Sep 23, 2026

-ਡਾ.ਪ੍ਰਿਤਪਾਲ ਸਿੰਘ ਮਹਿਰੋਕ
ਸੰਪਰਕ : 98885-10185

ਪੰਜਾਬੀ ਸਾਹਿਤ ਦੇ ਪਿਤਾਮਾ ਬਾਬਾ ਸ਼ੇਖ ਫਰੀਦ ਭਾਰਤ ਵਿੱਚ ਸੂਫੀਆਂ ਦੇ ਚਿਸ਼ਤੀ ਸਿਲਸਿਲੇ ਦੇ ਤੀਜੇ ਪ੍ਰਸਿੱਧ ਸੂਫੀ ਹੋਏ ਹਨ। ਆਪ ਦਾ ਜਨਮ 1173 ਈ. ਅਰਥਾਤ 1231 ਬਿਕ੍ਰਮੀ ਵਿੱਚ ਪਿੰਡ ਖੋਤਵਾਲ (ਮੁਲਤਾਨ) ਵਿੱਚ ਹੋਇਆ। ਬਾਬਾ ਫਰੀਦ ਦੀ ਪ੍ਰਮਾਣਿਕ ਰਚਨਾ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਮਿਲਦੀ ਹੈ, ਵਿੱਚ 112 ਸ਼ਲੋਕ ਅਤੇ ਚਾਰ ਸ਼ਬਦ ਸ਼ਾਮਲ ਹਨ। ਇਨ੍ਹਾਂ ਵਿੱਚੋਂ ਦੋ ਸ਼ਬਦ ਰਾਗ ਸੂਹੀ ਤੇ ਦੋ ਰਾਗ ਆਸਾ ਵਿੱਚ ਹਨ।
ਬਾਬਾ ਸ਼ੇਖ ਫਰੀਦ ਦੀ ਰਚਨਾ ਵਿੱਚੋਂ ਪ੍ਰਗਟ ਹੁੰਦਾ ਉਨ੍ਹਾਂ ਦਾ ਵਿਵਹਾਰ ਮਾਨਵਵਾਦੀ ਦ੍ਰਿਸ਼ਟੀ ਵਾਲਾ ਹੈ। ਆਪ ਦੇ ਨਿੱਗਰ, ਨਿੱਘੇ, ਜ਼ਿੰਦਗੀ ਦੀ ਲੋਅ ਨਾਲ ਧੜਕਦੇ ਵਿਚਾਰ/ਅਨੁਭਵ ਮਨੁੱਖੀ ਜੀਵਨ ਦੇ ਸੱਚ ਅਤੇ ਉਦੇਸ਼ ਦੀ ਥਾਹ ਪਾਉਂਦੇ ਹਨ। ਬਾਬਾ ਫਰੀਦ ਦੀ ਰਚਨਾ ਵਿੱਚ ਨਿੱਤ ਦੇ ਕਾਰਾਂ-ਵਿਹਾਰਾਂ, ਧੰਦਿਆਂ, ਰੁਝੇਵਿਆਂ, ਜੀਵਨ ਦੇ ਝਮੇਲਿਆਂ, ਜੀਵਨ ਦੇ ਮਨੋਰਥ ਆਦਿ ਮੂੰਹੋਂ ਬੋਲਦੇ ਅਨੇਕ ਚਿੱਤਰ ਸਾਂਭੇ ਹੋਏ ਹਨ। ਜੀਵਨ ਦੇ ਇਨ੍ਹਾਂ ਵਿਹਾਰਾਂ ਦਾ ਪਾਸਾਰ ਬਾਲ ਦੇ ਜਨਮ ਸਮੇਂ ਉਸਦਾ ਨਾੜੂ ਕੱਟਣ ਦੇ ਸਮੇਂ ਤੋਂ ਲੈ ਕੇ ਮੌਤ ਪਿੱਛੋਂ ਪੰਛੀਆਂ ਦਾ ਆਲ੍ਹਣਾ ਬਣੀ ਖੋਪੜੀ ਦੇ ਦ੍ਰਿਸ਼ ਤੱਕ ਪੱਸਰਦਾ ਨਜ਼ਰ ਆਉਂਦਾ ਹੈ। ਪ੍ਰਸਿੱਧ ਵਿਦਵਾਨ ਡਾ.ਅਤਰ ਸਿੰਘ ਅਨੁਸਾਰ-” ਫਰੀਦ ਬਾਣੀ ਵਿੱਚ ਮਨੁੱਖੀ ਸੰਸਕਾਰਾਂ,ਵਿਹਾਰਾਂ ਤੇ ਜਜ਼ਬਿਆਂ ਦੇ ਜਿਸ ਪ੍ਰਭਾਵ ਮੰਡਲ ਦੀ ਉਸਾਰੀ ਕੀਤੀ ਗਈ ਹੈ, ਉਸਦੀ ਮੂਲ ਸੁਰ ਜੀਵਨ ਤੋਂ ਤਿਆਗ ਤੇ ਉਪਰਾਮਤਾ ਦੀ ਹੈ। ਜੀਵਨ ਦੇ ਅੰਤਿਮ ਸਤਿ ਤੱਕ ਦੀ ਯਾਤਰਾ ਮਨੁੱਖੀ ਜੀਵਨ ਦੇ ਰੰਗ ਤਮਾਸ਼ਿਆਂ ਦੇ ਵਿੱਚੋਂ ਦੀ ਲੰਘ ਕੇ ਸੰਪੂਰਨ ਹੁੰਦੀ ਹੈ। ਫਰੀਦ ਬਾਣੀ ਭਿੰਨ ਭਿੰਨ ਜੀਵਨ ਸਥਿਤੀਆਂ ਦਾ ਅਜਿਹਾ ਵਰਨਣ ਹੈ ਜਿਸ ਵਿੱਚੋਂ ਸਮੁੱਚਾ ਮਨੁੱਖੀ ਵਿਹਾਰ ਖ਼ੁਦ ਅਰਥ ਬਣ ਕੇ ਉੱਭਰਦਾ ਹੈ।”
ਬਾਬਾ ਫਰੀਦ ਜੀਵ ਨੂੰ ਪਰਮ ਜੋਤ ਤੋਂ ਨਿਖੜਿਆ ਅੰਸ਼ ਮੰਨਦੇ ਹਨ। ਮਨੁੱਖ ਨੂੰ ਜੀਵਨ ਇਸ ਲਈ ਮਿਲਿਆ ਹੈ ਕਿ ਉਹ ਆਪਣੇ ਅਸਲੇ ਨਾਲ, ਜਿਸਤੋਂ ਉਹ ਵਿਛੜਿਆ ਹੋਇਆ ਹੈ, ਬੰਦਗੀ ਦੁਆਰਾ ਮਿਲ ਸਕੇ ! ਜੀਵਨ ਦੀਆਂ ਥੋੜ੍ਹ ਚਿਰੀਆਂ ਖੁਸ਼ੀਆਂ ਪ੍ਰਾਪਤ ਕਰਨਾ ਉਸਦਾ ਲਖ਼ਸ਼ ਨਹੀਂ ਹੋਣਾ ਚਾਹੀਦਾ, ਸਗੋਂ ਮਨੁੱਖਾ ਜੀਵਨ ਤਾਂ ਜੀਵਾਤਮਾ ਨੂੰ ਪਰਮਜੋਤ ਵਿੱਚ ਲੀਨ ਹੋਣ ਲਈ ਭਗਤੀ ਕਰਨ ਦਾ ਅਦੁੱਤੀ ਅਵਸਰ ਪ੍ਰਦਾਨ ਕਰਦਾ ਹੈ। ਬਾਬਾ ਫਰੀਦ ਅਨੁਸਾਰ ‘ਵਿਸ ਗੰਦਲਾਂ’ ਭਗਤੀ ਕਰਨ ਵਿੱਚ ਵੱਡੀ ਰੁਕਾਵਟ ਬਣਦੀਆਂ ਹਨ। ਪਰ ਸੱਚਾ ਸਾਧਕ ਦੁਨਿਆਵੀ ਕਾਰ-ਵਿਹਾਰ ਕਰਦਿਆਂ ਹੋਇਆਂ ਵੀ ਉਨ੍ਹਾਂ ਵਿੱਚ ਖੱਚਿਤ ਨਹੀਂ ਹੁੰਦਾ, ਕਿਉਂਜੋ ਉਸਦੀ ਬਿਰਤੀ ਕਿਸੇ ਉਚੇਰੇ ਮੰਡਲ ਵੱਲ ਲੱਗੀ ਰਹਿੰਦੀ ਹੈ। ਭਗਤ ਰੂਪੀ ਹੰਸ ਕੱਲਰੀ ਛੱਪੜੀ ‘ਤੇ ਉਤਰ ਕੇ ਵੀ ਛੱਪੜੀ ਦਾ ਗੰਦਾ ਪਾਣੀ ਨਹੀਂ ਪੀਂਦਾ। ਬਾਬਾ ਫਰੀਦ ਅਨੁਸਾਰ ਭਗਤ ਉਨ੍ਹਾਂ ਪੰਖੀਆਂ ਸਮਾਨ ਹੁੰਦੇ ਹਨ, ਜਿਨ੍ਹਾਂ ਦਾ ਵਾਸਾ ਜੰਗਲਾਂ ਵਿੱਚ ਹੁੰਦਾ ਹੈ,ਉਹ ਰੋੜ ਚੁਗਦੇ ਹਨ, ਧਰਤੀ ‘ਤੇ ਵੱਸਦੇ ਹਨ ਪਰ ਰੱਬ ਦਾ ਆਸਰਾ ਨਹੀਂ ਛੱਡਦੇ। ਅਸਲ ਵਿੱਚ,ਸੱਚਾ ਭਗਤ ਉਹੀ ਹੈ ਜਿਸ ਨੂੰ ਪ੍ਰਭੂ ਨਾਲ ਦਿਲੋਂ ਪਿਆਰ ਹੈ, ਜਿਹੜਾ ਪ੍ਰਭੂ ਪਿਆਰ ਨੂੰ ਆਪਣੇ ਨਿੱਤ ਦੇ ਵਿਹਾਰ ਤੇ ਅਭਿਆਸ ਵਿੱਚ ਢਾਲ ਲੈਂਦਾ ਹੈ। ਅਜਿਹਾ ਭਗਤ ਉਹ ਹੀ ਹੋ ਸਕਦਾ ਹੈ, ਜਿਸਨੂੰ ਪ੍ਰਭੂ ਨੇ ਆਪਣੀ ਕਿਰਪਾ ਦੁਆਰਾ ਆਪਣੇ ਲੜ ਲਾ ਲਿਆ ਹੈ। ਅਜਿਹੇ ਭਗਤਾਂ ਦਾ ਇਸ ਲੋਕ ਵਿੱਚ ਆਗਮਨ ਧੰਨ ਹੈ ਤੇ ਉਨ੍ਹਾਂ ਦੀ ਜਣਨੀ ਵੀ ਧੰਨ ਹੈ।
ਬਾਬਾ ਫਰੀਦ ਸਮਕਾਲੀਨ ਸਮਾਜਿਕ, ਆਰਥਕ, ਸੱਭਿਆਚਾਰਕ ਕੀਮਤ ਪ੍ਰਬੰਧ ਉਪਰ ਟਿਪਣੀਆਂ ਕਰਦਿਆਂ ਹੋਇਆਂ ਸਾਦਗੀ ਭਰਪੂਰ ਜੀਵਨ ਨਿਰਵਾਹ ਕਰਨ ਨੂੰ ਤਰਜੀਹ ਦਿੰਦੇ ਹਨ। ਅਜਿਹਾ ਸਾਧਾਰਨ ਜੀਵਨ ‘ਉਸਦੀ’ ਪ੍ਰਾਪਤੀ ਲਈ ਬਲ ਪ੍ਰਦਾਨ ਕਰਦਾ ਹੈ। ਸਾਧਾਰਨ ਮਨੁੱਖ ਮੋਟੀ ਠੁੱਲ੍ਹੀ ਪੁਸ਼ਾਕ ਪਹਿਨਦਾ ਹੈ, ਜਿਸਦੇ ਕੱਪੜੇ ਦੀਆਂ ਕੰਨੀਆਂ ਤੋਪਿਆਂ ਨਾਲ ਸੀਤੀਆਂ ਹੁੰਦੀਆਂ ਹਨ। ਬਾਬਾ ਫਰੀਦ ਰੁੱਖੀ ਸੁੱਕੀ ਖਾਣ ਅਰਥਾਤ ਸਾਦਾ ਭੋਜਨ ਖਾਣ ਲਈ ਕਹਿੰਦੇ ਹਨ। ਬਾਬਾ ਫਰੀਦ ਅਮੀਰ ਜਮਾਤ ਦੇ ਵਿਲਾਸਮੱਈ ਜੀਵਨ ਤੇ ਐਸ਼ੋ ਇਸ਼ਰਤ ਵਿੱਚ ਗਲਤਾਨ ਹੋ ਕੇ ਜੀਉਣ ਦੀ ਨਿਖੇਧੀ ਕਰਦੇ ਹਨ। ਅਮੀਰ/ਵੱਡੇ ਲੋਕਾਂ  ਵੱਲੋਂ ਖਾਧੇ ਜਾਂਦੇ ਕੀਮਤੀ ਤੇ ਸਵਾਦਿਸ਼ਟ ਪਕਵਾਨ ਸਰੀਰ ਨੂੰ ਵਿਕਾਰੀ ਬਣਾਉਂਦੇ ਹਨ :
ਫਰੀਦਾ ਰੋਟੀ ਮੇਰੀ ਕਾਠ ਦੀ ਲਾਵਣੁ ਮੇਰੀ ਭੁਖ।
ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁਖ।
ਅਸਾਵੀਂ ਆਰਥਿਕ ਵੰਡ ਹੋਣ ਕਾਰਕੇ ਕੋਈ ਬਹੁਤ ਅਮੀਰ ਹੈ ਤੇ ਕੋਈ ਬਹੁਤ ਗ਼ਰੀਬ। ਜਦੋਂ ਬਾਬਾ ਫਰੀਦ-“ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣ” ਕਹਿੰਦੇ ਹਨ ਤਾਂ ਬਹੁਤੇ ਆਟੇ ਜਾਂ ਅੰਨ ਨੂੰ ਅਮੀਰੀ ਦਾ ਪ੍ਰਤੀਕ ਦੱਸਦੇ ਹਨ। ਜਦ ਕਿ ਪਲੇਥਣ ਤੱਕ ਦਾ ਨਾ ਹੋਣਾ ਅਤਿ ਦੀ ਗ਼ਰੀਬੀ ਨੂੰ ਦਰਸਾਉਂਦਾ ਹੈ। ਉੱਚੇ ਮਹਿਲ ਮਾੜੀਆਂ ਅਮੀਰ ਹੀ ਬਣਾਉਂਦੇ ਹਨ। ਬਾਬਾ ਫਰੀਦ ਅਨੁਸਾਰ ਇਹ ਉਸਾਰੀ ਝੂਠੀ ਹੈ ਕਿਉਂ ਜੋ ਇਹ ਹੱਕ ਹਲਾਲ ਦੀ ਕਮਾਈ ਨਾਲ ਨਹੀਂ,ਸਗੋਂ ਪਰਾਏ ਹੱਕ ਮਾਰ ਕੇ ਕੀਤੀ ਗਈ ਹੈ। ਬਾਬਾ ਫਰੀਦ ਅਮੀਰੀ ਦੇ ਸੁੱਖਾਂ ਨੂੰ ਤਿਆਗ ਕੇ ਧੀਰਜ,ਸਬਰ, ਸ਼ੁਕਰ, ਰਜ਼ਾ, ਨਿਮ੍ਰਤਾ ਅਤੇ ਭਰਮ ਨਿਵਾਰਣ ਵਾਲਾ ਜੀਵਨ/ਵਿਹਾਰ ਧਾਰਨ ਕਰਨ ਦੀ ਲੋੜ ‘ਤੇ ਬਲ ਦਿੰਦੇ ਹਨ।
ਬਾਬਾ ਫਰੀਦ ਅਨੁਸਾਰ-ਭਗਤੀ ਮਾਰਗ ਦਾ ਪਾਂਧੀ ਆਪਣੇ ਤਨ ਨੂੰ ਬਿਰਹੋਂ ਦੀ ਅਗਨੀ ਵਿੱਚ ਤਪਾਉਂਦਾ ਹੈ, ਹੱਡਾਂ ਦਾ ਬਾਲਣ ਬਾਲਦਾ ਹੈ, ਪੈਰਾਂ ਦੇ ਸੱਤਿਆਹੀਣ ਹੋਣ ‘ਤੇ ਸਿਰ ਭਾਰ ਤੁਰ ਕੇ ਵੀ ਪ੍ਰਭੂ ਪ੍ਰਾਪਤੀ ਲਈ ਤਾਂਘਦਾ ਰਹਿੰਦਾ ਹੈ। ਸੰਸਾਰ ਰੂਪੀ ਤਲਾਬ ਵਿੱਚ ਮਨੁੱਖ ਕਿਸੇ ਅਜਿਹੇ ਪੰਛੀ ਦੀ ਨਿਆਈਂ ਹੈ, ਜਿਸਨੂੰ ਫਸਾਉਣ ਵਾਲੇ ਅਨੇਕਾਂ ਜਾਲ ਮੌਜੂਦ ਹਨ। ਜੀਵਾਤਮਾ ਸਰੀਰ ਰੂਪੀ ਤਲਾਬ ਦੀਆਂ ਵਿਕਾਰ ਰੂਪੀ ਲਹਿਰਾਂ ਵਿੱਚ ਘਿਰੇ ਹੋਣ ਦੇ ਬਾਵਜੂਦ ਵੀ ਪ੍ਰਭੂ ਮਿਲਾਪ ਦੀ ਆਸ ਨਹੀਂ ਛੱਡਦੀ।
ਬਾਬਾ ਫਰੀਦ ਦੀ ਬਾਣੀ ਨੂੰ ਸਮਝਣ ਦਾ ਯਤਨ ਕਰੀਏ ਤਾਂ ਉਨ੍ਹਾਂ ਦੇ ਵਿਹਾਰ ਦਾ ਲੋਭ ਲਾਲਚ ਦੀ ਦੁਨੀਆ ਨਾਲ ਤੀਬਰ ਵਿਰੋਧ ਹੈ। ਬਾਬਾ ਜੀ ਅਨੁਸਾਰ ਜਿਥੇ ਲੋਭ ਹੈ, ਉਥੇ ਪ੍ਰੇਮ ਨਹੀਂ ਹੁੰਦਾ। ਜੇ ਹੁੰਦਾ ਹੈ ਤਾਂ ਕੂੜਾ, ਕੱਚਾ, ਛਲਾਵੇ ਭਰਪੂਰ ਤੇ ਥੋੜ੍ਹ ਚਿਰਾ ਹੋਵੇਗਾ। ਪ੍ਰਭੂ ਭਗਤੀ ਦਾ ਆਧਾਰ ਤਾਂ ਚਿਰ ਸਥਾਈ ਪ੍ਰੇਮ ਹੈ। ਪ੍ਰਭੂ ਤਾਂ ਹਿਰਦੇ ਵਿੱਚ ਵੱਸਦਾ ਹੈ, ਜਿਸਨੇ ਵੀ ਉਸਦੇ ਅਗੰਮੀ ਰੂਪ ਦੀ ਝਲਕ ਪਾਉਣੀ ਹੈ, ਹਿਰਦੇ ਦੇ ਅੰਦਰੋਂ ਹੀ ਪਾਈ ਜਾ ਸਕਦੀ ਹੈ। ਉਸਨੂੰ ਬਾਹਰ ਲੱਭਣਾ ਵਿਅਰਥ ਹੈ।
ਬਾਬਾ ਫਰੀਦ ਨੇ ਆਪਣੀ ਬਾਣੀ ਵਿੱਚ ਮੌਤ ਦਾ ਜ਼ਿਕਰ/ਚਿੰਤਨ ਅਨੇਕ ਥਾਈਂ ਕੀਤਾ ਹੈ। ਮੌਤ ਦੇ ਜ਼ਿਕਰ ਦਾ ਇਹ ਅਰਥ ਨਹੀਂ ਉਹ ਮਨੁੱਖ ਨੂੰ ਮੌਤ ਦਾ ਭਿਆਨਕ ਦ੍ਰਿਸ਼ ਵਿਖਾ ਕੇ ਜੀਵਨ ਤੋਂ ਮੁੱਖ ਮੋੜ ਲੈਣ ਲਈ ਜਾਂ ਨਿਰਾਸ਼ ਹੋ ਕੇ ਬੈਠ ਜਾਣ ਲਈ ਕਹਿੰਦੇ ਹਨ। ਸਗੋਂ ਉਹ ਤਾਂ ਮਾਇਆ ਵਿੱਚ ਗ੍ਰਸੇ ਮਨੁੱਖ ਨੂੰ ਜ਼ਿੰਦਗੀ ਦੀ ਕੌੜੀ ਸਚਾਈ ਤੋਂ ਜਾਣੂੰ ਕਰਵਾ ਕੇ ਇਹ ਦੱਸਣਾ ਚਾਹੁੰਦੇ ਹਨ ਕਿ ਜਿਨ੍ਹਾਂ ਵਿਸ਼ੇ ਵਿਕਾਰਾਂ ਵਿੱਚ ਫਸ ਕੇ ਉਹ ਆਪਣੇ ਸ਼ਹੁ ਨੂੰ ਭੁਲਾ ਬੈਠਾ ਹੈ,ਉਨ੍ਹਾਂ ਦੀ ਕੋਈ ਸਥਿਰਤਾ ਨਹੀਂ ਹੈ। ਅੰਤ ਵਿੱਚ ਸਭ ਕੁਝ ਇਥੇ ਹੀ ਰਹਿ ਜਾਣਾ ਹੈ। ਬਾਬਾ ਫਰੀਦ ਤਾਂ ਪਾਪਾਂ, ਵਿਕਾਰਾਂ, ਦੁਰਾਚਾਰਾਂ ਆਦਿ ਦੀ ਦਲਦਲ ਵਿੱਚ ਫਸੇ ਮਨੁੱਖ ਨੂੰ ਜੀਵਨ ਦਾ ਅਸਲ ਪ੍ਰਯੋਜਨ ਸਮਝਾਉਂਦੇ ਹਨ। ਮੌਤ ਨੂੰ ਯਾਦ ਕਰਵਾ ਕੇ,ਮੌਤ ਤੋਂ ਪਾਰਲੇ ਜੀਵਨ ਦੀ ਕਲਪਨਾ ਕਰਕੇ ਜ਼ਿੰਦਗੀ ਦਾ ਮਹੱਤਵ/ਮਨੋਰਥ ਸਮਝਾਉਂਦੇ ਹਨ ਤੇ ਆਤਮ-ਸ਼ੁੱਧੀ ਲਈ ਪਰੇਰਦੇ ਹਨ। ਬਾਬਾ ਫਰੀਦ ਮਨੁੱਖ ਅੰਦਰ ਪ੍ਰਭੂ ਮਿਲਾਪ ਦੀ ਆਸ਼ਾ ਦੀ ਕਿਰਨ ਜਗਾਉਣ ਦੇ ਉਪਰਾਲੇ ਵੀ ਕਰਦੇ ਹਨ ਤੇ ਮਨੁੱਖ ਅੰਦਰ ਨੈਤਿਕ ਤੇ ਮਾਨਵਵਾਦੀ ਝੁਕਾਅ ਵੀ ਪੈਦਾ ਕਰਦੇ ਹਨ।
ਬਾਬਾ ਫਰੀਦ ਦਾ ਵਿਹਾਰ ਜੀਵਨ ਤੋਂ ਭਾਂਜ ਮੰਨਣ ਵਾਲਾ ਨਹੀਂ। ਸਗੋਂ ਉਹ ਤਾਂ ਮਨੁੱਖ ਦੀ ਸੂਝ ਨੂੰ ਕੁਰੇਦਣ ਦੇ ਯਤਨ ਵਿੱਚ ਰਹਿੰਦੇ ਹਨ। ਮਨੁੱਖ ਨੂੰ ਉਹ ਜੀਵਨ ਦੀ ਅਸਲ ਖੱਟੀ ਖੱਟਣ ਦੇ ਵੇਲੇ ਦੀ ਯਾਦ ਦਵਾਉਂਦੇ ਰਹਿੰਦੇ ਹਨ। ਗੁਜ਼ਰਦੇ ਜਾ ਰਹੇ ਕੀਮਤੀ ਸਮੇਂ ਬਾਰੇ ਉਹ ਸੁਚੇਤ ਕਰਦੇ ਰਹਿੰਦੇ ਹਨ ਤੇ ਜੀਵਨ ਦੀਆਂ ਰੰਗ-ਖੁਸ਼ੀਆਂ ਦੀ ਅਸਥਿਰਤਾ ਦਾ ਬੋਧ ਕਰਵਾ ਕੇ ਮਨੁੱਖ ਨੂੰ ਪ੍ਰਭੂ ਪ੍ਰੇਮ ਵੱਲ ਮੁੜਨ ਦੀ ਪ੍ਰੇਰਨਾ ਦਿੰਦੇ ਹਨ। ਮਨੁੱਖ ਨੂੰ ਉਹ ਸੱਚੀ ਸੁੱਚੀ ਕਿਰਤ ਕਰਨ ਅਤੇ ਸਾਤਵਿਕ ਕਰਮ ਕਰਨ ਲਈ ਕਹਿੰਦੇ ਹਨ। ਝੂਠੇ ਵੇਗ, ਭੇਖ,ਪਾਖੰਡ,ਬਦੀ ਆਦਿ ਤੋਂ ਉਹ ਮਨੁੱਖ ਨੂੰ ਵਰਜਦੇ ਹਨ।
ਬਾਬਾ ਫਰੀਦ ਦੀ ਬਾਣੀ ਸੱਚ ਕਹਿਣ ਦੀ ਦਲੇਰੀ ਦਾ ਪ੍ਰਤੱਖ ਪ੍ਰਮਾਣ ਹੈ। ਬਾਬਾ ਜੀ ਸਿਰਫ ਸਿੱਖਿਆ ਹੀ ਨਹੀਂ ਦਿੰਦੇ ਸਗੋਂ ਸੱਚ ਨੂੰ ਵਿਹਾਰ ਵਿੱਚ ਢਾਲਣ ਦੇ ਢੰਗ ਤਰੀਕੇ ਵੀ ਸਮਝਾਉਂਦੇ ਹਨ। ਉਹ ਜੀਵਨ ਦੇ ਗਿਆਨ ਦੀ ਵਿਆਪਕ ਸੋਝੀ ਕਰਾਉਂਦੇ ਹਨ। ਪ੍ਰਤੱਖ ਪਿੱਛੇ ਛੁਪੇ ਡੂੰਘੇ ਅਰਥਾਂ ਦੀ ਪਛਾਣ ਕਰਨ ਦੀ ਪ੍ਰੇਰਨਾ ਵੀ ਉਹ ਦਿੰਦੇ ਹਨ। ਬਾਬਾ ਫਰੀਦ ਮਨੁੱਖ ਦੇ ਬਾਹਰੀ ਵਿਖਾਵੇ ਨੂੰ ਉਸਦੇ ਅੰਦਰਲੇ ਯਥਾਰਥ ਦੇ ਸਨਮੁੱਖ ਲਿਆ ਕੇ ਉਸਨੂੰ ਅਸਲੀਅਤ ਤੋਂ ਜਾਣੂੰ ਕਰਾਉਂਦੇ ਹਨ।
ਬਾਬਾ ਸ਼ੇਖ ਫਰੀਦ ਦੀ ਧਾਰਨਾ ਹੈ ਕਿ ਨਿਰਾਸ਼ਾਵਾਦੀ ਮਨੁੱਖ ਦਾ ਵਿਹਾਰ ਕਦੇ ਵੀ ਮਾਨਵਵਾਦੀ ਨਹੀਂ ਹੋ ਸਕਦਾ। ਨਿਰਾਸ਼ਾਵਾਦੀ ਮਨੁੱਖ ਦੁਨੀਆ ਦੇ ਵਿਹਾਰ ਤੋਂ ਤੰਗ ਆ ਕੇ ਸਭ ਨੂੰ ਨਫਰਤ ਕਰਦਾ ਹੈ। ਬਾਬਾ ਫਰੀਦ ਨਫਰਤ ਕਰਨ ਵਾਲਿਆਂ ਤੇ ਬੁਰਾ ਸਲੂਕ/ਵਿਹਾਰ ਕਰਨ ਵਾਲਿਆਂ ਪ੍ਰਤੀ ਵੀ ਪ੍ਰੇਮ ਭਾਵਨਾ ਪ੍ਰਗਟ ਕਰਦੇ ਹਨ ਤੇ ਨਿਮ੍ਰਤਾ ਨਾਲ ਪੇਸ਼ ਆਉਂਦੇ ਹਨ। ਉਹ ਮਨੁੱਖ ਨੂੰ ਹਮੇਸ਼ਾ ਨਿਮਰ ਲਹਿਜਾ ਅਪਨਾਉਣ ਤੇ ਨੇਕੀ ਦੇ ਰਸਤੇ ‘ਤੇ ਚੱਲਣ ਦੀ ਸਲਾਹ ਦਿੰਦੇ ਹਨ:
ਫਰੀਦਾ ਜੋ ਤੈ ਮਾਰਨਿ ਮੁਕੀਆ ਤਿਨਾ ਨ ਮਾਰੇ ਘੁੰਮਿ।
ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ।
ਬਾਬਾ ਫਰੀਦ ਦੀ ਬਾਣੀ ਵਿੱਚੋਂ ਪੰਜਾਬੀ ਸੱਭਿਆਚਾਰ ਦੀਆਂ ਕਈ ਝਲਕੀਆਂ ਵੀ ਮਿਲ ਜਾਂਦੀਆਂ ਹਨ। ਵਿਆਹ ਦੇ ਦਿਨ ਲਈ ਸਾਹਾ ਕਢਾਉਣ ਦੀ ਗੱਲ, ਵਿਆਹ ਤੋਂ ਬਾਅਦ ‘ਤਿਲ ਖੇਡਣ’ ਦੀ ਰਸਮ ਦੀ ਗੱਲ ਵੱਲ ਸੰਕੇਤ ਕਰਨ ਤੋਂ ਉਨ੍ਹਾਂ ਦੀ ਤੀਖਣ ਸੱਭਿਆਚਾਰਕ ਸੂਝ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਨਵੀਂ ਵਿਆਹੀ ਲੜਕੀ ਜਦੋਂ ਆਪਣੇ ਪੇਕੇ ਘਰੋਂ ਵਿਦਾ ਹੋਣ ਲੱਗਦੀ ਸੀ ਤਾਂ ਲਾੜੇ ਲਾੜੀ ਨੂੰ ਪਲੰਘ ‘ਤੇ ਬਿਠਾ ਕੇ ਲਾੜੇ ਦੇ ਲੜ ਤੇ ਲਾੜੀ ਦੇ ਦੁਪੱਟੇ ਨੂੰ ਗੰਢ ਮਾਰੀ ਜਾਂਦੀ ਸੀ। ਇਹ ਰਸਮ ਦੋਹਾਂ ਦੇ ਪਿਆਰ ਦੀ ਗੰਢ ਪੀਡੀ ਗੰਢੀ ਰਹਿਣ ਦਾ ਸੰਕੇਤ ਸਮਝੀ ਜਾਂਦੀ ਸੀ। ਇਸ ਨੂੰ ‘ਗੰਢ ਚਿਤ੍ਰਾਵਾ’ ਕਿਹਾ ਜਾਂਦਾ ਸੀ। ਬਾਬਾ ਫਰੀਦ ਇਸ ਰਸਮ ਨੂੰ ਰੱਬੀ ਪਿਆਰ ਲਈ ਅੰਕਿਤ ਕਰਦਿਆਂ ਲਿਖਦੇ ਹਨ:
ਜੇ ਜਾਣਾ ਲੜ ਛਿਜਣਾ ਪੀਡੀ ਪਾਈ ਗੰਢਿ ।
ਤੈ ਜੇਵਡ ਮੈ ਨਾਹਿ ਕੋ ਸਭੁ ਜਗੁ ਡਿਠਾ ਹੰਢਿ।
ਸਮਾਜਿਕ ਸੱਭਿਆਚਾਰਕ ਰਿਸ਼ਤਿਆਂ ਵਿੱਚੋਂ ਪਤਾ ਪਤਨੀ ਦਾ ਰਿਸ਼ਤਾ ਸਰਵੋਤਮ ਹੈ। ਬਾਬਾ ਫਰੀਦ ਨੇ ਆਪਣੇ ਕਈ ਸ਼ਲੋਕਾਂ ਵਿੱਚ ਇਸ ਰਿਸ਼ਤੇ ਨੂੰ ਵਿਸ਼ੇਸ਼ ਤੌਰ ‘ਤੇ ਬਿੰਬ ਵਜੋਂ ਵਰਤਿਆ ਹੈ-‘ਜੇ ਜਾਣਾ ਸਹੁ ਨੰਢੜਾ ਤਾ ਥੋੜਾ ਮਾਣੁ ਕਰੀ’।
ਜਦੋਂ ਬਾਬਾ ਫਰੀਦ ‘ਛੈਲ ਲੰਘੇਦੇ ਪਾਰਿ ਗੋਰੀ ਮਨ ਧੀਰਿਆ’ ਲਿਖਦੇ ਹਨ ਤਾਂ ਪੰਜਾਬੀ ਸੱਭਿਆਚਾਰ ਵਿੱਚ ਗੋਰੀ ਅਤੇ ਛੈਲ ਦੇ ਰਿਸ਼ਤੇ ਨੂੰ, ਭਾਵ ਵਿਅੰਜਨਾਂ ਲਈ ਉਹ ਬਿੰਬ ਦੇ ਤੌਰ ‘ਤੇ ਵਰਤਦੇ ਹਨ। ਇਥੇ ‘ਛੈਲ’ ਸੰਤ ਆਤਮਾ ਦਾ ਲਖਾਇਕ ਹੈ। ਬਾਬਾ ਫਰੀਦ ਦੀਆਂ ਨਜ਼ਰਾਂ ਵਿੱਚ ਸਾਹਿਬ ਮਾਲਕ ਹੈ ਤੇ ਮਨੁੱਖ ਉਸਦਾ ਚਾਕਰ। ਇਸੇ ਲਈ ਬਾਬਾ ਫਰੀਦ ਮਨੁੱਖ ਨੂੰ ‘ਸਾਹਿਬ’ ਦੀ ਚਾਕਰੀ ਕਰਨ ਲਈ ਆਖਦੇ ਹਨ।
ਅਧਿਆਤਮਕ ਕਾਵਿ ਵਿੱਚ ਮਨੁੱਖ ਦੀ ਅਸਲ ਕਮਾਈ ਰੱਬ ਦੀ ਬੰਦਗੀ ਕਰਨ ਨੂੰ ਮੰਨਿਆ ਗਿਆ ਹੈ। ਇਹ ਕਮਾਈ ਸਮੇਂ ਸਿਰ ਕੀਤੀ ਜਾਣੀ ਚਾਹੀਦੀ ਹੈ :
ਫਰੀਦਾ ਜਾ ਤਉ ਖਟਣ ਵੇਲ ਤਾ ਤੂ ਰਤਾ ਦੁਨੀ ਸਿਉ ।
ਬਾਬਾ ਫਰੀਦ ਨੇ ਵਪਾਰ,ਖੇਤੀ, ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਜਿਵੇਂ ਪਿਆਲੇ, ਕੁੰਨੇ,ਮਟਕੀ, ਬਾਲਣ, ਤੰਦੂਰ, ਕੱਪੜੇ, ਲੜ, ਰੇਸ਼ਮ, ਪੱਗ, ਬੇੜਾ, ਮਲਾਹ, ਚਿੱਲਾ, ਤੀਰ, ਕਮਾਨ, ਘਾਹ ਆਦਿ ਦਾ ਜ਼ਿਕਰ ਵੀ ਕੀਤਾ ਹੈ। ਇਹ ਵਸਤਾਂ ਪੰਜਾਬੀ ਸੱਭਿਆਚਾਰ ਦਾ ਅਟੁੱਟ ਅੰਗ ਹਨ।
ਮੁਸਲਮਾਨੀ ਧਾਰਮਿਕ ਵਿਸ਼ਵਾਸਾਂ ਨਾਲ ਸਬੰਧਿਤ ਬੜੀਆਂ ਅਰਥ ਭਰਪੂਰ ਗੱਲਾਂ ਨੂੰ ਬਾਬਾ ਫਰੀਦ ਨੇ ਭਾਵ ਯੁਕਤ ਸੰਕੇਤਾਂ ਰਾਹੀਂ ਪੇਸ਼ ਕੀਤਾ ਹੈ। ਕੁਝ ਬਿੰਬ ਵੇਖਣਯੋਗ ਹਨ- ਉਜੂ, ਤਸਬੀ, ਨਮਾਜ਼, ਮਸੀਤ, ਨਉਬਤ, ਕਬਰ,ਗੋਰ ਆਦਿ। ਬਾਬਾ ਫਰੀਦ ਸਹੁਰਾ ਘਰ, ਪੇਕਾ ਘਰ, ਹੰਸ, ਸਰਵਰ, ਛੱਪੜੀ, ਦੋਹਾਗਣ, ਕੋਠੇ, ਮੰਡਪ, ਮਾੜੀਆ ਆਦਿ ਸ਼ਬਦ ਤੇ ਸੰਕਲਪਾਂ ਦੀ ਵਰਤੋਂ ਕਈ ਥਾਈਂ ਕਰਦੇ ਹਨ। ਅਜਿਹੇ ਸ਼ਬਦ ਪੰਜਾਬੀ ਸੱਭਿਆਚਾਰ ਵਿੱਚ ਰਚੇ-ਮਿਚੇ ਹਨ। ਸਮੇਂ ਦੀ ਲੋੜ ਅਨੁਸਾਰ ਬਾਬਾ ਫਰੀਦ ਵਿਭਿੰਨ ਧਰਮਾਂ, ਸਮਾਜਾਂ ਤੇ ਸੱਭਿਆਚਾਰਾਂ ਵਿੱਚ ਪੁਲ ਬਣਦੇ ਹਨ ਤੇ  ਬਿਖਰਦੇ ਮਨੁੱਖ ਨੂੰ ਮਿਲ-ਜੁਲ ਕੇ, ਜੁੜ ਕੇ ਰਹਿਣ ਦਾ ਸੁਨੇਹਾ ਦਿੰਦੇ ਹਨ। ਉਨ੍ਹਾਂ ਦੀ ਸੇਵਾ ਭਾਵਨਾ, ਵਿਸ਼ਾਲ ਮਾਨਵੀ ਆਧਾਰ ਤੇ ਵਿਸ਼ਵਾਰਥੀ ਦ੍ਰਿਸ਼ਟੀ ਨੇ ਪ੍ਰਸਪਰ ਪਿਆਰ, ਮਿਲਵਰਤਨ, ਸਦਭਾਵਨਾ, ਸੋਝੀ ਤੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਹੈ। ਬਾਬਾ ਫਰੀਦ ਦੀ ਨਿਮ੍ਰਤਾ, ਸਵੈਮਾਣ, ਸਵੈ ਵਿਸ਼ਵਾਸ, ਨੇਕ ਨੀਅਤੀ, ਸਾਫ਼ਗੋਈ ਆਦਿ ਨੇ ਪੰਜਾਬੀ ਸੁਭਾਅ ਨੂੰ ਘੜਨ/ਢਾਲਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਰੱਬ ਤੋਂ ਬੰਦਗੀ ਦੀ ਖੈਰ ਮੰਗਣ ਵਾਲੇ ਬਾਬਾ ਫਰੀਦ ਨੇ ਅਜਿਹੀ ਮੰਗ ਵੀ ਮੰਗੀ ਜੋ ਪੰਜਾਬੀ ਸੁਭਾਅ ਦੀ ਖਾਸੀਅਤ ਬਣ ਗਈ:
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ।
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ।
ਮਨੁੱਖ ਨੂੰ ਪਿਆਰ,ਮਿੱਠਤ, ਭਰੱਪਣ, ਸਹਿਨਸ਼ੀਲਤਾ ਆਦਿ ਦਾ ਜੋ ਸੰਦੇਸ਼/ਉਪਦੇਸ਼ ਬਾਬਾ ਫਰੀਦ ਨੇ ਦਿੱਤਾ ਹੈ, ਉਹ ਉਨ੍ਹਾਂ ਦੇ ਵਿਰਸੇ ਦਾ ਵਡਮੁੱਲਾ ਅੰਗ ਬਣ ਗਿਆ ਹੈ :
ਇਕ ਫਿਕਾ ਨਾ ਗਾਲਾਇ ਸਭਨਾ ਮੈ ਸਚਾ ਧਣੀ।
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ।
ਬਾਬਾ ਫਰੀਦ ਦਾ ਵਿਹਾਰ ਤੇ ਇਖ਼ਲਾਕ ਸਿਧਾਂਤ ਜਿਨ੍ਹਾਂ ਅਸੂਲਾਂ ਦੇ ਆਧਾਰ ਉਪਰ ਉਸਰਦਾ ਹੈ ਉਨ੍ਹਾਂ ਵਿੱਚੋਂ ਕੁਝ ਇਸ ਪ੍ਰਕਾਰ ਹਨ :
ਬਾਬਾ ਫਰੀਦ ਮਨੁੱਖ ਨੂੰ ਰੱਬ ਲਈ ਤਾਂਘ ਰੱਖਣ ਤੇ ਪ੍ਰੀਤ ਕਰਨ, ਤਨ ਤੇ ਮਨ ਦੀ ਗ਼ਰੀਬੀ ਤੇ ਫੱਕਰਪੁਣਾ ਧਾਰਨ ਕਰਨ, ਕੇਵਲ ਇਕ ਰੱਬ ਦਾ ਆਸਰਾ ਮੰਨਣ ਤੇ ਉਸੇ ਉਪਰ ਭਰੋਸਾ ਰੱਖਣ ਲਈ ਕਹਿੰਦੇ ਹਨ। ਤਿਆਗ ਤੇ ਉਦਾਸੀ, ਸਬਰ, ਰੱਬ ਦੀ ਨਿਰੰਤਰ ਯਾਦ ਤੇ ਸਿਮਰਨ ਕਰਨ ਦਾ ਸੁਨੇਹਾ ਵੀ ਦਿੰਦੇ ਹਨ। ਸਿਦਕ ਭਾਵ ਤਨ, ਮਨ, ਵਚਨ ਤੇ ਕਰਮ ਕਰਕੇ ਇਮਾਨ ਵਿੱਚ ਸੱਚੇ ਰਹਿਣ,ਨਿਮ੍ਰਤਾ ਧਾਰਨ ਕਰਨ, ਲੱਜਿਆ ਰੱਖਣ, ਪਵਿੱਤਰਤਾ ਤੇ ਇਮਾਨਦਾਰੀ ਧਾਰਨ ਕਰਨ ਲਈ ਵੀ ਉਹ ਆਖਦੇ ਹਨ। ਬਾਬਾ ਫਰੀਦ ਖਿਮਾ ਕਰਨ ਜਾਂ ਬੁਰੇ ਦਾ ਭਲਾ ਕਰਨ ਜਿਹੇ ਗੁਣ ਧਾਰਨ ਕਰਨ ਦੀ ਲੋੜ ‘ਤੇ ਵੀ ਬਲ ਦਿੰਦੇ ਹਨ। ਬਾਬਾ ਫਰੀਦ ਮੁਹੱਬਤ ਨੂੰ ਜ਼ਿੰਦਗੀ ਦਾ ਸਾਰ ਤੱਤ ਸਮਝਦੇ ਹਨ। ਇਸੇ ਨੂੰ ਉਹ ਮਨੁੱਖੀ ਜੀਵਨ ਦਾ ਮਨੋਰਥ ਮੰਨਦੇ ਹਨ। ਸੂਫੀ ਰਹੱਸਵਾਦ ਅਨੁਸਾਰ ਸ੍ਰਿਸ਼ਟੀ ਰਚਨਾ ਕੇਵਲ ਰੱਬ ਦੇ ਇਸ਼ਕ ਲਈ ਹੀ ਰਚੀ ਗਈ ਹੈ।
ਬਾਬਾ ਸ਼ੇਖ ਫਰੀਦ ਦਾ ਮੁੱਖ ਮਨੋਰਥ ਰੱਬ ਦੇ ਬੰਦਿਆਂ ਨੂੰ ਪ੍ਰਭੂ ਪ੍ਰੇਮ ਤੇ ਪ੍ਰਸਪਰ ਪਿਆਰ ਦੀ ਲੜੀ ਵਿੱਚ ਪਰੋਣਾ ਹੈ। ਉਨ੍ਹਾਂ ਨੂੰ ‘ਹੁਣ’ ਦਾ ਨਹੀਂ, ‘ਕੱਲ੍ਹ’ ਦਾ ਫਿਕਰ ਹੈ। ਮਨੁੱਖ ਨੂੰ ਅੱਜ ਦੇ ਵਕਤੀ ਸੁੱਖ ਜਾਂ ਖੁਸ਼ੀ ਵਿੱਚ ਗੜੂੰਦ ਹੋ ਕੇ ਆਪਣੇ ‘ਕੱਲ੍ਹ’ ਨੂੰ ਨਹੀਂ ਵਿਗਾੜਨਾ ਚਾਹੀਦਾ, ਸਗੋਂ ਅੱਜ ਨੂੰ ਸੰਭਾਲ ਕੇ ਕੱਲ੍ਹ ਨੂੰ ਸੰਵਾਰਨਾ ਚਾਹੀਦਾ ਹੈ। ਬਾਬਾ ਫਰੀਦ ਨੇ ਆਪਣੀ ਬਾਣੀ ਵਿੱਚ ਸਮੇਂ ਦੀ ਸਮਾਜਿਕ ਧਾਰਾ ਨੂੰ ਸੋਧਣ, ਨਵੀਂ ਸੇਧ ਦੇਣ ਅਤੇ ਮਨੁੱਖੀ ਭਾਈਚਾਰੇ ਲਈ ਨਵਾਂ ਵਾਤਾਵਰਨ ਉਸਾਰਨ ਵਾਸਤੇ ਵੀ ਕਿਹਾ ਹੈ।
ਬਾਬਾ ਫਰੀਦ ਦਾ ਬਹੁਤਾ ਜੀਵਨ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਬੀਤਿਆ। ਪੰਜਾਬੀ ਨਾਲ ਬਹੁਤ ਕਰੀਬੀ ਤੇ ਡੂੰਘਾ ਰਿਸ਼ਤਾ ਹੋਣ ਕਾਰਨ ਉਨ੍ਹਾਂ ਦੀ ਬਾਣੀ ਵਿੱਚ ਪੰਜਾਬੀ ਭਾਸ਼ਾ ਦੀ ਮਿੱਠਾਸ ਅਤੇ ਲੋਕ ਭਾਸ਼ਾ ਦੇ ਗੂੜ੍ਹੇ ਤੱਤ ਮੋਜੂਦ ਹਨ। ਫਰੀਦ ਬਾਣੀ ਨੂੰ ਪੰਜਾਬੀ ਦੀਆਂ ਪੁਰਾਣੀਆਂ ਤੇ ਪ੍ਰਮਾਣਿਕ ਕਿਰਤਾਂ ਵਿੱਚੋਂ ਹੋਣ ਦਾ ਮਾਣ ਹਾਸਲ ਹੈ। ਫਰੀਦ ਬਾਣੀ ਮਨੁੱਖੀ ਜੀਵਨ ਦੇ ਮਨੋਰਥ ਨੂੰ ਸਮਝਣ ਵਿੱਚ ਸਹਾਈ ਹੁੰਦੀ ਹੈ।
185-ਵਸੰਤ ਵਿਹਾਰ, ਡੀ.ਸੀ.ਰੈਜ਼ੀਡੈਂਸ ਰੋਡ,
ਹੁਸ਼ਿਆਰਪੁਰ – 146 001

Leave a Reply

Your email address will not be published. Required fields are marked *