Oct 31, 2026

ਭਗਵੰਤ ਮਾਨ ਧੂਰੀ ਤੋਂ ਅਤੇ ਸਪੀਕਰ ਕੁਲਤਾਰ ਸੰਧਵਾਂ ਕੋਟਕਪੂਰਾ ਤੋਂ ਉਮੀਦਵਾਰ-

ਚੰਡੀਗੜ-ਆਮ ਆਦਮੀ ਪਾਰਟੀ ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਜਾਰੀ ਸੂਚੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਅਸੈਂਬਲੀ ਹਲਕਾ ਧੂਰੀ ਤੋਂ ਚੋਣ ਲੜਨਗੇ ਜਦੋਂ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ ਤੋਂ ਚੋਣ ਮੈਦਾਨ ’ਚ ਉੱਤਰਨਗੇ।
ਨਵੀਂ ਸੂਚੀ ’ਚ ਮੌਜੂਦਾ 40 ਪਾਰਟੀ ਵਿਧਾਇਕਾਂ ਨੂੰ ਮੁੜ ਉਮੀਦਵਾਰ ਬਣਾਇਆ ਹੈ ਜਿਨ੍ਹਾਂ ’ਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮੁੜ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਐਲਾਨਿਆ ਹੈ। ਚਾਰ ਮੌਜੂਦਾ  ਮਹਿਲਾ ਵਿਧਾਇਕਾਂ ਨੂੰ ਵੀ ਮੁੜ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ ਜਿਸ ’ਚ ਮੋਗਾ ਤੋਂ ਡਾ. ਅਮਨਦੀਪ ਕੌਰ ਅਰੋੜਾ,ਨਕੋਦਰ ਤੋਂ ਇੰਦਰਜੀਤ ਕੌਰ ਮਾਨ, ਬਲਾਚੌਰ ਤੋਂ ਸੰਤੋਸ਼ ਕਟਾਰੀਆ ਅਤੇ  ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ ਦਾ ਨਾਮ ਸ਼ਾਮਲ ਹੈ। ਨਵੀਂ ਸੂਚੀ ਮਾਝੇ ਦੀਆਂ ਪੰਜ ਸੀਟਾਂ, ਦੁਆਬੇ ਦੀਆਂ 8 ਅੱਠ ਸੀਟਾਂ ਅਤੇ ਮਾਲਵੇ ਦੀਆਂ 27 ਸੀਟਾਂ ਤੋਂ ਉਮੀਦਵਾਰ ਐਲਾਨੇ ਗਏ ਹਨ।
ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨ ਕੇ ਆਮ ਆਦਮੀ ਪਾਰਟੀ ਨੇ ਪਹਿਲ ਕਰ ਦਿੱਤੀ ਹੈ। ਪਹਿਲੀ ਸੂਚੀ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਪ੍ਰਮੁੱਖ ਹੈ ਜਿਨ੍ਹਾਂ ਨੇ ਹਲਕਾ ਧੂਰੀ ਤੋਂ 2022 ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਬੀਰ ਸਿੰਘ ਗੋਲਡੀ ਨੂੰ 58,206 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੋਣ ਜਿੱਤੀ ਸੀ। ਪਹਿਲੀ ਸੂਚੀ ਦੇ ਐਲਾਨ ਤੋਂ ਪਹਿਲਾਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਹੋਈ ਜਿਸ ’ਚ ਪਾਰਟੀ ਉਮੀਦਵਾਰਾਂ ਦੀ ਪਹਿਲੀ ਸੂਚੀ ’ਤੇ ਮੋਹਰ ਲਗਾਈ ਗਈ।

ਮੀਟਿੰਗ ’ਚ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆਂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹਾਜ਼ਰ ਸਨ। ਲੰਘੇ ਕੱਲ੍ਹ ਪਾਰਟੀ ਨੇ 117 ਹਲਕਿਆਂ ਲਈ ਉਮੀਦਵਾਰਾਂ ਦੇ ਨਾਵਾਂ ’ਤੇ  ਮੰਥਨ ਕੀਤਾ ਸੀ। ਪਹਿਲੀ ਸੂਚੀ ’ਚ ਸੰਜੀਵ ਅਰੋੜਾ ਨੂੰ ਛੱਡ ਕੇ ਕੈਬਨਿਟ ਵਜ਼ੀਰਾਂ ਦੇ  ਨਾਮ ਹਾਲੇ ਬਾਹਰ ਰੱਖੇ ਗਏ ਹਨ। ਸੰਜੀਵ ਅਰੋੜਾ ਇਸ ਵੇਲੇ ਜੇਲ੍ਹ ’ਚ ਹਨ।

ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਨਵੇਂ ਕਰੀਬ 19 ਹਲਕਾ ਇੰਚਾਰਜ ਲਗਾਏ ਗਏ ਹਨ, ਉਨ੍ਹਾਂ ਦਾ ਐਲਾਨ ਦੂਜੀ ਸੂਚੀ ’ਚ ਹੋਣ ਦੀ ਸੰਭਾਵਨਾ ਹੈ। ਇਸ ਵੇਲੇ ‘ਆਪ’ ਦੇ 117 ਮੈਂਬਰੀ ਪੰਜਾਬ ਵਿਧਾਨ ਸਭਾ ਵਿੱਚ 94 ਵਿਧਾਇਕ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਮਗਰੋਂ ਕਿਹਾ ਕਿ ਪਾਰਟੀ ਨੇ ਉਮੀਦਵਾਰਾਂ ਦੀ ਚੋਣ ਲਈ ਲੋਕ ਸਰਵੇਖਣ ਨੂੰ ਅਧਾਰ ਬਣਾਇਆ ਗਿਆ। ਜਿਸ ਉਮੀਦਵਾਰ ਨੂੰ ਹਲਕੇ ਦੇ ਲੋਕਾਂ ਨੇ ਹਮਾਇਤ ਕੀਤੀ ਹੈ, ਉਸ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਐਲਾਨੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵੇਂ ਚਿਹਰੇ ਵੀ ਚੋਣ ਮੈਦਾਨ ’ਚ ਉਤਾਰੇ  ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਐਲਾਨੇ ਉਮੀਦਵਾਰਾਂ ਨੂੰ ਲੋਕਾਂ ’ਚ ਅਗੇਤਾ ਜਾਣ ਦਾ ਮੌਕਾ ਮਿਲੇਗਾ ਜਦੋਂ ਕਿ ਕਾਂਗਰਸ ਬਗ਼ਾਵਤ ਦੇ ਡਰੋਂ ਉਮੀਦਵਾਰਾਂ ਦਾ ਐਲਾਨ ਕਰਨ ਵਿੱਚ ਲੇਟ ਹੋ ਜਾਂਦੀ ਹੈ।

ਪਹਿਲੀ ਸੂਚੀ ਮੌਜੂਦਾ ਪੰਜ ਵਿਧਾਇਕਾਂ ਨੂੰ ਤੀਜੀ ਵਾਰ ਪਾਰਟੀ ਤਰਫ਼ੋਂ ਚੋਣ ਮੈਦਾਨ ’ਚ ਉਤਾਰਨ ਦਾ ਫ਼ੈਸਲਾ ਕੀਤਾ ਗਿਆ ਹੈ ਜਿਨ੍ਹਾਂ ’ਚ ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾਂ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ,  ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ, ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਿਲਾਸਪੁਰ ਅਤੇ ਗੜ੍ਹਸ਼ੰਕਰ ਤੋਂ ਜੈ ਕ੍ਰਿਸ਼ਨ ਰੋੜੀ ਦੇ  ਨਾਮ ਸ਼ਾਮਲ ਹਨ। ਇਸੇ ਤਰ੍ਹਾਂ ਮੌਜੂਦਾ 35 ਵਿਧਾਇਕ ਸਮੇਤ ਮੁੱਖ ਮੰਤਰੀ ਭਗਵੰਤ ਮਾਨ, ਦੂਸਰੀ ਵਾਰ ਪਾਰਟੀ ਤਰਫ਼ੋਂ ਚੋਣ ਮੈਦਾਨ ’ਚ ਆਪਣੀ ਕਿਸਮਤ ਪਰਖਣਗੇ।

Leave a Reply

Your email address will not be published. Required fields are marked *