ਮੇਅਰ ਵਲੋਂ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੜਾਅਵਾਰ ਪੂਰੇ ਕਰਨ ਦਾ ਐਲਾਨ-
15 ਮੁੱਖ ਵਾਅਦਿਆਂ ਵਿਚ ਨਵਾਂ ਜਨਰਲ ਹਸਪਤਾਲ, ਨਿਊਟਨ ਤੱਕ ਸਕਾਈਟਰੇਨ ਤੇ ਸਰੀ ਪੁਲਿਸ ਲਈ ਹੈਲੀਕਾਪਟਰ ਦਾ ਪ੍ਰਬੰਧ ਸ਼ਾਮਿਲ-
ਸਰੀ ( ਦੇ ਪ੍ਰ ਬਿ, ਮਾਂਗਟ)- ਬੀਤੀ ਸ਼ਾਮ ਸਰੀ ਸਿਟੀ ਹਾਲ ਵਿਚ ਹੋਏ ਇਕ ਸਮਾਗਮ ਦੌਰਾਨ ਸ਼ਹਿਰ ਦੀ ਨਵੀਂ ਚੁਣੀ ਗਈ ਕੌਂਸਲ ਦੇ ਮੇਅਰ ਅਤੇ ਮੈਂਬਰਾਂ ਨੇ ਆਪਣੇ ਅਹੁਦੇ ਦਾ ਹਲਫ ਲੈਂਦਿਆਂ 2026 ਤੋਂ 2030 ਤੱਕ ਕਾਰਜਭਾਰ ਸੰਭਾਲ ਲਿਆ। ਇਸ ਮੌਕੇ ਮੇਅਰ ਡੱਗ ਮੈਕਲਮ ਨੇ ਐਲਾਨ ਕੀਤਾ ਕਿ ਕੌਂਸਲ ਚੋਣਾਂ ਦੌਰਾਨ ਕੀਤੇ ਗਏ ਸਾਰੇ ਵਾਅਦੇ ਪੂਰੇ ਕਰੇਗੀ।
ਆਪਣੇ ਉਦਘਾਟਨੀ ਭਾਸ਼ਣ ਵਿੱਚ ਮੇਅਰ ਮੈਕਲਮ ਨੇ ਐਲਾਨ ਕੀਤਾ ਕਿ ਕੌਂਸਲ ਆਪਣੀ ਪਹਿਲੀ ਨਿਯਮਤ ਮੀਟਿੰਗ ਵਿੱਚ ਉਨ੍ਹਾਂ 15 ਵਾਅਦਿਆਂ ‘ਤੇ ਅੱਗੇ ਵਧਣ ਲਈ ਮਤੇ ਪੇਸ਼ ਕਰੇਗੀ, ਜਿਨ੍ਹਾਂ ਦੇ ਆਧਾਰ ‘ਤੇ ਮੇਅਰ ਅਤੇ ਕੌਂਸਲ ਨੂੰ ਚੁਣਿਆ ਗਿਆ ਹੈ। ਇਨ੍ਹਾਂ ਵਿੱਚ ਨਿਊਟਨ ਵਿਖੇ ਔਰਤਾਂ ਅਤੇ ਬੱਚਿਆਂ ਲਈ ਇੱਕ ਨਵਾਂ ਹਸਪਤਾਲ ਬਣਾਉਣਾ ਵੀ ਸ਼ਾਮਲ ਹੈ।
ਪਹਿਲੇ ਮਤਿਆਂ ਵਿੱਚ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਪ੍ਰਾਪਰਟੀ ਟੈਕਸ ਨੂੰ ਜ਼ੀਰੋ ਪ੍ਰਤੀਸ਼ਤ ‘ਤੇ ਸਥਿਰ ਰੱਖਣਾ, ਨਿਊਟਨ ਵਿੱਚ ਸ਼ਹਿਰ ਦੀ ਮਲਕੀਅਤ ਵਾਲੀ ਜ਼ਮੀਨ ‘ਤੇ ਹਸਪਤਾਲ ਦੀ ਉਸਾਰੀ ਸ਼ੁਰੂ ਕਰਨਾ, ਅਤੇ ਕਿੰਗ ਜਾਰਜ ਬੁਲੇਵਾਰਡ ( ਤੋਂ ਨਿਊਟਨ ਤੱਕ ਸਕਾਈਟ੍ਰੇਨ ਦੇ ਵਿਸਤਾਰ ਨੂੰ ਅੱਗੇ ਵਧਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ, ਕੌਂਸਲ ਉਸ ਮੀਟਿੰਗ ਵਿੱਚ ‘ਸਰਕਾਰੀ ਕਾਰਜਕੁਸ਼ਲਤਾ ਕਮਿਸ਼ਨ’ ਸਥਾਪਤ ਕਰਨ ਲਈ ਵੀ ਕਦਮ ਚੁੱਕੇਗੀ, ਜੋ 100 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਦੇਵੇਗਾ। ਨਾਲ ਹੀ, ਗੈਰ-ਕਾਨੂੰਨੀ ਢੰਗ ਨਾਲ ਕੂੜਾ-ਕਰਕਟ ਸੁੱਟਣ ਵਿਰੁੱਧ ‘ਜ਼ੀਰੋ ਟੋਲਰੈਂਸ’ (ਸਖ਼ਤ ਮਨਾਹੀ) ਦੀ ਨੀਤੀ ਲਾਗੂ ਕੀਤੀ ਜਾਵੇਗੀ ਅਤੇ ਇਸ ਲਈ ਸਖ਼ਤ ਜੁਰਮਾਨੇ ਤੈਅ ਕੀਤੇ ਜਾਣਗੇ।
ਮੇਅਰ ਮੈਕਲਮ ਨੇ ਕਿਹਾ ਕਿ “ਸਰੀ ਦੇ ਲੋਕਾਂ ਨੇ ਇਸ ਕੌਂਸਲ ਨੂੰ ਸਿਰਫ਼ ਗੱਲਾਂ ਕਰਨ ਲਈ ਨਹੀਂ ਚੁਣਿਆ। ਲੋਕਾਂ ਨੇ ਸਾਨੂੰ ਕੰਮ ਪੂਰਾ ਕਰਨ ਲਈ ਚੁਣਿਆ ਹੈ, ਅਤੇ ਇਹ ਕੰਮ ਸਾਡੀ ਪਹਿਲੀ ਮੀਟਿੰਗ ਤੋਂ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਰੀ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਵੱਡਾ ਸ਼ਹਿਰ ਬਣਨ ਜਾ ਰਿਹਾ ਹੈ। ਇੰਨੇ ਵੱਡੇ ਸ਼ਹਿਰ ਨੂੰ ਔਰਤਾਂ ਅਤੇ ਬੱਚਿਆਂ ਲਈ ਇੱਕ ਨਵੇਂ ਹਸਪਤਾਲ ਦੀ ਲੋੜ ਹੈ, ਨਿਊਟਨ ਤੱਕ ਸਕਾਈਟ੍ਰੇਨ ਦੀ ਲੋੜ ਹੈ, ਹਰੇਕ ਭਾਈਚਾਰੇ ਵਿੱਚ ਸੁਰੱਖਿਅਤ ਆਂਢ-ਗੁਆਂਢ ਅਤੇ ਮਨੋਰੰਜਨ ਸਹੂਲਤਾਂ ਦੀ ਲੋੜ ਹੈ ਤੇ ਨਾਲ ਹੀ ਸਿਟੀ ਹਾਲ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਇਨ੍ਹਾਂ ਸਹੂਲਤਾਂ ਦੀ ਉਸਾਰੀ ਦੌਰਾਨ ਪਰਿਵਾਰਾਂ ਲਈ ਜੀਵਨ-ਨਿਰਬਾਹ ਦਾ ਖਰਚਾ ਕਿਫਾਇਤੀ ਬਣਿਆ ਰਹੇ। ਇਹ ਕੌਂਸਲ ਇਹੀ ਕੁਝ ਪੂਰਾ ਕਰਕੇ ਦਿਖਾਏਗੀ।
ਮੇਅਰ ਮੈਕਲਮ ਨੇ ਦੱਸਿਆ ਕਿ ਸਿਟੀ ਪ੍ਰਸ਼ਾਸਨ, ਸ਼ਹਿਰ ਵਿਚ ਹਸਪਤਾਲ ਦੀ ਉਸਾਰੀ ਅਤੇ ਸਕਾਈਟ੍ਰੇਨ ਦੇ ਵਿਸਤਾਰ ਲਈ ਕੌਂਸਲ ਦੀ ਆਪਣੀ ਪਹਿਲੀ ਨਿਯਮਤ ਮੀਟਿੰਗ ਵਿੱਚ ਆਪਣੇ ਚੋਣ ਵਾਅਦਿਆਂ ‘ਤੇ ਕਾਰਵਾਈ ਸ਼ੁਰੂ ਕਰੇਗੀ। ਇਹਨਾਂ ਵਾਅਦਿਆਂ ਵਿਚ ਉਕਤ ਤੋਂ ਇਲਾਵਾ 90 ਦਿਨਾਂ ਦੇ ਅੰਦਰ-ਅੰਦਰ ਸਰੀ ਪੁਲਿਸ ਲਈ ਹੈਲੀਕਾਪਟਰ ਅਤੇ ਡਰੋਨਾਂ ਦਾ ਫਲ਼ੀਟ ਤਿਆਰ ਕਰਨਾ, ਕਲੇਟਨ ਹਾਈਟਸ, ਸਿਟੀ ਸੈਂਟਰ, ਨਿਊਟਨ ਅਤੇ ਕਲੋਵਰਡੇਲ ਵਿੱਚ ਨਵੇਂ ਸਵੀਮਿੰਗ ਪੂਲ ਬਣਾਉਣਾ, ਬਜ਼ੁਰਗਾਂ ਲਈ ਮਨੋਰੰਜਨ ਫੀਸਾਂ ਮੁਆਫ਼ ਕਰਨਾ, 3 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਫ਼ਤ ਤੈਰਾਕੀ ਸਿਖਲਾਈ, ਚਾਰ ਸਾਲਾਂ ਤੱਕ ਮਨੋਰੰਜਨ ਫੀਸਾਂ ਵਿੱਚ ਕੋਈ ਵਾਧਾ ਨਾ ਕਰਨਾ ਅਤੇ ਜਨਤਕ ਸਵੀਮਿੰਗ ਪੂਲਾਂ ਨੂੰ ਵਾਪਸ ਆਮ ਲੋਕਾਂ ਲਈ ਉਪਲਬਧ ਕਰਵਾਉਣਾ, ਰਿਹਾਇਸ਼ੀ ਇਮਾਰਤਾਂ ਲਈ ਬਿਲਡਿੰਗ ਪਰਮਿਟ 60 ਦਿਨਾਂ ਦੇ ਅੰਦਰ ਜਾਰੀ ਕਰਨ ਦੀ ਗਾਰੰਟੀ, ਹਰ ਨਵੇਂ ਕਾਰੋਬਾਰ ਲਈ ਸ਼ੁਰੂਆਤੀ ਦੋ ਸਾਲਾਂ ਤੱਕ ਕਾਰੋਬਾਰੀ ਲਾਇਸੈਂਸ ਮੁਫ਼ਤ ਦੇਣਾ, ‘ਮੈਟਰੋ ਵੈਨਕੂਵਰ ਰੀਜਨਲ ਬੋਰਡ’ ਤੋਂ ਵੱਖ ਹੋਣਾ ਪਰ ਸਿਰਫ਼ ਮੁੱਖ ਸੇਵਾਵਾਂ ਨੂੰ ਜਾਰੀ ਰੱਖਣਾ। ਸਿਟੀ ਹਾਲ ਵਿਖੇ ਜ਼ਮੀਨੀ ਸੌਦਿਆਂ ਦੀ ਸੁਤੰਤਰ ਫੋਰੈਂਸਿਕ ਜਾਂਚ (ਆਡਿਟ) ਕਰਵਾਉਣਾ, ਰੋਜ਼ਮੇਰੀ ਹਾਈਟਸ ਰੀਟਰੀਟ ਸੈਂਟਰ ਦੀ ਜ਼ਮੀਨ ਖਰੀਦਣਾ, ਉੱਥੇ ਤਜਵੀਜ਼ ਕੀਤੇ ਗਏ ਰਿਹਾਇਸ਼ੀ ਵਿਕਾਸ ਨੂੰ ਰੋਕਣਾ ਅਤੇ ਇਸ ਜ਼ਮੀਨ ਨੂੰ ਹਮੇਸ਼ਾ ਲਈ ਇੱਕ ਪਾਰਕ ਵਜੋਂ ਸੁਰੱਖਿਅਤ ਰੱਖਣਾ ਸ਼ਾਮਿਲ ਹਨ।
ਮੇਅਰ ਮੈਕਲਮ ਨੇ ਆਪਣੇ ਸੰਬਧੋਨ ਵਿਚ ਕਿਹਾ ਕਿ ਸਰੀ ਦੇ ਸਭ ਤੋਂ ਵਧੀਆ ਦਿਨ ਆਉਣ ਵਾਲੇ ਹਨ ਤੇ ਸਾਰੇ ਮਿਲਕੇ ਇਸ ਲਈ ਕੰਮ ਕਰਾਂਗੇ।
ਮੇਅਰ ਡੱਗ ਮੈਕਲਮ, ਜੋ ਪਹਿਲਾਂ ਵੀ 13 ਸਾਲਾਂ ਤੱਕ ਸਰੀ ਦੇ ਮੇਅਰ ਵਜੋਂ ਸੇਵਾ ਨਿਭਾ ਚੁੱਕੇ ਹਨ, ਨੇ ਸਿਟੀ ਹਾਲ ਵਿਚ ਕੌਂਸਲ ਦੇ ਹੋਰ ਮੈਂਬਰਾਂ ਜਿਹਨਾਂ ਵਿਚ ਡਿਪਟੀ ਮੇਅਰ ਅਤੇ ਕੌਂਸਲਰ ਮਨਦੀਪ ਨਾਗਰਾ ਕੌਂਸਲਰ ਡੱਗ ਐਲਫੋਰਡ, ਕੌਂਸਲਰ ਲੌਰੀ ਗੁਏਰਾ, ਕੌਂਸਲਰ ਐਲੀਸਨ ਪੈਟਨ, ਕੌਂਸਲਰ ਮੀਰਾ ਗਿੱਲ, ਕੌਂਸਲਰ ਸੁਹਾਨਾ ਗਿੱਲ, ਕੌਂਸਲਰ ਚੇਨੀ ਕਲੋਕ, ਕੌਂਸਲਰ ਹੈਰੀ ਬੈਂਸ ਸਮੇਤ ਅਹੁਦੇ ਦੀ ਸਹੁੰ ਚੁੱਕੀ।
ਨਵੀਂ ਕੌਂਸਲ ਦੀ ਪਹਿਲੀ ਨਿਯਮਤ ਮੀਟਿੰਗ 9 ਨਵੰਬਰ ਨੂੰ ਸ਼ਾਮ 7 ਵਜੇ, ਸਰੀ ਸਿਟੀ ਹਾਲ ਦੇ ਕੌਂਸਲ ਚੈਂਬਰ ਵਿੱਚ ਹੋਵੇਗੀ।
ਰਿਸੈਪਸ਼ਨ ਪਾਰਟੀ-
ਸਹੁੰ ਚੁੱਕ ਸਮਾਗਮ ਉਪਰੰਤ ਆਰੀਆ ਬੈਂਕੁਇਟ ਹਾਲ ਵਿਚ ਸ਼ਾਨਦਾਰ ਰਿਸੈਪਸ਼ਨ ਪਾਰਟੀ ਕੀਤੀ ਗਈ ਜਿਸ ਵਿਚ ਸ਼ਹਿਰ ਦੇ ਪਤਵੰਤੇ ਸੱਜਣ ਅਤੇ ਸੇਫ ਸਰੀ ਕੁਲੀਸ਼ਨ ਦੇ ਸਮਰਥਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ।






