Oct 31, 2026

ਵੈਨਕੁਵਰ (ਜੋਗਿੰਦਰ ਸਿੰਘ ਸੁੰਨੜ)-ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਵੈਨਕੁਵਰ ਵਿਖੇ ਹਰ ਵੀਰਵਾਰ ਨੂੰ ਬਾਅਦ ਦੁਪਹਿਰ ਸੀਨੀਅਰ ਮੀਟਿੰਗ ਕਰਦੇ ਹਨ, ਜਿਸ ਵਿਚ ਪੰਜਾਬ, ਭਾਰਤ ਦੇ ਭੱਖਦੇ ਮਸਲਿਆਂ ਤੇ ਵਿਚਾਰਾਂ ਕੀਤੀਆਂ ਜਾਂਦੀਆਂ ਹਨ। ਕਵੀ ਕਵਿਤਾਵਾਂ ਸੁਣਾ ਕੇ ਮਨ ਪ੍ਰਚਾਵਾ ਕਰਦੇ ਹਨ। ਸੀਨੀਅਰ ਸੁਸਾਇਟੀ ਦੇ ਵਾਈਸ ਪ੍ਰਧਾਨ ਏਜੰਡ ਸਿੰਘ ਸੰਧੂ ਦੇ ਸੱਦਾ ਪੱਤਰ ‘ਤੇ 22 ਅਕਤੂਬਰ ਨੂੰ ਪੰਜਾਬ ਤੋਂ ਕੈਨੇਡਾ ਦੌਰੇ ਤੇ ਆਏ ਉਘੇ ਪੱਤਰਕਾਰ ਜਤਿੰਦਰ ਪੰਨੂੰ ਬਜ਼ੁਰਗਾਂ ਦੇ ਸਨਮੁੱਖ ਹੋਏ। ਉਨਾਂ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਧਾਈ ਦਿੱਤੀ ਕਿ ਦੁਨੀਆਂ ਦੇ ਦੂਸਰੇ ਕੋਨੇ ਵਿਚ ਬੈਠੇ ਤੁਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਗ੍ਰਹਿਣ ਕਰਦੇ ਹੋਏ ਕਿਰਤ ਕਰਦੇ ਹੋ ਤੇ ਵੰਡ ਕੇ ਛੱਕਣ ਦੇ ਸਿਧਾਂਤ ਤੇ ਕਾਇਮ ਹੋ। ਇਸ ਦੇ ਨਾਲ ਹੀ ਪੰਜਬੀ ਭਾਸ਼ਾ ਨੂੰ ਵੀ ਸੰਭਾਲ ਕੇ ਰੱਖਿਆ ਹੈ। ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਉਨਾਂ ਨੇ ਵਿਚਾਰਾਂ ਸਾਂਝੀਆਂ ਕੀਤੀਆਂ। ਨਸ਼ਿਆਂ ਦੇ ਕੋਹੜ ਬਾਰੇ ਵੀ ਦੱਸਿਆ ਕਿ ਜਿੱਥੇ ਪੰਜਾਬੀ ਚੰਗੀਆਂ ਗੱਲਾਂ ਲੈ ਕੇ ਆਏ ਹਨ ਉੱਥੇ ਮਾੜੀਆਂ ਆਦਤਾਂ ਨਸ਼ਿਆਂ ਤੇ ਜਬਰੀ ਪੈਸੇ ਵਸੂਲਣ ਦੀਆਂ ਜਹਾਲਤਾਂ ਵੀ ਇੱਥੇ ਲੈ ਆਏ ਹਨ। ਇਹ ਬੜੀ ਨਿੰਦਣ ਯੋਗ ਹੈ। ਉਨਾਂ ਨੇ ਸਿੱਖਾਂ ਦੀ ਪਹਿਲੀ ਸੰਸਥਾ ਖ਼ਾਲਸਾ ਦੀਵਾਨ ਸੁਸਾਇਟੀ ਬਾਰੇ ਦੱਸਿਆ ਕਿ ਇਥੋਂ ਹੀ ਆਜ਼ਾਦੀ ਦੀਆਂ ਲਹਿਰਾਂ ਉਤਪੰਨ ਹੋਈਆਂ। ਅਕਾਲੀ ਬਬਰਾਂ ਨੇ ਹਿੰਦੋਸਤਾਨ ਜਾ ਕੇ ਕੁਰਬਾਨੀਆਂ ਦਿੱਤੀਆਂ। ਉਨਾਂ ਕਿਹਾ ਕਿ ਮੇਰਾ ਖ਼ਾਲਸਾ ਦੀਵਾਨ ਸੁਸਾਇਟੀ ਤੇ ਬਬਰ ਸ਼ਹੀਦਾਂ ਅੱਗੇ ਸਿਰ ਝੁੱਕਦਾ ਹੈ। ਇਸ ਦੇ ਨਾਲ ਹੀ ਉਨਾਂ ਨੇ ਚਾਰ ਕਿਤਾਬਾਂ ਕਮੇਟੀ ਦੇ ਅਹੁਦੇਦਾਰਾਂ ਨੂੰ ਭੇਟ ਕੀਤੀਆਂ ਜਿਸ ਵਿਚ ‘ਸਿੱਖ ਧਰਮ’ ਦੇ ਧਾਰਮਿਕ ਸਰੋਕਾਰ’ ਤੇ ਪੰਜਾਬੀ ਦੇ ਗੁਆਚ ਚੁੱਕੇ ਸ਼ਬਦਾਂ ਦੀ ਕਿਤਾਬ ਤੇ ਬੱਚਿਆਂ ਲਈ ਅੰਗਰੇਜ਼ੀ ਦੀ ਕਿਤਾਬ ਭੇਟ ਕੀਤੀ। ਉਨਾਂ ਨੇ ਲੰਮਾ ਸਮਾਂ ਨਵਾਂ ਜ਼ਮਾਨਾ ਅਖ਼ਬਾਰ ਵਿਚ ਸੰਪਾਦਕ ਦੇ ਤੌਰ ‘ਤੇ ਸੇਵਾ ਨਿਭਾਈ ਹੈ। ਅੱਜਕੱਲ ‘ਪ੍ਰਾਈਮ ਏਸ਼ੀਆ’ ਚੈਨਲ ‘ਤੇ ਪ੍ਰੋਗਰਾਮ ਦਿੰਦੇ ਹਨ ਜੋ ਲੋਕਾਂ ਵਿਚ ਹਰਮਨ ਪਿਆਰਾ ਟੀ. ਵੀ. ਚੈਨਲ ਹੈ। ਬਜ਼ੁਰਗਾਂ ਵੱਲੋਂ ਉਨਾਂ ਦਾ ਜੈਕਾਰਿਆਂ ਨਾਲ ਸਵਾਗਤ ਕੀਤਾ ਗਿਆ।

ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂੰ ਦਾ ਖ਼ਾਲਸਾ ਦੀਵਾਨ ਸੁਸਾਇਟੀ ਵੱਲੋਂ ਸਨਮਾਨ-
ਵੈਨਕੁਵਰ (ਜੋਗਿੰਦਰ ਸਿੰਘ ਸੁੰਨੜ)-ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂੰ ਬੀਤੇ ਦਿਨੀਂ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਨਤਮਸਤਕ ਹੋਏ। ਉਨਾਂ ਨੇ ਖ਼ਾਲਸਾ ਦੀਵਾਨ ਸੁਸਾਇਟੀ ਦੇ ਪ੍ਰਬੰਧਕਾਂ ਨਾਲ ਪੰਜਾਬ ਦੇ ਮੁੱਦਿਆਂ ‘ਤੇ ਖੁੱਲ ਕੇ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਉਪਰੰਤ ਜੁਗਿੰਦਰ ਸਿੰਘ ਸੁੰਨੜ ਨਾਲ ਕਾਮਾਗਾਟਾਮਾਰੂ ਦਾ ਮਿਊਜ਼ੀਅਮ ਦੇਖਣ ਗਏ ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਏ। ਉਨਾਂ ਦੱਸਿਆ ਕਿ ਉਹ ਜਦ ਵੀ ਵੈਨਕੁਵਰ ਆਉਂਦੇ ਹਨ ਹਮੇਸ਼ਾ ਹੀ ਸਿੱਖਾਂ ਦੀ ਮੁੱਢਲੀ ਤੇ ਸਿਰਮੌਰ ਸੰਸਥਾ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਨਤਮਸਤਕ ਹੋਣਾ ਆਪਣਾ ਸੁਭਾਗ ਸਮਝਦੇ ਹਨ। ਖ਼ਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ , ਕਸ਼ਮੀਰ ਸਿੰਘ ਧਾਲੀਵਾਲ, ਜਰਨੈਲ ਸਿੰਘ ਭੰਡਾਲ ਤੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਧਾਮੀ ਵੱਲੋਂ ਜਤਿੰਦਰ ਪੰਨੂੰ ਨੂੰ ਪਲੇਕ ਦੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਾਬਕਾ ਪ੍ਰੀਮੀਅਰ ਉਜਲ ਦੋਸਾਂਝ ਵੀ ਹਾਜ਼ਰ ਸਨ।

Leave a Reply

Your email address will not be published. Required fields are marked *