਵਾਰਕ ਕਾਰੋਬਾਰ ਸੰਭਾਲਿਆ ਅਤੇ ਇਕ ਟਰੱਕ ਡਰਾਈਵਰ ਵਜੋਂ ਵੀ ਕੰਮ ਕੀਤਾ।

ਨੋਲਨ ਨੇ ਅੱਗੇ  ਲਿਖਿਆ ਹੈ  “ਇਹ ਪੋਸਟ ਨਸਲਵਾਦੀ ਹੈ ਅਤੇ ਸਿੰਘਉਪਨਾਮ ਵਾਲੇ ਕਿਸੇ ਵੀ ਵਿਅਕਤੀ ਲਈ ਅਪਮਾਨਜਨਕ ਹੈ।”ਹਾਲਾਂਕਿ ਗੈਰ-ਦਸਤਾਵੇਜ਼ੀ ਇਮੀਗ੍ਰੇਸ਼ਨ ਪ੍ਰਤੀ ਸਰਕਾਰ ਦੇ ਸਖ਼ਤ ਰਵੱਈਏ ਨੇ ਇਕ ਸਿਆਸੀ ਬਹਿਸ ਛੇੜ ਰੱਖੀ ਹੈ, ਪਰ “ਮਿਸਟਰ ਸਿੰਘ” ਪੋਸਟਰ ਦੇ ਆਲੋਚਕਾਂ ਦਾ ਤਰਕ ਹੈ ਕਿ ਜਦੋਂ ਸਰਕਾਰ ਦੀ ਕਿਸੇ ਨੀਤੀ ਨੂੰ ਲਾਗੂ ਕਰਨ ਸੰਬੰਧੀ ਸੰਦੇਸ਼ ਕਿਸੇ ਖਾਸ ਨਸਲੀ ਜਾਂ ਧਾਰਮਿਕ ਪਛਾਣ ਨੂੰ ਨਿਸ਼ਾਨਾ ਬਣਾਉਂਦਾ  ਹੈ ਤਾਂ ਇਹ ਨੈਤਿਕ ਹੱਦਾਂ ਪਾਰ ਕਰ ਜਾਂਦਾ ਹੈ ਤੇ ਸਰਕਾਰ ਦੀਆਂ ਨੀਤੀਆਂ ਉਪਰ ਵੀ ਸਵਾਲ ਉਠਾਉਂਦਾ ਹੈ।

ਇਸ ਸਾਰੇ ਵਿਵਾਦ ਉਪਰੰਤ ਅਤੇ ਪ੍ਰਵਾਸੀ ਭਾਰਤੀ ਸੰਸਥਾਵਾਂ ਅਤੇ ਸਿੱਖ ਸੰਸਥਾਵਾਂ ਵਲੋਂ ਭਾਰੀ ਵਿਰੋਧ ਦਰਜ ਕਰਵਾਏ ਜਾਣ ਤੇ ਅਮਰੀਕੀ ਗ੍ਰਹਿ ਵਿਭਾਗ ਨੇ ਆਪਣਾ ਇਹ ਪੋਸਟਰ ਹਟਾ ਲਿਆ ਹੈ ਪਰ ਇਸਦੇ ਨਾਲ ਜੋ ਵਿਭਾਗ ਨੇ ਤਰਕ ਦਿੱਤਾ ਹੈ ਉਹ ਵੀ ਬੇਹੱਦ ਨਿੰਦਾਜਨਕ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ  ਇਹ ਪੋਸਟਰ ਖਾਸ ਤੌਰ ’ਤੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਵੱਲ ਇਸ਼ਾਰਾ ਕਰਦਾ ਹੈ, ਜੋ 2025 ਦੇ ਫਲੋਰੀਡਾ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਲਈ ਜਿੰਮੇਵਾਰ ਠਹਿਰਾਇਆ ਜਾ ਚੁੱਕਾ ਹੈ।

ਉਹਨਾਂ ਹੋਰ ਸਪੱਸ਼ਟ ਕੀਤਾ ਹੈ ਕਿ ਪੋਸਟਰ ਵਿੱਚ ਦਿਖਾਇਆ ਗਿਆ ਵਿਅਕਤੀ ਕਿਸੇ ਅਣਪਛਾਤੇ ਸਿੱਖ ਜਾਂ ਭਾਰਤੀ ਟਰੱਕ ਡਰਾਈਵਰ ਨੂੰ ਦਰਸਾਉਣ ਲਈ ਨਹੀਂ ਸੀ, ਸਗੋਂ ਭਾਰਤੀ ਮੂਲ ਦੇ ਕਮਰਸ਼ੀਅਲ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਦਰਸਾਉਂਦਾ ਸੀ। ਜਿਕਰਯੋਗ ਹੈ ਕਿ ਹਰਜਿੰਦਰ ਸਿੰਘ ਨੂੰ ਅਗਸਤ 2025 ਵਿੱਚ ਸੇਂਟ ਲੂਸੀ ਕਾਉਂਟੀ ਵਿੱਚ ਫਲੋਰੀਡਾ ਹਾਦਸੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਉਸ ਨੇ ਇੱਕ ਅਣਅਧਿਕਾਰਤ ਥਾਂ ’ਤੇ ਗ਼ੈਰ-ਕਾਨੂੰਨੀ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਇੱਕ ਮਿਨੀਵੈਨ ਉਸ ਦੇ ਟਰੈਕਟਰ-ਟਰੇਲਰ ਨਾਲ ਟਕਰਾ ਗਈ। ਮਿਨੀਵੈਨ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਸਿੰਘ ਨੇ 2018 ਵਿੱਚ ਗ਼ੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ ਅਤੇ ਕੈਲੀਫੋਰਨੀਆ ਵਿੱਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਵੀ ਪ੍ਰਾਪਤ ਕਰ ਲਿਆ। ਸਿੰਘ ਨੂੰ ਵਾਹਨ ਹੱਤਿਆ ਦੇ ਤਿੰਨ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂਕਿ ਉਹ ਆਪਣੇ ਆਪ ਨੂੰ ਬੇਕਸੂਰ ਦੱਸ ਰਿਹਾ ਹੈ। ਅਮਰੀਕੀ ਗ੍ਰਹਿ ਵਿਭਾਗ ਨੇ ਭਾਵੇਂਕਿ ਇਹ ਪੋਸਟਰ ਹਟਾ ਲਿਆ ਪਰ ਉਸ ਵਲੋਂ ਦਿੱਤਾ ਗਿਆ ਸਪੱਸ਼ਟੀਕਰਣ ਕਿਸੇ ਵੀ ਤਰਾਂ ਉਚਿਤ ਨਹੀ ਠਹਿਰਾਇਆ ਜਾ ਸਕਦਾ। ਸਵਾਲ ਹੈ ਕਿ ਕੀ ਇਕ ਸਿੱਖ ਡਰਾਈਵਰ ਦੀ ਕਿਸੇ ਗਲਤੀ ਕਾਰਣ ਸਾਰੇ ਸਿੱਖ ਭਾਈਚਾਰੇ ਨੂੰ ਕਟਹਿਰੇ ਵਿਚ ਖੜਾ ਕਰ ਦੇਣਾ ਠੀਕ ਹੈ।

ਅਮਰੀਕੀ ਪ੍ਰਸ਼ਾਸਨ ਵਲੋਂ ਗੈਰ ਕਨੂੰਨੀ ਪਰਵਾਸੀਆਂ ਖਿਲਾਫ ਆਪਣੀ ਮੁਹਿੰਮ ਵਿਚ ਕਿਸੇ ਸਿੱਖ ਚਿਹਰੇ ਦੀ ਵਰਤੋਂ ਕੀਤੇ ਜਾਣ ਦੀ ਘਟਨਾ ਨੂੰ ਸਹਿਜ ਨਹੀ ਲਿਆ ਜਾਣਾ ਚਾਹੀਦਾ। ਅਸੀ ਵੇਖਦੇ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਰਗੇ ਮੁਲਕ ਜਿਥੇ ਸਿੱਖ ਭਾਈਚਾਰਾ ਸਭ ਤੋਂ ਵੱਧ ਸੁਰੱਖਿਅਤ ਅਤੇ ਸਨਮਾਨਿਤ ਮਹਿਸੂਸ ਕਰਦਾ ਆਇਆ ਹੈ, ਉਥੇ ਵੀ ਸਿੱਖ ਭਾਈਚਾਰੇ ਨਾਲ ਵਿਤਕਰੇ ਅਤੇ ਨਸਲੀ ਨਫਰਤ ਦੀਆਂ ਘਟਨਾਵਾਂ ਵਿਚ ਕਾਫੀ ਵਾਧਾ ਹੋਇਆ ਹੈ। ਪਿਛਲੇ ਦਿਨੀਂ ਵਿਸ਼ਵ ਸਿੱਖ ਸੰਸਥਾ ਵਲੋਂ ਕਰਵਾਏ ਗਏ ਇਕ ਸਰਵੇਖਣ ਵਿਚ 80 ਪ੍ਰਤੀਸ਼ਤ ਲੋਕਾਂ ਨੇ ਇਹ ਮੰਨਿਆ ਹੈ ਕਿ ਉਹਨਾਂ ਨੂੰ ਨਸਲੀ ਨਫਰਤ ਦੇ ਸ਼ਿਕਾਰ ਹੋਣ ਦਾ ਅਹਿਸਾਸ ਹੈ। ਨਸਲੀ ਨਫਰਤ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਿਹਨਾਂ ਵਿਚ ਸਿੱਖ ਬਜੁਰਗਾਂ ਨੂੰ ਉਹਨਾਂ ਦੀ ਪਛਾਣ ਕਾਰਣ ਨਿਸ਼ਾਨਾ ਬਣਾਇਆ ਗਿਆ, ਅਜਿਹੀਆਂ ਕਈ ਘਟਨਾਵਾਂ  ਵਿਚ ਬਜੁਰਗ ਅਪਮਾਨਿਤ ਹੋਇਆ ਤਾਂ ਮਹਿਸੂਸ ਕਰਦੇ ਹਨ ਪਰ ਪੁਲਿਸ ਕੋਲ ਸ਼ਿਕਾਇਤ ਨਹੀ ਕਰਦੇ। ਪਿਛਲੇ ਦਿਨੀਂ ਕੈਨੇਡਾ ਵਿਚ ਸਿੱਖਾਂ ਖਿਲਾਫ ਨਸਲੀ ਨਫਰਤ ਦੀਆਂ ਘਟਨਾਵਾਂ ਖਿਲਾਫ ਜਾਗਰੁਕਤਾ ਪੈਦਾ ਕਰਨ ਅਤੇ ਸਰਕਾਰ ਨੂੰ ਉਚਿਤ ਕਦਮ ਚੁੱਕਣ ਜਾਂ ਨਸਲਵਾਦ ਵਿਰੋਧੀ ਨੀਤੀ ਵਿਚ ਸਿੱਖ ਭਾਈਚਾਰੇ ਵਲ ਲੋੜੀਂਦਾ ਧਿਆਨ ਦਿਤੇ ਜਾਣ ਲਈ ਵਿਸ਼ਵ ਸਿੱਖ ਸੰਗਠਨ ਵਲੋਂ ਮੁਹਿੰਮ ਆਰੰਭੀ ਗਈ ਹੈ। ਨਸਲੀ ਨਫਰਤ ਦੇ ਟਾਕਰੇ ਅਤੇ ਕੈਨੇਡੀਅਨ ਸਿੱਖ ਭਾਈਚਾਰੇ ਵਿਚ ਜਾਗਰੁਕਤਾ ਤੇ ਇਕਮੁੱਠਤਾ ਸਮੇਂ ਦੀ ਵੱਡੀ ਲੋੜ ਹੈ।

Leave a Reply

Your email address will not be published. Required fields are marked *