Sep 23, 2026

ਐਬਸਫੋਰਡ ( ਦੇ ਪ੍ਰ ਬਿ)- ਸਾਲ 2022 ਵਿਚ ਐਬਸਫੋਰਡ ਸਿਟੀ ਕੌਂਸਲ ਲਈ ਕੌਂਸਲਰ ਵਜੋਂ ਚੁਣੀ ਗਈ ਪੈਟਰੀਸ਼ੀਆ ਡਰੀਸਨ ਮੁੜ ਕੌਂਸਲਰ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹੈ। ਉਹ ਐਬਟਸਫੋਰਡ ਦੀ ਜੰਮਪਲ, ਪੜੀ ਲਿਖੀ ਤੇ ਇਥੇ ਹੀ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਕਮਿਊਨਿਟੀ ਸੇਵਾ ਨੂੰ ਸਮਰਪਿਤ ਸ਼ਖਸੀਅਤ ਹੈ। ਉਹ  ਇੱਕ ਪਤਨੀ, ਤਿੰਨ ਬੱਚਿਆਂ ਦੀ ਮਾਂ, ਬਿਜਨਸ ਵੂਮੈਨ ਅਤੇ  ਮਾਣਮੱਤੀ ਸਿਟੀ ਕੌਂਸਲਰ ਹੈ। ਪਿਛਲੇ ਚਾਰ ਸਾਲਾਂ ਦੌਰਾਨ, ਉਸ ਨੇ ਸਿਟੀ ਹਾਲ ਵਿਖੇ ਲੋਕਾਂ ਲਈ ਪਹੁੰਚਯੋਗ ਅਤੇ ਵਿਹਾਰਕ ਆਵਾਜ਼ ਬਣ ਕੇ ਕੰਮ ਕੀਤਾ ਹੈ। ਇਸ ਦੇ ਨਾਲ ਹੀ ਉਸਨੇ ਭਾਈਚਾਰਕ ਸਾਂਝ ਨੂੰ ਵਧਾਉਣ, ਸਮਝਦਾਰੀ ਭਰੇ ਅਤੇ ਸ਼ਹਿਰ ਦੇ ਵਿਕਾਸਮੁਖੀ ਨਿਵੇਸ਼ ਦੀ ਵਕਾਲਤ ਕਰਨ, ਸਥਾਨਕ ਕਾਰੋਬਾਰਾਂ ਦੀ ਸਹਾਇਤਾ ਕਰਨ, ਖੇਤੀ ਸੈਕਟਰ ਦੀ ਸੁਰੱਖਿਆ ਅਤੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ  ਕਰਨ ਅਤੇ ਐਬਟਸਫੋਰਡ ਦੇ ਭਵਿੱਖ ਲਈ ਵਧੀਆ ਯੋਜਨਾਬੰਦੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਸਭ ਤੋਂ ਵਧੀਆ ਫੈਸਲੇ ਉਦੋਂ ਲਏ ਜਾਂਦੇ ਹਨ ਜਦੋਂ ਪਹਿਲਾਂ ਗੱਲ ਸੁਣੀ ਜਾਵੇ, ਸਖ਼ਤ ਮਿਹਨਤ ਕੀਤੀ ਜਾਵੇ ਅਤੇ ਹਮੇਸ਼ਾ ਆਪਣੇ ਭਾਈਚਾਰੇ ਨੂੰ ਪਹਿਲ ਦਿੱਤੀ ਜਾਵੇ। ਐਬਸਫੋਰਡ ਦੇ ਸਰਬਪੱਖੀ ਵਿਕਾਸ ਨੂੰ ਜਾਰੀ ਰੱਖਣ ਲਈ ਅਤੇ ਆਪਣੇ ਛੋਹੇ ਕੰਮਾਂ ਨੂੰ ਅੱਗੇ ਵਧਾਉਣ ਲਈ ਉਹ ਦੁਬਾਰਾ ਲੋਕਾਂ ਤੋਂ ਸਮਰਥਨ ਦੀ ਮੰਗ ਕਰ ਰਹੀ ਹੈ।

ਪੈਟਰੀਸ਼ੀਆ ਬਾਰੇ ਹੋਰ ਜਾਣਕਾਰੀ-

ਪੈਟਰੀਸ਼ੀਆ ਡਰੀਸਨ ਐਬਟਸਫੋਰਡ ਦੀ ਜੰਮਪਲ ਹੋਣ ਦੇ ਨਾਤੇ, ਸਥਾਨਕ ਭਾਈਚਾਰੇ ਨਾਲ ਡੂੰਘੀ  ਜੁੜੀ ਹੋਈ ਹੈ। ਉਸਨੇ ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ ਤੋਂ ਮਾਰਕੀਟਿੰਗ, ਸੇਲਜ਼ ਅਤੇ ਪਬਲਿਕ ਰਿਲੇਸ਼ਨਜ ਵਿਚ ਉਚ ਵਿਦਿਆ ਪ੍ਰਾਪਤ ਕੀਤੀ ਹੈ।  ਥੌਮਸਨ ਰਿਵਰਸ ਯੂਨੀਵਰਸਿਟੀ ਕੈਮਲੂਪਸ ਤੋਂ ਈਵੈਂਟ ਅਤੇ ਕਨਵੈਨਸ਼ਨ ਪ੍ਰਬੰਧਨ ਵਿੱਚ ਡਿਪਲੋਮਾ ਵੀ ਕੀਤਾ  ਹੈ। 2011 ਵਿੱਚ, ਉਨ੍ਹਾਂ ਨੇ ਆਪਣੇ ਈਵੈਂਟ ਪ੍ਰਬੰਧਨ ਕਾਰੋਬਾਰ, ‘ਪਰਫੈਕਟ ਸੈਂਸ ਈਵੈਂਟਸ’  ਦੀ ਸ਼ੁਰੂਆਤ ਕਰਕੇ ਆਪਣੇ ਉੱਦਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ । ਉਹ ਕਈ ਸਾਲਾਂ ਤੋਂ ਕਾਰੋਬਾਰੀ ਖੇਤਰ ਵਿੱਚ ਸਰਗਰਮ ਔਰਤਾਂ ਲਈ ਤਿਆਰ ਕੀਤੇ ਗਏ ਇੱਕ ਸਫਲ ਨੈੱਟਵਰਕਿੰਗ ਈਵੈਂਟ ਦੀ ਮੇਜ਼ਬਾਨੀ ਵੀ ਕਰ ਰਹੀ ਹੈ।

ਪੈਟਰੀਸ਼ੀਆ ਅਤੇ ਉਨ੍ਹਾਂ ਦੇ ਪਤੀ ਕੈਨੇਡਾ ਦੇ ਸਭ ਤੋਂ ਵੱਧ ਖੇਤੀਬਾੜੀ ਲਈ ਪ੍ਰਸਿੱਧ ਐਬਸਫੋਰਡ ਖੇਤਰ ਵਿੱਚ ਸਥਿਤ ਆਪਣੇ ਪਰਿਵਾਰਕ ਪੋਲਟਰੀ ਫਾਰਮ ਨੂੰ ਚਲਾਉਣ ਦੇ ਨਾਲ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੇ ਹਨ। ਉਹ ਦੋਵੇਂ ਐਬਟਸਫੋਰਡ ਵਿੱਚ ਖੇਤੀਬਾੜੀ ਭਾਈਚਾਰੇ ਨੂੰ ਮਜ਼ਬੂਤ ​​ਕਰਨ ਲਈ ਵਚਨਬੱਧ ਹਨ।

ਕਮੇਟੀਆਂ ਅਤੇ ਕਮਿਊਨਿਟੀ ਸੰਸਥਾਵਾਂ ਨਾਲ ਸਬੰਧ-

ਪੈਟਰੀਸ਼ੀਆ ਨੇ ਕਈ ਸਮਾਜ ਸੇਵੀ ਅਤੇ ਕਾਰੋਬਾਰੀ ਸੰਸਥਾਵਾਂ ਨਾਲ ਜੁੜੀ ਹੋਈ ਹੈ, ਜਿਨ੍ਹਾਂ ਵਿੱਚ ਐਬਟਸਫੋਰਡ ਐਗਜ਼ੀਕਿਊਟਿਵ ਐਸੋਸੀਏਸ਼ਨ, ਐਬਟਸਫੋਰਡ ਹਾਸਪਾਈਸ ਸੋਸਾਇਟੀ, ਆਰਚਵੇ ਕਮਿਊਨਿਟੀ ਸਰਵਿਸਿਜ਼ ਸੋਸਾਇਟੀ, ਲਾਈਫ ਰਿਕਵਰੀ ਐਸੋਸੀਏਸ਼ਨ, ਐਬਿਲਿਟਸ ਫਾਊਂਡੇਸ਼ਨ, ਐਬਟਸਫੋਰਡ ਰੀਸਟੋਰੇਟਿਵ ਜਸਟਿਸ ਐਂਡ ਐਡਵੋਕੇਸੀ ਐਸੋਸੀਏਸ਼ਨ, ਫਰੇਜ਼ਰ ਵੈਲੀ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟਸ ਐਸੋਸੀਏਸ਼ਨ, ਐਬਟਸਫੋਰਡ ਡਿਵੀਜ਼ਨ ਆਫ ਫੈਮਿਲੀ ਪ੍ਰੈਕਟਿਸ, ਕੈਨੇਡੀਅਨ ਐਸੋਸੀਏਸ਼ਨ ਫਾਰ ਸਪੋਰਟੇਡ ਇੰਪਲਾਇਮੈਂਟ ਅਤੇ ਆਰਚਵੇ ਫੂਡ ਬੈਂਕ ਆਦਿ ਦੇ ਨਾਮ ਜਿਕਰਯੋਗ ਹਨ।

ਉਹ ਕਮਿਊਨਿਟੀ ਸੰਸਥਾਵਾਂ ਨਾਲ ਜੁੜੇ ਹੋਣ ਦੇ ਨਾਲ ਆਪਣੇ ਕਾਰੋਬਾਰ, ਬੱਚਿਆਂ ਦੀ ਦੇਖਭਾਲ, ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਨਾਲ ਫਰੇਜ਼ਰ ਵੈਲੀ ਇਵੈਂਟ ਪ੍ਰੋਫੈਸ਼ਨਲਜ਼ ਐਸੋਸੀਏਸ਼ਨ ਅਤੇ ਟੂਰਿਜ਼ਮ ਐਬਟਸਫੋਰਡ ਦੀ ਇਵੈਂਟਸ ਸਲਾਹਕਾਰ ਕਮੇਟੀ ਵਿੱਚ ਇੱਕ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾਅ ਰਹੀ ਹੈ।  ਉਸਦੀ ਇੱਛਾ ਹੈ ਕਿ ਐਬਸਫੋਰਡ ਹਰ ਖੇਤਰ ਵਿਚ ਅੱਗੇ ਵਧੇ ਤੇ ਉਹ ਖੁਦ ਕੌਂਸਲ ਅਤੇ ਕਮਿਊਨਿਟੀ ਸੰਸਥਾਵਾਂ ਨਾਲ ਕੰਮ ਕਰਦਿਆਂ ਇਸਦੀ ਤਰੱਕੀ ਅਤੇ ਵਿਕਾਸ ਵਿਚ ਬਣਦਾ ਯੋਗਦਾਨ ਪਾਉਂਦੀ ਰਹੇ।

Leave a Reply

Your email address will not be published. Required fields are marked *