ਮੈਂ ਜਾਂ ਮੇਰੀ ਟੀਮ ਨੇ ਸ਼ਹਿਰ ਲਈ ਕੁਝ ਵੀ ਗਲਤ ਨਹੀ ਕੀਤਾ- ਨਵੀਂ ਕੌਂਸਲ ਤੋਂ ਸ਼ੁਰੂ ਕੀਤੇ ਪ੍ਰਾਜੈਕਟਾਂ ਨੂੰ ਜਾਰੀ ਰੱਖਣ ਦੀ ਉਮੀਦ-
ਸਰੀ ( ਦੇ ਪ੍ਰ ਬਿ)- ਸਰੀ ਦੀ ਮੇਅਰ ਵਜੋਂ ਚੋਣ ਹਾਰਨ ਉਪਰੰਤ ਬਰੈਂਡਾ ਲੌਕ ਦਾ ਕਹਿਣਾ ਹੈ ਕਿ ਉਹਨਾਂ ਦੀ ਚੋਣ ਉਪਰ ਪ੍ਰੀਮੀਅਰ ਡੇਵਿਡ ਈਬੀ ਵਲੋਂ ਅਚਨਚੇਤ ਚੋਣਾਂ ਦੇ ਐਲਾਨ ਦਾ ਪ੍ਰਛਾਵਾਂ ਉਹਨਾਂ ਦੀ ਚੰਗੀ ਭਲੀ ਚਲ ਰਹੀ ਮੁਹਿੰਮ ਉਪਰ ਉਲਟਾ ਪਿਆ ਹੈ। ਅਚਨਚੇਤ ਚੋਣਾਂ ਦੇ ਐਲਾਨ ਅਤੇ ਇਸਦੇ ਸਿਟੀ ਕੌਂਸਲ ਚੋਣਾਂ ਨਾਲ ਰਲਗੱਡ ਹੋਣ ਕਾਰਣ ਵੋਟਰਾਂ ਵਿਚ ਵੱਡੀ ਉਲਝਣ ਪੈਦਾ ਹੋ ਗਈ ਜਿਸਨੇ ਸਿਆਸੀ ਤਬਦੀਲੀ ਲਈ ਇਕ ਮਾਹੌਲ ਪੈਦਾ ਕਰ ਦਿੱਤਾ।
ਮੇਅਰ ਦਾ ਅਹੁਦਾ ਛੱਡ ਰਹੀ ਬਰੈਂਡਾ ਲੌਕ ਨੇ ਮੀਡੀਆ ਨਾਲ ਇਕ ਇੰਟਰਵਿਊ ਦੌਰਾਨ ਲੌਕ ਨੇ ਕਿਹਾ, “ਜਦੋਂ ਤੱਕ ਪ੍ਰੀਮੀਅਰ ਨੇ ਸੂਬਾਈ ਚੋਣਾਂ ਦਾ ਐਲਾਨ ਨਹੀਂ ਕੀਤਾ ਸੀ ਤੇ ਵੋਟਰਾਂ ਵਿੱਚ ਕੋਈ ਉਲਝਣ ਨਹੀਂ ਸੀ, ਉਦੋਂ ਤੱਕ ਇਹ ਚੋਣਾਂ ਕਿਸੇ ‘ਬਦਲਾਅ’ ਲਈ ਨਹੀਂ ਸਨ ਪਰ ਅਚਾਨਕ ਚੋਣਾਂ ਦੇ ਐਲਾਨ ਨੇ ਮਾਹੌਲ ਇਕਦਮ ਬਦਲ ਦਿੱਤਾ। ਇਸ ਇੰਟਰਵਿਊ ਵਿੱਚ ਉਨ੍ਹਾਂ ਨੇ ਆਪਣੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ, ਨਵੇਂ ਆਉਣ ਵਾਲੇ ਮੇਅਰ ਬਾਰੇ ਆਪਣੀਆਂ ਚਿੰਤਾਵਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਗੱਲ ਕੀਤੀ।
ਮਿਉਂਸਪਲ ਚੋਣਾਂ ਤੋਂ ਪਹਿਲਾਂ ‘ਲੇਜਰ’ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ, ਸਰੀ ਦੇ 64 ਫੀਸਦੀ ਵਸਨੀਕਾਂ ਨੇ ਕਿਹਾ ਸੀ ਕਿ ਉਹ ਬਦਲਾਅ ਚਾਹੁੰਦੇ ਹਨ। ਇਸ ਦੇ ਉਲਟ, ਲੌਕ ਅਤੇ ਉਨ੍ਹਾਂ ਦੀ ‘ਸਰੀ ਕਨੈਕਟ’ ਟੀਮ ਨੇ ਇਸ ਵਾਅਦੇ ਨਾਲ ਚੋਣ ਲੜੀ ਸੀ ਕਿ “ਉਹ ਉਸ ਤਰੱਕੀ ਨੂੰ ਜਾਰੀ ਰੱਖਣਗੇ ਜੋ ‘ਸਰੀ ਕਨੈਕਟ’ ਟੀਮ ਨੇ ਪਿਛਲੇ ਚਾਰ ਸਾਲਾਂ ਵਿੱਚ ਕੀਤੀ ਹੈ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਪਿੱਛੇ ਮੁੜ ਕੇ ਦੇਖਣ ‘ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਇੱਕ ਗਲਤੀ ਸੀ, ਤਾਂ ਲੌਕ ਨੇ ਕਿਹਾ ਕਿ ਚੋਣ ਪ੍ਰਚਾਰ ਦੇ ਜ਼ਿਆਦਾਤਰ ਸਮੇਂ ਦੌਰਾਨ, ਵੋਟਰਾਂ ਲਈ ਅਹਿਮ ਮੁੱਦਿਆਂ ਬਾਰੇ ਅੰਦਰੂਨੀ ਸਰਵੇਖਣਾਂ ਦੇ ਨਤੀਜੇ ਕਾਫ਼ੀ ਸਥਿਰ ਰਹੇ ਸਨ।
ਸਥਿਤੀ ਉਦੋਂ ਬਦਲੀ ਜਦੋਂ ਈਬੀ ਨੇ ਅਚਾਨਕ ਸੂਬਾਈ ਚੋਣਾਂ ਦਾ ਐਲਾਨ ਕਰ ਦਿੱਤਾ ਤੇ ਫਿਰ ਅਚਾਨਕ ਸਭ ਕੁਝ ਬਦਲ ਗਿਆ। ਚੋਣ ਪ੍ਰਚਾਰ ਦੌਰਾਨ, ਖਾਸ ਕਰਕੇ ਆਖਰੀ ਦੋ-ਤਿੰਨ ਹਫ਼ਤਿਆਂ ਵਿੱਚ, ਸਾਨੂੰ ਮਹਿਸੂਸ ਹੋਇਆ ਕਿ ਹਾਲਾਤ ਵਿੱਚ ਕੋਈ ਵੱਡਾ ਬਦਲਾਅ ਆਇਆ ਹੈ।
ਇੱਕ ਕਾਰਜਕਾਲ ਪੂਰਾ ਕਰਨ ਵਾਲੇ ਮੇਅਰ, ਜਿਨ੍ਹਾਂ ਨੇ 5 ਅਕਤੂਬਰ ਨੂੰ ਆਪਣੀ ਆਖਰੀ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ, ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ “ਸਰੀ ਸ਼ਹਿਰ ਦੇ ਲੋਕਾਂ ਵਿੱਚ ਆਪਣੇ ਸ਼ਹਿਰ ਪ੍ਰਤੀ ਬਿਹਤਰ ਭਾਵਨਾ ਪੈਦਾ ਕਰਨਾ” ਸੀ।
ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਅਜਿਹਾ ਮਹਿਸੂਸ ਹੋਣ ਲੱਗਾ ਸੀ ਕਿ ਅਸੀਂ ਅੱਗੇ ਵਧ ਰਹੇ ਹਾਂ। ਅਸੀਂ ਅਸਲ ਵਿੱਚ ਅੱਗੇ ਵਧ ਵੀ ਰਹੇ ਸੀ। ਉਹਨਾਂ ਹੋਰ ਕਿਹਾ ਕਿ ਮੈਨੂੰ ਉਮੀਦ ਹੈ ਕਿ ਨਵੀਂ ਕੌਂਸਲ ਉਨ੍ਹਾਂ ਵੱਡੇ ਪ੍ਰੋਜੈਕਟਾਂ ਨੂੰ ਜਾਰੀ ਰੱਖੇਗੀ ਜੋ ਪਹਿਲਾਂ ਹੀ ਤੈਅ ਕੀਤੇ ਜਾ ਚੁੱਕੇ ਹਨ।
ਲੋਕ ਨੇ ਕਿਹਾ ਕਿ ਮੈਂ ਚੋਣ ਨਤੀਜੇ ਤੋਂ ਬਹੁਤ ਨਿਰਾਸ਼ ਹਾਂ। ਜਦੋਂ ਵੀ ਮੈਂ ਲੋਕਾਂ ਵਿੱਚ ਜਾਂਦੀ ਹਾਂ, ਤਾਂ ਉਹ ਵੀ ਇਹੀ ਗੱਲ ਕਹਿੰਦੇ ਹਨ। ਇਸ ਲਈ, ਇਹ ਸੱਚਮੁੱਚ ਨਿਰਾਸ਼ਾਜਨਕ ਹੈ। ਅਸੀਂ ਅਜਿਹਾ ਨਤੀਜਾ ਨਹੀਂ ਚਾਹੁੰਦੇ ਸੀ, ਪਰ ਕੀ ਕਰੀਏ, ਰਾਜਨੀਤੀ ਅਜਿਹੀ ਹੀ ਹੁੰਦੀ ਹੈ। ਪਰ ਇਸਦੇ ਨਾਲ ਹੀ ਉਹਨਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਜਾਂ ਉਨ੍ਹਾਂ ਦੀ ‘ਸਰੀ ਕਨੈਕਟ’ ਟੀਮ ਨੇ ਕਿਤੇ ਵੀ ਕੋਈ ਗਲਤੀ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਅੰਤ ਵਿੱਚ ਵੋਟਾਂ ਦੀ ਵੰਡ ਬਹੁਤ ਸਪੱਸ਼ਟ ਅਤੇ ਨਿਰਣਾਇਕ ਰਹੀ ਇਹੀ ਸਾਡੇ ਲਈ ਚੁਣੌਤੀ ਸੀ। ਮੇਅਰ ਦੇ ਅਹੁਦੇ ਲਈ ਬਹੁਤ ਸਾਰੇ ਉਮੀਦਵਾਰ ਮੈਦਾਨ ਵਿੱਚ ਸਨ। ਕੀ ਸਾਨੂੰ ਉਨ੍ਹਾਂ ਵਿੱਚੋਂ ਕਿਸੇ ਇੱਕ ਨਾਲ ਸਮਝੌਤਾ ਕਰਨਾ ਚਾਹੀਦਾ ਸੀ ? ਸ਼ਾਇਦ ਅਸੀਂ ਅਜਿਹਾ ਕਰ ਸਕਦੇ ਸੀ, ਪਰ ਅਸੀਂ ਨਹੀਂ ਕੀਤਾ। ਉਨ੍ਹਾਂ ਅੱਗੇ ਕਿਹਾ, “ਡੱਗ ਮੈਕਕਲਮ ਦੇ ਵਿਰੁੱਧ ਵੋਟ ਪਾਉਣ ਵਾਲੇ ਲੋਕਾਂ ਦੀ ਗਿਣਤੀ, ਉਨ੍ਹਾਂ ਦੇ ਹੱਕ ਵਿੱਚ ਵੋਟ ਪਾਉਣ ਵਾਲਿਆਂ ਨਾਲੋਂ ਕਿਤੇ ਵੱਧ ਸੀ।
ਲੌਕ ਅਤੇ ਮੈਕਲਮ ਕਈ ਸਾਲਾਂ ਤੱਕ ਵਿਰੋਧੀ ਰਹੇ ਹਨ। 2019 ਵਿੱਚ, ਮੈਕਲਮ ਦੇ ਮੇਅਰ ਵਜੋਂ ਕਾਰਜਕਾਲ ਦੌਰਾਨ, ਲੌਕ ਨੇ ਉਨ੍ਹਾਂ ਦੀ ਸਲੇਟ ਨੂੰ ਛੱਡ ਦਿੱਤਾ ਸੀ। 2022 ਵਿੱਚ, ਉਨ੍ਹਾਂ ਨੇ ਇਸ ਵਾਅਦੇ ‘ਤੇ ਚੋਣ ਜਿੱਤੀ ਸੀ ਕਿ ਉਹ ਸ਼ਹਿਰ ਦੀ ਪੁਲਿਸ ਵਿਵਸਥਾ ਨੂੰ ਆਰ ਸੀ ਐਮ ਪੀ ਤੋਂ ਬਦਲ ਕੇ ਇੱਕ ਮਿਉਂਸਪਲ ਪੁਲਿਸ ਬਲ ਵਿੱਚ ਤਬਦੀਲ ਨਹੀਂ ਹੋਣ ਦੇਣਗੇ। ਲੌਕ ਸਿਟੀ ਕੌਂਸਲ ਵਿੱਚ ਬਹੁਮਤ ਹਾਸਲ ਕਰਨ ਵਿੱਚ ਕਾਮਯਾਬ ਰਹੇ ਅਤੇ ਸ਼ਹਿਰ ਨੇ ਉਸ ਤਬਦੀਲੀ ਨੂੰ ਰੋਕਣ ਲਈ ਵੋਟ ਦਿੱਤੀ, ਜਿਸ ਦੀ ਸ਼ੁਰੂਆਤ ਮੈਕਲਮ ਦੇ ਸਮੇਂ ਹੋਈ ਸੀ।
