Nov 1, 2026

ਡੇਵਿਡ ਈਬੀ ਦੇ ਮੁਕਾਬਲੇ ਲੌਰਨ ਡੌਰਕਸਨ ਦੇ ਇਮਾਨਦਾਰ ਅਕਸ ਨੇ ਲੋਕ ਵਿਸ਼ਵਾਸ ਜਿੱਤਿਆ-

-ਸੁਖਵਿੰਦਰ ਸਿੰਘ ਚੋਹਲਾ-

ਬ੍ਰਿਟਿਸ਼ ਕੋਲੰਬੀਆ ਵਿਚ ਐਨ ਡੀ ਪੀ ਆਗੂ ਡੇਵਿਡ ਈਬੀ ਵਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਫੈਸਲਾ ਬੇਹੱਦ ਨੁਕਸਾਨਦੇਹ ਤੇ ਪਛਤਾਵੇ ਵਾਲਾ ਰਿਹਾ। ਬੀਤੀ 22 ਸਤੰਬਰ ਨੂੰ ਜਦੋਂ ਉਹਨਾਂ ਨੇ ਸੂਬੇ ਵਿਚ ਅਚਾਨਕ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ ਤਾਂ ਪਹਿਲਾਂ ਹੀ ਮਿਊਂਸਪਲ ਚੋਣਾਂ ਵਿਚ ਰੁਝੇ ਹੋਏ ਲੋਕਾਂ ਨੇ ਕੌਂਸਲ ਚੋਣਾਂ ਲਈ ਵੋਟਾਂ ਦੇ ਦਿਨ ਤੋਂ ਮਹਿਜ਼ ਇਕ ਹਫਤਾ ਬਾਦ ਸੂਬੇ ਦੀਆਂ ਵੋਟਾਂ ਨੂੰ ਕਿਸੇ ਵੀ ਤਰਾਂ ਸਹਿਜ ਨਾ ਲਿਆ। ਮਿਊਂਸਪਲ ਵੋਟਾਂ ਲਈ ਪਹਿਲਾਂ ਹੀ ਚੱਲ ਰਹੀ ਚੋਣ ਮੁਹਿੰਮ ਦੇ ਨਾਲ ਹੀ ਸੂਬਾਈ ਵੋਟਾਂ ਲਈ ਚੋਣ ਮੁਹਿੰਮ ਨੇ ਉਮੀਦਵਾਰਾਂ ਤੇ ਵੋਟਰਾਂ ਲਈ ਇਕ ਵੱਡੇ ਭੰਬਲਭੂਸੇ ਵਾਲੀ ਸਥਿਤੀ ਪੈਦਾ ਕਰ ਦਿੱਤੀ। ਮਿਊਂਸਪਲ ਚੋਣਾਂ ਵਿਚ ਉਲਝੇ ਲੋਕਾਂ ਵਲੋਂ ਸੂਬਾਈ ਵੋਟਾਂ ਲਈ ਡੋਰ ਨਾਕਿੰਗ ਤੇ ਆਏ ਉਮੀਦਵਾਰਾਂ ਤੋਂ ਅਚਨਚੇਤ ਚੋਣਾਂ ਕਰਵਾਏ ਜਾਣ ਦੇ ਕਾਰਣ ਲਈ ਪੁੱਛੇ ਗਏ ਸਵਾਲਾਂ ਦਾ ਕੋਈ ਜਵਾਬ ਨਹੀ ਸੀ। ਪ੍ਰੀਮੀਅਰ ਡੇਵਿਡ ਈਬੀ ਨੇ ਸੂਬੇ ਵਿਚ ਅਚਨਚੇਤ ਚੋਣਾਂ ਦਾ ਐਲਾਨ ਕਰਦਿਆਂ ਇਸਦੀ ਵਜਾਹ ਗਵਾਂਢੀ ਮੁਲਕ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵਲੋਂ ਸ਼ੁਰੂ ਕੀਤੀ ਗਈ ਵਪਾਰਕ ਜੰਗ ਨੂੰ ਦਸਦਿਆਂ ਲੋਕਾਂ ਨੂੰ ਇਹ ਚਿਤਾਰਨ ਦਾ ਹੋਕਾ ਦਿੱਤਾ ਕਿ ਇਸ ਸੰਕਟ ਦੀ ਘੜੀ ਵਿਚ ਉਹਨਾਂ ਨੂੰ ਇਕ ਮਜਬੂਤ ਫਤਵੇ ਦੀ ਜ਼ਰੂਰਤ ਹੈ। ਉਹਨਾਂ ਦੀ ਘੱਟ ਗਿਣਤੀ ਸਰਕਾਰ ਕੋਲ ਲੈਜਿਸਲੇਚਰ ਵਿਚ ਬਿਲ ਪਾਸ ਕਰਨ ਲਈ ਲੋੜੀਂਦਾ ਬਹੁਮਤ ਨਹੀ ਹੈ। ਵਿਰੋਧੀ ਧਿਰ ਉਹਨਾਂ ਦੀ ਸਰਕਾਰ ਲਈ ਨਿਤ ਦਿਨ ਬਿਪਤਾ ਪਾਈ ਰੱਖਦੀ ਹੈ। ਪਰ ਉਹਨਾਂ ਅਤੇ ਉਹਨਾਂ ਦੇ ਸਲਾਹਕਾਰਾਂ ਦੀ ਇਹ ਦਲੀਲ ਲੋਕਾਂ ਦੇ ਮਨ ਨਾ ਲੱਗੀ। ਇਸਦੇ ਉਲਟ ਲੋਕਾਂ ਨੇ ਡੇਵਿਡ ਈਬੀ ਵਲੋਂ ਅਚਨਚੇਤ ਚੋਣਾਂ ਦੇ ਫੈਸਲੇ ਨੂੰ ਮੌਕਾਪ੍ਰਸਤੀ, ਲਾਲਚ ਭਰਿਆ ਅਤੇ ਲੋਕਤੰਤਰ ਵਿਰੋਧੀ ਜਾਣਦਿਆਂ, ਉਹਨਾਂ ਅਤੇ ਵੋਟਾਂ ਮੰਗਣ ਆਏ ਐਨ ਡੀ ਪੀ ਉਮੀਦਵਾਰਾਂ  ਨੂੰ ਕੋਰਾ ਇਨਕਾਰ ਕਰਦਿਆਂ ਬੁਰੀ ਤਰਾਂ ਬਿਖਰੀ ਹੋਈ ਸਮਝੀ ਜਾਂਦੀ ਕੰਸਰਵੇਟਿਵ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਕ੍ਰਿਸ਼ਮਾ ਕਰ ਵਿਖਾਇਆ।

24 ਅਕਤੂਬਰ ਨੂੰ ਪਈਆਂ ਵੋਟਾਂ ਤੋਂ ਬਾਦ ਆਏ ਨਤੀਜੇ ਜਿਥੇ ਬੀਸੀ ਕੰਸਰਵੇਟਿਵ ਪਾਰਟੀ ਲਈ ਭਾਰੀ ਉਤਸ਼ਾਹਜਨਕ ਹਨ ਉਥੇ ਐਨ ਡੀ ਪੀ ਤੇ ਉਸਦੇ ਸਲਾਹਕਾਰਾਂ ਲਈ ਇਕ ਕੌੜਾ ਤਜੁਰਬਾ ਤੇ ਸਖਤ ਸਬਕ ਵੀ ਹਨ। ਇਹਨਾਂ ਨਤੀਜਿਆਂ ਨੇ ਸੂਬੇ ਦੀ ਸਿਆਸਤ ਵਿੱਚ ਨਵਾਂ ਅਧਿਆਇ ਸ਼ੁਰੂ ਕਰ ਦਿੱਤਾ ਹੈ। ਮੁੱਢਲੇ ਚੋਣ ਨਤੀਜਿਆਂ ਅਨੁਸਾਰ ਕੰਸਰਵੇਟਿਵ ਪਾਰਟੀ ਨੇ 93 ਮੈਂਬਰੀ ਵਿਧਾਨ ਸਭਾ ਵਿੱਚ 63 ਸੀਟਾਂ ਜਿੱਤੀਆਂ ਹਨ, ਜਦਕਿ ਐਨ.ਡੀ.ਪੀ ਨੂੰ 27 ਅਤੇ ਗ੍ਰੀਨ ਪਾਰਟੀ ਨੂੰ ਦੋ ਸੀਟਾਂ ਮਿਲੀਆਂ ਹਨ।

ਇਨ੍ਹਾਂ ਚੋਣਾਂ ਦੌਰਾਨ ਭਾਰਤੀ ਅਤੇ ਪੰਜਾਬੀ ਮੂਲ ਦੇ ਉਮੀਦਵਾਰਾਂ ਦੀ ਸਫ਼ਲਤਾ ਵੀ ਜਿਕਰਯੋਗ ਹੈ। ਕੁੱਲ 16 ਪੰਜਾਬੀ ਮੂਲ ਦੇ ਉਮੀਦਵਾਰ ਵਿਧਾਇਕ ਚੁਣੇ ਗਏ ਹਨ। ਇਨ੍ਹਾਂ ਵਿੱਚ 12 ਕੰਸਰਵੇਟਿਵ ਪਾਰਟੀ ਅਤੇ ਚਾਰ ਐਨ.ਡੀ.ਪੀ. ਨਾਲ ਸਬੰਧਤ ਹਨ। ਕੰਸਰਵੇਟਿਵ ਪਾਰਟੀ ਵੱਲੋਂ ਚੋਣ ਜਿੱਤਣ ਵਾਲੇ ਪੰਜਾਬੀ ਮੂਲ ਦੇ ਉਮੀਦਵਾਰਾਂ ਵਿੱਚ ਮਨਦੀਪ ਸਿੰਘ ਧਾਲੀਵਾਲ (ਸਰੀ-ਨਾਰਥ), ਹਰਜ ਧਾਲੀਵਾਲ (ਸਰੀ-ਨਿਊਟਨ), ਜੈਸੀ ਸਹੋਤਾ (ਸਰੀ-ਸਰਪੈਂਟਾਈਨ ਰਿਵਰ), ਗੈਰੀ ਥਿੰਦ (ਸਰੀ-ਗਿਲਡਫੋਰਡ), ਜ਼ੀਸ਼ਾਨ ਵਾਹਲਾ (ਸਰੀ ਸਿਟੀ ਸੈਂਟਰ), ਗੈਰੀ ਪੁਰੇਵਾਲ (ਸਰੀ-ਫਲੀਟਵੁੱਡ), ਹਰਮਨ ਭੰਗੂ (ਲੈਂਗਲੀ-ਐਬਟਸਫੋਰਡ), ਜੋਡੀ ਤੂਰ (ਲੈਂਗਲੀ-ਵਿਲੋਬਰੁੱਕ), ਸਟੀਵ ਕੂਨਰ (ਰਿਚਮੰਡ-ਕੁਈਨਜ਼ਬਰੋ), ਮੋਨਿਕਾ ਮੋਹਨ (ਡੈਲਟਾ ਨਾਰਥ), ਪਵਨੀਤ ਸਿੰਘ (ਕੇਲੋਨਾ-ਲੇਕ ਕੰਟਰੀ-ਕੋਲਡਸਟ੍ਰੀਮ) ਅਤੇ ਦੀਪ ਸੰਧੂ (ਵੈਨਕੂਵਰ-ਫਰੇਜ਼ਰਵਿਊ) ਸ਼ਾਮਿਲ ਹਨ ਜਦੋਂਕਿ ਐਨ.ਡੀ.ਪੀ. ਵੱਲੋਂ ਚਾਰ ਪੰਜਾਬੀ ਮੂਲ ਦੇ ਉਮੀਦਵਾਰਾਂ ਵਿੱਚ ਰਾਜ ਚੌਹਾਨ (ਬਰਨਬੀ-ਨਿਊ ਵੈਸਟਮਿੰਸਟਰ), ਨਿੱਕੀ ਸ਼ਰਮਾ (ਵੈਨਕੂਵਰ-ਹੇਸਟਿੰਗਜ਼), ਰੋਹਿਨੀ ‘ਰੀਆ’ ਅਰੋੜਾ (ਬਰਨਬੀ ਈਸਟ) ਅਤੇ ਰਵੀ ਪਰਮਾਰ (ਲੈਂਗਫੋਰਡ-ਹਾਈਲੈਂਡਜ਼) ਸ਼ਾਮਲ ਹਨ। ਇਹਨਾਂ ਚੋਣਾਂ ਵਿਚ ਬੀਸੀ ਦੀ ਸਿਆਸਤ ਦਾ ਧੁਰਾ ਸਮਝੇ ਜਾਂਦੇ ਸਰੀ ਦੀਆਂ 10 ਵਿਧਾਨ ਸਭਾ ਸੀਟਾਂ ਦੇ ਨਤੀਜੇ ਵੀ ਵਿਸ਼ੇਸ਼ ਜਿਕਰਯੋਗ ਹਨ। ਇਹਨਾਂ ਸਾਰੇ 10 ਵਿਧਾਨ ਸਭਾ ਹਲਕਿਆਂ ਵਿੱਚ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਸਰੀ ਦੇ ਐਨ ਡੀ ਪੀ ਦੇ ਪ੍ਰਭਾਵ ਵਾਲੇ ਹਲਕੇ ਸਰੀ-ਨਿਊਟਨ, ਸਰੀ -ਫਲੀਟਵੁੱਡ,ਸਰੀ-ਸੈਂਟਰ ਤੇ ਸਰੀ ਗਿਲਫੋਰਡ ਤੋਂ ਤਜਰਬੇਕਾਰ ਤੇ ਸੀਨੀਅਰ ਐਨ ਡੀ ਪੀ ਉਮੀਦਵਾਰਾਂ ਦੀ ਹਾਰ ਪਾਰਟੀ ਲਈ ਵੱਡਾ ਸਬਕ ਹੈ। ਸਰੀ ਦੇ ਵੋਟਰਾਂ ਨੇ ਜਿਥੇ ਐਨ ਡੀ ਪੀ ਦੇ ਅਚਨਚੇਤ ਫੈਸਲੇ ਖਿਲਾਫ ਆਪਣਾ ਗੁੱਸਾ ਕੱਢਿਆ ਹੈ ਉਥੇ ਸਰੀ ਦੇ ਵਿਕਾਸ ਅਤੇ ਸਰੀ ਦੇ ਲੋਕਾਂ ਦੇ ਹੱਕ ਵਿਚ ਖੜਨ ਵਾਲੇ ਮੇਅਰ ਡੱਗ ਮੈਕਲਮ ਵਲੋਂ ਸਰੀ ਸ਼ਹਿਰ ਨੂੰ ਬਲਿਊ ਕਰ ਦੇਣ ਦੇ ਸੱਦੇ ਨੂੰ ਹੁੰਗਾਰਾ ਦਿੰਦਿਆਂ ਐਨ ਡੀ ਪੀ ਦਾ ਸਫਾਇਆ ਕਰਨ  ਵਿਚ ਯੋਗਦਾਨ ਪਾਇਆ ਹੈ। ਮੇਅਰ ਡੱਗ ਮੈਕਲਮ ਦੇ ਨਾਲ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਤੇ ਦੋ ਸਾਬਕਾ ਮੇਅਰ ਡਾਇਨਾ ਵਾਟਸ ਅਤੇ ਲਿੰਡਾ ਹੈਪਨਰ ਵਲੋਂ ਬੀਸੀ ਕੰਸਰਵੇਟਿਵ ਨੂੰ ਹਮਾਇਤ ਵਿਚ ਚੋਣ ਮੁਹਿੰਮ ਚਲਾਏ ਜਾਣ ਦੀ ਵੱਡੀ ਭੂਮਿਕਾ ਰਹੀ ਹੈ।
ਪ੍ਰੀਮੀਅਰ ਡੇਵਿਡ ਈਬੀ ਤੇ ਉਹਨਾਂ ਦੀ ਟੀਮ ਵਲੋਂ ਅਚਨਚੇਤ ਚੋਣਾਂ ਦੇ ਫੈਸਲੇ ਦੇ ਖਮਿਆਜੇ ਵਜੋਂ ਐਨ.ਡੀ.ਪੀ. ਨੂੰ ਸੱਤਾ ਤੋਂ ਬਾਹਰ ਹੋਣ ਦਾ ਸਾਹਮਣਾ ਕਰਨਾ ਪਿਆ ਹੈ। ਚੋਣ ਨਤੀਜਿਆਂ ਵਾਲੀ ਰਾਤ ਪਾਰਟੀ ਆਗੂ ਡੇਵਿਡ ਈਬੀ ਨੇ ਭਰੇ ਮਨ ਨਾਲ ਆਪਣੀ ਹਾਰ ਕਬੂਲਦਿਆਂ ਪਾਰਟੀ ਲੀਡਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਵਲੋਂ ਵਿਰੋਧੀ ਪਾਰਟੀ ਬੀਸੀ ਕੰਸਰਵੇਟਿਵ ਦੀ ਅੰਦਰੂਨੀ ਲੜਾਈ ਦਾ ਲਾਭ ਲੈਣ ਦੀ ਮੌਕਾਪ੍ਰਸਤੀ ਅਤੇ ਐਨ ਡੀ ਪੀ ਦੇ  ਮੁਕਾਬਲੇ ਕਮਜੋਰ ਸਮਝਣ ਦੀ ਗਲਤੀ ਨੇ ਉਹਨਾਂ ਦੇ ਨਾਲ ਪੂਰੀ ਪਾਰਟੀ ਨੂੰ ਡੋਬਣ ਦਾ ਕੰਮ ਕੀਤਾ ਹੈ।

ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਸੂਬੇ ਵਿਚ ਐਨ ਡੀ ਪੀ ਦੀ ਸਰਕਾਰ ਤੋਂ ਕੰਸਰਵੇਟਿਵ ਪਾਰਟੀ ਦੀ ਬਹੁਮਤ ਵਾਲੀ ਸਰਕਾਰ ਵਿੱਚ ਆਈ ਵੱਡੀ ਤਬਦੀਲੀ ਲਈ ਮੁੱਖ ਰੂਪ ਵਿਚ ਐਨ ਡੀ ਪੀ ਆਗੂ ਡੇਵਿਡ ਈਬੀ ਵੱਲੋਂ ਕੀਤੀਆਂ ਗਈਆਂ ਗੰਭੀਰ ਗਲਤੀਆਂ ਹੀ ਜ਼ਿੰਮੇਵਾਰ ਹਨ। ਇਹਨਾਂ ਗਲਤੀਆਂ ਵਿਚ ਉਹਨਾਂ ਅਤੇ ਉਹਨਾਂ ਦੇ ਹੋਰ ਮੁੱਖ ਸਲਾਹਕਾਰਾਂ ਦੀਆਂ ਉਹ ਗਿਣਤੀਆਂ ਮਿਣਤੀਆਂ ਅਤੇ ਮੌਕੇ ਦੀ ਨਜਾਕਤ ਨੂੰ ਸਹੀ ਮਾਪਣ ਦੀ ਭੁੱਲ ਸ਼ਾਮਿਲ ਹੈ। ਉਹਨਾਂ ਦੇ ਦੋ ਸਲਾਹਕਾਰਾਂ ਦਾ ਮੰਨਣਾ ਸੀ ਕਿ ਬੀਸੀ ਕੰਸਰਵੇਟਿਵ ਦੀ ਵਿਵਾਦਤ ਆਗੂ ਕੈਰੀ ਲਿਨ ਫਿਨਲੀ ਤੋਂ ਨਾਰਾਜ਼ ਲਗਪਗ 14 ਵਿਧਾਇਕਾਂ ਵਲੋਂ ਪਾਰਟੀ ਛੱਡ ਦੇਣ ਨਾਲ ਐਨ ਡੀ ਪੀ ਲਈ ਇਹ ਸਹੀ ਮੌਕਾ ਸੀ ਕਿ ਉਸਦਾ ਲਾਭ ਉਠਾ ਲਿਆ ਜਾਵੇ। ਪਰ ਉਹ ਇਸ ਦੌਰਾਨ ਚੁਣੇ ਗਏ ਅੰਤਰਿਮ ਆਗੂ ਲੌਰਨ ਡੌਰਕਸਨ ਦੀ ਸਮਰੱਥਾ ਤੇ ਨੇਕਦਿਲੀ ਕਾਰਣ ਉਸਦੇ ਪ੍ਰਭਾਵ ਨੂੰ ਮਾਪਣ ਤੋਂ ਅਣਜਾਣ ਰਹੇ। ਬੀਸੀ ਕੰਸਰੇਟਿਵ ਕਾਕਸ ਵਲੋਂ ਇਕ ਪਾਕ ਦਾਮਨ ਤੇ ਨਿਰਪੱਖ ਪਹੁੰਚ ਵਾਲੇ ਪਾਰਟੀ ਮੈਂਬਰ ਲੌਰਨ ਡੌਰਕਸਨ ਦੀ ਅੰਤਰਿਮ ਆਗੂ ਵਜੋਂ ਚੋਣ ਅਤੇ ਪ੍ਰਭਾਵਸ਼ਾਲੀ ਵਿਅਕਤੀਤਵ ਪਹਿਲਾਂ ਤੋਂ ਹੀ ਲੋਕਪ੍ਰਿਯਤਾ ਵਿਚ ਗਿਰਾਵਟ ਵੱਲ ਜਾ ਰਹੇ ਡੇਵਿਡ ਈਬੀ ਉਪਰ ਭਾਰੂ ਪਏ। ਚੋਣ ਨਤੀਜਿਆਂ ਨੇ ਬਿਨਾਂ ਸ਼ੱਕ ਐਨ ਡੀ ਪੀ ਅਤੇ ਉਸਦੇ ਸਮਰਥਕਾਂ ਵਿਚਾਲੇ ਇਕ ਨਿਰਾਸ਼ਾ ਪੈਦਾ ਕੀਤੀ ਹੈ ਤੇ ਅਗਲਾ ਸਮੇਂ ਉਹਨਾਂ ਦੇ ਮੰਥਨ ਲਈ ਕਾਫੀ ਹੈ ਪਰ ਇਹ ਸਮਾਂ ਇਕ ਈਮਾਨਦਾਰ ਅਤੇ ਸਾਫ ਛਵੀ ਵਾਲੇ ਆਗੂ ਲੌਰਨ ਡੌਰਕਸਨ ਤੋਂ ਬੀਸੀ ਵਾਸੀਆਂ ਦੀਆਂ ਭਰਪੂਰ ਉਮੀਦਾਂ ਵਾਲਾ ਵੀ ਹੈ। ਇਹ ਉਮੀਦਾਂ ਮਹਿੰਗਾਈ ਅਤੇ ਆਰਥਿਕ ਸੰਕਟ ਨਾਲ ਜੁਝ ਰਹੇ ਆਮ ਲੋਕਾਂ ਤੋਂ ਇਲਾਵਾ ਬੀਸੀ ਦੇ ਵਪਾਰਕ ਤੇ ਕਾਰੋਬਾਰੀ ਭਾਈਚਾਰੇ ਨਾਲ ਵਧੇਰੇ ਜੁੜੀਆਂ ਹੋਈਆਂ ਹਨ। ਇਸ ਘੜੀ ਨਾਮਜ਼ਦ ਪ੍ਰੀਮੀਅਰ ਅਤੇ ਉਹਨਾਂ ਦੀ ਨਵੀਂ ਟੀਮ ਲਈ ਸ਼ੁਭਕਾਮਨਾਵਾਂ।

Leave a Reply

Your email address will not be published. Required fields are marked *