ਮੇਅਰ ਡੱਗ ਮੈਕਲਮ ਨੂੰ ਸਿਰੋਪਾ ਦੇ ਕੇ ਕੀਤਾ ਸਨਮਾਨ- ਡਿਪਟੀ ਮੇਅਰ ਮਨਦੀਪ ਨਾਗਰਾ ਨੇ ਵੋਟਰਾਂ, ਸਮਰਥਕਾਂ ਤੇ ਵਲੰਟੀਅਰਾਂ ਦਾ ਕੀਤਾ ਧੰਨਵਾਦ-
ਸਰੀ (ਮਹੇਸ਼ਇੰਦਰ ਸਿੰਘ ਮਾਂਗਟ) — ਸੇਫ਼ ਸਰੀ ਕੋਲੀਸ਼ਨ ਦੀ ਸਮੁੱਚੀ ਟੀਮ ਵੱਲੋਂ ਕੌਂਸਲ ਚੋਣਾਂ ਵਿੱਚ ਮਿਲੀ ਜਿੱਤ ਮਗਰੋਂ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਸਰੀ–ਡੈਲਟਾ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਮਾਗਮ ਵਿੱਚ ਸਰੀ ਦੇ ਮੇਅਰ ਡੱਗ ਮੈਕਲਮ, ਡਿਪਟੀ ਮੇਅਰ ਮਨਦੀਪ ਸਿੰਘ ਨਾਗਰਾ , ਕੌਂਸਲਰ ਚੇਨੀ ਕਲੋਕ, ਡੱਗ ਐਲਫੋਰਡ, ਐਲੀਸਨ ਪੈਟਨ, ਸੁਹਾਨਾ ਗਿੱਲ, ਲੌਰੀ ਗੇਰਾ, ਮੀਰਾ ਗਿੱਲ ਸਮੇਤ ਟੀਮ ਦੇ ਹੋਰ ਮੈਂਬਰ ਹਾਜ਼ਰ ਸਨ।
ਭੋਗ ਉਪਰੰਤ ਮੇਅਰ ਡੱਗ ਮੈਕਲਮ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਟੀਮ ਦਾ ਮੁੱਖ ਧਿਆਨ ਸਰੀ ਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ’ਤੇ ਰਹੇਗਾ।
ਮੈਕਲਮ ਨੇ ਕਿਹਾ ਕਿ ਸਰੀ ਵਿੱਚ ਸਿਹਤ ਸਹੂਲਤਾਂ ਦੀ ਘਾਟ ਕਾਰਨ ਵਸਨੀਕ ਲੰਮੇ ਸਮੇਂ ਤੋਂ ਇੱਕ ਹੋਰ ਹਸਪਤਾਲ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਵੇਂ ਹਸਪਤਾਲ ਲਈ ਕੰਮ ਨੂੰ ਜਲਦੀ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਨੇ ਆਵਾਜਾਈ ਸੁਧਾਰਨ ਲਈ ਸਰੀ ਸੈਂਟਰ ਤੋਂ ਨਿਊਟਨ ਤੱਕ ਸਕਾਈਟ੍ਰੇਨ ਦੇ ਵਿਸਥਾਰ ਨੂੰ ਵੀ ਆਪਣੀ ਟੀਮ ਦੀਆਂ ਤਰਜੀਹਾਂ ਵਿੱਚ ਗਿਣਿਆ।
ਡਿਪਟੀ ਮੇਅਰ ਮਨਦੀਪ ਨਾਗਰਾ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਮਿਲੀ ਜਿੱਤ ਲਈ ਸਰੀ ਦੇ ਵੋਟਰਾਂ, ਸਮਰਥਕਾਂ ਅਤੇ ਚੋਣ ਮੁਹਿੰਮ ਵਿੱਚ ਦਿਨ-ਰਾਤ ਮਿਹਨਤ ਕਰਨ ਵਾਲੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰੀ ਵਾਸੀਆਂ ਨੇ ਉਨ੍ਹਾਂ ਦੀ ਟੀਮ ’ਤੇ ਜੋ ਭਰੋਸਾ ਜਤਾਇਆ ਹੈ, ਉਸ ’ਤੇ ਖਰਾ ਉਤਰਨ ਲਈ ਉਹ ਵਚਨਬੱਧ ਹਨ। ਨਾਗਰਾ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਸਰੀ ਵਾਸੀਆਂ ਨੂੰ ਚੋਣ ਮੁਹਿੰਮ ਦੌਰਾਨ ਕੀਤੇ ਵਾਅਦਿਆਂ ਨੂੰ ਅਮਲ ਵਿੱਚ ਲਿਆਉਣ ਵੱਲ ਠੋਸ ਕਦਮ ਚੁੱਕੇ ਜਾਂਦੇ ਨਜ਼ਰ ਆਉਣਗੇ। ਸ਼ੁਕਰਾਨਾ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਮਰਥਕਾਂ ਅਤੇ ਸੰਗਤ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।





