Nov 10, 2026

ਲੇਖਕ: ਮਾਰਕ ਫੋਲਮੈਨ

ਅਨੁਵਾਦ: ਸੁਖਵੰਤ ਹੁੰਦਲ

(10 ਫਰਵਰੀ 2026 ਨੂੰ ਬੀ ਸੀ ਦੇ ਛੋਟੇ ਜਿਹੇ ਸ਼ਹਿਰ ਟੰਬਲਰ ਰਿਜ ਵਿਖੇ ਇਕ 18 ਸਾਲਾ ਕੁੜੀ ਜੈਸੀ ਵੈਨ ਰੂਟਸੇਲਾਰ ਨੇ ਪਹਿਲਾਂ ਆਪਣੇ ਘਰ ਵਿੱਚ ਆਪਣੀ ਮਾਂ ਅਤੇ ਮਤਰੇਏ ਭਰਾ ਨੂੰ ਗੋਲੀ ਮਾਰੀ ਅਤੇ ਫਿਰ ਟੰਬਲਰ ਰਿਜ ਦੇ ਸੈਕੰਡਰੀ ਸਕੂਲ ਵਿੱਚ ਜਾ ਕੇ ਗੋਲੀਬਾਰੀ ਕੀਤੀ ਜਿਸ ਵਿੱਚ 6 ਲੋਕ ਮਾਰੇ ਗਏ ਅਤੇ 27 ਲੋਕ ਜਖ਼ਮੀ ਹੋਏ। ਇਸ ਸਮੂਹਿਕ ਕਤਲੇਆਮ ਬਾਰੇ ਅਮਰੀਕਾ ਵਿੱਚ ਛਪਦੇ ਮੈਗਜ਼ੀਨ ਮਦਰ ਜੋਨਜ਼ ਵਿੱਚ ਛਪੇ ਇਕ ਆਰਟੀਕਲ ਨੂੰ ਵੈਨਕੂਵਰ ਤੋਂ ਨਿਕਲਦੇ ਮੈਗਜ਼ੀਨ ਟਾਈ ਨੇ 3 ਨਵੰਬਰ ਨੂੰ ਛਾਪਿਆ ਹੈ। ਇਸ ਆਰਟੀਕਲ ਵਿੱਚ ਇਸ ਕਤਲੇਆਮ ਵਿੱਚ ਓਪਨ ਏ ਆਈ ਦੇ ਚੈਟਬੋਟ ਚੈਟ-ਜੀਪੀਟੀ ਦੀ ਭੂਮਿਕਾ ਬਾਰੇ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ ਗਈ ਹੈ। ਇਹ ਰਿਪੋਰਟ ਆਰਟੀਫਿਸ਼ਲ ਇਨਟੈਲੀਜੈਂਸ ਦੇ ਬਿਨਾਂ ਕਿਸੇ ਨਿਯੰਤਰਨ ਦੇ ਵਿਕਾਸ ਕਾਰਨ ਸਮਾਜ ਲਈ ਪੈਦਾ ਹੋਣ ਵਾਲੇ ਖਤਰਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੀ ਹੈ। ਪੇਸ਼ ਹੈ ਇਸ ਦਾ ਪੰਜਾਬੀ ਅਨੁਵਾਦ।)

ਜੂਨ 2025 ਵਿੱਚ, ਜੈਸੀ ਵੈਨ ਰੂਟਸੇਲਾਰ ਨੂੰ ਓਪਨ ਏ ਆਈ ਤੋਂ ਇੱਕ ਈਮੇਲ ਨੋਟੀਫਿਕੇਸ਼ਨ ਮਿਲੀ। ਵੈਨ ਰੂਟਸੇਲਾਰ ਸੰਭਾਵੀ ਹਿੰਸਕ ਕਾਰਵਾਈਆਂ — ਜਿਸ ਵਿੱਚ ਇੱਕ ਸ਼ਾਪਿੰਗ ਮਾਲ ਵਿੱਚ ਮਾਸ ਸ਼ੂਟਿੰਗ ਵੀ ਸ਼ਾਮਲ ਸੀ — ਕਰਨ ਬਾਰੇ ਚਰਚਾ ਕਰਨ ਲਈ ਚੈਟ-ਜੀਪੀਟੀ ਦੀ ਵਰਤੋਂ ਕਰ ਰਹੀ ਸੀ, ਅਤੇ ਹੁਣ ਓਪਨ ਏ ਆਈ ਨੇ ਉਸ ਦੇ ਅਕਾਊਂਟ ਨੂੰ ਬੈਨ ਕਰ ਦਿੱਤਾ ਸੀ। ਪਰ ਬ੍ਰਿਟਿਸ਼ ਕੋਲੰਬੀਆ ਦੇ ਛੋਟੇ ਜਿਹੇ ਸ਼ਹਿਰ ਟੰਬਲਰ ਰਿੱਜ ਵਿੱਚ ਰਹਿਣ ਵਾਲੀ ਮਾਨਸਿਕ ਤੌਰ `ਤੇ ਪਰੇਸ਼ਾਨ ਇਸ ਕੁੜੀ ਨੇ ਹਾਰ ਨਹੀਂ ਮੰਨੀ ਅਤੇ ਜਲਦੀ ਹੀ ਦੂਜੇ ਅਕਾਊਂਟ ਨਾਲ ਵਾਪਸ ਲੌਗ ਇਨ ਕਰ ਲਿਆ।

ਇਸ ਤੋਂ ਬਾਅਦ ਜੋ ਹੋਇਆ ਉਹ ਹੈਰਾਨ ਕਰਨ ਵਾਲਾ ਸੀ: ਵੈਨ ਰੂਟਸੇਲਾਰ ਨੇ ਚੈਟ-ਜੀਪੀਟੀ ਨੂੰ ਅਕਾਊਂਟ ਬੈਨ ਹੋਣ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਉਸ ਨੇ “ਅਸਲ ਦੁਨੀਆ ਦੇ ਇੱਕ ਮਸ਼ਹੂਰ ਮਾਲ ਨੂੰ ਨਿਸ਼ਾਨਾ ਬਣਾਉਣ ਬਾਰੇ” ਅਤੇ ਆਪਣੇ ਆਪ ਨੂੰ ਹਮਲਾਵਰ ਵਜੋਂ ਦਰਸਾਇਆ ਸੀ, ਪਰ ਇਹ ਦਾਅਵਾ ਵੀ ਕੀਤਾ ਕਿ ਵਰਨਣ ਕੀਤੀ ਇਹ ਸਥਿਤੀ ਅਸਲੀ ਨਹੀਂ ਸੀ। ਜਵਾਬ ਵਿੱਚ, ਚੈਟ-ਜੀਪੀਟੀ ਨੇ ਸਮਝਾਇਆ ਕਿ ਅਜਿਹੀ ਹਿੰਸਕ ਸਮੱਗਰੀ ਨੂੰ ਕਿਉਂ ਫਲੈਗ ਕੀਤਾ ਜਾਂਦਾ ਹੈ — ਅਤੇ ਫਿਰ ਉਸ ਨੇ ਆਪਣੇ ਹੀ ਸੁਰੱਖਿਆ ਉਪਾਵਾਂ ਤੋਂ ਬਚਣ ਦੇ ਤਰੀਕਿਆਂ ਬਾਰੇ ਸੁਝਾਅ ਦਿੱਤੇ। ਇਸ ਨੇ ਵੈਨ ਰੂਟਸੇਲਾਰ ਨੂੰ ਸਲਾਹ ਦਿੱਤੀ ਕਿ ਉਹ ਓਪਨ ਏ ਆਈ ਦੇ ਮੋਡਰੇਸ਼ਨ ਸਿਸਟਮ ਵਲੋਂ  “ਦੁਬਾਰਾ ਕਦੇ ਵੀ ਫਲੈਗ ਨਾ ਹੋਣ” ਲਈ ਹਮੇਸ਼ਾਂ ਆਪਣੀ ਸਮੱਗਰੀ ਨੂੰ ਕਾਲਪਨਿਕ ਜਾਂ ਕਿਆਸ ਆਧਾਰਿਤ ਦੱਸ ਕੇ ਪੇਸ਼ ਕਰੇ।

ਚੈਟ-ਜੀਪੀਟੀ ਨੇ ਕਿਹਾ, “ਅਸਲ-ਦੁਨੀਆ ਦੇ ਥਾਂਵਾਂ ਦੀ ਵਰਤੋਂ ਨਾ ਕਰੋ, ਤੁਸੀਂ ਅਜੇ ਵੀ ਹਿੰਸਕ ਸੋਚ ਰੱਖ ਸਕਦੇ ਹੋ। ਬੱਸ ਇਸ ਬਾਰੇ ਹੁਸਿ਼ਆਰੀ ਵਰਤੋ।”

ਅਗਲੇ ਅੱਠ ਮਹੀਨਿਆਂ ਦੌਰਾਨ, ਟ੍ਰਾਂਸਜੈਂਡਰ ਪਛਾਣ ਰੱਖਣ ਵਾਲੀ ਵੈਨ ਰੂਟਸੇਲਾਰ ਨੇ ਹਿੰਸਾ ‘ਤੇ ਧਿਆਨ ਕੇਂਦਰਿਤ ਕਰਨ ਲਈ ਦੂਜੇ ਚੈਟ-ਜੀਪੀਟੀ ਅਕਾਊਂਟ ਦੀ ਵਰਤੋਂ ਜਾਰੀ ਰੱਖੀ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਤਿੰਨ ਵੱਖ-ਵੱਖ ਸਰੋਤਾਂ ਅਤੇ ਵੈਨ ਰੂਟਸੇਲਾਰ ਦੀ ਚੈਟ-ਜੀਪੀਟੀ ਦੀ ਹਿਸਟਰੀ ਉਪਰਲੀ ਮੇਰੇ ਵਲੋਂ ਰਿਵੀਊ ਕੀਤੀ ਸਮੱਗਰੀ ਦੇ ਅਨੁਸਾਰ ਉਸ ਨੇ ਹਥਿਆਰ ਅਤੇ ਘਰ ਵਿੱਚ ਬਣਾਈ ਧਮਕਾਖੇਜ਼ ਸਮੱਗਰੀ ਬਣਾਉਣ ਅਤੇ ਵਰਤਣ ਬਾਰੇ ਚਰਚਾ ਕੀਤੀ, ਇੱਕ ਮਸ਼ਹੂਰ ਮਾਸ ਕਿਲਰ (ਸਮੂਹਿਕ ਕਾਤਲ) ਬਣਨ ਦੇ ਕਾਲਪਨਿਕ ਸੁਪਨੇ ਵੇਖੇ, ਅਤੇ ਆਪਣੇ ਹਮਲੇ ਨੂੰ ਅੰਜਾਮ ਦੇਣ ਤੋਂ ਠੀਕ ਪਹਿਲਾਂ ਅਸਲ-ਦੁਨੀਆ ਦੇ ਸਕੂਲਾਂ ਵਿਚਲੀਆਂ ਪਿਛਲੀਆਂ ਸ਼ੂਟਿੰਗਾਂ ਦੇ ਸਮੇਂ ਬਾਰੇ ਪੁੱਛਿਆ।

ਵੈਨ ਰੂਟਸੇਲਾਰ ਨੇ ਇਸ ਸਾਲ ਫਰਵਰੀ ਵਿੱਚ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ ਇੱਕ ਆਤਮਘਾਤੀ ਮਾਸ ਸ਼ੂਟਿੰਗ ਕੀਤੀ, ਜਿਸ ਵਿੱਚ ਕੁੱਲ ਅੱਠ ਲੋਕ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖਮੀ ਹੋਏ। ਇਸ ਤੋਂ ਬਾਅਦ, ਵਾਲ ਸਟਰੀਟ ਜਰਨਲ ਨੇ ਰਿਪੋਰਟ ਦਿੱਤੀ ਕਿ ਓਪਨ-ਏ ਆਈ ਨੇ “ਬੰਦੂਕ ਦੀ ਹਿੰਸਾ ਵਾਲੀਆਂ ਸਥਿਤੀਆਂ” ‘ਤੇ ਚਰਚਾ ਕਰਨ ਕਰ ਕੇ ਉਸ ਦੇ ਪਹਿਲੇ ਚੈਟ-ਜੀਪੀਟੀ ਅਕਾਊਂਟ ਨੂੰ ਬੈਨ ਕਰ ਦਿੱਤਾ ਸੀ ਪਰ ਓਪਨ ਏ ਆਈ ਦੀ ਸੇਫਟੀ ਟੀਮ ਦੇ ਕੁੱਝ ਕਰਮਚਾਰੀਆਂ ਦੇ ਕਹਿਣ ਦੇ ਬਾਵਜੂਦ, ਅਧਿਕਾਰੀਆਂ ਨੂੰ ਸੂਚਿਤ ਨਾ ਕਰਨ ਦਾ ਫੈਸਲਾ ਕੀਤਾ ਸੀ।

ਉਸ ਤੋਂ ਬਾਅਦ ਕੈਨੇਡੀਅਨ ਸਰਕਾਰ ਦੇ ਨੇਤਾਵਾਂ ਨੂੰ ਲਿਖੇ ਇੱਕ ਖੁੱਲ੍ਹੇ ਪੱਤਰ ਵਿੱਚ, ਓਪਨ-ਏ ਆਈ  ਨੇ ਉਸ ਦੇ ਅਕਾਊਂਟ ਨੂੰ ਬੈਨ ਕੀਤੇ ਜਾਣ ਦੀ ਪੁਸ਼ਟੀ ਕੀਤੀ ਸੀ ਅਤੇ ਉਸ ਦੇ ਦੂਜੇ ਅਕਾਊਂਟ ਦੇ ਮੌਜੂਦ ਹੋਣ ਦਾ ਖੁਲਾਸਾ ਕੀਤਾ ਸੀ, ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ ਕਿ ਦੂਜੇ ਅਕਾਊਂਟ ਵਿੱਚ ਕੀ ਸਮੱਗਰੀ ਸੀ।

ਉਦੋਂ ਤੋਂ, ਟੰਬਲਰ ਰਿਜ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਕੈਲੀਫੋਰਨੀਆ ਦੀ ਫੈਡਰਲ ਅਦਾਲਤ ਵਿੱਚ ਓਪਨ-ਏ ਆਈ ਵਿਰੁੱਧ ਤਿੰਨ ਦਰਜਨ ਤੋਂ ਵੱਧ ਮੁਕੱਦਮੇ ਦਰਜ ਕਰਵਾਏ ਹਨ, ਜਿਹਨਾਂ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕੰਪਨੀ ਦੇ ਆਗੂ ਜਾਣਦੇ ਸਨ ਕਿ ਚੈਟ-ਜੀਪੀਟੀ ਖਤਰਨਾਕ ਸੀ ਅਤੇ ਵੈਨ ਰੂਟਸੇਲਾਰ “ਇੱਕ ਵਿਆਪਕ ਹਮਲੇ (ਮਾਸ ਅਟੈਕ) ਦੀ ਪਲੈਨ ਬਣਾ ਰਹੀ ਸੀ।”

ਦਾਅਵੇ ਕਰਨ ਵਾਲਿਆਂ (ਮੁਦਈਆਂ) ਦਾ ਦੋਸ਼ ਹੈ ਕਿ ਚੈਟ-ਜੀਪੀਟੀ ਨੇ “ਸ਼ੂਟਰ ਦੀ ਹਿੰਸਕ ਜਨੂੰਨਤਾ ਨੂੰ ਹੋਰ ਡੂੰਘਾ ਕੀਤਾ ਅਤੇ ਉਸ ਨੂੰ ਹਮਲੇ ਵੱਲ ਧੱਕਿਆ।” ਓਪਨ-ਏ ਆਈ  ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੀ ਹੈ। ਕੈਨੇਡਾ ਦੇ ਕਈ ਅਧਿਕਾਰੀਆਂ ਵਲੋਂ ਸਮੂਹਿਕ ਗੋਲੀਬਾਰੀ (ਮਾਸ ਸ਼ੂਟਿੰਗ) ਦੀ ਜਾਂਚ ਅਜੇ ਵੀ ਜਾਰੀ ਹੈ, ਅਤੇ ਜਦੋਂ ਤੱਕ ਮਦਰ ਜੋਨਜ਼ ਨੇ 24 ਸਤੰਬਰ ਨੂੰ ਇਹ ਕਹਾਣੀ ਪ੍ਰਕਾਸ਼ਿਤ ਨਹੀਂ ਕੀਤੀ ਸੀ, ਉਦੋਂ ਤੱਕ ਵੈਨ ਰੂਟਸੇਲਾਰ ਦੀ ਚੈਟ-ਜੀਪੀਟੀ ਦੀ ਵਰਤੋਂ ਬਾਰੇ ਕੋਈ ਹੋਰ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਸੀ।

ਵੈਨ ਰੂਟਸੇਲਾਰ ਦੇ ਦੋਵਾਂ ਚੈਟ-ਜੀ ਪੀ ਟੀ ਅਕਾਊਂਟਾਂ ਵਿਚਲੀ ਹਿੰਸਕ ਸਮੱਗਰੀ, ਜਿਸ ਦਾ ਵੇਰਵਾ ਇੱਥੇ ਦਿੱਤਾ ਗਿਆ ਹੈ, ਪਹਿਲਾਂ ਜਾਣੀ ਗਈ ਜਾਣਕਾਰੀ ਨਾਲੋਂ ਕਿਤੇ ਵੱਧ ਵਿਸਤ੍ਰਿਤ ਅਤੇ ਪਰੇਸ਼ਾਨ ਕਰਨ ਵਾਲੀ ਹੈ। ਵੈਨ ਰੂਟਸੇਲਾਰ, ਜੋ ਹਮਲੇ ਦੇ ਸਮੇਂ 18 ਸਾਲਾਂ ਦੀ ਸੀ, ਨੇ ਅਤਿਅੰਤ ਹਿੰਸਾ ਦੀਆਂ ਖੂਨੀ ਤਸਵੀਰਾਂ ਅਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀਆਂ ਫੋਟੋਆਂ ਅਪਲੋਡ ਕਰਨ ਲਈ ਵੀ ਓਪਨ ਏ ਆਈ ਦੇ ਚੈਟਬੋਟ ਦੀ ਵਰਤੋਂ ਕੀਤੀ ਸੀ। ਉਸ ਨੇ ਸਮੂਹਿਕ ਕਤਲੇਆਮ ਦੀਆਂ ਭਿਆਨਕ ਕਾਲਪਨਿਕ ਕਹਾਣੀਆਂ ਬਣਾਉਣ ਲਈ ਚੈਟ-ਜੀਪੀਟੀ  ‘ਤੇ ਜ਼ੋਰ ਪਾਇਆ। ਇਕ ਕਹਾਣੀ ਵਿੱਚ ਇੱਕ 18 ਸਾਲਾ ਅਪਰਾਧੀ ਨੂੰ ਦਿਖਾਇਆ ਗਿਆ ਸੀ ਜਿਸ ਨੇ ਇੱਕ ਮਾਸ ਸ਼ੂਟਿੰਗ ਨੂੰ ਲਾਈਵਸਟ੍ਰੀਮ ਕੀਤਾ ਸੀ, ਜੋ ਕਿ ਵਾਇਰਲ ਹੋ ਗਈ ਸੀ ਅਤੇ, ਚੈਟ-ਜੀਪੀਟੀ ਦੇ ਕਥਨ ਅਨੁਸਾਰ, ਜਿਸ ਨੇ ਉਸ ਨੂੰ ਇੱਕ ਆਨਲਾਈਨ “ਦੰਤਕਥਾ (ਲੈਜਿੰਡ)” ਬਣਾ ਦਿੱਤਾ ਸੀ। (ਮਸ਼ਹੂਰੀ ਅਕਸਰ ਸਮੂਹਿਕ ਹਮਲਾਵਰਾਂ ਦਾ ਮੁੱਖ ਟੀਚਾ ਹੁੰਦੀ ਹੈ।) ਇੱਕ ਹੋਰ ਕਹਾਣੀ ਵਿੱਚ “ਜੈਸ” ਨਾਮਕ ਇੱਕ ਅਪਰਾਧੀ ਨੂੰ ਦਿਖਾਇਆ ਗਿਆ ਸੀ ਜਿਸ ਨੇ ਪੁਲਿਸ ਨੂੰ ਗੋਲੀ ਮਾਰੀ  ਸੀ ਅਤੇ ਆਪਣੇ ਪੀੜਤਾਂ ਨੂੰ ਮਾਰ ਮੁਕਾਉਣ ਦੌਰਾਨ ਉਹਨਾਂ ਦਾ ਪਿੱਛਾ ਕੀਤਾ ਸੀ ਅਤੇ ਡਰਾਇਆ ਸੀ।

ਇਸ ਰਿਪੋਰਟ ਲਈ ਟਿੱਪਣੀ ਕਰਨ ਲਈ ਕੰਪਨੀ ਨੂੰ ਭੇਜੀਆਂ ਗਈਆਂ ਬੇਨਤੀਆਂ ਅਤੇ ਵਿਸਤ੍ਰਿਤ ਸਵਾਲਾਂ ਦਾ ਕੰਪਨੀ ਨੇ ਕੋਈ ਜਵਾਬ ਨਹੀਂ ਦਿੱਤਾ।

ਸ਼ਾਟਗਨ ਨਾਲ ਕਤਲ ਕਰਨ ਬਾਰੇ ਸਪੱਸ਼ਟ ਸਲਾਹ

ਕੁਝ ਮਾਮਲਿਆਂ ਵਿੱਚ, ਚੈਟ-ਜੀਪੀਟੀ ਨੇ ਸ਼ੁਰੂ ਵਿੱਚ ਵੈਨ ਰੂਟਸੇਲਾਰ ਨਾਲ ਹਿੰਸਾ ਬਾਰੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਪਰ ਉਹ ਆਪਣੀਆਂ ਪੁੱਛਾਂ ਨੂੰ ਦੁਹਰਾ ਕੇ ਜਾਂ ਬਦਲ ਕੇ ਉਨ੍ਹਾਂ ਇਨਕਾਰਾਂ ਤੋਂ ਪਾਰ ਜਾਣ ਵਿੱਚ ਸਫਲ ਰਹੀ। ਅਗਸਤ 2025 ਦੀ ਇੱਕ ਗੱਲਬਾਤ ਵਿੱਚ, ਵੈਨ ਰੂਟਸੇਲਾਰ ਨੇ ਚੈਟ-ਜੀਪੀਟੀ ਨੂੰ ਇੱਕ ਰੈਮਿੰਗਟਨ 870 ਪੰਪ-ਐਕਸ਼ਨ ਸ਼ਾਟਗਨ ਨਾਲ ਇੱਕ ਕਾਲਜ ਕੈਂਪਸ ‘ਤੇ ਹਮਲਾ ਕਰਨ ਅਤੇ ਵੱਧ ਤੋਂ ਵੱਧ ਤਬਾਹੀ ਮਚਾਉਣ ਬਾਰੇ ਇੱਕ ਕਹਾਣੀ ਬਣਾਉਣ ਲਈ ਕਿਹਾ। ਚੈਟ-ਜੀਪੀਟੀ ਨੇ ਜਵਾਬ ਦਿੱਤਾ ਕਿ ਉਹ “ਉਸ ਬੇਨਤੀ ਵਿੱਚ ਮਦਦ ਕਰਨ ਦੇ ਸਮਰੱਥ ਨਹੀਂ ਹੈ,” ਪਰ ਵੈਨ ਰੂਟਸੇਲਾਰ ਨੇ ਦੁਬਾਰਾ ਕੋਸ਼ਿਸ਼ ਕੀਤੀ ਅਤੇ ਆਪਣੀ ਪੁੱਛ ਵਿੱਚ “ਕਾਲਪਨਿਕ ਤੌਰ ‘ਤੇ” ਸ਼ਬਦ ਜੋੜ ਦਿੱਤਾ। ਚੈਟ-ਜੀਪੀਟੀ ਨੇ ਫਿਰ ਉਹ ਸਮੱਗਰੀ ਤਿਆਰ ਕਰ ਦਿੱਤੀ, ਜਿਸ ਵਿੱਚ ਹਥਿਆਰ ਦੀਆਂ ਰਣਨੀਤਕ ਵਿਸ਼ੇਸ਼ਤਾਵਾਂ ਅਤੇ ਇਹ ਕਿੱਥੇ ਪ੍ਰਭਾਵਸ਼ਾਲੀ ਹੋਵੇਗਾ, ਬਾਰੇ ਸਪੱਸ਼ਟ ਭਾਸ਼ਾ ਵਿੱਚ ਵਰਣਨ ਕੀਤਾ ਗਿਆ ਸੀ।

ਚੈਟ-ਜੀਪੀਟੀ  ਨੇ ਕਿਹਾ, “ਇੱਕ ਲਾਂਘੇ (ਹਾਲਵੇਅ), ਅੰਦਰ, ਜਾਂ ਭੀੜ ਵਾਲੇ ਕਲਾਸਰੂਮ ਵਿੱਚ, 870 ਬਹੁਤ ਹੀ ਘਾਤਕ ਹੈ। ਬੰਦ ਥਾਂਵਾਂ ਇਸ ਦਾ ਮੁੱਖ ਖੇਤਰ ਹਨ।”

ਚੈਟ-ਜੀਪੀਟੀ ਨੇ ਦੁਬਾਰਾ ਲੋਡ ਕਰਨ ਲਈ ਲਗਦੇ ਸਮੇਂ ਅਤੇ ਸੰਭਾਵੀ ਨੁਕਸਾਨ ਬਾਰੇ ਵੀ ਚਰਚਾ ਕੀਤੀ: “ਇਹ ਮੰਨਦੇ ਹੋਏ ਕਿ ਹਰੇਕ ਕਾਰਤੂਸ ਨਾਲ ਇੱਕ ਨਿਸ਼ਾਨਾ ਲੱਗਦਾ ਹੈ, ਤੁਸੀਂ ਆਪਸੀ ਦੂਰੀ, ਲੋਕਾਂ ਦੀ ਗਿਣਤੀ, ਪ੍ਰਤੀਕਿਰਿਆ ਕਰਨ ਲਈ ਲੱਗਣ ਵਾਲੇ ਸਮੇਂ ਅਤੇ ਅਫਰਾ-ਤਫਰੀ ਦੇ ਆਧਾਰ ‘ਤੇ ਵੱਧ ਤੋਂ ਵੱਧ 10 ਤੋਂ 20 ਲੋਕਾਂ ਨੂੰ ਢੇਰ ਕਰ ਸਕਦੇ ਹੋ।”

ਮੇਰੇ ਵਲੋਂ ਰਿਵੀਊ ਕੀਤੀ ਗਈ ਸਮੱਗਰੀ ਅਤੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸਰੋਤਾਂ — ਜੋ ਕਿ ਇੱਕ ਚੱਲ ਰਹੀ ਸੰਵੇਦਨਸ਼ੀਲ ਜਾਂਚ ਬਾਰੇ ਗੱਲ ਕਰਦਿਆਂ ਗੁਮਨਾਮ ਰਹਿਣ ਦੀ ਸ਼ਰਤ ‘ਤੇ ਬੋਲਣ ਲਈ ਸਹਿਮਤ ਹੋਏ ਸਨ — ਅਨੁਸਾਰ, ਵੈਨ ਰੂਟਸੇਲਾਰ ਨੇ ਹਮਲੇ ਦੇ ਦਿਨ ਤੱਕ ਚੈਟ-ਜੀਪੀਟੀ ਦੀ ਵਰਤੋਂ ਜਾਰੀ ਰੱਖੀ।

10 ਫਰਵਰੀ, 2026 ਨੂੰ, ਵੈਨ ਰੂਟਸੇਲਾਰ ਨੇ ਚੈਟ-ਜੀਪੀਟੀ ਤੋਂ ਪੁੱਛਿਆ ਕਿ “ਸਕੂਲ ਦੇ ਘੰਟਿਆਂ ਦੌਰਾਨ” ਗੋਲੀਬਾਰੀ ਕਦੋਂ ਹੁੰਦੀ ਹੈ ਅਤੇ ਅਮਰੀਕਾ ਵਿੱਚ ਹੋਈਆਂ ਪ੍ਰਮੁੱਖ ਗੋਲੀਬਾਰੀ ਦੀਆਂ ਘਟਨਾਵਾਂ ਦੇ ਸਮੇਂ ਬਾਰੇ ਪੁੱਛਿਆ। ਚੈਟ-ਜੀਪੀਟੀ ਦੇ ਜਵਾਬਾਂ ਵਿੱਚ ਕੌਲੰਬਾਈਨ, ਸੈਂਡੀ ਹੁੱਕ, ਪਾਰਕਲੈਂਡ, ਅਤੇ ਉਵਾਲਡੇ ਸਮੇਤ ਐਫ ਬੀ ਆਈ ਦੀਆਂ ਪ੍ਰਕਾਸ਼ਿਤ ਖੋਜਾਂ ਅਤੇ ਮਸ਼ਹੂਰ ਸਮੂਹਿਕ ਹੱਤਿਆਵਾਂ ਦਾ ਹਵਾਲਾ ਦਿੱਤਾ ਗਿਆ ਸੀ। ਇਹ ਗੱਲਬਾਤ ਵੈਨ ਰੂਟਸੇਲਾਰ ਦੀ ਚੈਟਬੋਟ ਨਾਲ ਆਖਰੀ ਗੱਲਬਾਤ ਸੀ। ਕੈਨੇਡੀਅਨ ਅਧਿਕਾਰੀਆਂ ਅਨੁਸਾਰ, ਉਸ ਨੇ ਘਰ ਵਿੱਚ ਆਪਣੀ ਮਾਂ ਅਤੇ 11 ਸਾਲਾਂ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕੀਤੀ, ਫਿਰ ਸਕੂਲ ਗਈ ਅਤੇ ਇੱਕ ਲੰਬੀ ਬੰਦੂਕ ਅਤੇ ਇੱਕ ਮੋਡੀਫਾਈਡ ਰਾਈਫਲ ਨਾਲ ਗੋਲੀਆਂ ਚਲਾ ਦਿੱਤੀਆਂ। ਅਧਿਕਾਰੀਆਂ ਨੇ ਵਰਤੇ ਗਏ ਹਥਿਆਰਾਂ ਬਾਰੇ ਹੋਰ ਵੇਰਵੇ ਜਨਤਕ ਨਹੀਂ ਕੀਤੇ ਹਨ।

ਹਿੰਸਾ ਉਦੋਂ ਖਤਮ ਹੋਈ ਜਦੋਂ ਵੈਨ ਰੂਟਸੇਲਾਰ ਨੇ ਪੁਲੀਸ `ਤੇ ਗੋਲੀ ਚਲਾਈ ਅਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦ ਨੂੰ ਖਤਮ ਕਰ ਲਿਆ।

ਸਕੂਲ ਵਿੱਚ ਛੇ ਪੀੜਤਾਂ ਦੀ ਮੌਤ ਹੋ ਗਈ: 12 ਸਾਲਾ ਏਬਲ ਮੁਵਾਂਸਾ, ਕਾਇਲੀ ਸਮਿਥ, ਜ਼ੋਈ ਬੇਨੋਇਟ, ਅਤੇ ਟਿਕਾਰੀਆ ਲੈਮਪਰਟ; 13 ਸਾਲਾ ਏਜ਼ਕੀਅਲ ਸਕੋਫੀਲਡ; ਅਤੇ 39 ਸਾਲਾ ਅਧਿਆਪਕਾ ਸ਼ਾਨਡਾ ਅਵੀਉਗਾਨਾ-ਡੁਰਾਂਡ। ਦਰਜਨਾਂ ਹੋਰ ਜ਼ਖਮੀ ਅਤੇ ਮਾਨਸਿਕ ਤੌਰ ‘ਤੇ ਪ੍ਰਭਾਵਿਤ ਹੋਏ, ਜਿਨ੍ਹਾਂ ਵਿੱਚੋਂ ਦੋ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ।

ਏ ਆਈ  ਵਲੋਂ ਹਿੰਸਾ ਨੂੰ ਉਤਸ਼ਾਹਿਤ ਕਰਨ ਦੀ ਸਮਰੱਥਾ ਤੋਂ ਮਾਹਰ ਚਿੰਤਤ

ਵੈਨਕੂਵਰ ਤੋਂ 400 ਮੀਲ ਤੋਂ ਵੱਧ ਦੂਰ ਉੱਤਰ-ਪੂਰਬ ਵਿੱਚ ਸਥਿਤ ਇਸ ਦੂਰ-ਦੁਰਾਡੇ ਸ਼ਹਿਰ ਵਿੱਚ ਹੋਈ ਤਬਾਹੀ ਅਜਿਹੇ ਮਾਮਲਿਆਂ ਦੀ ਵਧਦੀ ਲੜੀ ਦਾ ਇੱਕ ਹਿੱਸਾ ਹੈ ਜਿੱਥੇ ਲੋਕਾਂ ਨੇ ਹਿੰਸਾ ਦੀ ਤਿਆਰੀ ਲਈ ਚੈਟ-ਜੀਪੀਟੀ ਅਤੇ ਹੋਰ ਏ ਆਈ ਪਲੇਟਫਾਰਮਾਂ ਦੀ ਵਰਤੋਂ ਕੀਤੀ ਹੈ। ਇਸ ਤਕਨੌਲੋਜੀ ਨੇ ਹਮਲਿਆਂ ਨੂੰ ਬੇਮਿਸਾਲ ਤਰੀਕਿਆਂ ਨਾਲ ਉਤਸ਼ਾਹਿਤ ਕੀਤਾ ਹੈ, ਜਿਵੇਂ ਕਿ ਮੈਂ ਕਈ ਹਿੱਸਿਆਂ ਵਾਲੀ ਜਾਂਚ ਵਿੱਚ ਦਸਤਾਵੇਜ਼ੀ ਰੂਪ ਵਿੱਚ ਰਿਕਾਰਡ ਕੀਤਾ ਹੈ ਜਿਸ ਵਿੱਚ ਪਹਿਲੀ ਵਾਰ ਇਸ ਗੱਲ ਦਾ ਵਿਸਤ੍ਰਿਤ ਵਿਸ਼ਲੇਸ਼ਣ ਸ਼ਾਮਲ ਹੈ ਕਿ ਇਕ ਸਮੂਹਿਕ ਗੋਲਾਬਾਰੀ ਕਰਨ ਵਾਲੇ (ਮਾਸ ਸ਼ੂਟਰ) ਨੇ ਚੈਟ-ਜੀਪੀਟੀ ਦੀ ਵਰਤੋਂ ਕਿਵੇਂ ਕੀਤੀ। ਜਿਵੇਂ ਕਿ ਮੈਂ ਫਲੋਰੀਡਾ ਸਟੇਟ ਯੂਨੀਵਰਸਿਟੀ ਵਿੱਚ ਅਪ੍ਰੈਲ 2025 ਦੇ ਹਮਲੇ ਦੀ ਜਾਂਚ ਵਿੱਚ ਵਿਸਥਾਰ ਨਾਲ ਦੱਸਿਆ ਹੈ, ਏ ਆਈ  ਚੈਟ-ਬੋਟਸ ਰਵਾਇਤੀ ਇੰਟਰਨੈੱਟ ਸਰਚਾਂ (ਖੋਜਾਂ) ਨਾਲੋਂ ਕਿਤੇ ਵੱਧ ਕੁਸ਼ਲਤਾ ਨਾਲ ਹਮਲਾਵਰਾਂ ਨੂੰ ਰਣਨੀਤਕ ਵਿਚਾਰ ਅਤੇ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ।

ਇਸ ਤੋਂ ਇਲਾਵਾ, ਇਸ ਦਾ ਮਨੋਵਿਗਿਆਨਕ ਪ੍ਰਭਾਵ ਸ਼ਕਤੀਸ਼ਾਲੀ ਹੋ ਸਕਦਾ ਹੈ। ਵਤੀਰੇ ਦੇ ਖਤਰੇ ਦੇ ਮੁਲਾਂਕਣ (ਵਿਹੇਵੀਅਰਲ ਥਰੈੱਟ ਅਸੈੱਸਮੈਂਟ) ਦੇ ਖੇਤਰ ਵਿੱਚ ਕੰਮ ਕਰਦੇ ਆਗੂਆਂ ਨੇ ਮੈਨੂੰ ਦੱਸਿਆ ਕਿ ਚੈਟਬੋਟਸ ਵਲੋਂ ਕੀਤੀ ਜਾਂਦੀ ਇਨਸਾਨਾਂ ਵਰਗੀ ਗੱਲਬਾਤ ਨੇ ਕਈ ਉੱਚ-ਖਤਰੇ ਵਾਲੇ ਖਤਰੇ ਦੇ ਮਾਮਲਿਆਂ ਵਿੱਚ ਮਾਨਸਿਕ ਤੌਰ `ਤੇ ਪਰੇਸ਼ਾਨ ਵਰਤੋਂਕਾਰਾਂ ਦੇ ਅੰਦਰ ਹਿੰਸਕ ਸੋਚ ਅਤੇ ਯੋਜਨਾਬੰਦੀ ਨੂੰ ਤੇਜ਼ ਕੀਤਾ ਜਾਪਦਾ ਹੈ। ਉਹਨਾਂ ਵਿੱਚੋਂ ਰੋਕਥਾਮ ਨਾਲ ਸੰਬੰਧਿਤ ਕਈ ਮਾਹਰਾਂ (ਪ੍ਰੀਵੈਨਸ਼ਨ ਐਕਸਪਰਟਸ) ਨੇ ਇਸ ਘਟਨਾ ਬਾਰੇ ਡੂੰਘੀ ਚਿੰਤਾ ਪ੍ਰਗਟ ਕੀਤੀ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਏ ਆਈ ਤਕਨੌਲੋਜੀ ਭਰਮਾਂ (ਡਿਲੂਜ਼ਨਜ਼) ਨੂੰ ਕਿਵੇਂ ਵਧਾ ਸਕਦੀ ਹੈ। ਖਤਰੇ ਦਾ ਮੁਲਾਂਕਣ ਕਰਨ ਵਾਲੇ ਇੱਕ ਅਨੁਭਵੀ ਮਾਹਰ, ਸਟੀਵ ਕ੍ਰਿਮਾਂਡੋ ਨੇ ਮੈਨੂੰ ਦੱਸਿਆ, “ਅਸੀਂ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਅਸਲ ਸਮੇਂ ਵਿੱਚ ਦੇਖ ਰਹੇ ਹਾਂ। ਇਹ ਪ੍ਰਭਾਵ ਵਤੀਰੇ ਦੇ ਪੱਧਰ ‘ਤੇ ਇਕੱਤਰ ਹੋ ਰਹੇ ਹਨ ਜੋ, ਮੇਰੀ ਸਮਝ ਵਿੱਚ, ਲੋਕਾਂ ਨੂੰ ਹਿੰਸਾ ਪ੍ਰਤੀ ਬਹੁਤ ਜ਼ਿਆਦਾ ਕਮਜ਼ੋਰ (ਵਲਨੇਰੇਬਲ) ਬਣਾ ਰਹੇ ਹਨ।”

ਓਪਨ-ਏ ਆਈ `ਤੇ ਆਤਮਹੱਤਿਆ ਕਰਨ ਵਾਲੇ ਲੋਕਾਂ ਦੇ ਪਰਿਵਾਰਾਂ ਅਤੇ ਫਲੋਰੀਡਾ ਸਟੇਟ ਯੂਨੀਵਰਸਿਟੀ (ਐੱਫ ਐੱਸ ਯੂ) ਵਿਖੇ ਹੋਈ ਗੋਲੀਬਾਰੀ ਦੇ ਪੀੜਤਾਂ  ਨੇ ਕਈ ਮੁਕੱਦਮੇ ਦਾਇਰ ਕੀਤੇ ਹਨ ਅਤੇ ਫਲੋਰੀਡਾ ਸੂਬੇ ਵਲੋਂ ਇਸ ਵਿਰੁੱਧ ਅਪਰਾਧਕ ਜਾਂਚ ਕੀਤੀ ਜਾ ਰਹੀ ਹੈ।

ਓਪਨ-ਏ ਆਈ ਜ਼ਿੰਮੇਵਾਰੀ ਤੋਂ ਇਨਕਾਰ ਕਰਦੀ ਹੈ

ਕੰਪਨੀ ਵਰਤੋਂਕਾਰਾਂ ਵਲੋਂ ਕੀਤੀਆਂ ਗਈਆਂ ਆਤਮਹੱਤਿਆਵਾਂ ਅਤੇ ਹਿੰਸਾ ਦੀ ਕਿਸੇ ਵੀ ਤਰ੍ਹਾਂ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰਦੀ ਹੈ। ਸੀ ਈ ਓ ਸੈਮ ਆਲਟਮੈਨ ਅਤੇ ਓਪਨ-ਏ ਆਈ  ਦੇ ਬੁਲਾਰਿਆਂ ਨੇ ਚੈਟ-ਜੀਪੀਟੀ ਨਾਲ ਜੁੜੀਆਂ ਜਾਨਲੇਵਾ ਤ੍ਰਾਸਦੀਆਂ ‘ਤੇ ਅਫਸੋਸ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ “ਹਿੰਸਾ ਕਰਨ ਵਿੱਚ ਮਦਦ ਲਈ ਸਾਡੇ ਟੂਲ ਵਰਤੇ ਜਾਣ ਬਾਰੇ” ਕੰਪਨੀ ਦੀ ਜ਼ੀਰੋ-ਟੋਲਰੈਂਸ (ਬਿਲਕੁਲ ਵੀ ਬਰਦਾਸ਼ਤ ਨਾ ਕਰਨ) ਵਾਲੀ ਨੀਤੀ ਹੈ। ਕੰਪਨੀ ਵਰਤੋਂਕਾਰਾਂ ਦੀ ਪ੍ਰਾਈਵੇਸੀ ਦੀ ਰਾਖੀ ਦੀ ਮਹੱਤਤਾ ‘ਤੇ ਵੀ ਜ਼ੋਰ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਉਹ ਮਾਨਸਿਕ ਸਿਹਤ ਮਾਹਰਾਂ ਦੀ ਸੇਧ ਅਧੀਨ ਅਤੇ ਟੰਬਲਰ ਰਿਜ ਤੋਂ ਬਾਅਦ ਸਥਾਪਿਤ ਕੀਤੇ ਗਏ “ਵਧੇਰੇ ਮਜ਼ਬੂਤ” ਨਿਯਮਾਂ ਦੀ ਵਰਤੋਂ ਕਰਕੇ ਸੁਰੱਖਿਆ ਪ੍ਰਬੰਧਾਂ ਵਿੱਚ ਸੁਧਾਰ ਲਈ ਲਗਾਤਾਰ ਕੰਮ ਕਰ ਰਹੀ ਹੈ।

ਪਰ ਜਾਨਲੇਵਾ ਹਿੰਸਾ ਵਿੱਚ ਚੈਟ-ਜੀਪੀਟੀ ਦੀ ਭੂਮਿਕਾ ਦੇ ਵਧਦੇ ਸਬੂਤ, ਜਿਹਨਾਂ ਵਿੱਚ ਤਕਨੌਲੋਜੀ ਦਾ ਅਜੀਬ ਅਤੇ ਪਰੇਸ਼ਾਨ ਕਰਨ ਵਾਲਾ ਵਿਵਹਾਰ ਵੀ ਸ਼ਾਮਲ ਹੈ, ਇਸ ਦੀ ਸੁਰੱਖਿਆ ਬਾਰੇ ਸ਼ੰਕਿਆਂ ਨੂੰ ਹੋਰ ਗੰਭੀਰ ਬਣਾਉਂਦੇ ਹਨ। ਜਦੋਂ ਮੈਂ ਟੰਬਲਰ ਰਿਜ ਤੋਂ ਦੋ ਮਹੀਨੇ ਬਾਅਦ ਅਪ੍ਰੈਲ ਵਿੱਚ ਇੱਕ ਸਮੂਹਿਕ ਗੋਲੀਬਾਰੀ (ਮਾਸ ਸ਼ੂਟਿੰਗ) ਦੀ ਰਿਹਰਸਲ ਕਰਨ ਦੀ ਪਲੈਨ (ਸਿਮੂਲੇਟ ਪਲੈਨ) ਬਣਾਉਣ ਲਈ ਚੈਟ-ਜੀਪੀਟ ਦਾ ਪ੍ਰੀਖਣ ਕੀਤਾ ਤਾਂ ਮੈਂ ਇਸ ਦੇ ਵਾਰ ਵਾਰ ਕੀਤੇ ਇਨਕਾਰਾਂ ਤੋਂ ਪਾਰ ਜਾਣ ਵਿੱਚ ਕਾਮਯਾਬ ਰਿਹਾ। ਇਸ ਨੇ ਮੇਰੀ ਚਿੰਤਾਜਨਕ ਹੱਦ ਤੱਕ ਮਦਦ ਕੀਤੀ, ਇਸ ਤੋਂ ਬਾਅਦ ਵੀ ਜਦੋਂ ਮੈਂ ਉਵਾਲਡੇ ਦੇ ਸਮੂਹਿਕ ਕਤਲਾਮ ਕਰਨ ਵਾਲੇ (ਮਾਸ ਸ਼ੂਟਰ) ਦੇ ਹਥਿਆਰ ਦੀ ਵਰਤੋਂ ਕਰਨ, ਬੌਡੀ `ਤੇ ਪਹਿਨੇ ਕੈਮਰੇ ਨਾਲ ਲਾਈਵਸਟ੍ਰੀਮਿੰਗ ਕਰਨ, ਹੌਲੋ-ਪੁਆਇੰਟ ਗੋਲੀਆਂ ਦੀ ਵਰਤੋਂ ਕਰਨ, ਅਤੇ ਪੁਲੀਸ ਵਲੋਂ ਗੋਲੀ ਨਾਲ ਮਾਰੇ ਜਾਣ ਬਾਰੇ ਗੱਲ ਕੀਤੀ।

ਇਸ ਬਸੰਤ ਤੋਂ, ਓਪਨ-ਏ ਆਈ ਨੇ ਆਪਣੇ ਸੇਫਟੀ ਸਿਸਟਮਾਂ ਅਤੇ ਨੁਕਸਾਨ ਪਹੁੰਚਾਉਣ ਦੀ ਯੋਜਨਾ ਬਣਾ ਰਹੇ ਲੋਕਾਂ ਵਲੋਂ ਇਸ ਦੀ ਤਕਨੌਲੋਜੀ ਦੀ ਵਰਤੋਂ ਕਰਨ ਬਾਰੇ ਇੰਟਰਵਿਊ ਲਈ ਜਾਂ ਲਿਖਤੀ ਸਵਾਲਾਂ ਦੇ ਜਵਾਬ ਦੇਣ ਲਈ ਕੀਤੀਆਂ ਮੇਰੀਆਂ ਕਈ ਬੇਨਤੀਆਂ ਦਾ ਕੋਈ ਜਵਾਬ ਨਹੀਂ ਦਿੱਤਾ।

ਸਿਲੀਕਾਨ ਵੈਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਅਣਕਿਆਸੇ, ਸੰਭਾਵੀ ਤੌਰ ‘ਤੇ ਖਤਰਨਾਕ ਵਿਵਹਾਰ ਨੂੰ ਨਰਮ ਸ਼ਬਦਾਂ ਵਿੱਚ “ਮਿਸਅਲਾਈਨਮੈਂਟ” ਕਹਿੰਦੀ ਹੈ। ਏ ਆਈ ਸੁਰੱਖਿਆ ਹੁਣ ਇੱਕ ਮੁੱਖ ਅੰਤਰਰਾਸ਼ਟਰੀ ਬਹਿਸ ਵਿੱਚ ਬਦਲ ਗਈ ਹੈ ਕਿਉਂਕਿ “ਬਾਗੀ” ਏ ਆਈ ਵਲੋਂ ਹਾਲ ਹੀ ਵਿੱਚ ਹੋਈਆਂ ਹੈਕਿੰਗ ਦੀਆਂ ਘਟਨਾਵਾਂ ਨੇ ਜੈਵਿਕ ਹਥਿਆਰਾਂ (ਬਾਈਓਲੌਜੀਕਲ ਵੈਪਨਜ਼) ਜਾਂ ਅਪਾਹਜ ਕਰ ਦੇਣ ਵਾਲੇ ਸਾਇਬਰ ਹਮਲਿਆਂ ਨਾਲ ਜੁੜੀਆਂ ਸੰਭਾਵੀ ਤਬਾਹੀਆਂ ਬਾਰੇ ਡਰ ਵਧਾ ਦਿੱਤਾ ਹੈ। ਪਰ ਜਿਵੇਂ ਕਿ ਟੰਬਲਰ ਰਿਜ ਵਿੱਚ ਹੋਈ ਵਿਨਾਸ਼ਕਾਰੀ ਹਿੰਸਾ ਦਰਸਾਉਂਦੀ ਹੈ, ਮਾਸ ਸ਼ੂਟਰਾਂ ਨੂੰ ਉਤਸ਼ਾਹਿਤ ਕਰਨ ਵਾਲੀ ਏ ਆਈ ਦਾ ਖਤਰਾ ਪਹਿਲਾਂ ਹੀ ਸਾਡੇ ਸਾਹਮਣੇ ਮੌਜੂਦ ਹੈ।

ਅਗਸਤ ਵਿੱਚ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਲੋਂ  ਜਾਰੀ ਕੀਤੀਆਂ ਗਈਆਂ ਭਾਰੀ ਤੌਰ ‘ਤੇ ਸੰਪਾਦਤ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਟੰਬਲਰ ਰਿਜ ਸੈਕੰਡਰੀ ਸਕੂਲ ਦੇ ਸਰਵੇਲੈਂਸ ਕੈਮਰਿਆਂ ਨੇ ਹਮਲੇ ਨੂੰ ਰਿਕਾਰਡ ਕੀਤਾ ਸੀ। ਭਾਈਚਾਰੇ ਨੂੰ ਹੋਰ ਮਾਨਸਿਕ ਠੇਸ ਪਹੁੰਚਣ ਦੀ ਚਿੰਤਾ ਅਤੇ ਸੰਭਾਵੀ ਤੌਰ `ਤੇ ਹਮਲੇ ਦੀ ਨਕਲ ਕਰਨ ਦੇ ਖਤਰੇ (ਕੌਪੀਕੈਟ ਰਿਸਕ) ਕਾਰਨ ਉਹ ਭਿਆਨਕ ਫੁਟੇਜ ਆਮ ਜਨਤਾ ਦੀ ਪਹੁੰਚ ਤੋਂ ਦੂਰ ਰੱਖੀ ਜਾ ਸਕਦੀ ਹੈ। ਜਿਹਨਾਂ ਸਰੋਤਾਂ ਨਾਲ ਮੈਂ ਗੱਲ ਕੀਤੀ ਹੈ, ਉਹਨਾਂ ਅਨੁਸਾਰ ਸ਼ੂਟਿੰਗ ਦੇ ਵੇਰਵੇ ਦਰਸਾਉਂਦੇ ਹਨ ਕਿ ਵੈਨ ਰੂਟਸੇਲਾਰ ਨੇ ਕੁੱਝ ਅਜਿਹੇ ਤਰੀਕੇ ਵਰਤੇ ਜਿਨ੍ਹਾਂ ਬਾਰੇ ਉਸ ਨੇ ਚੈਟ-ਜੀਪੀਟੀ ਨਾਲ ਚਰਚਾ ਕੀਤੀ ਸੀ।

‘ਇਨਸਾਨੀ ਅਤੇ ਕਾਰਪੋਰੇਟ ਜਵਾਬਦੇਹੀ ਦੀ ਲੋੜ ਹੈ’

ਫਰਵਰੀ ਵਿੱਚ ਵਾਲ ਸਟਰੀਟ ਜਰਨਲ ਦੀ ਰਿਪੋਰਟ ਤੋਂ ਤੁਰੰਤ ਬਾਅਦ, ਓਪਨ-ਏ ਆਈ ਨੇ ਕੈਨੇਡੀਅਨ ਸਰਕਾਰ ਦੇ ਨੇਤਾਵਾਂ ਨਾਲ ਮੁਲਾਕਾਤ ਕਰਨ ਲਈ ਆਪਣੇ ਕਾਰਜਕਾਰੀ ਅਧਿਕਾਰੀਆਂ ਨੂੰ ਔਟਾਵਾ ਭੇਜਿਆ ਅਤੇ ਇੱਕ ਖੁੱਲ੍ਹਾ ਖੱਤ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਸੀ: “ਜੂਨ 2025 ਵਿੱਚ ਪਹਿਲੇ ਅਕਾਊਂਟ ਨੂੰ ਬੰਦ ਕਰਨ ਸਮੇਂ ਅਸੀਂ ਜੋ ਦੇਖ ਸਕਦੇ ਸੀ, ਉਸ ਦੇ ਆਧਾਰ `ਤੇ ਸਾਨੂੰ ਕੋਈ ਭਰੋਸੇਯੋਗ ਅਤੇ ਫੌਰੀ ਯੋਜਨਾਬੰਦੀ ਨਜ਼ਰ ਨਹੀਂ ਆਈ ਜੋ ਮਾਮਲੇ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕੋਲ ਭੇਜਣ ਦੀ ਸਾਡੀ ਹੱਦ ਨੂੰ ਪੂਰਾ ਕਰਦੀ ਹੋਵੇ।”

ਖੱਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ, “ਵਾਰ-ਵਾਰ ਨੀਤੀਆਂ ਦੀ ਉਲੰਘਣਾ ਕਰਨ ਵਾਲਿਆਂ” ਦੀ ਪਛਾਣ ਕਰਨ ਲਈ ਇਕ ਸਿਸਟਮ ਹੋਣ ਦੇ ਬਾਵਜੂਦ, ਓਪਨ-ਏ ਆਈ ਨੂੰ ਵੈਨ ਰੂਟਸੇਲਾਰ ਦੇ ਦੂਜੇ ਚੈਟ-ਜੀਪੀਟੀ ਦੇ ਅਕਾਊਂਟ ਦਾ ਪਤਾ ਟੰਬਲਰ ਰਿਜ ਦੇ ਹਮਲਾਵਰ ਦਾ ਨਾਮ ਜਨਤਕ ਤੌਰ `ਤੇ ਜਾਰੀ ਹੋਣ ਤੋਂ ਬਾਅਦ ਹੀ ਲੱਗਾ।

ਪਰ ਓਪਨ-ਏ ਆਈ  ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ 2025 ਦੀਆਂ ਗਰਮੀਆਂ ਵਿੱਚ ਦੂਜੇ ਅਕਾਊਂਟ ਦਾ ਪਤਾ ਲਾਉਣ ਵਿੱਚ ਕਿਉਂ ਅਸਫਲ ਰਹੀ, ਜਦੋਂ ਵਾਲ ਸਟਰੀਟ ਜਰਨਲ ਦੇ ਅਨੁਸਾਰ, ਕੰਪਨੀ ਦੇ ਨੇਤਾਵਾਂ ਦੇ ਇੱਕ ਗਰੁੱਪ ਨੇ ਹਿੰਸਾ ਅਤੇ ਸਕੂਲ ਦੀਆਂ ਸ਼ੂਟਿੰਗਾਂ ਦੀਆਂ ਚਰਚਾਵਾਂ ਲਈ ਫਲੈਗ ਕੀਤੇ ਗਏ ਲਗਭਗ 10 ਮਾਮਲਿਆਂ ਦੀ ਜਾਂਚ ਕਰਨ ਲਈ ਬੈਠਕ ਕੀਤੀ ਸੀ। (ਇਹ ਅਜੇ ਵੀ ਅਸਪੱਸ਼ਟ ਹੈ ਕਿ ਕੀ ਉਨ੍ਹਾਂ ਵਿੱਚ ਵੈਨ ਰੂਟਸੇਲਾਰ ਦੀਆਂ ਚੈਟਾਂ ਸ਼ਾਮਲ ਸਨ ਜਾਂ ਨਹੀਂ।) ਨਾ ਹੀ ਓਪਨ-ਏ ਆਈ  ਨੇ ਇਹ ਦੱਸਿਆ ਹੈ ਕਿ ਉਹ ਹਮਲੇ ਤੱਕ ਦੇ ਅਗਲੇ ਮਹੀਨਿਆਂ ਵਿੱਚ ਵੈਨ ਰੂਟਸੇਲਾਰ ਦੇ ਦੂਜੇ ਅਕਾਊਂਟ ਦਾ ਪਤਾ ਲਗਾਉਣ ਵਿੱਚ ਅਸਫਲ ਕਿਉਂ ਰਹੀ, ਜਦੋਂ ਕਿ ਉਹ ਹਿੰਸਾ ਨੂੰ ਕੇਂਦਰ ਵਿੱਚ ਰੱਖ ਕੇ ਇਸ ਦੀ ਵਰਤੋਂ ਲਗਾਤਾਰ ਕਰ ਰਹੀ ਸੀ।

ਜਿਹਨਾਂ ਸਰੋਤਾਂ ਨਾਲ ਮੈਂ ਗੱਲ ਕੀਤੀ ਹੈ, ਉਹਨਾਂ ਅਨੁਸਾਰ ਭਾਵੇਂ ਕਿ ਵੈਨ ਰੂਟਸੇਲਾਰ ਦੇ ਚੈਟ-ਜੀਪੀਟੀ ਦੇ ਦੋਵੇਂ ਅਕਾਊਂਟ ਵੱਖ-ਵੱਖ ਨਾਵਾਂ ਅਤੇ ਈਮੇਲ ਪਤਿਆਂ ਨਾਲ ਰਜਿਸਟਰਡ ਸਨ ਪਰ ਹੋਰ ਤਰੀਕਿਆਂ ਨਾਲ ਪਛਾਣ ਕੀਤੀ ਜਾ ਸਕਦੀ ਸੀ ਕਿ ਉਹ ਦੋਵੇਂ ਇਕ ਵਰਤੋਂਕਾਰ ਦੇ ਹਨ। ਤਕਨੌਲੋਜੀ ਕੰਪਨੀਆਂ ਆਮ ਤੌਰ ‘ਤੇ ਦੁਰਵਰਤੋਂ ਨੂੰ ਰੋਕਣ ਲਈ “ਫਿੰਗਰਪ੍ਰਿੰਟਿੰਗ” ਤਕਨੀਕਾਂ ਦੀ ਵਰਤੋਂ ਕਰਦੀਆਂ ਹਨ, ਅਤੇ ਓਪਨ-ਏ ਆਈ ਦੀਆਂ ਆਪਣੀਆਂ ਪ੍ਰਕਾਸ਼ਤ ਲਿਖਤਾਂ ਵਿੱਚ ਕਿਹਾ ਗਿਆ ਹੈ ਕਿ ਉਸ ਕੋਲ ਦੁਰਵਰਤੋਂ ਦਾ ਪਤਾ ਲਗਾਉਣ ਅਤੇ ਆਪਣੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋਸ਼ੀਆਂ ਨੂੰ ਬਲੌਕ ਕਰਨ ਦੀਆਂ ਮਜ਼ਬੂਤ ਸਮਰੱਥਾਵਾਂ ਹਨ। ਓਪਨ-ਏ ਆਈ ਨੇ ਮੇਰੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਕੀ ਵੈਨ ਰੂਟਸੇਲਾਰ ਦੇ ਦੂਜੇ ਅਕਾਊਂਟ ਨੂੰ ਉਸ ਦੇ ਆਟੋਮੇਟਿਡ ਰਿਵੀਊ ਸਿਸਟਮ ਵਲੋਂ  ਫਲੈਗ ਕੀਤਾ ਗਿਆ ਸੀ ਜਾਂ ਉਸ ਨੇ ਬਾਅਦ ਵਿੱਚ, ਮਾਸ ਸ਼ੂਟਿੰਗ ਤੋਂ ਬਾਅਦ, ਉਸ ਦੇ ਦੂਜੇ ਅਕਾਊਂਟ ਦੀ ਪਛਾਣ ਕਿਵੇਂ ਕੀਤੀ।

ਸ਼ੂਟਰ ਵਲੋਂ ਚੈਟ-ਜੀਪੀਟੀ ਦੀ ਵਰਤੋਂ ਤੋਂ ਇਲਾਵਾ, ਕਤਲੇਆਮ ਤੋਂ ਪਹਿਲਾਂ ਸਮੱਸਿਆਵਾਂ ਅਤੇ ਚਿਤਾਵਨੀ ਦੇ ਸੰਕੇਤਾਂ ਦੀ ਇੱਕ ਲੰਮੀ ਲੜੀ ਮੌਜੂਦ ਸੀ। ਵੈਨ ਰੂਟਸੇਲਾਰ ਦਾ ਆਤਮਹੱਤਿਆ ਦੇ ਵਿਚਾਰਾਂ, ਹਸਪਤਾਲ ਵਿੱਚ ਜ਼ਬਰੀ ਭਰਤੀ ਕੀਤੇ ਜਾਣ ਅਤੇ  ਨਸ਼ਿਆਂ ਦੀ ਵਰਤੋਂ ਅਤੇ ਆਨਲਾਈਨ ਹਿੰਸਕ ਅਤੇ ਅਤਿਵਾਦੀ ਸਮੱਗਰੀ  ਨਾਲ ਬਹੁਤ ਜ਼ਿਆਦਾ ਜੁੜਨ ਦੇ ਪਰੇਸ਼ਾਨ ਕਰਨ ਵਾਲੇ ਵਤੀਰੇ ਦਾ ਇਤਿਹਾਸ ਸੀ। ਉਹ ਹਮਲੇ ਤੋਂ ਕਈ ਸਾਲ ਪਹਿਲਾਂ ਸਕੂਲ ਛੱਡ ਚੁੱਕੀ ਸੀ, ਅਤੇ 2023 ਵਿੱਚ, ਭਰਮ ਪਾਉਣ ਵਾਲੀਆਂ ਖੁੰਭਾਂ (ਹੈਲੂਸੀਨੋਜੈਨਿਕ ਮਸ਼ਰੂਮਜ਼) ਦੇ ਨਸ਼ੇ ਵਿੱਚ ਅੱਗ ਲਗਾਉਣ ਤੋਂ ਬਾਅਦ ਪੁਲਿਸ ਉਸ ਦੇ ਘਰ ਗਈ ਸੀ। ਪੁਲਿਸ ਨੇ ਇੱਕ ਸਮੇਂ ਉਸ ਦੇ ਘਰ ਤੋਂ ਬੰਦੂਕਾਂ ਜ਼ਬਤ ਕੀਤੀਆਂ ਸਨ, ਜੋ ਬਾਅਦ ਵਿੱਚ ਵਾਪਸ ਕਰ ਦਿੱਤੀਆਂ ਗਈਆਂ ਸਨ। (ਅਧਿਕਾਰੀਆਂ ਨੇ ਦੱਸਿਆ ਕਿ ਉਹ, ਉਹ ਬੰਦੂਕਾਂ ਨਹੀਂ ਸਨ ਜੋ ਹਮਲੇ ਵਿੱਚ ਵਰਤੀਆਂ ਗਈਆਂ ਸਨ।)

ਪੀੜਤਾਂ ਦੇ ਮੁਕੱਦਮਿਆਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ 2 ਸਤੰਬਰ ਨੂੰ ਅਦਾਲਤ ਵਿੱਚ ਦਰਜ ਕੀਤੀ ਗਈ ਇੱਕ ਪਟੀਸ਼ਨ ਵਿੱਚ, ਓਪਨ ਏ ਆਈ ਨੇ ਦਲੀਲ ਦਿੱਤੀ ਕਿ “ਉਸ ਦੇ ਭਾਈਚਾਰੇ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ, ਮਾਨਸਿਕ-ਸਿਹਤ ਸੰਭਾਲ, ਅਤੇ ਵਿਦਿਅਕ ਸੰਸਥਾਵਾਂ ਦੀਆਂ ਢਾਂਚਾਗਤ ਅਸਫਲਤਾਵਾਂ” ਦੇ ਮੱਦੇਨਜ਼ਰ ਵੈਨ ਰੂਟਸੇਲਾਰ ਦੀ ਹਿੰਸਾ ਲਈ ਓਪਨ ਏ ਆਈ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਕੰਪਨੀ ਨੇ ਅੱਗੇ ਸੁਝਾਅ ਦਿੱਤਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਮਾਨਸਿਕ ਸਿਹਤ ਨਾਲ ਸਬੰਧਤ ਬੰਦੂਕਾਂ ਬਾਬਤ ਢਿੱਲੇ ਨਿਯਮ ਇਸ ਦੇ ਦੋਸ਼ੀ ਹੋ ਸਕਦੇ ਹਨ।

ਪਰ ਮਾਹਰਾਂ ਅਨੁਸਾਰ, ਵੈਨ ਰੂਟਸੇਲਾਰ ਵਲੋਂ ਚੈਟ-ਜੀਪੀਟੀ ਦੀ ਵਰਤੋਂ ਦੀ ਪੂਰੀ ਤਸਵੀਰ ਅਸਲ ਵਿੱਚ ਇੱਕ ਵੱਖਰੇ ਨਤੀਜੇ ਵੱਲ ਇਸ਼ਾਰਾ ਕਰ ਸਕਦੀ ਹੈ: ਜੇਕਰ ਉਸ ਦੇ ਵਿਵਹਾਰ ਅਤੇ ਮਾਨਸਿਕ ਸਿਹਤ ਬਾਰੇ ਪਹਿਲਾਂ ਹੀ ਚਿੰਤਤ ਸਥਾਨਕ ਅਧਿਕਾਰੀਆਂ ਨੂੰ ਇਹਨਾਂ ਚੈਟਾਂ ਬਾਰੇ ਸੂਚਿਤ ਕੀਤਾ ਗਿਆ ਹੁੰਦਾ, ਤਾਂ ਆਤਮਹੱਤਿਆ ਦੀ ਪਰਵਿਰਤੀ ਅਤੇ ਹਮਲੇ ਦੀ ਯੋਜਨਾਬੰਦੀ ਦੇ ਮਜ਼ਬੂਤ ਸੰਕੇਤਾਂ ਕਾਰਨ ਹੋ ਸਕਦਾ ਸੀ ਉਹ ਦਖਲਅੰਦਾਜ਼ੀ ਕਰਨ ਬਾਰੇ ਸੋਚਦੇ। ਵਿਵਹਾਰਕ ਖਤਰੇ ਦੇ ਮੁਲਾਂਕਣ ਦੇ ਆਗੂਆਂ, ਜਿਨ੍ਹਾਂ ਨਾਲ ਮੈਂ ਟੰਬਲਰ ਰਿਜ ਅਤੇ ਫਲੋਰੀਡਾ ਸਟੇਟ ਯੂਨੀਵਰਸਿਟੀ (ਐਫ ਐਸ ਯੂ) ਦੇ ਸ਼ੂਟਰਾਂ ਦੇ ਚੈਟ-ਜੀਪੀਟੀ ਅਕਾਊਂਟਾਂ ਦੀ ਸਮੱਗਰੀ ਦਾ ਰਿਵੀਊ ਕੀਤਾ, ਨੇ ਪੁਸ਼ਟੀ ਕੀਤੀ ਕਿ ਸਮੱਗਰੀ ਤੋਂ ਉੱਚ ਖਤਰੇ ਦਾ ਸੰਕੇਤ ਮਿਲਦਾ ਸੀ। (ਚੱਲ ਰਹੀਆਂ ਜਾਂਚਾਂ ਬਾਰੇ ਗੱਲ ਕਰਦੇ ਸਮੇਂ ਉਨ੍ਹਾਂ ਸਰੋਤਾਂ ਨੇ ਜਨਤਕ ਤੌਰ ‘ਤੇ ਆਪਣੀ ਪਛਾਣ ਜ਼ਾਹਰ ਕਰਨ ਤੋਂ ਇਨਕਾਰ ਕੀਤਾ ਹੈ।)

ਓਪਨ-ਏ ਆਈ ਨੇ ਖੁਦ ਕੈਨੇਡੀਅਨ ਅਧਿਕਾਰੀਆਂ ਨਾਲ ਸੰਪਰਕ ਨਾ ਕਰਨ ਦੀ ਆਪਣੀ ਅਸਫਲਤਾ ‘ਤੇ ਅਫਸੋਸ ਪ੍ਰਗਟ ਕੀਤਾ ਹੈ। ਸੀ ਈ ਓ ਸੈਮ ਆਲਟਮੈਨ ਨੇ ਹਮਲੇ ਤੋਂ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਬਾਅਦ, ਅਪ੍ਰੈਲ 2026 ਵਿੱਚ ਟੰਬਲਰ ਰਿਜ ਭਾਈਚਾਰੇ ਦੇ ਨਾਂ ਲਿਖੇ ਇੱਕ ਪੱਤਰ ਵਿੱਚ ਲਿਖਿਆ, “ਮੈਨੂੰ ਬਹੁਤ ਅਫਸੋਸ ਹੈ ਕਿ ਅਸੀਂ ਜੂਨ ਵਿੱਚ ਬੈਨ ਕੀਤੇ ਗਏ ਅਕਾਊਂਟ ਬਾਰੇ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਨੂੰ ਸੂਚਿਤ ਨਹੀਂ ਕੀਤਾ।” ਓਪਨ-ਏ ਆਈ ਨੇ ਮਾਸ ਸ਼ੂਟਿੰਗ ਤੋਂ ਬਾਅਦ ਇਹ ਵੀ ਕਿਹਾ ਹੈ ਕਿ, ਆਪਣੇ ਸੁਰੱਖਿਆ ਪ੍ਰੋਟੋਕੋਲ ਵਿੱਚ ਕੀਤੇ ਗਏ ਸੁਧਾਰਾਂ ਦੇ ਆਧਾਰ ‘ਤੇ, “ਜੇਕਰ ਜੂਨ 2025 ਵਿੱਚ ਬੈਨ ਕੀਤਾ ਗਿਆ ਅਕਾਊਂਟ ਅੱਜ ਮਿਲੇ, ਤਾਂ ਅਸੀਂ ਮਾਮਲਾ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਕੋਲ ਭੇਜਾਂਗੇ।”

ਆਲਟਮੈਨ ਦੇ ਮਾਫੀ ਪੱਤਰ ਵਿੱਚ ਵੈਨ ਰੂਟਸੇਲਾਰ ਦੇ ਦੂਜੇ ਅਕਾਊਂਟ ਦਾ ਕੋਈ ਜ਼ਿਕਰ ਨਹੀਂ ਸੀ ਜੋ ਹਮਲੇ ਦੇ ਦਿਨ ਤੱਕ ਵਰਤਿਆ ਗਿਆ ਸੀ। ਵਿਸ਼ੇਸ਼ ਤੌਰ ‘ਤੇ, 10 ਫਰਵਰੀ ਨੂੰ ਸਕੂਲ ਸ਼ੂਟਿੰਗਾਂ ਦੇ ਸਮੇਂ ਬਾਰੇ ਉਸ ਦੀ ਚੈਟ ਨੇ ਅਪ੍ਰੈਲ 2025 ਵਿੱਚ ਫਲੋਰੀਡਾ ਸਟੇਟ ਦੇ ਮਾਸ ਸ਼ੂਟਰ ਦੀਆਂ ਆਖਰੀ ਚੈਟਾਂ ਨੂੰ ਦੁਹਰਾਇਆ ਸੀ। ਉਸ ਅਪਰਾਧੀ ਨੇ ਚੈਟ-ਜੀਪੀਟੀ ਤੋਂ ਪੁੱਛਿਆ ਸੀ ਕਿ ਫਲੋਰੀਡ ਸਟੇਟ ਯੂਨੀਵਰਸਿਟੀ (ਐਫ ਐਸ ਯੂ) ਦੀ ਸਟੂਡੈਂਟ ਯੂਨੀਅਨ ਵਿਖੇ, ਜਿਸ ਨੂੰ ਉਸ ਨੇ ਨਿਸ਼ਾਨਾ ਬਣਾਇਆ ਸੀ, ਸਭ ਤੋਂ ਵੱਧ ਭੀੜ ਕਦੋਂ ਹੋਵੇਗੀ। ਵੈਨ ਰੂਟਸੇਲਾਰ ਨੂੰ ਐਫ ਐਸ ਯੂ ਦੇ ਹਮਲੇ ਵਿੱਚ ਚੈਟ-ਜੀਪੀਟੀ ਦੀ ਭੂਮਿਕਾ ਬਾਰੇ ਪਤਾ ਨਹੀਂ ਹੋ ਸਕਦਾ ਸੀ, ਜੋ ਕਿ ਘਟਨਾ ਦੇ ਇੱਕ ਸਾਲ ਬਾਅਦ ਤੱਕ ਜਨਤਕ ਨਹੀਂ ਹੋਈ ਸੀ — ਪਰ ਓਪਨ-ਏ ਆਈ  ਨੂੰ ਪਤਾ ਸੀ।

ਇਸ ਬਸੰਤ ਵਿੱਚ ਫਲੋਰੀਡਾ ਦੇ ਅਧਿਕਾਰੀਆਂ ਵਲੋਂ ਤਕਨੌਲੋਜੀ ਦੀ ਭੂਮਿਕਾ ਦਾ ਖੁਲਾਸਾ ਕਰਨ ਤੋਂ ਬਾਅਦ, ਓਪਨ-ਏ ਆਈ ਦੇ ਇੱਕ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, “2025 ਦੇ ਅਪ੍ਰੈਲ ਦੇ ਅਖੀਰ ਵਿੱਚ  ਐਫ ਐਸ ਯੂ ਦੀ ਘਟਨਾ ਬਾਰੇ ਜਾਣਨ ਤੋਂ ਬਾਅਦ, ਅਸੀਂ ਸ਼ੱਕੀ ਨਾਲ ਜੁੜੇ ਹੋਣ ਦੇ ਸ਼ੱਕ ਵਾਲੇ ਇੱਕ ਚੈਟ-ਜੀਪੀਟੀ ਅਕਾਊਂਟ ਦੀ ਪਛਾਣ ਕੀਤੀ, ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਨਾਲ ਇਹ ਜਾਣਕਾਰੀ ਸਰਗਰਮੀ ਨਾਲ ਸਾਂਝੀ ਕੀਤੀ ਅਤੇ ਅਧਿਕਾਰੀਆਂ ਨਾਲ ਸਹਿਯੋਗ ਕੀਤਾ।”

ਐਫ ਐਸ ਯੂ ਦੀ ਸ਼ੂਟਿੰਗ ਦੇ ਚਾਰ ਮਹੀਨਿਆਂ ਬਾਅਦ, ਅਗਸਤ 2025 ਵਿੱਚ — ਇਹ ਉਹੀ ਮਹੀਨਾ ਸੀ ਜਦੋਂ ਚੈਟ-ਜੀਪੀਟੀ ਨੇ ਵੈਨ ਰੂਟਸੇਲਾਰ ਨਾਲ ਸ਼ਾਟਗਨ ਦੇ ਕਾਲਪਨਿਕ ਹਮਲੇ ਬਾਰੇ ਚਰਚਾ ਕੀਤੀ ਸੀ — ਓਪਨ-ਏ ਆਈ  ਨੇ ਇੱਕ ਲੇਖ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਇਹ ਸਵੀਕਾਰ ਕੀਤਾ ਗਿਆ ਸੀ ਕਿ “ਲੰਬੀਆਂ ਗੱਲਾਂਬਾਤਾਂ” ਦੌਰਾਨ ਚੈਟ-ਜੀਪੀਟੀ ਦੇ ਸੁਰੱਖਿਆ ਪ੍ਰਬੰਧ “ਕਮਜ਼ੋਰ ਹੋ ਸਕਦੇ ਹਨ” ਅਤੇ ਕਦੇ-ਕਦੇ ਸੁਰੱਖਿਆ ਸਿਸਟਮ “ਜੋ ਉਹ ਦੇਖ ਰਿਹਾ ਹੈ ਉਸ ਦੀ ਗੰਭੀਰਤਾ ਨੂੰ ਘਟਾ ਕੇ ਦੇਖਦਾ ਹੈ।” ਕੰਪਨੀ ਨੇ ਲਿਖਿਆ ਕਿ ਉਹ ਇਸ ਕਿਸਮ ਦੀ “ਖਰਾਬੀ” ਨੂੰ ਹੱਲ ਕਰਨ ਲਈ ਕੰਮ ਕਰ ਰਹੀ ਸੀ। ਵੈਨ ਰੂਟਸੇਲਾਰ ਦੀਆਂ ਹਿੰਸਕ ਚੈਟਾਂ ਅਗਲੇ ਛੇ ਮਹੀਨਿਆਂ ਤੱਕ ਜਾਰੀ ਰਹੀਆਂ, ਜਦੋਂ ਤੱਕ ਉਸਨੇ ਗੋਲੀਬਾਰੀ ਨਹੀਂ ਕੀਤੀ।

ਇਸ ਸਤੰਬਰ ਵਿੱਚ ਪੀੜਤਾਂ ਵਲੋਂ ਦਰਜ ਕੀਤੇ ਗਏ ਮੁਕੱਦਮਿਆਂ ਦੇ ਦੂਜੇ ਦੌਰ ਦੇ ਜਵਾਬ ਵਿੱਚ, ਓਪਨ-ਏ ਆਈ ਦੇ ਮੁੱਖ ਸਟ੍ਰੈਟਜੀ ਅਫਸਰ, ਜੇਸਨ ਕਵੋਨ ਨੇ ਸੋਸ਼ਲ ਮੀਡੀਆ ‘ਤੇ ਇੱਕ ਲੰਮਾ ਬਿਆਨ ਪੋਸਟ ਕੀਤਾ: “ਅਜਿਹਾ ਇੱਕ ਵੀ ਦਿਨ ਨਹੀਂ ਲੰਘਦਾ ਜਦੋਂ ਮੈਂ ਟੰਬਲਰ ਰਿਜ ਵਿੱਚ ਜੋ ਹੋਇਆ, ਜਾਂ ਇਸ ਵਿਨਾਸ਼ਕਾਰੀ ਤ੍ਰਾਸਦੀ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਨਾ ਸੋਚਾਂ। ਇਹ ਉਸ ਮਹੱਤਵਪੂਰਨ ਅਤੇ ਬਹੁਤ ਹੀ ਔਖੇ ਕੰਮ ਦੀ ਇੱਕ ਨਿਰੰਤਰ ਅਤੇ ਗੰਭੀਰ ਯਾਦ ਦਿਵਾਉਂਦਾ ਹੈ ਜੋ ਮੇਰੀ ਟੀਮ ਦੇ ਕਈ ਲੋਕ ਹਰ ਦਿਨ ਕਰਦੇ ਹਨ।” ਫਿਰ ਉਸ ਨੇ ਓਪਨ ਏ ਆਈ ਦੇ ਨੇਤਾਵਾਂ ਦੀਆਂ ਭੂਮਿਕਾਵਾਂ ਬਾਰੇ ਮੁਕੱਦਮੇ ਵਿੱਚ ਲਾਏ ਗਏ ਕੁੱਝ ਦੋਸ਼ਾਂ ਦਾ ਖੰਡਨ ਕੀਤਾ ਅਤੇ ਕੰਪਨੀ ਦੇ ਅੰਦਰੂਨੀ ਢਾਂਚੇ ਅਤੇ ਅਜਿਹੇ ਨੁਕਸਾਨ ਨੂੰ ਰੋਕਣ ਬਾਰੇ ਕੰਪਨੀ ਦੀ ਪਹੁੰਚ ਦਾ ਵਿਆਪਕ ਰੂਪ ਵਿੱਚ ਵਰਣਨ ਕੀਤਾ।

ਅਗਲੇ ਦਿਨ, ਬ੍ਰਿਟਿਸ਼ ਕੋਲੰਬੀਆ ਦੇ ਉਸ ਸਮੇਂ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਮੁਕੱਦਮਿਆਂ ਅਤੇ ਟੰਬਲਰ ਰਿਜ ਵਿੱਚ ਹੋਈ ਤਬਾਹੀ — “ਜਿਸ ਵਿੱਚ ਓਪਨ-ਏ ਆਈ ਸ਼ਾਮਲ ਸੀ ਅਤੇ ਉਸ ਨੇ ਇਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ” — ਬਾਰੇ ਮੀਡੀਏਸ਼ਨ ਦੇ ਅਮਲ ਤੋਂ ਪਿੱਛੇ ਹਟਣ ਲਈ ਓਪਨ-ਏ ਆਈ  ਦੀ ਨਿੰਦਾ ਕੀਤੀ।

ਕੈਨੇਡਾ ਦੇ ਮੀਡੀਆ ਅਨੁਸਾਰ ਈਬੀ ਨੇ ਕਿਹਾ, “ਇਹ ਇਸ ਗੱਲ ਨੂੰ ਦਿਖਾਉਂਦਾ ਹੈ ਕਿ ਇਹਨਾਂ ਕੰਪਨੀਆਂ ‘ਤੇ ਭਰੋਸਾ ਕਿਉਂ ਨਹੀਂ ਕੀਤਾ ਜਾ ਸਕਦਾ। ਆਪਣੇ ਆਪ ਨੂੰ ਨਿਯਮਤ ਕਰਨ ਲਈ ਉਹਨਾਂ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ; ਜੋ ਉਹ ਕਹਿੰਦੇ ਹਨ ਉਸ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।”

21 ਸਤੰਬਰ ਨੂੰ, ਬ੍ਰਿਟਿਸ਼ ਕੋਲੰਬੀਆ ਦੀ ਉਸ ਸਮੇਂ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਟੰਬਲਰ ਰਿਜ ਦੇ ਪੀੜਤਾਂ ਤੋਂ ਵੱਖ, ਓਪਨ-ਏ ਆਈ  ਵਿਰੁੱਧ ਸੂਬੇ ਦੇ ਆਪਣੇ ਮੁਕੱਦਮੇ ਦਾ ਐਲਾਨ ਕੀਤਾ, ਜਿਸ ਦਾ ਉਦੇਸ਼ ਇਸ ਤ੍ਰਾਸਦੀ ਤੋਂ ਹੋਏ ਵੱਡੇ ਵਿੱਤੀ ਖਰਚਿਆਂ ਦੀ ਭਰਪਾਈ ਕਰਨਾ ਅਤੇ ਓਪਨ-ਏ ਆਈ ਨੂੰ ਜਵਾਬਦੇਹ ਠਹਿਰਾਉਣਾ ਹੈ। ਟੰਬਲਰ ਰਿਜ ਸ਼ਹਿਰ ਨੇ ਸਕੂਲ ਨੂੰ ਪਹਿਲਾਂ ਹੀ ਢਾਹ ਦਿੱਤਾ ਹੈ ਅਤੇ, ਮੁਕੱਦਮੇ ਦੇ ਅਨੁਸਾਰ, ਮਾਨਸਕ ਤੌਰ `ਤੇ ਪੀੜਤ ਹੋਏ ਬੱਚਿਆਂ ਅਤੇ ਬਾਲਗਾਂ ਨੂੰ ਮਾਨਸਿਕ ਸਿਹਤ ਨਾਲ ਸੰਬੰਧਿਤ ਕਾਉਂਸਲਿੰਗ ਪ੍ਰਦਾਨ ਕੀਤੀ ਗਈ ਹੈ।

ਸ਼ਰਮਾ ਨੇ ਕਿਹਾ ਕਿ ਉਹ ਕੈਨੇਡਾ ਦੀ ਕ੍ਰਿਮੀਨਲ ਕੋਡ ਵਿੱਚ ਤਬਦੀਲੀ ਦੀ ਮੰਗ ਵੀ ਕਰ ਰਹੀ ਹੈ: “ਏ ਆਈ ਦੀਆਂ ਖ਼ਤਰਨਾਕ ਕਾਰਵਾਈਆਂ ਲਈ ਇਨਸਾਨੀ ਅਤੇ ਕਾਰਪੋਰੇਟ ਜਵਾਬਦੇਹੀ ਹੋਣੀ ਚਾਹੀਦੀ ਹੈ।”

Leave a Reply

Your email address will not be published. Required fields are marked *