Nov 17, 2026

ਵੈਨਕੂਵਰ, 16 ਨਵੰਬਰ (ਮਲਕੀਤ ਸਿੰਘ) — ਬੀਤੇ ਐਤਵਾਰ ਦੀ  ਰਾਤ ਨੂੰ ਸਰੀ ਦੀ 124 ਸਟਰੀਟ ਤੇ 88 ਐਵਨਿਊ ਤੇ ਸਥਿਤ  ਵਾਲਮਾਰਟ ਦੀ ਪਾਰਕਿੰਗ ਵਿੱਚ ਗੋਲੀਆਂ ਮਾਰ ਕੇ ਇੱਕ 23 ਸਾਲਾ ਮੁਟਿਆਰ ਤੇ ਉਸਦੇ 24 ਸਾਲਾ ਮਰਦ ਸਾਥੀ ਦੀ ਗੋਲੀਆਂ ਮਾਰਕੇ ਹੱਤਿਆ ਕੀਤੇ ਜਾਣ ਦੀ ਹੌਲਨਾਕ ਖਬਰ ਹੈ।
ਪੁਲਿਸ ਦੇ ਸਾਰਜੈਂਟ ਫਰੇਡਾ ਫੋਂਗ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਘਟਨਾ ਵਿੱਚ ਸੰਗਠਿਤ ਅਪਰਾਧ ਦਾ ਹੱਥ ਹੋਣ ਦੇ ਲੱਛਣ ਨਜ਼ਰ ਆਉਂਦੇ ਹਨ।
ਫੋਂਗ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਵਿਚ ਡੈਲਟਾ ਦੇ ਰਹਿਣ ਵਾਲੇ ਇੱਕ 24 ਸਾਲਾ ਨੌਜਵਾਨ ਅਤੇ 23 ਸਾਲਾ ਮੁਟਿਆਰ  ਨੂੰ ਨਿਸ਼ਾਨਾ ਬਣਾਇਆ ਗਿਆ ਸੀ।  ਉਕਤ ਨੌਜਵਾਨ ਹਥਿਆਰਾਂ ਨਾਲ ਸਬੰਧਤ ਅਪਰਾਧਾਂ ਕਾਰਨ ਪੁਲਿਸ ਦੀ ਜਾਣਕਾਰੀ ਵਿੱਚ ਸੀ।
ਸਰੀ ਪੁਲਿਸ ਅਨੁਸਾਰ, ਮੌਕੇ ‘ਤੇ ਪਹੁੰਚੇ ਕਰਮਚਾਰੀਆਂ ਨੇ ਉਨ੍ਹਾਂ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਹਸਪਤਾਲ ਲਿਜਾਣ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਗੋਲੀਬਾਰੀ ਤੋਂ 15 ਮਿੰਟ ਤੋਂ ਵੀ ਘੱਟ ਸਮੇਂ ਬਾਅਦ ਕਤਲ ਵਾਲੀ ਥਾਂ ਤੋਂ ਲਗਭਗ ਪੰਜ ਮਿੰਟ ਦੀ ਦੂਰੀ ‘ਤੇ, ਪ੍ਰਿੰਸੈਸ ਡਰਾਈਵ  ਦੇ 9700-ਬਲਾਕ ਵਿੱਚ ਇੱਕ ਗੱਡੀ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ।
ਫੋਂਗ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਇਹ ਉਹੀ ਗੱਡੀ ਹੈ ਜਿਸ ਦੀ ਵਰਤੋਂ ਹਮਲਾਵਰਾਂ ਨੇ ਕੀਤੀ ਸੀ। ਇਹ ਇੱਕ ਚਿੱਟੇ ਰੰਗ ਦੀ ਸੇਡਾਨ  ਕਾਰ ਸੀ।
ਸੋਮਵਾਰ ਦੁਪਹਿਰ ਨੂੰ ਵੀ ਸਰੀ ਪੁਲਿਸ ਦੇ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਮੌਜੂਦ ਸਨ, ਜੋ ਸਬੂਤ ਇਕੱਠੇ ਕਰ ਰਹੇ ਸਨ ਅਤੇ ਪੀੜਤਾਂ ਦੀ ਗੱਡੀ ਦੇ ਆਲੇ-ਦੁਆਲੇ ਤਸਵੀਰਾਂ ਲੈ ਰਹੇ ਸਨ।
ਪੁਲਿਸ ਦੀ ਘੇਰਾਬੰਦੀ  ਦੇ ਅੰਦਰ, ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਸਬੂਤਾਂ ਨੂੰ ਦਰਸਾਉਣ ਵਾਲੇ ਨਿਸ਼ਾਨ ਵੀ ਦੇਖੇ ਜਾ ਸਕਦੇ ਸਨ। ਮਸਟੈਂਗ ਕਾਰ ਦੇ ਆਲੇ-ਦੁਆਲੇ ਜ਼ਮੀਨ ‘ਤੇ ਕੱਪੜੇ, ਜੁੱਤੇ ਅਤੇ ਹੋਰ ਸਮਾਨ, ਜਿਸ ਵਿੱਚ ਕਾਗਜ਼ ਦੇ ਟੁਕੜੇ ਵੀ ਸ਼ਾਮਲ ਸਨ, ਖਿੱਲਰੇ ਪਏ ਸਨ।

Leave a Reply

Your email address will not be published. Required fields are marked *