Sep 23, 2026

ਧਾਮੀ ਪਰਿਵਾਰ ਵੱਲੋਂ ਰਾਜਵੰਤ ਰਾਜ ਨੂੰ 1100 ਡਾਲਰ ਦੀ ਨਕਦ ਰਾਸ਼ੀ, ਪਲੈਕ ਤੇ ਸ਼ਾਲ ਭੇਟ—

ਸਰੀ, ਸਤੰਬਰ 22 (ਹਰਦਮ ਮਾਨ) – ਸਰੀ ਦੇ ਜਾਣੇ-ਪਛਾਣੇ ਸ਼ਾਇਰ ਰਾਜਵੰਤ ਰਾਜ ਨੂੰ ਪੰਜਾਬੀ ਸਾਹਿਤ ਵਿੱਚ ਪਾਏ ਜਾ ਰਹੇ ਉਨ੍ਹਾਂ ਦੇ ਰਚਨਾਤਮਕ ਯੋਗਦਾਨ ਅਤੇ ਸਾਹਿਤਕ ਸਰਗਰਮੀ ਲਈ ਦਿਲਬਰ ਨੂਰਪੁਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਗ਼ਜ਼ਲ ਮੰਚ ਸਰੀ ਦੇ ਇਕ ਸਾਹਿਤਕ ਸਮਾਗਮ ਦੌਰਾਨ ਸ਼ਾਇਰ ਇੰਦਰਜੀਤ ਧਾਮੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਰਾਜਵੰਤ ਰਾਜ ਨੂੰ ਇਹ ਸਨਮਾਨ ਭੇਟ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ 1100 ਡਾਲਰ ਦੀ ਨਕਦ ਰਾਸ਼ੀ, ਪਲੈਕ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।

ਦਿਲਬਰ ਨੂਰਪੁਰੀ ਐਵਾਰਡ ਦੀ ਸਥਾਪਨਾ ਸ਼ਾਇਰ ਇੰਦਰਜੀਤ ਧਾਮੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣੇ ਮਰਹੂਮ ਪਿਤਾ ਦਿਲਬਰ ਨੂਰਪੁਰੀ ਦੀ ਯਾਦ ਨੂੰ ਸਮਰਪਿਤ ਕਰਦਿਆਂ ਕੀਤੀ ਗਈ ਹੈ। ਸਾਲ 2016 ਤੋਂ ਆਰੰਭ ਹੋਈ ਇਸ ਸਨਮਾਨ-ਪਰੰਪਰਾ ਤਹਿਤ ਹੁਣ ਤੱਕ 22 ਸਾਹਿਤਕਾਰਾਂ ਨੂੰ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਅਤੇ ਚੰਗੇਰਾ ਸਾਹਿਤ ਰਚਣ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ। ਧਾਮੀ ਪਰਿਵਾਰ ਵੱਲੋਂ ਹਰ ਸਾਲ ਦਿੱਤਾ ਜਾਂਦਾ ਇਹ ਸਨਮਾਨ ਪੰਜਾਬੀ ਸਾਹਿਤ ਦੀ ਸਿਰਜਣਾ ਨਾਲ ਜੁੜੇ ਰਚਨਾਕਾਰਾਂ ਦੀ ਹੌਸਲਾ-ਅਫ਼ਜ਼ਾਈ ਦਾ ਇਕ ਵਿਲੱਖਣ ਉਪਰਾਲਾ ਬਣ ਰਿਹਾ ਹੈ।

ਸਮਾਗਮ ਦੌਰਾਨ ਇੰਦਰਜੀਤ ਧਾਮੀ ਨੇ ਕਿਹਾ ਕਿ ਆਪਣੇ ਮਰਹੂਮ ਪਿਤਾ ਦੀ ਯਾਦ ਨੂੰ ਸਾਹਿਤ ਨਾਲ ਜੋੜ ਕੇ ਜਿਉਂਦਾ ਰੱਖਣ ਦੀ ਕੋਸ਼ਿਸ਼ ਤਹਿਤ ਇਹ ਐਵਾਰਡ ਹਰ ਸਾਲ ਅਜਿਹੇ ਸਾਹਿਤਕਾਰ ਨੂੰ ਦਿੱਤਾ ਜਾਂਦਾ ਹੈ, ਜੋ ਆਪਣੀ ਕਲਮ ਰਾਹੀਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਚੰਗੀਆਂ ਰਚਨਾਵਾਂ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਹਿਤਕਾਰ ਸਮਾਜ ਦੀ ਸੰਵੇਦਨਾ, ਸੋਚ ਅਤੇ ਸੱਭਿਆਚਾਰਕ ਵਿਰਾਸਤ ਦੇ ਵਾਹਕ ਹੁੰਦੇ ਹਨ ਅਤੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਇਸ ਮੌਕੇ ਹੁਣ ਤੱਕ ਸਨਮਾਨਿਤ ਕੀਤੇ ਗਏ 22 ਸਾਹਿਤਕਾਰਾਂ ਦਾ ਵੇਰਵਾ ਵੀ ਸਾਂਝਾ ਕੀਤਾ।

ਸਨਮਾਨ ਪ੍ਰਾਪਤ ਕਰਨ ਉਪਰੰਤ ਰਾਜਵੰਤ ਰਾਜ ਨੇ ਕਿਹਾ ਕਿ ਕਿਸੇ ਸਾਹਿਤਕਾਰ ਲਈ ਉਸ ਦੀ ਕਲਮ ਨੂੰ ਮਿਲਣ ਵਾਲਾ ਮਾਣ ਸਿਰਫ਼ ਨਿੱਜੀ ਖੁਸ਼ੀ ਦਾ ਪਲ ਨਹੀਂ ਹੁੰਦਾ, ਸਗੋਂ ਇਹ ਉਸ ਦੀ ਸਾਹਿਤ ਪ੍ਰਤੀ ਜ਼ਿੰਮੇਵਾਰੀ ਨੂੰ ਹੋਰ ਗੰਭੀਰ ਬਣਾਉਂਦਾ ਹੈ। ਉਸ ਨੇ ਕਿਹਾ ਕਿ ਦਿਲਬਰ ਨੂਰਪੁਰੀ ਐਵਾਰਡ ਮਿਲਣ ਨਾਲ ਉਹਦੀ ਸਾਹਿਤ ਪ੍ਰਤੀ ਜ਼ਿੰਮੇਵਾਰੀ ਹੋਰ ਵਧ ਗਈ ਹੈ ਅਤੇ ਉਹ ਆਪਣੀਆਂ ਰਚਨਾਵਾਂ ਰਾਹੀਂ ਇਸ ਸਨਮਾਨ ਦੇ ਮਾਣ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ। ਧਾਮੀ ਪਰਿਵਾਰ ਦਾ ਧੰਨਵਾਦ ਕਰਦਿਆਂ ਰਾਜਵੰਤ ਨੇ ਕਿਹਾ ਕਿ ਸਾਹਿਤਕਾਰ ਦੀ ਕਲਮ ਨੂੰ ਦਿੱਤਾ ਗਿਆ ਸਨਮਾਨ ਅਸਲ ਵਿੱਚ ਸਾਹਿਤ ਅਤੇ ਸਾਹਿਤਕ ਸੰਵੇਦਨਾ ਦਾ ਸਨਮਾਨ ਹੁੰਦਾ ਹੈ।

ਰਾਜਵੰਤ ਰਾਜ ਨੇ ਇਸ ਮੌਕੇ ਐਲਾਨ ਕੀਤਾ ਕਿ ਐਵਾਰਡ ਨਾਲ ਮਿਲੀ 1100 ਡਾਲਰ ਦੀ ਨਕਦ ਰਾਸ਼ੀ ਉਹ ਗ਼ਜ਼ਲ ਮੰਚ ਸਰੀ ਨੂੰ ਭੇਟ ਕਰ ਰਿਹਾ ਹੈ। ਉਸ ਨੇ ਕਿਹਾ ਕਿ ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬੀ ਗ਼ਜ਼ਲ ਅਤੇ ਸਾਹਿਤਕ ਸਰਗਰਮੀਆਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਇਹ ਰਾਸ਼ੀ ਉਸ ਦੇ ਹਿੱਸੇ ਦਾ ਇਕ ਛੋਟਾ ਜਿਹਾ ਯੋਗਦਾਨ ਹੋਵੇਗੀ। ਇਸ ਐਲਾਨ ਨੂੰ ਸਮਾਗਮ ਵਿੱਚ ਮੌਜੂਦ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਵੱਲੋਂ ਸਲਾਹਿਆ ਗਿਆ। ਇਸ ਮੌਕੇ ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਜਸਵਿੰਦਰ, ਕੁਲਵਿੰਦਰ, ਦਵਿੰਦਰ ਗੌਤਮ, ਦਸ਼ਮੇਸ਼ ਗਿੱਲ ਫਿਰੋਜ਼ ਸਮੇਤ ਵੱਡੀ ਗਿਣਤੀ ਵਿੱਚ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜਰ ਸਨ।

Leave a Reply

Your email address will not be published. Required fields are marked *