ਪੰਥਕ ਸਲੇਟ ਦੇ ਆਗੂ ਜਗਤਾਰ ਸਿੰਘ ਸੰਧੂ ਤੇ ਸਾਥੀਆਂ ਵਲੋਂ ਵੋਟਰਾਂ ਦਾ ਧੰਨਵਾਦ-
ਸਰੀ ( ਦੇ ਪ੍ਰ ਬਿ)- ਵਿਸ਼ਵ ਭਰ ਵਿਚ ਸਭ ਤੋਂ ਵੱਡੇ ਨਗਰ ਕੀਰਤਨ ਦਾ ਆਯੋਜਨ ਕਰਨ ਵਾਲੇ ਸਰੀ ਸਥਿਤ ਗੁਰਦੁਆਰਾ ਦਸਮੇਸ਼ ਦਰਬਾਰ ਦੀ ਨਵੀਂ ਪ੍ਰਬੰਧਕ ਕਮੇਟੀ ਲਈ ਡਾਇਰੈਕਟਰਾਂ ਦੀ ਚੋਣ ਬੀਤੇ ਦਿਨ ਅਮਨ ਅਮਾਨ ਨਾਲ ਹੋਈ। ਇਸ ਚੋਣ ਵਿਚ ਉਘੇ ਸਿੱਘ ਆਗੂ ਜਗਤਾਰ ਸਿੰਘ ਸੰਧੂ ਦੀ ਅਗਵਾਈ ਵਾਲੀ ਪੰਥਕ ਸਲੇਟ ਦੇ ਪੰਜ ਉਮੀਦਵਾਰ ਜੇਤੂ ਰਹੇ। ਪ੍ਰਾਪਤ ਜਾਣਕਾਰੀ ਮੁਤਾਬਿਕ ਕੁੱਲ 313 ਮੈਂਬਰਾਂ ਵਿੱਚੋਂ 281 ਮੈਂਬਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ। ਜਗਤਾਰ ਸਿੰਘ ਸੰਧੂ ਨੂੰ ਸਭ ਤੋਂ ਵੱਧ 159 ਵੋਟਾਂ ਪ੍ਰਾਪਤ ਹੋਈਆਂ। ਉਹਨਾਂ ਤੋਂ ਇਲਾਵਾ ਹੋਰ ਉਮੀਦਵਾਰਾਂ ਵਿਚ ਕਿਸ਼ਨ ਸਿੰਘ ਹੀਰ ਨੂੰ 155 ਵੋਟਾਂ, ਕਮਲਜੀਤ ਸਿੰਘ ਹੁੰਦਲ ਨੂੰ 152, ਸੁਖਵਿੰਦਰ ਕੌਰ ਸਿੱਧੂ ਨੂੰ 151 ਅਤੇ ਰਣਧੀਰ ਸਿੰਘ ਸਹੋਤਾ ਨੂੰ 145 ਵੋਟਾਂ ਮਿਲੀਆਂ । ਹੋਰ ਉਮੀਦਵਾਰਾਂ ਵਿੱਚ ਪਿਆਰਾ ਸਿੰਘ ਪਨੇਸਰ ਅਤੇ ਸਤਿੰਦਰਪਾਲ ਸਿੰਘ ਗਿੱਲ ਨੂੰ 127-127, ਗੁਰਦੀਪ ਸਿੰਘ ਸਮਰਾ ਨੂੰ 123, ਕੁਲਵੰਤ ਕੌਰ ਦਿਓਲ ਨੂੰ 119 ਅਤੇ ਸੁਖਦੇਵ ਸਿੰਘ ਗਿੱਲ ਨੂੰ 113 ਵੋਟਾਂ ਪ੍ਰਾਪਤ ਹੋਈਆਂ।
ਇਨ੍ਹਾਂ ਚੋਣਾਂ ਵਿੱਚ ਉਘੇ ਟਰਾਂਸਪੋਰਟਰ ਤੇ ਬਿਜਨਸਮੈਨ ਮਿੰਦੀ ਵਿਰਕ, ਜਸਵਿੰਦਰ ਸਿੰਘ ਬਦੇਸ਼ਾ, ਸੁਖਵੰਤ ਸਿੰਘ ਤੱਖਰ ਅਤੇ ਮਨਜੀਤ ਸਿੰਘ ਧਾਮੀ ਨੇ ਪੰਥਕ ਸਲੇਟ ਦੀ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਮੈਂਬਰਾਂ ਨਾਲ ਰਾਬਤਾ ਕਰਕੇ ਗੁਰਦੁਆਰਾ ਸਾਹਿਬ ਦੇ ਸੁਚੱਜੇ ਪ੍ਰਬੰਧ ਲਈ ਆਪਣਾ ਪੱਖ ਰੱਖਿਆ। ਸਪੱਸ਼ਟ ਰੂਪ ਵਿਚ ਇਹਨਾਂ ਚੋਣਾਂ ਦੌਰਾਨ ਮਿੰਦੀ ਵਿਰਕ ਦਾ ਸਮਰਥਨ ਹਾਸਲ ਜਗਤਾਰ ਸਿੰਘ ਸੰਧੂ ਪਿਛਲੇ ਲੰਬੇ ਸਮੇਂ ਤੋਂ ਗੁਰਦੁਆਰਾ ਪ੍ਰਬੰਧ ਤੇ ਕਾਬਜ਼ ਚਲੇ ਆ ਰਹੇ ਸੌਦਾਗਰ ਸਿੰਘ ਸੰਧੂ-ਸਤਿੰਦਰਪਾਲ ਸਿੰਘ ਗਿੱਲ ਧੜੇ ਨੂੰ ਹਰਾਉਣ ਵਿਚ ਕਾਮਯਾਬ ਰਹੇ।
ਗੁਰਦੁਆਰਾ ਕਮੇਟੀ ਦੇ ਸੰਵਿਧਾਨ ਮੁਤਾਬਿਕ ਹੁਣ ਨਵੇਂ ਚੁਣੇ ਗਏ ਡਾਇਰੈਕਟਰ ਨਵੇਂ ਪ੍ਰਧਾਨ, ਅਹੁਦੇਦਾਰਾਂ ਤੇ ਕਾਰਜਕਾਰਣੀ ਨੂੰ ਨਾਮਜ਼ਦ ਕਰਨਗੇ । ਇਸੇ ਦੌਰਾਨ ਸ ਜਗਤਾਰ ਸਿੰਘ ਸੰਧੂ, ਹਰਜੀਤ ਸਿੰਘ ਅਟਵਾਲ ਤੇ ਮਿੰਦੀ ਵਿਰਕ ਨੇ ਵੋਟ ਪਾਉਣ ਵਾਲੇ ਸਾਰੇ ਮੈਂਬਰਾਂ ਅਤੇ ਚੋਣ ਪ੍ਰਕਿਰਿਆ ਵਿੱਚ ਸੇਵਾ ਨਿਭਾਉਣ ਵਾਲਿਆਂ ਦਾ ਧੰਨਵਾਦ ਕੀਤਾ ਹੈ। ਸੋਸ਼ਲ ਮੀਡੀਆ ਉਪਰ ਜਗਤਾਰ ਸਿੰਘ ਸੰਧੂ ਵਲੋਂ ਪਾਈ ਇਕ ਪੋਸਟ ਵਿਚ ਉਹਨਾਂ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਪੰਥਕ ਸਲੇਟ ਦੀ ਜਿੱਤ ਨੂੰ ਕਿਸੇ ਮਾਡਰੇਟ ਜਾਂ ਕੱਟੜਵਾਦੀ ਵਿਚਾਰਧਾਰਾ ਨਾਲ ਨਾ ਜੋੜਿਆ ਜਾਵੇ। ਉਹ ਖਾਲਸਾ ਕੌਮ ਦੇ ਸਿਪਾਹੀ ਹਨ ਜੋ ਖਾਲਸਾ ਪੰਥ ਦੀ ਚੜਦੀ ਕਲਾ ਅਤੇ ਕੌਮ ਦੀ ਆਜ਼ਾਦੀ ਦੇ ਸੰਘਰਸ਼ ਨੂੰ ਸਮਰਪਿਤ ਹਨ।

