Sep 23, 2026

ਵਿਕਟੋਰੀਆ ( ਦੇ ਪ੍ਰ ਬਿ)- ਜਦੋਂ ਇਕ ਪਾਸੇ ਮੁਲਕ ਅਤੇ ਪ੍ਰਾਂਤ ਡੂੰਘੇ ਆਰਥਿਕ ਸੰਕਟ ਵਿਚ ਘਿਰੇ ਨਜ਼ਰ ਆ ਰਹੇ ਹਨ, ਸੂਬੇ ਦੀ ਵਿਰੋਧੀ ਪਾਰਟੀ ਬੀ ਸੀ ਕੰਸਰਵੇਟਿਵ ਅੰਦਰੂਨੀ ਕਲੇਸ਼ ਵਿਚ ਘਿਰੀ ਹੋਈ ਹੈ ਤਾਂ ਉਸ ਸਮੇਂ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਸਮੇਂ ਤੋਂ ਦੋ ਸਾਲ ਪਹਿਲਾਂ ਅਚਾਨਕ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਇਥੇ ਬਾਦ ਦੁਪਹਿਰ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ  ਪ੍ਰੀਮੀਅਰ ਡੇਵਿਡ ਐਬੀ ਨੇ ਤੁਰੰਤ ਚੋਣਾਂ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਲਗਾਏ ਜਾ ਰਹੇ ਭਾਰੀ ਟੈਰਿਫਾਂ ਕਾਰਨ ਪੈਦਾ ਹੋਈ ਆਰਥਿਕ ਹਫੜਾ-ਦਫੜੀ ਨਾਲ ਨਜਿੱਠਣ ਲਈ ਇੱਕ ਮਜ਼ਬੂਤ ਫਤਵੇ ਦੀ ਲੋੜ ਹੈ। ਇਹ ਚੋਣਾਂ 17 ਅਕਤੂਬਰ ਨੂੰ ਹੋ ਰਹੀਆਂ ਮਿਊਂਸਪਲ ਚੋਣਾਂ ਤੋਂ ਹਫਤੇ ਬਾਦ 24 ਅਕਤੂਬਰ ਨੂੰ ਹੋਣਗੀਆਂ।

ਜ਼ਿਕਰਯੋਗ ਹੈ ਕਿ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਬੀਸੀ ਕੰਸਰਵੇਟਿਵ ਅੰਦਰੂਨੀ ਲੜਾਈ ਕਾਰਣ ਬੁਰੀ ਤਰਾਂ ਉਲਝੀ ਹੋਈ ਹੈ। ਬੀਸੀ ਕੰਸਰਵੇਟਿਵ ਪਾਰਟੀ ਦੀ ਆਗੂ ਕੈਰੀ ਲਿਨ ਫਿੰਡਲੀ ਵਲੋਂ ਭਾਰੀ ਦਬਾਅ ਉਪਰੰਤ ਅਸਤੀਫਾ ਦੇ ਦਿੱਤਾ ਗਿਆ ਹੈ ਜਦੋਂ ਕਿ ਦਰਜਨ ਤੋਂ ਵਧ ਵਿਧਾਇਕ ਪਾਰਟੀ ਛੱਡ ਚੁੱਕੇ ਹਨ। ਕੁਝ ਪਾਰਟੀ ਛੱਡਣ ਵਾਲੇ ਵਿਧਾਇਕਾਂ ਨੇ ਨਵੀਂ ਸੈਂਟਰ ਬੀ ਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਉਧਰ ਕੰਸਰਵੇਟਿਵ ਪਾਰਟੀ ਦਾ ਨਵਾਂ ਅੰਤਰਿਮ ਲੀਡਰ ਲੌਰਨ ਡੌਰਕਸਨ ਨੂੰ ਬਣਾਇਆ ਗਿਆ ਹੈ। ਵਿਰੋਧੀ ਪਾਰਟੀ ਵਿਚਾਲੇ ਇਸ ਉਥਲ ਪੁੱਥਲ ਦਾ ਲਾਭ ਲੈਂਦਿਆਂ ਪ੍ਰੀਮੀਅਰ ਡੇਵਿਡ ਈਬੀ ਨੇ ਅਚਾਨਕ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਪੱਤਰਕਾਰਾਂ ਵਲੋਂ ਜਦੋਂ ਉਹਨਾਂ ਤੋਂ ਤੁਰੰਤ ਚੋਣਾਂ ਕਰਵਾਏ ਜਾਣ ਦੇ ਫੈਸਲੇ ਨੂੰ ਨੈਤਿਕ ਹੋਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕੋਈ ਜਵਾਬ ਨਹੀ ਦਿੱਤਾ। ਉਹਨਾਂ ਇਸਦੇ ਜਵਾਬ ਵਿਚ ਕਿਹਾ ਕਿ “ਮੈਨੂੰ ਨਹੀਂ ਲੱਗਦਾ ਕਿ ਬ੍ਰਿਟਿਸ਼ ਕੋਲੰਬੀਆ ਕੋਲ ਵੋਟਾਂ ਲਈ ਜਾਣਾ ਕਦੇ ਗਲਤ ਹੈ ਅਤੇ ਉਹ ਇਸ ਬਾਰੇ ਕੀ ਸੋਚਦੇ ਹਨ।

ਪ੍ਰੀਮੀਅਰ ਡੇਵਿਡ ਐਬੀ ਦਾ ਨਵਾਂ ਫਤਵਾ ਮੰਗਣ ਦਾ ਫੈਸਲਾ ਐਨਡੀਪੀ ਲਈ ਇੱਕ ਮੁਸ਼ਕਲ ਦੌਰ ਤੋਂ ਬਾਅਦ ਆਇਆ ਹੈ, ਜਿਸਦਾ ਜਨਤਕ ਸਮਰਥਨ ਇਸ ਸਾਲ ਦੇ ਸ਼ੁਰੂ ਵਿੱਚ ਘੱਟ ਗਿਆ ਸੀ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕ ਸਿਹਤ ਸੰਭਾਲ ਸੇਵਾਵਾਂ, ਕਿਫਾਇਤੀ ਦਬਾਅ ਅਤੇ ਆਦਿਵਾਸੀ ਅਤੇ  ਨਿੱਜੀ ਜਾਇਦਾਦ ਦੇ ਅਧਿਕਾਰਾਂ ਬਾਰੇ ਕਾਨੂੰਨਾਂ ‘ਤੇ ਵਧਦੀ ਬਹਿਸ ਨਾਲ ਜੂਝ ਰਹੇ ਸਨ।

ਸੂਬਾਈ ਸਰਕਾਰ ਨੇ ਰਿਕਾਰਡ-ਤੋੜ ਬਜਟ ਘਾਟੇ ਪੇਸ਼ ਕੀਤੇ ਹਨ ਅਤੇ ਸੂਬਾਈ ਕਰਜ਼ੇ ਨੂੰ ਅਸਮਾਨ ਵੱਲ ਧੱਕ ਦਿੱਤਾ ਹੈ। ਪਿਛਲੇ ਮਹੀਨੇ, ਉਸਦੀ ਸਰਕਾਰ ਨੂੰ ਆਪਣੇ ਕੁਦਰਤੀ-ਗੈਸ ਮਾਲੀਆ ਅਨੁਮਾਨਾਂ ਵਿੱਚ ਲੇਖਾ-ਜੋਖਾ ਗਲਤੀ ‘ਤੇ ਨਵੀਂ ਜਾਂਚ ਦਾ ਵੀ ਸਾਹਮਣਾ ਕਰਨਾ ਪਿਆ ਹੈ, ਜਿਸਨੇ – ਇੱਕ ਮਹਿੰਗੇ ਜੰਗਲੀ ਅੱਗ ਦੇ ਸੀਜ਼ਨ ਸਮੇਤ ਹੋਰ ਕਾਰਕਾਂ ਦੇ ਨਾਲ – ਇਸ ਵਿੱਤੀ ਸਾਲ ਦੇ ਸੂਬਾਈ ਘਾਟੇ ਵਿੱਚ $450-ਮਿਲੀਅਨ ਹੋਰ ਜੋੜਿਆ, ਜਿਸਦਾ ਘਾਟਾ ਇਸ ਸਾਲ  ਵਿੱਚ $13.3-ਬਿਲੀਅਨ ਹੋਣ ਦਾ ਅਨੁਮਾਨ ਸੀ।

ਸਿਆਸੀ ਮਾਹਿਰਾਂ ਮੁਤਾਬਿਕ ਭਾਵੇਂਕਿ ਪ੍ਰੀਮੀਅਰ ਵਲੋਂ ਅਚਾਨਕ ਚੋਣਾਂ ਦਾ ਐਲਾਨ ਮੁੱਖ ਵਿਰੋਧੀ ਪਾਰਟੀ ਵਿਚ ਪੈਦਾ ਹੋਏ ਸੰਕਟ ਦਾ ਲਾਭ ਉਠਾਉਣ ਦੇ ਮਕਸਦ ਨਾਲ ਕੀਤਾ ਗਿਆ ਹੈ ਪਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਵਿਚ ਸੂਬੇ ਤੇ ਵਾਧੂ ਆਰਥਿਕ ਬੋਝ ਪਾਏ ਜਾਣ ਲਈ ਰੋਸ ਵੀ ਹੈ। ਚੋਣਾਂ ਵਿਚ ਇਸ ਰੋਸ ਦਾ ਐਨ ਡੀ ਪੀ ਨੂੰ ਖਮਿਆਜ਼ਾ ਵੀ ਭੁਗਤਣਾ ਪੈ ਸਕਦਾ ਹੈ।

ਬੀਸੀ ਕੰਸਰਵੇਟਿਵ ਪਾਰਟੀ ਦੇ ਨਵੇਂ ਐਲਾਨੇ ਗਏ ਅੰਤਰਿਮ ਲੀਡਰ ਲੌਰਨ ਡੌਰਕਸਨ।

Leave a Reply

Your email address will not be published. Required fields are marked *