ਪੰਜਾਬੀ ਮੂਲ ਦੇ ਕੌਂਸਲਰ ਕੈਨ ਹੇਅਰ ਤੇ ਸ਼ੈਰਨ ਸੰਧੂ ਸਮੇਤ 6 ਕੌਂਸਲਰਾਂ ਨੇ ਵੀ ਸਹੁੰ ਚੁੱਕੀ-
ਮਿਸ਼ਨ ( ਦੇ ਪ੍ਰ ਬਿ)- ਬੀਤੀ ਸ਼ਾਮ ਐਬਸਫੋਰਡ ਦੇ ਨਾਲ ਲੱਗਦੇ ਸ਼ਹਿਰ ਮਿਸ਼ਨ ਦੇ ਬਿਨਾਂ ਮੁਕਾਬਲਾ ਮੇਅਰ ਚੁਣੇ ਗਏ ਜੈਗ ਗਿੱਲ ਅਤੇ ਕੌਂਸਲ ਦੇ ਨਵੇਂ ਮੈਂਬਰਾਂ ਵਲੋਂ ਅਹੁਦੇ ਦਾ ਹਲਫ ਲਿਆ ਗਿਆ। ਮਿਸ਼ਨ ਦੇ ਕਲਾਰਕ ਥੀਏਟਰ ਵਿਚ ਹੋਏ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬੀ ਮੂਲ ਦੇ ਨੌਜਵਾਨ ਤੇ ਮਿਸ਼ਨ ਦੇ ਜੰਮਪਲ ਜੈਗ ਗਿੱਲ ਦੇ ਨਾਲ ਦੋ ਹੋਰ ਪੰਜਾਬੀ ਮੂਲ ਦੇ ਕੌਂਸਲਰ ਕੈਨ ਹੇਅਰ ਅਤੇ ਸ਼ੈਰਨ ਸੰਧੂ ਸਮੇਤ 6 ਕੌਂਸਲਰਾਂ ਨੇ ਅਹੁਦੇ ਦਾ ਹਲਫ ਲਿਆ। ਮੇਅਰ ਜੈਗ ਗਿੱਲ ਨੇ ਅਹੁਦੇ ਦਾ ਹਲਫ ਲੈਣ ਉਪਰੰਤ ਸਿਟੀ ਕੌਂਸਲ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਤੇ ਕੌਂਸਲ ਦੀਆਂ ਵੱਖ ਵੱਖ ਕਮੇਟੀ ਅਤੇ ਅਹੁਦੇਦਾਰਾਂ ਦਾ ਐਲਾਨ ਕੀਤਾ। ਇਸ ਉਪਰੰਤ ਉਹਨਾਂ ਆਪਣੇ ਸੰਬੋਧਨ ਵਿਚ ਮਿਸ਼ਨ ਨਿਵਾਸੀਆਂ, ਆਪਣੇ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਆਪਣੇ ਜੀਵਨ ਸੰਘਰਸ਼ ਅਤੇ ਇਕ ਇਮੀਗ੍ਰਾਂਟ ਪਰਿਵਾਰ ਦੀ ਘਾਲਣਾ ਦਾ ਖਾਸ ਜ਼ਿਕਰ ਕੀਤਾ। ਉਹਨਾਂ ਆਪਣੇ ਪਿਤਾ ਪਰਮਜੀਤ ਸਿੰਘ ਗਿੱਲ,ਮਾਤਾ ਆਲਮਜੀਤ ਕੌਰ ਗਿੱਲ, ਆਪਣੀ ਭੈਣ, ਭਰਾ ਅਤੇ ਪਤਨੀ ਵਲੋਂ ਮਿਲੇ ਸਹਿਯੋਗ ਲਈ ਖਾਸ ਧੰਨਵਾਦ ਕੀਤਾ। ਉਹਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼ਹਿਰ ਲਈ ਬਹੁਤ ਕੁਝ ਕਰਨ ਵਾਲਾ ਹੈ। ਉਹਨਾਂ ਦੇ ਮਨ ਵਿਚ ਸ਼ਹਿਰ ਅਤੇ ਆਪਣੇ ਲੋਕਾਂ ਲਈ ਕੁਝ ਕਰਨ ਦੀ ਇਕ ਰੀਝ ਹੈ। ਉਹਨਾਂ ਕਿਹਾ ਕਿ ਉਹ ਮਿਸ਼ਨ ਸ਼ਹਿਰ ਨੂੰ ਹੋਰ ਖੂਬਸੂਰਤ ਅਤੇ ਵਿਕਾਸ ਪੱਖੋਂ ਹੋਰ ਅੱਗੇ ਲਿਜਾਣ ਲਈ ਹਰ ਕੋਸ਼ਿਸ਼ ਕਰਨਗੇ ਜਿਸ ਲਈ ਉਹਨਾਂ ਨੂੁੰ ਕੌਂਸਲ ਮੈਂਬਰਾਂ ਅਤੇ ਲੋਕਾਂ ਦੇ ਹੋਰ ਸਹਿਯੋਗ ਦੀ ਵਧੇਰੇ ਲੋੜ ਹੈ। ਉਹਨਾਂ ਦੇ ਸੰਬੋਧਨ ਉਪਰੰਤ ਹਾਜ਼ਰ ਲੋਕਾਂ ਨੇ ਉਹਨਾਂ ਦਾ ਤਾੜੀਆਂ ਮਾਰਕੇ ਅਤੇ ਖੜੇ ਹੋਕੇ ਸਵਾਗਤ ਕੀਤਾ। ਚਾਹ-ਪਾਣੀ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਸਾਬਕਾ ਐਮ ਪੀ ਜਤੀ ਸਿੱਧੂ ਨੇ ਸਮਾਗਮ ਵਿਚ ਵਿਸ਼ੇਸ਼ ਸ਼ਿਰਕਤ ਕਰਦਿਆਂ ਮੇਅਰ ਜੈਗ ਗਿੱਲ ਤੇ ਕੌਂਸਲ ਮੈਂਬਰਾਂ ਨੂੰ ਵਧਾਈ ਦਿੱਤੀ।
ਸਹੁੰ ਚੁੱਕ ਸਮਾਗਮ ਉਪਰੰਤ ਮੇਅਰ ਜੈਗ ਗਿੱਲ ਦੇ ਪਿਤਾ ਸ ਪਰਮਜੀਤ ਸਿੰਘ ਗਿੱਲ, ਨਾਨਾ ਜੀ ਸ ਬਿੱਕਰ ਸਿੰਘ ਢਿੱਲੋਂ ਸਮੇਤ ਨਾਨਕਾ ਤੇ ਦਾਦਕਾ ਪਰਿਵਾਰਾਂ ਤੋਂ ਇਲਾਵਾ ਉਹਨਾਂ ਦੇ ਸਮਰਥਕਾਂ ਨੇ ਯਾਦਗਾਰੀ ਤਸਵੀਰਾਂ ਕਰਵਾਈਆਂ।











