24 ਅਕਤੂਬਰ ਦੀਆਂ ਵੋਟਾਂ ਲਈ ਦੋਵਾਂ ਪਾਰਟੀਆਂ ਦੀ ਟੇਕ ਸਰੀ ਦੇ ਵੋਟਰਾਂ ਤੇ- —
ਸਰੀ ( ਦੇ ਪ੍ਰ ਬਿ)-ਜਿਵੇਂ ਕਿ ਬੀਸੀ ਵਿਧਾਨ ਚੋਣਾਂ ਦਾ ਇਤਿਹਾਸ ਹੈ ਕਿ ਪਿਛਲੀਆਂ ਤਿੰਨ ਚਾਰ ਚੋਣਾਂ ਤੋਂ ਬੀਸੀ ਦੀ ਨਵੀਂ ਸਰਕਾਰ ਬਣਾਉਣ ਵਿਚ ਸਰੀ ਦੇ ਵੋਟਰਾਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈ। ਸਰੀ ਦੇ 10 ਹਲਕਿਆਂ ਵਿਚ ਪਹਿਲਾਂ ਐਨ ਡੀ ਪੀ- ਬੀਸੀ ਲਿਬਰਲ ਪਾਰਟੀ ਤੇ ਫਿਰ ਬੀਸੀ ਕੰਸਰਵੇਟਿਵ ਦੇ ਉਮੀਦਵਾਰਾਂ ਵਿਚਾਲੇ ਗਹਿਗੱਚ ਮੁਕਾਬਲੇ ਹੁੰਦੇ ਰਹੇ ਹਨ। ਪਿਛਲ਼ੀਆਂ 2024 ਦੀਆਂ ਚੋਣਾਂ ਵਾਂਗ ਇਸ ਵਾਰ ਵੀ ਸਰਕਾਰ ਬਣਾਉਣ ਲਈ ਸਰੀ ਦੀਆਂ ਸੀਟਾਂ ਹੀ ਮੁੱਖ ਮੈਦਾਨ ਬਣਦਾ ਨਜ਼ਰ ਆ ਰਿਹਾ ਹੈ। ਸਰੀ ਦੀਆਂ 10 ਸੀਟਾਂ ਉਪਰ ਜਿੱਤ ਪ੍ਰਾਪਤ ਕਰਨ ਲਈ ਐਨ ਡੀ ਪੀ ਤੇ ਕੰਸਰਵੇਟਿਵ ਪਾਰਟੀਆਂ ਦੇ ਆਗੂਆਂ ਤੇ ਉਮੀਦਵਾਰਾਂ ਦਾ ਵਧੇਰੇ ਧਿਆਨ ਲੱਗਾ ਹੋਇਆ ਹੈ। ਦੋਵਾਂ ਪਾਰਟੀਆਂ ਵਲੋਂ ਜਿਵੇਂ ਕਿਵੇ ਸਰੀ ਦੇ ਵੋਟਰਾਂ ਨੂੰ ਲੁਭਾਉਣ ਦੇ ਯਤਨ ਹੋ ਰਹੇ ਹਨ। ਪਿਛਲੇ ਹਫਤੇ ਹੋਈਆਂ ਕੌਂਸਲ ਚੋਣਾਂ ਵਿਚ ਸੇਫ ਸਰੀ ਕੁਲੀਸ਼ਨ ਨੂੰ ਨਿਊਟਨ ਵਿਚ ਸਕਾਈਟਰੇਨ ਲਿਆਉਣ, ਇਕ ਜਨਰਲ ਹਸਪਤਾਲ ਬਣਾਉਣ ਅਤੇ ਨਿਗਰਾਨੀ ਲਈ ਹੈਲੀਕਾਪਟਰ ਤਾਇਨਾਤ ਕਰਨ ਦੇ ਵਾਅਦਿਆਂ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੰਦਿਆਂ ਡੱਗ ਮੈਕਲਮ ਦੀ ਟੀਮ ਉਪਰ ਵਧੇਰੇ ਭਰੋਸਾ ਪ੍ਰਗਟ ਕੀਤੀ ਹੈ।
ਇਸੇ ਤਰਾਂ ਹੁਣ 24 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਮਜਬੂਤ ਫਤਵੇ ਲਈ ਚੋਣ ਮੈਦਾਨ ਵਿਚ ਉਤਰੀ ਬੀ ਸੀ ਐਨ ਡੀ ਪੀ ਤੇ ਮੁੱਖ ਵਿਰੋਧੀ ਧਿਰ ਕੰਸਰਵੇਟਿਵ ਪਾਰਟੀ ਦੋਵਾਂ ਵਲੋਂ ਸਰੀ ਦੇ ਵੋਟਰਾਂ ਨੂੰ ਲੁਭਾਉਣ ਲਈ ਨਿਊਟਨ ਤੱਕ ਸਕਾਈਟਰੇਨ ਲਿਆਉਣ ਅਤੇ ਦੂਸਰੇ ਹਸਪਤਾਲ ਲਈ ਵਾਅਦੇ ਦੁਹਰਾਏ ਜਾ ਰਹੇ ਹਨ। ਪਿਛਲ਼ੀਆਂ ਚੋਣਾਂ ਵਿਚ ਵੀ ਮੁੱਦਾ ਬਣੀ ਸਕਾਈਟਰੇਨ ਦੀ ਮੰਗ ਤੇ ਮੁੜ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ।
ਇਹ ਮੁੱਦਾ ਨਾ ਸਿਰਫ਼ ਸਰੀ ਦੇ ਨਵੇਂ ਚੁਣੇ ਗਏ ਮੇਅਰ ਡੱਗ ਮੈਕਕਲਮ ਦੀ ਹਾਲੀਆ ਚੋਣ ਮੁਹਿੰਮ ਦਾ ਇੱਕ ਅਹਿਮ ਹਿੱਸਾ ਸੀ, ਸਗੋਂ 2022 ਦੀਆਂ ਸਥਾਨਕ ਚੋਣਾਂ ਦੌਰਾਨ ਵੀ ਉਨ੍ਹਾਂ ਦੇ ਏਜੰਡੇ ਵਿੱਚ ਸ਼ਾਮਲ ਸੀ
ਸੂਬਾਈ ਚੋਣਾਂ ਦੌਰਾਨ ਦੋਵਾਂ ਮੁੱਖ ਪਾਰਟੀਆਂ ਵਿਚਾਲੇ ਸਰੀ ਦੇ ਵੋਟਰਾਂ ਨੂੰ ਖਿੱਚਣ ਲਈ ਅਜਿਹੀ ਦੌੜ ਹੈ ਕਿ ਬੀ.ਸੀ. ਕੰਸਰਵੇਟਿਵ ਪਾਰਟੀ ਨੇ ਮੰਗਲਵਾਰ ਸਵੇਰੇ 8:45 ਵਜੇ ਇਸ ਸਬੰਧੀ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਅਤੇ ਇਸ ਤੋਂ 19 ਮਿੰਟ ਬਾਅਦ, ਸਵੇਰੇ 9:04 ਵਜੇ ਐਨ ਡੀ ਪੀ ਨੇ ਵੀ ਆਪਣਾ ਬਿਆਨ ਜਾਰੀ ਕਰ ਦਿੱਤਾ।
ਕੰਸਰਵੇਟਿਵ ਆਗੂ ਲੋਰਨ ਡੋਰਕਸਨ ਨੇ ਨਿਊਟਨ ਟਾਊਨ ਸੈਂਟਰ ਤੱਕ ਸਕਾਈਟ੍ਰੇਨ ਲਿਆਉਣ ਦੀ ਆਪਣੀ ਯੋਜਨਾ ਪੇਸ਼ ਕੀਤੀ। ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਕੰਸਰਵੇਟਿਵ ਸਰਕਾਰ ਬਣਦੀ ਹੈ ਤਾਂ ਉਹ ਫੈਡਰਲ ਸਰਕਾਰ ਨਾਲ ਮਿਲ ਕੇ ‘ਕਿੰਗ ਜੌਰਜ ਬੁਲੇਵਾਰਡ’ ਦੇ ਨਾਲ-ਨਾਲ ਰੈਪਿਡ ਟ੍ਰਾਂਜ਼ਿਟ (ਤੇਜ਼ ਆਵਾਜਾਈ ਪ੍ਰਣਾਲੀ) ਲਈ ਫੰਡ ਜੁਟਾਉਣ ਅਤੇ ਇਸਨੂੰ ਉਸਾਰਨ ਦਾ ਕੰਮ ਕਰਨਗੇ।
ਪ੍ਰੈਸ ਰਿਲੀਜ਼ ਵਿੱਚ ਡੋਰਕਸਨ ਨੇ ਕਿਹਾ ਕਿ ਨਿਊਟਨ ਦੇ ਪਰਿਵਾਰਾਂ ਨੂੰ ਉਨ੍ਹਾਂ ਵਾਅਦਿਆਂ ਲਈ ਹੋਰ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਜੋ ਕਦੇ ਪੂਰੇ ਹੀ ਨਹੀਂ ਹੁੰਦੇ। ਇਸ ਭਾਈਚਾਰੇ ਨੇ ਬਹੁਤ ਲੰਬੇ ਸਮੇਂ ਤੱਕ ਸਬਰ ਰੱਖਿਆ ਹੈ। ਮੈਂ ਹੁਣ ਇਸ ਪ੍ਰੋਜੈਕਟ ਲਈ ਵਚਨਬੱਧ ਹਾਂ, ਅਤੇ ਕੰਸਰਵੇਟਿਵ ਸਰਕਾਰ ਇਸਨੂੰ ਸਮੇਂ ਸਿਰ ਅਤੇ ਨਿਰਧਾਰਤ ਬਜਟ ਦੇ ਅੰਦਰ ਪੂਰਾ ਕਰੇਗੀ।”
ਇਸ ਤੋਂ ਬਾਅਦ ਐਨ ਡੀ ਪੀ ਆਗੂ ਡੇਵਿਡ ਈਬੀ ਨੇ ਵਾਅਦਾ ਕੀਤਾ ਕਿ ਜੇਕਰ ਸ਼ਨੀਵਾਰ ਨੂੰ ਉਨ੍ਹਾਂ ਦੀ ਸਰਕਾਰ ਦੁਬਾਰਾ ਚੁਣੀ ਜਾਂਦੀ ਹੈ ਤਾਂ ਉਹ ‘ਕਿੰਗ ਜਾਰਜ ਬੁਲੇਵਾਰਡ’ ਦੇ ਨਾਲ-ਨਾਲ ਵੈਲੀ ਤੋਂ ਨਿਊਟਨ ਤੱਕ ਸਕਾਈਟ੍ਰੇਨ ਦੇ ਵਿਸਤਾਰ ਦਾ ਸਮਰਥਨ ਕਰਨਗੇ।
ਈਬੀ ਨੇ ਆਪਣੀ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਸਰੀ ਦੇ ਵੋਟਰਾਂ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਚਾਹੁੰਦੇ ਹਨ ਕਿ ਅਸੀਂ ਉਨ੍ਹਾਂ ਲਈ ਨਤੀਜੇ ਲਿਆਈਏ, ਜਿਸ ਵਿੱਚ ਤੇਜ਼ੀ ਨਾਲ ਵੱਧ ਰਹੇ ਨਿਊਟਨ ਭਾਈਚਾਰੇ ਲਈ ਭਰੋਸੇਯੋਗ ਆਵਾਜਾਈ ਸਹੂਲਤ ਸ਼ਾਮਲ ਹੈ। ਮੈਂ ਅਤੇ ਨਵੇਂ ਚੁਣੇ ਗਏ ਮੇਅਰ ਨੇ ਮਿਲ ਕੇ ਲੈਂਗਲੀ ਤੱਕ ਸਕਾਈਟ੍ਰੇਨ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ ਸੀ। ਹੁਣ ਮੈਂ ਇਸ ਸ਼ਹਿਰ ਵਿੱਚ ਜਨਤਕ ਆਵਾਜਾਈ ਨੂੰ ਬਿਹਤਰ ਬਣਾਉਣ ਦੇ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਦੁਬਾਰਾ ਸਹਿਯੋਗ ਕਰਨ ਲਈ ਵਚਨਬੱਧ ਹਾਂ।
ਇਨ੍ਹਾਂ ਦੋਵਾ ਆਗੂਆਂ ਦੇ ਬਿਆਨਾਂ ਤੋਂ ਤੁਰੰਤ ਬਾਅਦ ਮੇਅਰ ਮੈਕਕਲਮ ਦੀ ਅਗਵਾਈ ‘ਸੇਫ ਸਰੀ ਕੋਲੀਸ਼ਨ ਨੇ ਵੀ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ ਜਿੱਥੇ ਡੋਰਕਸਨ ਨੇ ਫੈਡਰਲ ਸਰਕਾਰ ਦੇ ਸਹਿਯੋਗ ਨਾਲ, ਕਿੰਗ ਜਾਰਜ ਬੁਲੇਵਾਰਡ ਤੋਂ ਨਿਊਟਨ ਟਾਊਨ ਸੈਂਟਰ ਤੱਕ ਸਕਾਈਟ੍ਰੇਨ ਬਣਾਉਣ ਅਤੇ ਇਸ ਲਈ ਫੰਡ ਦੇਣ ਦਾ ਵਾਅਦਾ ਕੀਤਾ ਹੈ—ਜੋ ਸਮੇਂ ਸਿਰ ਅਤੇ ਬਜਟ ਦੇ ਅੰਦਰ ਪੂਰਾ ਕੀਤਾ ਜਾਵੇਗਾ, ਉੱਥੇ ਹੀ ਐਨ ਡੀ ਪੀ ਦਾ ਜਵਾਬ ਇਹ ਸੀ ਕਿ ਉਹ ਵੀ “ਇਸ ਗੱਲਬਾਤ” ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਪ੍ਰਸ਼ਾਸਨ, ਪ੍ਰਧਾਨ ਮੰਤਰੀ, ਟ੍ਰਾਂਸਲਿੰਕ ਅਤੇ ਮੇਅਰਾਂ ਦੀ ਕੌਂਸਲ ਨਾਲ ਬੈਠ ਕੇ “ਇਸ ਬਾਰੇ ਚਰਚਾ ਕਰਨ ਲਈ ਤਿਆਰ ਹਨ ਕਿ ਇਸ ਕੰਮ ਲਈ ਕੀ ਕੁਝ ਕਰਨ ਦੀ ਲੋੜ ਪਵੇਗੀ।”
ਨਵੇਂ ਚੁਣੇ ਗਏ ਮੇਅਰ ਡੱਗ ਮੈਕਕਲਮ ਨੇ ਟਿੱਪਣੀ ਕੀਤੀ ਕਿ ਕੁਝ ਉਸਾਰਨ ਦਾ ਪੱਕਾ ਵਾਅਦਾ ਕਰਨਾ ਅਤੇ ਸਿਰਫ਼ ਗੱਲਬਾਤ ਕਰਨ ਲਈ ਤਿਆਰ ਹੋਣਾ, ਦੋਵੇਂ ਵੱਖਰੀਆਂ ਗੱਲਾਂ ਹਨ।
ਉਨ੍ਹਾਂ ਕਿਹਾ ਕਿ ਇਸ ਹਫ਼ਤੇ ਇੱਕ ਧਿਰ ਨੇ ਨਿਊਟਨ ਤੱਕ ਸਕਾਈਟ੍ਰੇਨ ਬਣਾਉਣ ਦਾ ਵਾਅਦਾ ਕੀਤਾ, ਜਦਕਿ ਦੂਜੀ ਧਿਰ ਨੇ ਸਿਰਫ਼ ਇੱਕ ਮੀਟਿੰਗ ਕਰਨ ਦੀ ਪੇਸ਼ਕਸ਼ ਕੀਤੀ। ਨਿਊਟਨ ਦੇ ਲੋਕ ਤਾਂ ਕਈ ਸਾਲਾਂ ਤੋਂ ਮੀਟਿੰਗਾਂ ਹੀ ਕਰ ਰਹੇ ਹਨ। ਹੁਣ ਉਨ੍ਹਾਂ ਨੂੰ ਸਿਰਫ਼ ਗੱਲਾਂ ਦੀ ਨਹੀਂ, ਸਗੋਂ ਇੱਕ ਪੱਕੇ ਵਾਅਦੇ ਅਤੇ ਅਸਲ ਉਸਾਰੀ ਦੀ ਲੋੜ ਹੈ।” ਉਨ੍ਹਾਂ ਅੱਗੇ ਕਿਹਾ, “ਇੱਥੋਂ ਦੇ ਵਸਨੀਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਪੱਕੇ ਵਾਅਦੇ ਅਤੇ ਸਿਰਫ਼ ਗੱਲਬਾਤ ਵਿੱਚ ਕੀ ਫਰਕ ਹੁੰਦਾ ਹੈ ਅਤੇ ਨਿਊਟਨ ਤੱਕ ਸਕਾਈਟ੍ਰੇਨ ਦੇ ਮਾਮਲੇ ਵਿੱਚ, ਸਿਰਫ਼ ਇੱਕ ਧਿਰ ਨੇ ਹੀ ਪੱਕਾ ਵਾਅਦਾ ਕੀਤਾ ਹੈ।
ਮੈਕਕਲਮ ਨੇ ਹੋਰ ਕਿਹਾ ਕਿ “ਸਰੀ ਦੇ ਵਸਨੀਕਾਂ ਨੇ ਸਾਨੂੰ ਸਾਫ਼-ਸਾਫ਼ ਦੱਸਿਆ ਹੈ ਕਿ ਉਹ ਨਿਊਟਨ ਤੱਕ ਸਕਾਈਟ੍ਰੇਨ ਚਾਹੁੰਦੇ ਹਨ।
ਜਦੋਂ ਉਨ੍ਹਾਂ ਨੇ ਪਿਛਲੇ ਅਪ੍ਰੈਲ ਵਿੱਚ ਕ੍ਰੇਸੈਂਟ ਬੀਚ ਵਿਖੇ ਦੁਬਾਰਾ ਮੇਅਰ ਦੀ ਚੋਣ ਲੜਨ ਦਾ ਐਲਾਨ ਕੀਤਾ ਸੀ, ਤਾਂ ਉਸ ਸਮੇਂ ਵੀ ਸਕਾਈਟ੍ਰੇਨ ਦਾ ਵਿਸਤਾਰ ਉਨ੍ਹਾਂ ਦੇ ਮੁੱਖ ਕੰਮਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਸੀ।
ਅਪ੍ਰੈਲ ਵਿੱਚ ਮੈਕਕਲਮ ਨੇ ਕਿਹਾ ਸੀ, “ਇਹੀ ਉਹ ਸੱਚਾਈ ਹੈ ਜੋ ਮੈਨੂੰ ਵਾਪਸ ਲੈ ਆਈ ਹੈ। ਸਰੀ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਹੈ। ਨਿਊਟਨ ਅਜੇ ਵੀ ਆਪਣੀ ਸਕਾਈਟ੍ਰੇਨ ਦੀ ਉਡੀਕ ਕਰ ਰਿਹਾ ਹੈ।
