Nov 17, 2026

ਵੈਨਕੂਵਰ, 16 ਨਵੰਬਰ (ਮਲਕੀਤ ਸਿੰਘ) – ਹੌਸਲੇ, ਦ੍ਰਿੜ੍ਹ ਇਰਾਦੇ ਅਤੇ ਮਨੁੱਖਤਾ ਦੀ ਸੇਵਾ ਦੀ ਅਨੋਖੀ ਮਿਸਾਲ ਪੇਸ਼ ਕਰਦਿਆਂ ਤਿੰਨ ਪੁਰਾਣੇ ਦੋਸਤਾਂ ਨੇ ਕੈਨੇਡਾ ਵਿੱਚ ਕਿਸ਼ਤੀ ਰਾਹੀਂ ਲਗਭਗ 8 ਹਜ਼ਾਰ ਕਿਲੋਮੀਟਰ ਦਾ ਲੰਮਾ ਸਫ਼ਰ ਸਫਲਤਾਪੂਰਵਕ ਪੂਰਾ ਕੀਤਾ ਹੈ। ਲਗਾਤਾਰ 219 ਦਿਨਾਂ ਤੱਕ ਪਾਣੀ ਦੀ ਹਿੱਕ ਤੇ ਸਫ਼ਰ ਕਰਨ ਤੋਂ ਬਾਅਦ ਇਹ ਤਿੰਨੇ ਸਾਹਸੀ ਯਾਤਰੀ ਵੈਨਕੂਵਰ ਦੇ ਪ੍ਰਸਿੱਧ ਜੈਰੀਕੋ ਬੀਚ ਪਹੁੰਚੇ, ਜਿੱਥੇ ਉਨ੍ਹਾਂ ਦੀ ਇਸ ਅਨੋਖੀ ਪ੍ਰਾਪਤੀ ਨੇ ਲੋਕਾਂ ਦਾ ਧਿਆਨ ਖਿੱਚਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨਾਂ ਦੋਸਤਾਂ ਨੇ ਆਪਣੀ ਇਸ ਲੰਮੀ ਯਾਤਰਾ ਦੌਰਾਨ ਕੈਨੇਡਾ ਦੇ 6 ਸੂਬਿਆਂ ਵਿੱਚੋਂ ਲੰਘਦਿਆਂ ਦਰਿਆਵਾਂ, ਝੀਲਾਂ ਅਤੇ ਹੋਰ ਜਲ ਮਾਰਗਾਂ ਰਾਹੀਂ ਹਜ਼ਾਰਾਂ ਕਿਲੋਮੀਟਰ ਦਾ ਫ਼ਾਸਲਾ ਤੈਅ ਕੀਤਾ। ਇਸ ਯਾਤਰਾ ਦਾ ਮਕਸਦ ਕੇਵਲ ਸਾਹਸ ਦਾ ਪ੍ਰਦਰਸ਼ਨ ਕਰਨਾ ਨਹੀਂ ਸੀ, ਸਗੋਂ ਕੈਨੇਡਾ ਦੇ ਉੱਤਰੀ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਵਸਦੇ ਮੂਲ ਨਿਵਾਸੀ ਭਾਈਚਾਰਿਆਂ ਦੀ ਸਹਾਇਤਾ ਲਈ ਧਨ ਇਕੱਠਾ ਕਰਨਾ ਵੀ ਸੀ। ਇਸ ਮੁਹਿੰਮ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਤਿੰਨਾਂ ਦੋਸਤਾਂ ਨੇ ਆਧੁਨਿਕ ਆਵਾਜਾਈ ਦੇ ਸਾਧਨਾਂ ਦੀ ਥਾਂ ਚੱਪੂਆਂ ਨਾਲ ਚੱਲਣ ਵਾਲੀ ਕਿਸ਼ਤੀ ਰਾਹੀਂ ਆਪਣੀ ਮੰਜ਼ਿਲ ਤੱਕ ਪਹੁੰਚਣ ਦਾ ਅਨੋਖਾ ਫ਼ੈਸਲਾ ਕੀਤਾ। ਇੰਨੇ ਲੰਮੇ ਸਮੇਂ ਤੱਕ ਪਾਣੀ ਵਿੱਚ ਸਫ਼ਰ ਕਰਨਾ ਸਰੀਰਕ ਅਤੇ ਮਾਨਸਿਕ ਤੌਰ ਤੇ ਵੱਡੀ ਚੁਣੌਤੀ ਮੰਨਿਆ ਜਾਂਦਾ ਹੈ।
ਕੈਨੇਡਾ ਵਰਗੇ ਵਿਸ਼ਾਲ ਦੇਸ਼ ਵਿੱਚ ਹਜ਼ਾਰਾਂ ਕਿਲੋਮੀਟਰ ਦੇ ਜਲ ਮਾਰਗਾਂ ਰਾਹੀਂ ਯਾਤਰਾ ਕਰਨਾ ਆਪਣੇ ਆਪ ਵਿੱਚ ਵੱਡੀ ਪ੍ਰਾਪਤੀ ਹੈ। ਇਸ ਦੌਰਾਨ ਯਾਤਰੀਆਂ ਨੂੰ ਮੌਸਮ ਵਿੱਚ ਤਬਦੀਲੀਆਂ, ਲੰਮੇ ਫ਼ਾਸਲਿਆਂ ਅਤੇ ਲਗਾਤਾਰ ਚੱਪੂ ਚਲਾਉਣ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਯਾਤਰਾ ਨੇ ਕੈਨੇਡਾ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿਣ ਵਾਲੇ ਮੂਲ ਨਿਵਾਸੀ ਭਾਈਚਾਰਿਆਂ ਦੀਆਂ ਲੋੜਾਂ ਵੱਲ ਵੀ ਧਿਆਨ ਖਿੱਚਿਆ ਹੈ।

Leave a Reply

Your email address will not be published. Required fields are marked *