ਓਟਵਾ- ਕੈਨੇਡਾ ਸਰਕਾਰ ਨੇ ਅੰਗਦ ਸਿੰਘ ਢਿੱਲੋਂ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿੱਚ ਆਪਣਾ ਰਾਜਦੂਤ ਨਿਯੁਕਤ ਕੀਤਾ ਹੈ।
ਇਸ ਨਿਯੁਕਤੀ ਦਾ ਐਲਾਨ ਬੀਤੇ ਦਿਨ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਵੱਲੋਂ ਕੀਤਾ ਗਿਆ। ਕੈਨੇਡਾ ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ, ਢਿੱਲੋਂ ਯੂ.ਏ.ਈ. ਵਿੱਚ ਕੈਨੇਡਾ ਦੇ ਮੁੱਖ ਰਾਜਦੂਤ ਵਜੋਂ ਰਾਧਾ ਕ੍ਰਿਸ਼ਨਾ ਪਾਂਡੇ ਦੀ ਥਾਂ ਲੈਣਗੇ।
ਇਹ ਐਲਾਨ ਕੂਟਨੀਤਕ ਪੱਧਰ ‘ਤੇ ਕੀਤੀ ਗਈ ਉਸ ਫੇਰਬਦਲ ਦਾ ਹਿੱਸਾ ਸੀ ਜਿਸ ਤਹਿਤ ਕਾਰਮਨ ਸੋਰਗਰ ਨੂੰ ਕਿਊਬਾ ਵਿੱਚ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਉਹ ਮੈਰੀਅਨਿਕ ਟ੍ਰੇਮਬਲੇ ਦੀ ਥਾਂ ਲਵੇਗੀ।
ਅੰਗਦ ਸਿੰਘ ਢਿੱਲੋਂ ਜੋ ਇਸ ਸਮੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਵਿੱਚ ‘ਡਾਇਰੈਕਟਰ ਆਫ਼ ਆਪਰੇਸ਼ਨਜ਼ ਐਂਡ ਸਟੇਕਹੋਲਡਰ ਰਿਲੇਸ਼ਨਜ਼’ ਵਜੋਂ ਸੇਵਾ ਨਿਭਾਅ ਰਹੇ ਹਨ, ਦਾ ਪਰਿਵਾਰਕ ਪਿਛੋਕੜ ਪੰਜਾਬ ਦੇ ਪਿੰਡ ਘੁੰਗਰਾਣਾ ਨਾਲ ਸਬੰਧਿਤ ਹੈ। ਹੋਰ ਜਾਣਕਾਰੀ ਮੁਤਾਬਿਕ ਢਿੱਲੋਂ ਪ੍ਰਧਾਨ ਮੰਤਰੀ ਕਾਰਨੀ ਦੇ ਉਨ੍ਹਾਂ ਸਲਾਹਕਾਰਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ ਭਾਰਤ ਅਤੇ ਚੀਨ ਸਮੇਤ ਮੁੱਖ ਦੁਵੱਲੇ ਭਾਈਵਾਲਾਂ ਨਾਲ ਕੈਨੇਡਾ ਦੇ ਕੂਟਨੀਤਕ ਸਬੰਧਾਂ ਨੂੰ ਮੁੜ ਬਹਾਲ ਕਰਨ ਅਤੇ ਉੱਚ-ਪੱਧਰੀ ਗੱਲਬਾਤ ਅਤੇ ਸਹਿਯੋਗ ਨੂੰ ਮੁੜ ਸਥਾਪਿਤ ਕਰਨ ਵਿੱਚ ਮਦਦ ਕੀਤੀ ਹੈ।
ਉਹਨਾਂ ਦੀ ਇਸ ਨਿਯੁਕਤੀ ਤੇ ਲਿਬਰਲ ਐਮ ਪੀ ਤੇ ਸਟੇਟ ਮਨਿਸਟਰ ਰਣਦੀਪ ਸਿੰਘ ਸਰਾਏ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੈਨੇਡਾ ਤੇ ਦੁਬਈ ਵਿਚਾਲੇ ਵਪਾਰਕ ਸਬੰਧਾਂ ਅਤੇ ਨਿਵੇਸ਼ ਨੂੰ ਹੋਰ ਉਤਸ਼ਾਹਤ ਕਰਨ ਵਿਚ ਭਾਰੀ ਹੁਲਾਰਾ ਮਿਲਣ ਦੀ ਆਸ ਪ੍ਰਗਟ ਕੀਤੀ ਹੈ।
