ਕੰਸਰਵੇਟਿਵ ਨੂੰ 64, ਐਨਡੀਪੀ ਨੂੰ 27 ਤੇ ਗਰੀਨ ਪਾਰਟੀ ਨੂੰ 2 ਸੀਟਾਂ- ਲੌਰਨ ਡੌਰਕਸਨ ਹੋਣਗੇ ਨਵੇਂ ਪ੍ਰੀਮੀਅਰ-
ਡੇਵਿਡ ਈਬੀ ਨੇ ਹਾਰ ਕਬੂਲਦਿਆਂ ਅਸਤੀਫਾ ਦੇਣ ਦਾ ਕੀਤਾ ਐਲਾਨ-
ਵੈਨਕੂਵਰ ( ਦੇ ਪ੍ਰ ਬਿ)-ਬ੍ਰਿਟਿਸ਼ ਕੋਲੰਬੀਆ ਵਿਚ ਪ੍ਰੀਮੀਅਰ ਤੇ ਐਨ ਡੀ ਪੀ ਆਗੂ ਡੇਵਿਡ ਈਬੀ ਵਲੋਂ ਸਮੇਂ ਤੋਂ ਪਹਿਲਾਂ ਅਚਨਚੇਤ ਚੋਣਾਂ ਕਰਵਾਉਣ ਦਾ ਖਮਿਆਜ਼ਾ ਪੂਰੀ ਪਾਰਟੀ ਨੂੰ ਭੁਗਤਣਾ ਪਿਆ। ਅੱਜ ਰਾਤ ਆਏ ਚੋਣ ਨਤੀਜਿਆਂ ਵਿਚ ਐਨ ਡੀ ਪੀ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂਕਿ ਬੀ ਸੀ ਕੰਸਰਵੇਟਿਵ ਪਾਰਟੀ ਨੇ 93 ਮੈਂਬਰੀ ਵਿਧਾਨ ਸਭਾ ਵਿਚ 64 ਸੀਟਾਂ ਜਿੱਤਕੇ ਪੂਰਨ ਬਹੁਮਤ ਪ੍ਰਾਪਤ ਕਰ ਲਿਆ ਜਦੋਂਕਿ ਐਨ ਡੀ ਪੀ 27 ਸੀਟਾਂ ਤੇ ਸੀਮਤ ਹੋ ਗਈ। ਗਰੀਨ ਪਾਰਟੀ ਨੂੰ ਦੋ ਸੀਟਾਂ ਮਿਲੀਆਂ। ਨਵੀਆਂ ਬਣੀਆਂ ਪਾਰਟੀਆਂ ਸੈਂਟਰ ਬੀਸੀ ਅਤੇ ਵੰਨ ਬੀਸੀ ਨੂੰ ਕੋਈ ਵੀ ਸੀਟ ਹਾਸਲ ਨਾ ਹੋ ਸਕੀ।
ਬੀ ਸੀ ਕੰਸਰਵੇਟਿਵ ਪਾਰਟੀ ਨੇ ਜਿਥੇ ਸੂਬੇ ਭਰ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਉਥੇ ਸਰੀ ਦੀਆਂ ਸਾਰੀਆਂ 10 ਸੀਟਾਂ ਜਿੱਤਕੇ ਐਨ ਡੀ ਪੀ ਦਾ ਇਥੋਂ ਪੂਰਾ ਸਫਾਇਆ ਕਰ ਦਿੱਤਾ।
ਕੰਸਰਵੇਟਿਵ ਦੀ ਜਿੱਤ ਨਾਲ ਬ੍ਰਿਟਿਸ਼ ਕੋਲੰਬੀਆ ਨੇ ਲਗਭਗ ਇੱਕ ਸਦੀ ਵਿੱਚ ਪਹਿਲੀ ਵਾਰ ਕੰਸਵੇਟਿਵ ਬਹੁਮਤ ਵਾਲੀ ਸਰਕਾਰ ਚੁਣੀ ਹੈ। ਇਹ ਉਹੀ ਕੰਸਰਵੇਟਿਵ ਪਾਰਟੀ ਹੈ ਜੋ ਕੁਝ ਸਮਾਂ ਪਹਿਲਾਂ ਅੰਦਰੂਨੀ ਲੜਾਈ ਦਾ ਸ਼ਿਕਾਰ ਸੀ ਤੇ ਭਾਰੀ ਵਿਰੋਧ ਕਾਰਣ ਪਾਰਟੀ ਆਗੂ ਨੂੰ ਅਸਤੀਫਾ ਦੇਣਾ ਪਿਆ ਸੀ। ਪਾਰਟੀ ਵਲੋਂ ਅਜੇ ਲੌਰਨ ਡੌਰਕਸਨ ਨੂੰ ਅੰਤਰਿਮ ਆਗੂ ਬਣਾਇਆ ਸੀ ਕਿ ਪ੍ਰੀਮੀਅਰ ਡੇਵਿਡ ਈਬੀ ਨੇ ਵਿਰੋਧੀ ਧਿਰ ਦੇ ਬਿਖਰੀ ਹੋਣ ਦਾ ਲਾਭ ਲੈਣ ਦੇ ਲਾਲਚ ਵਿਚ ਅਚਨਚੇਤ ਚੋਣਾਂ ਦਾ ਐਲਾਨ ਕਰ ਦਿੱਤਾ। ਚੋਣਾਂ ਦਾ ਐਲਾਨ ਹੁੰਦਿਆਂ ਬਿਖਰੀ ਹੋਈ ਕੰਸਰਵੇਟਿਵ ਮੁੜ ਇਕੱਠੀ ਹੋ ਗਈ ਤੇ ਲੌਰਨ ਡੌਰਕਸਨ ਦੀ ਯੋਗ ਅਗਵਾਈ ਨੇ ਜਿਥੇ ਲੋਕਾਂ ਦਾ ਭਰੋਸਾ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ ਉਥੇ ਸੂਬੇ ਦੇ ਲੋਕਾਂ ਨੇ ਵੀ ਪਾਰਟੀ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਨਵੀ ਸਰਕਾਰ ਬਣਾਉਣ ਦੇ ਕਾਬਲ ਬਣਾ ਦਿੱਤਾ। ਹੁਣ ਅੰਤਰਿਮ ਲੀਡਲ ਲੌਰਨ ਡੌਰਕਸਨ ਸੂਬੇ ਦੇ ਨਵੇਂ ਪ੍ਰੀਮੀਅਰ ਹੋਣਗੇ। ਲੌਰਨ ਡੌਰਕਸਨ ਜੋ ਕਿ ਪੇਸ਼ੇ ਵਜੋਂ ਇਕ ਸਥਾਨਕ ਪੱਤਰਕਾਰ ਰਹੇ ਹਨ, 2020 ਵਿਚ ਪਹਿਲੀ ਵਾਰ ਕੈਰੀਬੂ ਤੋਂ ਵਿਧਾਇਕ ਬਣੇ ਸਨ ਤੇ ਹੁਣ ਉਹ ਇਸੇ ਹਲਕੇ ਤੋਂ ਤੀਸਰੀ ਵਾਰ ਜਿੱਤੇ ਹਨ।
ਇਸੇ ਦੌਰਾਨ ਡੇਵਿਡ ਐਬੀ ਨੇ ਪਾਰਟੀ ਦੀ ਹਾਰ ਲਈ ਇਖਲਾਕੀ ਜਿੰਮੇਵਾਰੀ ਕਬੂਲ ਕਰਦਿਆਂ ਐਨਡੀਪੀ ਦੇ ਨੇਤਾ ਵਜੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਸਮੇਂ ਤੋਂ ਦੋ ਸਾਲ ਪਹਿਲਾਂ ਐਲਾਨੀ ਗਈ ਚੋਣ ਦੇ ਨਤੀਜੇ ਦੀ ਜ਼ਿੰਮੇਵਾਰੀ ਸਵੀਕਾਰ ਕਰਦੇ ਹੋਏ ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਉਮੀਦ ਨਹੀ ਸੀ। ਉਹਨਾਂ ਭਰੇ ਮਨ ਨਾਲ ਪਾਰਟੀ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਨਵਾਂ ਆਗੂ ਚੁਣਨ ਦਾ ਸਮਾਂ ਆ ਗਿਆ ਹੈ। ਜ਼ਿਕਰਯੋਗ ਹੈ ਕਿ ਡੇਵਿਡ ਈਬੀ ਨੇ ਅਮਰੀਕਾ ਨਾਲ ਵਪਾਰਕ ਜੰਗ ਦੇ ਬਹਾਨੇ ਇਕ ਮਜ਼ਬੂਤ ਫਤਵੇ ਲਈ ਸਨੈਪ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ।
ਸਰੀ ਦੀਆਂ ਸਾਰੀਆਂ 10 ਸੀਟਾਂ ਤੋਂ ਕੰਸਰਵੇਟਿਵ ਉਮੀਦਵਾਰ ਜੇਤੂ-
ਕੰਸਰਵੇਟਿਵ ਪਾਰਟੀ ਦੀ ਚੱਲੀ ਬਲਿਊ ਲਹਿਰ ਦਾ ਅਸਰ ਹਰ ਪਾਸੇ ਵੇਖਣ ਨੂੰ ਮਿਲਿਆ। ਖਾਸ ਗੱਲ ਇਹ ਰਹੀ ਕਿ ਸੂਬੇ ਦੀ ਸਿਆਸਤ ਵਿਚ ਸਰੀ ਦੀਆਂ 10 ਸੀਟਾਂ ਦਾ ਹਮੇਸ਼ਾ ਮਹੱਤਵਪੂਰਣ ਰੋਲ ਰਿਹਾ ਹੈ। ਕੰਸਰਵੇਟਿਵ ਪਾਰਟੀ ਦੇ ਸਰੀ ਤੋਂ ਸਾਰੇ ਉਮੀਦਵਾਰਾਂ ਨੇ ਐਨ ਡੀ ਪੀ ਉਮੀਦਵਾਰਾਂ ਨੂੰ ਕਰਾਰੀ ਹਾਰ ਦਿੰਦਿਆਂ ਜਿੱਤ ਹਾਸਲ ਕੀਤੀ। ਲੰਬੇ ਸਮੇਂ ਤੋਂ ਐਨ ਡੀ ਪੀ ਦਾ ਗੜ ਰਹੇ ਸਰੀ ਨਿਊਟਨ ਹਲਕੇ ਤੋਂ ਪਹਿਲੀ ਵਾਰ ਚੋਣ ਲੜਨ ਵਾਲੇ ਕੰਸਰਵੇਟਿਵ ਉਮੀਦਵਾਰ ਹਰਜ ਧਾਲੀਵਾਲ ਜੇਤੂ ਰਹੇ। ਉਹਨਾਂ ਐਨ ਡੀ ਪੀ ਦੀ ਉਮੀਦਵਾਰ ਜੈਸੀ ਸੁੰਨੜ ਨੂੰ ਹਰਾ ਦਿੱਤਾ।
ਸਰੀ ਸਿਟੀ ਸੈਂਟਰ:- ਅਮਨਾ ਸ਼ਾਹ ਨਾਲ ਸਖ਼ਤ ਮੁਕਾਬਲੇ ਤੋਂ ਬਾਅਦ, ਕੰਜ਼ਰਵੇਟਿਵ ਉਮੀਦਵਾਰ ਜ਼ੀਸ਼ਾਨ ਵਾਹਲਾ 47.4% ਵੋਟਾਂ ਨਾਲ ਜੇਤੂ ਰਹੇ। ਜਿੱਤ ਦਾ ਅੰਤਰ: 382 ਵੋਟਾਂ ਰਿਹਾ।
ਸਰੀ ਨੌਰਥ: ਕੰਸਰਵੇਟਿਵ ਉਮੀਦਵਾਰ ਮਨਦੀਪ ਸਿੰਘ ਧਾਲੀਵਾਲ 57.8% ਵੋਟਾਂ ਨਾਲ ਐਨ ਡੀ ਪੀ ਦੇ ਸਾਹਿਬ ਥਿੰਦ ਨੂੰ ਹਰਾਕ ਜੇਤੂ ਰਹੇ।
ਸਰੀ-ਕਲੋਵਰਡੇਲ: ਕੰਸਰਵੇਟਿਵ ਉਮੀਦਵਾਰ ਨਿਕੋਲਸ ਕਾਰਟਮੈਲ) 51.7% ਵੋਟਾਂ ਨਾਲ ਜੇਤੂ ਰਹੇ।
ਸਰੀ-ਫਲੀਟਵੁੱਡ: ਕੰਸਰਵੇਟਿਵ ਉਮੀਦਵਾਰ ਗੈਰੀ ਪੁਰੇਵਾਲ 50.7% ਵੋਟਾਂ ਨਾਲ ਐਨ ਡੀ ਪੀ ਦੇ ਜਗਰੂਪ ਬਰਾੜ ਨੂੰ ਹਰਾਕੇ ਜੇਤੂ ਰਹੇ।
ਸਰੀ-ਗਿਲਡਫੋਰਡ: ਕੰਸਰਵੇਟਿਵ ਗੈਰੀ ਥਿੰਦ 50.6% ਵੋਟਾਂ ਨਾਲ ਐਨ ਡੀ ਪੀ ਦੇ ਗੈਰੀ ਬੈਗ ਨੂੰ ਹਰਾਕੇ ਜੇਤੂ ਰਹੇ।
ਸਰੀ-ਨਿਊਟਨ: ਕੰਸਰਵੇਟਿਵ (ਹਰਜ ਧਾਲੀਵਾਲ) 54.4% ਵੋਟਾਂ ਨਾਲ ਐਨ ਡੀ ਪੀ ਦੀ ਉਮੀਦਵਾਰ ਜੈਸੀ ਸੁੰਨੜ ਨੂੰ ਹਰਾਕੇ ਜੇਤੂ ਰਹੇ।
ਸਰੀ-ਪੈਨੋਰਮਾ: ਕੰਸਰਵੇਟਿਵ (ਬ੍ਰਾਇਨ ਟੈਪਰ) 58.7% ਵੋਟਾਂ ਨਾਲ ਐਨ ਡੀ ਪੀ ਉਮੀਦਵਾਰ ਜਿੰਨੀ ਸਿਮਸ ਨੂੰ ਹਰਾਕੇ ਜੇਤੂ ਰਹੇ।
ਸਰੀ-ਸਰਪੈਂਟਾਈਨ ਰਿਵਰ: ਕੰਸਰਵੇਟਿਵ ਉਮੀਦਵਾਰ ਜੈਸੀ ਸਹੋਤਾ 58.1% ਵੋਟਾਂ ਨਾਲ ਐਨ ਡੀ ਪੀ ਉਮੀਦਵਾਰ ਸਿਕੰਦਰ ਕੰਗ ਨੂੰ ਹਰਾਕੇ ਜੇਤੂ ਰਹੇ।
ਸਰੀ-ਵਾਈਟ ਰੌਕ: ਕੰਸਰਵੇਟਿਵ ਉਮੀਦਵਾਰ ਟ੍ਰੇਵਰ ਹੈਲਫੋਰਡ 58.2% ਵੋਟਾਂ ਨਾਲ ਜੇਤੂ ਰਹੇ।
ਸਰੀ ਸਾਉਥ ਕੰਸਰਵੇਟਿਵ ਮੈਗਨ ਵਾਈਟ ਜੇਤੂ ਰਹੀ।
ਇਸੇ ਤਰਾਂ ਡੈਲਟਾ ਨੌਰਥ ਤੋਂ ਕੰਸਰਵੇਟਿਵ ਉਮੀਦਵਾਰ ਮੋਨਿਕਾ ਮੋਹਣ, ਲੈਂਗਲੀ ਵਿਲੋਬਰੁਕ ਤੋਂ ਜੋਡੀ ਤੂਰ, ਲੈਂਗਲੀ ਐਬਸਫੋਰਡ ਤੋਂ ਹਰਮਨ ਭੰਗੂ ਜੇਤੂ ਰਹੇ।
ਮਨਦੀਪ ਧਾਲੀਵਾਲ- ਸਰੀ ਨੌਰਥ
ਸਰੀ-ਗਿਲਫੋਰਡ- ਗੈਰੀ ਥਿੰਦ
ਸਰੀ ਸਰਪੈਨਟਾਈਨ- ਜੈਸੀ ਸਹੋਤਾ
ਡਾ ਹਰਜ ਧਾਲੀਵਾਲ- ਸਰੀ ਨਿਊਟਨ
ਗੈਰੀ ਪੁਰੇਵਾਲ- ਸਰੀ ਫਲੀਟਵੁੱਡ
ਜੀਸ਼ਾਨ ਵਾਹਲਾ- ਸਰੀ ਸਿਟੀ ਸੈਂਟਰ
ਸਰੀ ਪੈਨੋਰਾਮਾ- ਬਰਾਇਨ ਟੈਪਰ
ਸਰੀ ਕਲੋਵਰਡੇਲ- ਨਿਕੋਲਸ ਕਾਰਟਮਲ
ਸਰੀ ਵਾਈਟਰੌਕ-ਟਰੈਵਰ ਹੈਲਫੋਰਡ
ਸਰੀ ਸਾਉਥ- ਮੈਗਨ ਵਾਈਟ
ਲੈਂਗਲੀ ਵਿਲੋਬਰੁੱਕ- ਜੋਡੀ ਤੂਰ
ਲੈਂਗਲੀ-ਐਬਸਫੋਰਡ- ਹਰਮਨ ਭੰਗੂ
ਡੈਲਟਾ ਨੌਰਥ- ਮੋਨਿਕਾ ਮੋਹਨ














