Nov 17, 2026

ਡਾ. ਸੁਖਦੇਵ ਸਿੰਘ ਝੰਡ (  ਫ਼ੋਨ: +1 647-567-9128 )

ਅਗਸਤ 2026 ਦੇ ਪਹਿਲੇ ਹਫ਼ਤੇ ਝੰਡ ਪਰਿਵਾਰ ਨੇ ਕੈਲਗਰੀ ਵਿੱਚ ਆਪਣਾ ‘ਪਰਿਵਾਰਕ ਮੁੜ-ਮਿਲਣੀ-2026’ (Family Reunion-2026) ਸਮਾਗ਼ਮ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ। ਇਸ ਸਮਾਗਮ ਦਾ ਮਕਸਦ ਝੰਡ ਪਰਿਵਾਰ ਦੇ ਮੈਂਬਰਾਂ ਨੂੰ ਆਪਸ ਵਿੱਚ ਮੁੜ ਮਿਲਾਉਣਾ ਸੀ ਅਤੇ ਇਹ ਪ੍ਰੋਗਰਾਮ ਪਰਿਵਾਰ ਦੇ ਸੀਨੀਅਰ ਮੈਂਬਰਾਂ ਵੱਲੋਂ ਲੱਗਭੱਗ ਇੱਕ ਸਾਲ ਪਹਿਲਾਂ ਉਲੀਕਿਆ ਗਿਆ ਸੀ। ਇਸ ਵਿੱਚ ਸ਼ਾਮਲ ਹੋਣ ਲਈ ਕੈਲਗਰੀ ਵਿੱਚ ਰਹਿੰਦੇ ਚਾਰ ਝੰਡ ਪਰਿਵਾਰ ਜੋ ਇਸ ਸਮਾਗ਼ਮ ਦੇ ਸਫ਼ਲ ਮੇਜ਼ਬਾਨ ਬਣੇ, ਵੱਲੋਂ ਬਰੈਂਪਟਨ, ਐਡਮੰਟਨ, ਸਡਬਰੀ, ਸਰੀ ਅਤੇ ਅਮਰੀਕਾ ਦੇ ਸ਼ਹਿਰਾਂ ਸੈਨ ਓਨਟਾਨੀਓ ਤੇ ਸੈਨਹੌਜ਼ੇ ਰਹਿੰਦੇ ਪਰਿਵਾਰਾਂ ਨੂੰ ਕਈ ਮਹੀਨੇ ਪਹਿਲਾਂ ਅਗੇਤਰਾ ਹੀ ਸੂਚਿਤ ਕੀਤਾ ਗਿਆ ਤਾਂ ਜੋ ਉਹ ਇਸ ਵਿੱਚ ਸ਼ਾਮਲ ਹੋਣ ਆਪਣੀਆਂ ਹਵਾਈ ਟਿਕਟਾਂ/ਸੜਕੀ ਸਫ਼ਰ ਦਾ ਅਗਾਉਂ ਪ੍ਰਬੰਧ ਕਰ ਸਕਣ। ਕੈਨੇਡਾ ਅਤੇ ਅਮਰੀਕਾ ਰਹਿੰਦੇ 12 ਝੰਡ ਪਰਿਵਾਰਾਂ ਵੱਲੋਂ ਇਸ ਸਮਾਗ਼ਮ ਵਿੱਚ ਸ਼ਾਮਲ ਹੋਣ ਲਈ ਤੀਬਰ ਇੱਛਾ ਦਾ ਪ੍ਰਗਟਾਵਾ ਕੀਤਾ ਗਿਆ।

ਨਿਰਧਾਰਿਤ ਪ੍ਰੋਗਰਾਮ ਅਨੁਸਾਰ ਬਹੁਤੇ ਮੈਂਬਰ ਇੱਕ-ਦੋ ਦਿਨ ਪਹਿਲਾਂ ਹੀ ਅਤੇ ਕੁਝ ਕੁ ਇਸ ਪਰਿਵਾਰਕ ਮੁੜ-ਮਿਲਣੀ ਦੇ ਪਹਿਲੀ ਅਗਸਤ ਦੀ ਸ਼ਾਮ ਨੂੰ ਪੰਜ ਵਜੇ ਹੋਣ ਵਾਲੇ ਮੁੱਖ-ਸਮਾਗ਼ਮ ਦੀ ਸਵੇਰ ਨੂੰ ਕੈਲਗਰੀ ਪਹੁੰਚ ਗਏ। ਸਮਾਗ਼ਮ ਦੇ ਪ੍ਰਬੰਧਕਾਂ (ਮੇਜ਼ਬਾਨਾਂ) ਵੱਲੋਂ ਇਹ ਸਮਾਗ਼ਮ ਇੱਕ ਖ਼ੂਬਸੂਰਤ ਰੈਸਟੋਰੈਂਟ ਦੇ ਬੇਸਮੈਂਟ ਹਾਲ ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ 12 ਝੰਡ ਪਰਿਵਾਰਾਂ ਦੇ 70 ਮੈਂਬਰ ਸ਼ਾਮਲ ਹੋਏ ਅਤੇ ਲੱਗਭੱਗ ਪੰਜ ਘੰਟੇ ਚੱਲੇ ਇਸ ਸਮਾਗ਼ਮ ਵਿੱਚ ਸਾਰਿਆਂ ਨੇ ਇਸ ਦਾ ਖ਼ੂਬ ਅਨੰਦ ਮਾਣਿਆ। ਇਸ ਸਮਾਗ਼ਮ ਵਿੱਚ ਜਿੱਥੇ ਪਹਿਲੀਆਂ ਦੋ ਪੀੜ੍ਹੀਆਂ ਦੇ ਮੈਂਬਰ ਇੱਕ-ਦੋ ਦਹਾਕਿਆਂ ਬਾਅਦ ਕੈਨੇਡਾ ਦੇ ਇਸ ਸ਼ਹਿਰ ਕੈਲਗਰੀ ਵਿੱਚ ਮਿਲੇ, ਉੱਥੇ ਇਸ ਪਰਿਵਾਰ ਦੀ ਤੀਸਰੀ ਪੀੜ੍ਹੀ ਦੇ ਬੱਚਿਆਂ ਨੂੰ ਪਹਿਲੀ ਵਾਰ ਇੱਕ ਦੂਸਰੇ ਨੂੰ ਮਿਲਣ ਦਾ ਮੌਕਾ ਮਿਲਿਆ। ਇਸ ਤੋਂ ਅਗਲੇ ਪੰਜ-ਛੇ ਦਿਨ ਸਾਰੇ ਮੈਂਬਰ ਵੱਡੇ ਗਰੁੱਪ ਵਜੋਂ ਕੈਲਗਰੀ, ਬੈਂਫ਼, ਗੋਲਡਨ, ਬਾਰ ਯੂ ਰੈਂਚ ਨੈਸ਼ਨਲ ਪਾਰਕ ਸਾਈਟ ਅਤੇ ਐਡਮੰਟਨ ਦੀਆਂ ਕਈ ਰਮਣੀਕ ਥਾਵਾਂ ਵੇਖਣ ਗਏ।

ਬੀ.ਸੀ. ਟੂਰ ਦੀ ਤਿਆਰੀ

ਇਸ ਯਾਦਗਾਰੀ ‘ਪਰਿਵਾਰਕ ਮੁੜ-ਮਿਲਣੀ-2026’ ਤੋਂ ਬਾਅਦ ਅਗਸਤ ਮਹੀਨੇ ਦੇ ਦੂਸਰੇ ਹਫ਼ਤੇ ਝੰਡ ਪਰਿਵਾਰ ਦੇ ਕੁਝ ਮੈਂਬਰਾਂ ਦਾ ਬੀ.ਸੀ. (ਬ੍ਰਿਟਿਸ਼ ਕੋਲੰਬੀਆ) ਦੇ ਕੁਝ ਸ਼ਹਿਰਾਂ ਦੀ ਸੈਰ ਕਰਨ ਦਾ ਪ੍ਰੋਗਰਾਮ ਸੀ। ਇਹ ਟੂਰ ਵੀ ਉਨ੍ਹਾਂ ਵੱਲੋਂ ਮਹੀਨਾ ਕੁ ਪਹਿਲਾਂ ਹੀ ਪਲੈਨ ਕਰ ਲਿਆ ਗਿਆ ਸੀ ਤਾਂ ਜੋ ਬੀ.ਸੀ. ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਾਤ ਨੂੰ ਠਹਿਰਨ ਦਾ ਅਗਾਊਂ ਯੋਗ ਪ੍ਰਬੰਧ ਕੀਤਾ ਜਾ ਸਕੇ। ਇਸ ਟੂਰ ਦੀ ਯੋਜਨਾਬੰਦੀ ਦੀ ਜ਼ਿੰਮੇਂਵਾਰੀ ਛੋਟੇ ਭਰਾ ਪਲਵਿੰਦਰਜੀਤ ਝੰਡ ਨੇ ਆਪਣੇ ਸਿਰ ਲਈ, ਜਿਸ ਨੂੰ ਪਹਿਲਾਂ ਵੀ ਅਜਿਹੇ ਪਰਿਵਾਰਕ ਟੂਰਾਂ ਦੇ ਆਯੋਜਿਤ ਕਰਨ ਦਾ ਕਾਫ਼ੀ ਤਜੁਰਬਾ ਸੀ। ਉਸ ਨੇ ਪਹਿਲਾਂ ਹੀ ਇਸ ਟੂਰਿੰਗ-ਗਰੁੱਪ ਲਈ ਬੀ.ਸੀ. ਦੇ ਵੱਖ-ਵੱਖ ਸ਼ਹਿਰਾਂ ਵਿਸਲਰ, ਵਿਕਟੋਰੀਆ ਅਤੇ ਸਰੀ ਦੇ ਕਿਰਾਏ ਵਾਲੇ ਵੱਖ-ਵੱਖ ਖਾਲੀ ਘਰਾਂ ਵਿੱਚ ਰਿਹਾਇਸ਼ ਲਈ ਅਗਾਊਂ ਬੁਕਿੰਗ ਕਰਵਾ ਛੱਡੀ ਸੀ, ਕਿਉਂਕਿ ਟੂਰ ਵਾਲੇ ਦਿਨ ਜਾਂ ਉਸ ਤੋਂ ਇੱਕ-ਦੋ ਦਿਨ ਪਹਿਲਾਂ ਰਿਹਾਇਸ਼ ਲਈ ਯੋਗ ਜਗ੍ਹਾ ਲੱਭਣੀ ਮੁਸ਼ਕਲ ਹੋ ਜਾਂਦੀ ਹੈ ਅਤੇ ਹੋਟਲਾਂ ਵਿੱਚ ਰਹਿਣਾ ਸਾਡੇ ਵਰਗੇ ਮੱਧ-ਵਰਗੀ ਪਰਿਵਾਰਾਂ ਲਈ ਬਹੁਤ ‘ਮਹਿੰਗਾ ਸੌਦਾ’ ਹੈ ਜੋ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਹੈ। ਬੀ.ਸੀ. ਦੇ ਇਸ ਟੂਰ ਲਈ ਬਾਰਾਂ ਸੀਟਾਂ ਵਾਲੀ ਵੈਨ ਵੀ ਉਸ ਨੇ ਪਹਿਲਾਂ ਹੀ ਬੁੱਕ ਕਰਵਾਈ ਹੋਈ ਸੀ।

ਟੂਰ ਲਈ ਰਵਾਨਗੀ

9 ਅਗਸਤ ਦੀ ਸਵੇਰ ਨੂੰ ਪੰਜ ਵਜੇ ਅਸੀਂ ਪਰਿਵਾਰ ਦੇ 9 ਮੈਂਬਰ ਖਾਣ-ਪੀਣ ਦਾ ਲੋੜੀਂਦਾ ਸਮਾਨ ਅਤੇ ਲੋੜੀਂਦੇ ਕੱਪੜੇ-ਲੱਤੇ ਦੇ ਬੈਗ ਵੈਨ ਵਿੱਚ ਟਿਕਾ ਕੇ ਸੀਟਾਂ ‘ਤੇ ਸਵਾਰ ਹੋ ਗਏ। ਟੂਰ ਦੇ ਇਨ੍ਹਾਂ ਮੈਂਬਰਾਂ ਵਿੱਚ ਅਸੀਂ ਤਿੰਨੇ ਭਰਾ ਸੁਖਦੇਵ ਸਿੰਘ, ਗੁਰਭੇਜ ਸਿੰਘ ਤੇ ਪਲਵਿੰਦਰਜੀਤ ਸਿੰਘ, ਪਹਿਲੇ ਦੋਹਾਂ ਦੀਆਂ ਪਤਨੀਆਂ ਜਗਦੀਸ਼ ਕੌਰ ਤੇ ਪਰਵਿੰਦਰ ਕੌਰ, (ਤੀਸਰੇ ਭਰਾ ਪਲਵਿੰਦਰਜੀਤ ਦੀ ਪਤਨੀ ਇਸ ਟੂਰ ਵਿੱਚ ਸ਼ਾਮਲ ਨਹੀਂ ਹੋ ਸਕੀ ਸੀ), ਅਮਰੀਕਾ ਦੇ ਸ਼ਹਿਰ ਸੈਨਹੌਜ਼ੇ ਤੋਂ ਉਚੇਚੇ ਤੌਰ ‘ਤੇ ਆਇਆ ਮੇਰਾ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਦੇ ਸਮੇਂ ਦਾ ਦੋਸਤ ਗੁਰਦੇਵ ਸਿੰਘ ‘ਤੀਰ’ ਤੇ ਉਸ ਦੀ ਪਤਨੀ ਨਿਰਮਲ ਕੌਰ ਅਤੇ ਮੇਰੀ ਭਤੀਜੀ (ਤਾਇਆ ਜੀ ਦੀ ਪੋਤਰੀ) ਕੁਲਵਿੰਦਰ ਕੌਰ ਤੇ ਉਸਦਾ ਪਤੀ (ਸਾਡਾ ਜਵਾਈ) ਇਕਬਾਲ ਸਿੰਘ ਜੋਸਨ ਸ਼ਾਮਲ ਸਨ। ਪਲਵਿੰਦਰਜੀਤ ਵੈਨ ਦਾ ਮੁੱਖ-ਡਰਾਈਵਰ ਅਤੇ ਇਕਬਾਲ ਜੋਸਨ ਉਸਦਾ ਸਹਾਇਕ-ਡਰਾਈਵਰ ਸੀ। ਦੋਹਾਂ ਨੇ ਵਾਰੋ-ਵਾਰੀ ਇਹ ਵੈਨ ਚਲਾ ਕੇ ਰੋਜ਼ਾਨਾ ਸੈਂਕੜੇ ਮੀਲਾਂ ਦਾ ਲੰਮਾ ਸਫ਼ਰ ਤੈਅ ਕੀਤਾ।

ਦਸ ਕੁ ਵਜੇ ਰਸਤੇ ਵਿੱਚ ਆਉਂਦੇ ਇੱਕ ਸ਼ਹਿਰ ਰੈਵਲਸਟੌਕ ਦੇ ਇੱਕ ਸ਼ਾਨਦਾਰ ਪਾਰਕ ਵਿੱਚ ਡੱਠੇ ਹੋਏ ਬੈਂਚਾਂ ਉੱਪਰ ਆਪਣੇ ਨਾਲ ਲਿਆਂਦੇ ਹੋਏ ਪਰੌਂਠਿਆਂ ਨੂੰ ਗੈਸ-ਸਟੋਵ ਉੱਪਰ ਗਰਮ ਕਰਕੇ ਆਲੂ-ਗੋਭੀ ਦੀ ਸਬਜ਼ੀ ਦੇ ਨਾਲ ਸੁਆਦਲਾ ਬਰੇਕ-ਫ਼ਾਸਟ ਕੀਤਾ ਅਤੇ ਨਾਲੇ ਚਾਹ ਦੀਆਂ ਤਿੰਨ ਥਰਮਸਾਂ ਖ਼ਾਲੀ ਕੀਤੀਆਂ। ਖਾ-ਪੀ ਕੇ ਤਾਜ਼ਾ ਦਮ ਹੋ ਕੇ ਕੈਮਲੂਪਸ ਵੱਲ ਅਗਲੇ ਪੜਾਅ ਨੂੰ ਰਵਾਨਗੀ ਪਾਈ। ਕੈਮਲੂਪਸ ਵਿੱਚ ਸਾਡੇ ਇਸ ਟੂਰਿੰਗ-ਗਰੁੱਪ ਦਾ ਮੇਰੇ ਨਜ਼ਦੀਕੀ ਦੋਸਤ ਡਾ. ਸੁਰਿੰਦਰ ਧੰਜਲ ਨੂੰ ਮਿਲਣ ਦਾ ਪ੍ਰੋਗਰਾਮ ਸੀ। ਉਹ ਯੂ.ਬੀ.ਸੀ. (ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ) ਤੇ ਕੈਮਲੂਪਸ ਯੂਨੀਵਰਸਿਟੀ ਵਿੱਚ ਕੰਪਿਊਟਿੰਗ ਇੰਜੀਨੀਅਰਿੰਗ ਦਾ ਪ੍ਰੋਫ਼ੈਸਰ ਰਹਿ ਚੁੱਕਾ ਹੈ ਅਤੇ ਹੁਣ ਨੌਕਰੀ ਤੋਂ ਸੇਵਾ-ਮੁਕਤੀ ਤੋਂ ਬਾਅਦ ਉਹ ਹੁਣ ਆਪਣਾ ਸਮਾਂ ਕਾਵਿ-ਰਚਨਾ ਕਰਨ ਅਤੇ ਹਫ਼ਤੇ ਵਿੱਚ ਇੱਕ ਦਿਨ ਕੈਮਲੂਪਸ ਦੇ ਗੁਰੂਘਰ ਦੀ ਲਾਇਬ੍ਰੇਰੀ ਵਿੱਚ ਐਤਵਾਰ ਨੂੰ ਦੁਪਹਿਰੇ 12.00 ਵਜੇ ਤੋਂ 2.00 ਤੱਕ ਨਿਸ਼ਕਾਮ ਸੇਵਾ ਕਰਦਾ ਹੈ। ਉਸ ਨੂੰ ਮਿਲਣ ਤੋਂ ਇਲਾਵਾ ਸਾਡੀ ਸਾਰਿਆਂ ਦੀ ਉਸ ਗੁਰੂਘਰ ਦੀ ਵਿਸ਼ੇਸ਼ ਲਾਇਬ੍ਰੇਰੀ ਵੇਖਣ ਦੀ ਇੱਛਾ ਵੀ ਸੀ ਜਿਸ ਵਿੱਚ ਧਾਰਮਿਕ ਅਤੇ ਸਿੱਖ ਇਤਹਾਸ ਤੋਂ ਇਲਾਵਾ ਪੰਜਾਬੀ ਸਾਹਿਤ ਦੀਆਂ ਵੀ ਬਹੁਤ ਸਾਰੀਆਂ ਕਿਤਾਬਾਂ ਸਨ। ਮੈਂ ਡਾ. ਧੰਜਲ ਨੂੰ ਆਪਣੀਆਂ ਅਤੇ ਕੈਲਗਰੀ ਰਹਿੰਦੀ ਭੈਣ ਗੁਰਚਰਨ ਥਿੰਦ ਦੀਆਂ ਕੁਝ ਪੁਸਤਕਾਂ ਉਸ ਲਾਇਬ੍ਰੇਰੀ ਨੂੰ ਭੇਂਟ ਕਰਨੀਆਂ ਸਨ। ਉਂਜ ਤਾਂ ਭਾਵੇਂ ਡਾ. ਧੰਜਲ  ਨੂੰ ਉਸਦੇ ਘਰ ਹੀ ਮਿਲਦੇ ਪਰ ਉਸ ਦਿਨ ਸਬੱਬੀਂ ਐਤਵਾਰ ਸੀ ਅਤੇ ਉਹ ਉਸ ਦਿਨ ਗੁਰੂਘਰ ਵਿੱਚ ਲਾਇਬ੍ਰੇਰੀ ਦੀ ਆਪਣੀ ਸੇਵਾ ਨਿਭਾਅ ਰਿਹਾ ਸੀ। ਇਸ ਲਈ ਉਸ ਨੂੰ ਉਸ ਲਾਇਬ੍ਰੇਰੀ ਵਿੱਚ ਮਿਲਣਾ ਸਾਡੇ ਲਈ ‘ਇੱਕ ਪੰਥ ਦੋ ਕਾਜ’ ਵਾਲੀ ਗੱਲ ਸੀ। ਉਂਜ ਵੀ, ਨਿਰਧਾਰਤ ਪ੍ਰੋਗਰਾਮ ਅਨੁਸਾਰ ਕੈਮਲੂਪਸ ਵਿੱਚ ਸਾਡੇ ਠਹਿਰਨ ਦਾ ਨਿਰਧਾਰਤ ਸਮਾਂ ਦੋ ਕੁ ਘੰਟੇ ਦਾ ਹੀ ਸੀ, ਕਿਉਂਕਿ ਡਾ. ਧੰਜਲ ਅਨੁਸਾਰ ਕੈਮਲੂਪਸ ਦੀਆਂ ਚੜ੍ਹਦੇ ਪਾਣੀ ਜਾਣ ਵਾਲੀਆਂ  ਮੱਛੀਆਂ ਨੇ ਸਤੰਬਰ ਦੇ ਅਖ਼ੀਰ ਜਾਂ ਅਕਤੂਬਰ ਮਹੀਨੇ ਚੜ੍ਹਨਾ ਸ਼ੁਰੂ ਕਰਨਾ ਸੀ ਅਤੇ ਕੈਮਲੂਪਸ ਵਿੱਚ ਹੋਰ ਕੁਝ ਖ਼ਾਸ ਵੇਖਣ ਵਾਲਾ ਨਹੀਂ ਸੀ। ਅਸੀਂ ਵੀ ਓਸੇ ਦਿਨ ਹੀ ਸ਼ਾਮ ਨੂੰ ਵਿਸਲਰ ਪਹੁੰਚਣਾ ਸੀ, ਜੋ ਸਾਡੇ ਗਰੁੱਪ ਦੀ ਰਾਤ ਦੀ ਪਹਿਲੀ ‘ਠਾਹਰ’ ਸੀ।

ਕੈਮਲੂਪਸ ਦੇ ਗੁਰੂਘਰ ‘ਚ ਹੋਏ ਨਤ-ਮਸਤਕ

ਕੈਮਲੂਪਸ ਦੇ ਗੁਰੂਘਰ ਅਸੀਂ ਦੁਪਹਿਰੇ ਇੱਕ ਵਜੇ ਦੇ ਕਰੀਬ ਪਹੁੰਚੇ। ਮੇਨ-ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਨਤਮਸਤਕ ਹੋ ਕੇ ਮੱਥਾ ਟੇਕਿਆ। ਗੁਰੂਘਰ ਦਾ ਐਤਵਾਰ ਦਾ ਸਮਾਗ਼ਮ ਉਸ ਸਮੇਂ ਸਮਾਪਤ ਹੋ ਚੁੱਕਾ ਸੀ ਅਤੇ ਸੰਗਤ ਹੇਠਾਂ ਬੇਸਮੈਂਟ ਵਿੱਚ ਬਣੇ ਲੰਗਰ ਅਸਥਾਨ ‘ਚ ਲੰਗਰ ਛਕ ਰਹੀ ਸੀ। ਮੱਥਾ ਟੇਕ ਕੇ ਜਦੋਂ ਅਸੀਂ ਲਾਇਬ੍ਰੇਰੀ ਪਹੁੰਚੇ ਤਾਂ ਡਾ. ਧੰਜਲ ਇੱਕ ਪਾਠਕ ਬੱਚੇ ਅਤੇ ਉਸ ਦੀ ਮਾਤਾ ਨੂੰ ਰਜਿਸਟਰ ਉੱਪਰ ਕਿਤਾਬਾਂ ‘ਇਸ਼ੂ’ ਕਰ ਰਿਹਾ ਸੀ। ਉਸ ਤੋਂ ਵਿਹਲਾ ਹੋ ਕੇ ਉਹ ਸਾਨੂੰ ਬੜੇ ਤਪਾਕ ਨਾਲ ਮਿਲਿਆ। ਮੈਂ ਆਪਣੇ ਨਾਲ ਲਿਆਂਦੀਆਂ ਹੋਈਆਂ ਕਿਤਾਬਾਂ ਉਸਦੇ ਹਵਾਲੇ ਕੀਤੀਆਂ, ਜਿਨ੍ਹਾਂ ਨੂੰ ਉਸ ਨੇ ਮੱਥੇ ਨਾਲ ਛੁਹਾ ਕੇ ਬੜੇ ਸਤਿਕਾਰ ਨਾਲ ਮੇਜ਼ ਉੱਪਰ ਰੱਖਿਆ। ਇਤਫ਼ਾਕ ਨਾਲ ਉਸੇ ਹੀ ਸਮੇਂ ਉੱਥੇ ਲਾਇਬ੍ਰੇਰੀ ਵਿੱਚ ਗੁਰੂਘਰ ਦੀ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਆਰੰਭ ਹੋਣ ਵਾਲੀ ਸੀ, ਜਿਸਦੇ ਲਈ ਸਾਰੇ ਮੈਂਬਰ ਪਧਾਰ ਚੁੱਕੇ ਸਨ। ਡਾ. ਧੰਜਲ ਨੇ ਸਾਨੂੰ ਕਮੇਟੀ ਦੇ ਪ੍ਰਧਾਨ, ਸਕੱਤਰ ਤੇ ਹੋਰ ਮੈਂਬਰਾਂ ਨਾਲ ਮਿਲਵਾਇਆ ਅਤੇ ਬੜੇ ਮਾਣ ਨਾਲ ਮੇਰੇ ਬਾਰੇ ਦੱਸਦਿਆਂ ਕਿਹਾ ਕਿ ਉਸਦਾ ਇਹ ਲੇਖਕ ਦੋਸਤ ਇਸ ਲਾਇਬ੍ਰੇਰੀ ਲਈ ਆਪਣੀਆਂ ਤੇ ਆਪਣੀ ਭੈਣ ਗੁਰਚਰਨ ਥਿੰਦ ਦੀਆਂ ਕੁਝ ਕਿਤਾਬਾਂ ਵੀ ਲੈ ਕੇ ਆਇਆ ਹਾਂ, ਜਿਸ ਤੋਂ ਉਹ ਸਾਰੇ ਬੜੇ ਖੁਸ਼ ਹੋਏ। ਪ੍ਰਧਾਨ ਸਾਹਿਬ ਨੇ ਸਾਡਾ ਧੰਨਵਾਦ ਕਰਦਿਆਂ ਹੋਇਆਂ ਸਾਨੂੰ ਉੱਥੇ ਕੈਮਲੂਪਸ ਵਿੱਚ ਰਾਤ ਠਹਿਰਨ ਦੀ ਸੁਲਾਹ ਮਾਰੀ ਪਰ ਸਾਡਾ ਪ੍ਰੋਗਰਾਮ ਤਾਂ ਵਿਸਲਰ ਜਾਣ ਦਾ ਅਗਾਉਂ ਤੈਅ ਹੋ ਚੁੱਕਾ ਸੀ, ਜਿਸ ਦੇ ਬਾਰੇ ਡਾ. ਧੰਜਲ ਨੂੰ ਪਹਿਲਾਂ ਹੀ ਸੂਚਿਤ ਕੀਤਾ ਹੋਇਆ ਸੀ। ਡਾ. ਧੰਜਲ ਦੇ ਨਾਲ ਲੰਗਰ ਹਾਲ ਵਿੱਚ ਜਾ ਕੇ ਅਸੀਂ ਸਾਰਿਆਂ ਨੇ ‘ਗੁਰੂ ਕਾ ਲੰਗਰ’ ਛਕਿਆ ਅਤੇ ਅੱਧਾ ਕੁ ਘੰਟਾ ਉਸਦੇ ਨਾਲ ਗੱਪ-ਸ਼ੱਪ ਲਗਾਈ। ਫਿਰ ਚਾਹ ਦਾ ਕੱਪ-ਕੱਪ ਪੀ ਕੇ ਉਸ ਦੇ ਕੋਲੋਂ ਅਲਵਿਦਾ ਲਈ ਅਤੇ ਤਿੰਨ ਕੁ ਵਜੇ ਵਿਸਲਰ ਦੇ ਰਾਹ ਪਏ।

ਕੈਮਲੂਪਸ ਤੋਂ ਵਿਸਲਰ ਦਾ ਮਨਮੋਹਕ ਸਫ਼ਰ

ਕੈਨੇਡਾ ਹਾਈਵੇਅ ਨੰਬਰ-1 ‘ਤੇ ਥੌਂਮਸਨ ਰਿਵਰ ਦੇ ਕੰਢੇ-ਕੰਢੇ ਜਾਂਦੀ ਦੋ-ਮਾਰਗੀ ਸੜਕ ਭਾਵੇਂ ਬਹੁਤੀ ਖੁੱਲ੍ਹੀ ਨਹੀਂ ਹੈ, ਪਰ ਵਿਸਲਰ ਨੂੰ ਜਾਣ ਵਾਲਾ ਇਹ ਪੁਰਾਣਾ ਰਸਤਾ ਬੜਾ ਹੀ ਸ਼ਾਨਦਾਰ, ਹਰਿਆਵਲ ਭਰਪੂਰ ਅਤੇ ਅਨੰਦਮਈ ਹੈ। ਇਸ ਉੱਪਰ ਕੇਵਲ ਕਾਰਾਂ ਤੇ ਹੋਰ ਛੋਟੇ ਵਾਹਨ ਹੀ ਚੱਲਦੇ ਹਨ। ਹੁਣ ਇਸ ਸਮੇਂ ਇਕ ਹੋਰ 4-ਲੇਨ ਦਾ ਖੁੱਲ੍ਹਾ ਰਸਤਾ ਕੈਮਲੂਪਸ ਤੋਂ ਵਿਸਲਰ ਜਾਣ ਲਈ ਬਣਾ ਦਿੱਤਾ ਗਿਆ ਹੈ ਜਿਸ ਉੱਪਰ ਕਾਰਾਂ ਸਮੇਤ ਟਰੱਕ-ਟ੍ਰੇਲਰਾਂ ਅਤੇ ਹੋਰ ਵੱਡੇ ਵਾਹਨਾਂ ਦੀ ਆਵਾਜਾਈ ਬੜੇ ਆਰਾਮ ਨਾਲ ਚੱਲਦੀ ਹੈ। ਆਉਂਦੀ ਵਾਰ ਵਾਪਸੀ ‘ਤੇ ਅਸੀਂ ਉਸ ਰਸਤੇ ਹੀ ਆਏ। ਪਰ ਵਿਸਲਰ ਜਾਣ ਸਮੇਂ ਅਸੀਂ ਜਾਣ-ਬੁੱਝ ਕੇ ਕੈਨੇਡਾ ਹਾਈਵੇਅ ਨੰਬਰ-1 ਵਾਲਾ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਰਸਤਾ ਚੁਣਿਆ। ਇਸ ਉੱਪਰ ਜਾਂਦਿਆਂ ਇੱਕ ਪਾਸੇ ਉੱਚੇ-ਉੱਚੇ ਵੱਖ-ਵੱਖ ਕਿਸਮਾਂ ਦੇ ਰੁੱਖਾਂ ਨਾਲ ਲੱਦੇ ਪਹਾੜ ਅਤੇ ਦੂਸਰੇ ਪਾਸੇ ਵਗਦਾ ਦਰਿਆ ਬੜਾ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੇ ਸਨ।

ਬੀ.ਸੀ. ਦੇ ਜੰਗਲਾਂ ਵਿੱਚ ਅੱਗਾਂ ਦੇ ਲੱਗਣ ਦਾ ਵਰਤਾਰਾ ਆਮ ਹੀ ਹੈ। ਹਰ ਸਾਲ ਇਸਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਪੜ੍ਹਨ-ਸੁਣਨ ਵਿੱਚ ਆਉਂਦੀਆਂ ਹਨ। ਇਸ ਦੇ ਕਾਰਨ ਕੁਦਰਤੀ ਅਤੇ ਗ਼ੈਰ-ਕੁਦਰਤੀ ਦੋਵੇਂ ਤਰ੍ਹਾਂ ਦੇ ਹੀ ਹੋ ਸਕਦੇ ਹਨ। ਜੰਗਲਾਂ ਦੇ ਇਨ੍ਹਾਂ ਰੁੱਖਾਂ ਵਿੱਚ ਕਈ ਰੁੱਖ ਇਸ ਕਿਸਮ ਦੇ ਵੀ ਹਨ ਜੋ ਆਪਣੇ ਤਣਿਆਂ ਅਤੇ ਟਾਹਣੀਆਂ ਵਿੱਚ-ਬੀੜੀ ‘ਬਰੋਜ਼ੇ’ ਵਰਗਾ ਬਲਣਸ਼ੀਲ ਪਦਾਰਥ ਪੈਦਾ ਕਰਦੇ ਹਨ। ਤੇਜ਼ ਹਵਾ ਦੇ ਚੱਲਣ ਨਾਲ ਇਨ੍ਹਾਂ ਰੁੱਖਾਂ ਦੀਆਂ ਟਾਹਣੀਆਂ ਜਦੋਂ ਆਪਸ ਵਿੱਚ ਰਗੜਦੀਆਂ ਹਨ ਤਾਂ ਉਨ੍ਹਾਂ ਦੇ ਵਿੱਚ ਗਰਮੀ ਪੈਦਾ ਹੋਣ ਨਾਲ ਇਸ ਬਰੋਜ਼ੇ-ਨੁਮਾ ਬਲਣਸ਼ੀਲ ਪਦਾਰਥ ਨੂੰ ਅੱਗ ਲੱਗ ਜਾਂਦੀ ਹੈ ਅਤੇ ਹੌਲ਼ੀ-ਹੌਲ਼ੀ ਇਹ ‘ਜੰਗਲ ਦੀ ਅੱਗ’ ਦਾ ਰੂਪ ਧਾਰ ਲੈਂਦੀ ਹੈ। ਦੂਸਰਾ ਵੱਡਾ ਕਾਰਨ ਮਨੁੱਖੀ ਅਣਗਹਿਲੀ ਜਾਂ ‘ਬੇਵਕੂਫ਼ੀ’ ਹੋ ਸਕਦਾ ਹੈ। ਸਿਗਰਟ-ਬੀੜੀ ਪੀਣ ਵਾਲੇ ਕਈ ਅਮਲੀ ਕਿਸਮ ਦੇ ਸ਼ਖ਼ਸ ਆਪਣੀ ਧੁਖ਼ਦੀ ਹੋਈ ਸਿਗਰਟ ਦਾ ਹੇਠਲਾ ਭਾਗ ਉਸ ਨੂੰ ਬੁਝਾਉਣ ਤੋਂ ਬਿਨਾਂ ਹੀ ਲਾ-ਪ੍ਰਵਾਹੀ ਨਾਲ ਧਰਤੀ ‘ਤੇ ਸੁੱਟ ਦਿੰਦੇ ਹਨ ਜੋ ਜਲਦੀ ਹੀ ਜੰਗਲ ਦੇ ਸੁੱਕੇ ਘਾਹ-ਫੂਸ ਨੂੰ ਅੱਗ ਦੇ ਰੂਪ ‘ਚ ਬਦਲ ਦਿੰਦਾ ਹੈ ਅਤੇ ਫਿਰ ਹਜ਼ਾਰਾਂ ਮੀਲਾਂ ਵਿੱਚ ਰੁੱਖਾਂ ਦੇ ਸਾੜਨ ਦਾ ਕਾਰਨ ਬਣ ਜਾਂਦਾ ਹੈ। ਉਸ ਦਿਨ ਅਸੀਂ ਉਸ ਰਸਤੇ ਜਾਂਦਿਆਂ ਥੌਮਸਨ ਦਰਿਆ ਦੇ ਦੂਸਰੇ ਬੰਨੇ ਕਈ ਥਾਵਾਂ ‘ਤੇ ਲੱਗੀ ਹੋਈ ਅੱਗ ਵੇਖੀ ਜਿਸ ਨੂੰ ਬੁਝਾਉਣ ਲਈ ਦੋ ਹੈਲੀਕਾਪਟਰ ਆਪਣੇ ਨਾਲ ਲਟਕ ਰਹੇ ਗੋਲ਼ ਆਕਾਰ ਦੇ ਖ਼ਾਸ ਕਿਸਮ ਦੇ ਵੱਡ-ਆਕਾਰੀ ‘ਡੋਲਾਂ’ ਨਾਲ  ਉਸ ਸਮੇਂ ਉਸ ਦਰਿਆ ਵਿੱਚੋਂ ਪਾਣੀ ਲੈ ਕੇ ਬੁਝਾਉਣ ਦੀ ਪੂਰੀ ‘ਵਾਹ’ ਲਗਾ ਰਹੇ ਸਨ, ਪਰ ਇੰਜ ਲੱਗਦਾ ਸੀ ਜਿਵੇਂ ਉਨ੍ਹਾਂ ਦੀ ਬਹੁਤੀ ਪੇਸ਼ ਨਹੀਂ ਜਾ ਰਹੀ ਅਤੇ ਅੱਗ ਉਨ੍ਹਾਂ ਦੇ ਕਾਬੂ ਤੋਂ ਬਾਹਰ ਹੈ।

ਕਈ ਥਾਵਾਂ ‘ਤੇ ਲੱਗੀਆਂ ਹੋਈਆਂ ਇਹ ਅੱਗਾਂ ਵੇਖਦੇ-ਵੇਖਦੇ ਸਾਡਾ ‘ਡਰਾਈਵਰ’ ਪਲਵਿੰਦਰਜੀਤ ਤੇ ਉਸਦਾ ਸਹਾਇਕ ‘ਨੇਵੀਗੇਟਰ’ (ਕੋ-ਡਰਾਈਵਰ) ਇਕਬਾਲ ਜੋਸਨ ਰਸਤਾ ਭੁੱਲ ਗਏ। ਦਰਅਸਲ, ਰਸਤੇ ਵਿੱਚ ਉਨ੍ਹਾਂ ਨੇ ਇੱਕ ਜਗ੍ਹਾ ‘ਤੇ ਸੱਜੇ ਹੱਥ ਮੋੜ ਮੁੜਨਾ ਸੀ ਅਤੇ ਉਹ ਗੱਡੀ ਉੱਥੋਂ ਸਿੱਧੀ ਹੀ ਅੱਗੇ ਲੈ ਗਏ। ਘੰਟੇ ਕੁ ਬਾਅਦ ਇੱਕ ਕਸਬੇ ‘ਚ ਪਹੁੰਚ ਕੇ ਉਨ੍ਹਾਂ ਨੂੰ ਆਪਣੀ ਇਸ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਉੱਥੋਂ ਵਾਪਸੀ ਪਾਈ। ਇਸ ਤਰ੍ਹਾਂ ਸਾਨੂੰ ਲੱਗਭੱਗ ਦੋ ਘੰਟਿਆਂ ਦਾ ਸਫ਼ਰ ਵਾਧੂ ਪੈ ਗਿਆ ਅਤੇ ਅਸੀਂ ਰਾਤ ਨੂੰ ਦਸ ਵਜੇ ਦੇ ਕਰੀਬ ਪਹੁੰਚ ਸਕੇ, ਜਦਕਿ ਉੱਥੇ ਪਹੁੰਚਣ ਦਾ ਸਾਡਾ ਅੰਦਾਜ਼ਨ ਸਮਾਂ ਅੱਠ ਕੁ ਵਜੇ ਦਾ ਸੀ। ਖ਼ੈਰ, ਲੰਮੇਂ ਸਫ਼ਰਾਂ ਵਿੱਚ ਇਹ ਆਮ ਜਿਹੀ ਗੱਲ ਹੈ ਅਤੇ ਕਈ ਵਾਰ ਅਜਿਹਾ ਹੋ ਹੀ ਜਾਂਦਾ ਹੈ। ਉਂਜ, ਇਸ ‘ਭੁੱਲ’ ਦਾ ਵੱਡਾ ਕਾਰਨ ਉਨ੍ਹਾਂ ਅੱਗਾਂ ਨੂੰ ਵੇਖਦਿਆਂ ਹੋਇਆਂ ਸਾਡੀ ਟੂਰ-ਪਾਰਟੀ ਦੇ ਮੈਂਬਰਾਂ ਵੱਲੋਂ ਉਨ੍ਹਾਂ ਉੱਪਰ ‘ਤਬਸਰਾ’ ਜਾਰੀ ਰੱਖਣਾ ਅਤੇ ਆਪਸੀ ‘ਗੱਪਸ਼ੱਪ’ ਵੀ ਸੀ।

ਵਿਸਲਰ ਵਿੱਚ ‘ਠਾਹਰ’ ਤੇ ਸ਼ਹਿਰ ਦੀ ਸੈਰ

ਵਿਸਲਰ ਸਾਡਾ ਦੋ ਰਾਤਾਂ ਠਹਿਰਨ ਦਾ ਪ੍ਰੋਗਰਾਮ ਸੀ। ਇੱਥੇ ਸਰੀ ਤੋਂ ਉਚੇਚੇ ਪਹੁੰਚੇ ਸਾਡੀ ਭੂਆ ਦੇ ਪੁੱਤਰ ਬਲਜੀਤ ਸਿੰਘ ਤੇ ਉਸਦੀ ਪਤਨੀ ਸਾਡੇ ਇਸ ਗਰੁੱਪ ਵਿੱਚ ਸ਼ਾਮਲ ਹੋਏ ਅਤੇ ਇਸ ਨਾਲ ਸਾਡਾ ਇਹ ਗਰੁੱਪ 11-ਮੈਂਬਰੀ ਟੂਰਿੰਗ-ਗਰੁੱਪ ਬਣ ਗਿਆ। ਇਸ ਨੂੰ ਧਿਆਨ ‘ਚ ਰੱਖਦਿਆਂ ਪਲਵਿੰਦਰਜੀਤ ਵੱਲੋਂ ਸੋਚ-ਸਮਝ ਕੇ ਹੀ 12 ਸੀਟਾਂ ਵਾਲੀ ਵੈਨ ਦੀ ਬੁੱਕਿੰਗ ਕਰਵਾਈ ਗਈ ਸੀ। ਇੱਥੇ ਵਿਸਲਰ ਵਿੱਚ ਸਾਡੇ ‘ਟੂਰ-ਪਲੈਨਰ’ (ਪਲਵਿੰਦਰਜੀਤ) ਵੱਲੋਂ ਰਿਹਾਇਸ਼ ਦੇ ਲਈ ਦੋ ਛੋਟੇ ਅਤੇ ਨੇੜਲੇ ਘਰਾਂ ‘ਚ ਪ੍ਰਬੰਧ ਕੀਤਾ ਗਿਆ, ਕਿਉਂਕਿ ਇੱਕ ਹੀ ਘਰ ਵਿੱਚ 5-6 ਬੈੱਡਰੂਮ ਮਿਲਣੇ ਮੁਸ਼ਕਲ ਸਨ। ਤਿੰਨ ਜੋੜੇ ਇੱਕ ਛੋਟੇ ਜਿਹੇ ਘਰ ‘ਚ ਸਮਾਅ ਗਏ ਅਤੇ ਬਾਕੀ ਦੇ ਪੰਜ ਮੈਂਬਰ ਓਸੇ ਕਲੋਨੀ ਵਿੱਚ ਥੋੜ੍ਹੀ ਜਿਹੀ ਹੀ ਦੂਰ ਪੈਂਦੇ ਦੂਸਰੇ ਛੋਟੇ ਘਰ ਚਲੇ ਗਏ। ਅਲਬੱਤਾ! ਰਸੋਈਖ਼ਾਨੇ ਦਾ ਪ੍ਰਬੰਧ ਇੱਕੇ ਥਾਂ ਤਿੰਨ ਬੈੱਡਰੂਮਾਂ ਵਾਲੇ ‘ਵੱਡੇ ਘਰ’ ‘ਚ ਹੀ ਰੱਖਿਆ ਗਿਆ। ਦੂਸਰੇ ਛੋਟੇ ਘਰ ਦੀ ਰਸੋਈ ਮੁਕਾਬਲਤਨ ਛੋਟੀ ਸੀ ਤੇ ਨਾਲੇ ਸਾਰੇ ਮੈਂਬਰਾਂ ਨੇ ਖਾਣ-ਪੀਣ ਤਾਂ ਇੱਕੇ ਥਾਂ ਹੀ ਕਰਨਾ ਸੀ। ਸਾਰੇ ਮੈਂਬਰਾਂ ਨੇ ਕੈਮਲੂਪਸ ਗੁਰੂਘਰ ‘ਚ ਦੁਪਹਿਰੇ ਲੰਗਰ ਕਾਫ਼ੀ ਲੇਟ ਹੀ ਛਕਿਆ ਸੀ ਅਤੇ ‘ਗੁਰੂ ਕਾ ਲੰਗਰ’ ਕਾਫ਼ੀ ਸੁਆਦਲਾ ਸੀ। ਉੱਪਰੋਂ ਉਸ ਸਮੇਂ ਭੁੱਖ ਚੰਗੀ ਲੱਗੀ ਹੋਣ ਕਰਕੇ ਇਹ ਉਦੋਂ ਛਕਿਆ ਵੀ ਵਾਹਵਾ ਈ ਗਿਆ ਸੀ। ਇਸ ਲਈ ਕੋਈ ਵੀ ਮੈਂਬਰ ਭੁੱਖ ਮਹਿਸੂਸ ਨਹੀਂ ਸੀ ਕਰ ਰਿਹਾ। ਇਸ ਲਈ ਫ਼ੈਸਲਾ ਹੋਇਆ ਕਿ ‘ਡਿਨਰ’ ਬਰੈੱਡ-ਜੈਮ ਦੇ ਨਾਲ ਦੁੱਧ ਪੀ ਕੇ ਹੀ ਕੀਤਾ ਜਾਏ। ਸਾਰਿਆਂ ਨੇ ਇਸ ‘ਫ਼ੈਸਲੇ’ ‘ਤੇ ਫੁੱਲ ਚੜ੍ਹਾਏ ਅਤੇ ‘ਵਾਹਿਗੁਰੂ’ ਕਹਿ ਕੇ ਬਰੈੱਡ-ਜੈਮ ਨੂੰ ਭਾਗ ਲਾਏ। ਸਾਰਾ ਦਿਨ ਸਫ਼ਰ ‘ਚ ਰਹਿਣ ਕਰਕੇ ਰਾਤ ਨੂੰ ਨੀਂਦ ਬੜੀ ਗੂੜ੍ਹੀ ਆਈ ਪਰ ਉੱਠ ਸਾਰੇ ਵੇਲੇ ਸਿਰ ਹੀ ਪਏ। ਵਿਸਲਰ ਸ਼ਹਿਰ ਵੇਖਣ ਦਾ ਚਾਅ ਜੁ ਮਨਾਂ ‘ਚ ਸੀ। ਨਵੀਆਂ ਥਾਵਾਂ ਵੇਖਣ ਦਾ ਹਰੇਕ ਨੂੰ ਚਾਅ ਹੁੰਦਾ ਹੈ ਅਤੇ ਅਸੀਂ ਇਸ ਤੋਂ ਕੋਈ ਓਪਰੇ ਜਾਂ ਵੱਖਰੇ ਨਹੀਂ ਸੀ।

‘ਵਿਸਲਰ ਓਲਿੰਪਿਕਸ ਐਂਡ ਪੈਰਾ-ਓਲਿੰਪਿਕ ਵਿਲੇਜ’ ਵੇਖਿਆ

ਸਵੇਰੇ ਨਹਾ-ਧੋ ਕੇ ਸਾਰੇ ਵੇਲੇ ਸਿਰ ਹੀ ਤਿਆਰ ਹੋ ਗਏ ਅਤੇ ਬਰੈੱਡ-ਜੈਮ ਤੇ ਆਮਲੇਟ ਦਾ ‘ਹੈਵੀ ਬਰੇਕ-ਫ਼ਾਸਟ’ ਕਰਕੇ  ‘ਰਿਹਾਇਸ਼ੀ-ਘਰਾਂ’ ਤੋਂ ਥੋੜ੍ਹੀ ਹੀ ਦੂਰ ਕੇਵਲ 10 ਕੁ ਮਿੰਟ ਦੀ ‘ਵਾਕ’ ‘ਤੇ ਪੈਂਦੇ ‘ਵਿਸਲਰ ਓਲਿੰਪਿਕਸ ਐਂਡ ਪੈਰਾ ਓਲਿੰਪਿਕ ਵਿਲੇਜ’ ਵੇਖਣ ਲਈ ਚੱਲ ਪਏ। 32 ਮਿਲੀਅਨ ਡਾਲਰਾਂ ਦੀ ਲਾਗਤ ਨਾਲ ਇਹ ‘ਓਲਿੰਪਿਕ ਵਿਲੇਜ’ 2010 ਵਿੱਚ ਇਸ ਸ਼ਹਿਰ ‘ਚ ਹੋਈਆਂ ‘ਵਿੰਟਰ-ਓਲਿੰਪਿਕਸ’ ਲਈ ਤਿਆਰ ਕੀਤਾ ਗਿਆ ਸੀ ਅਤੇ ਇੱਥੇ 2400 ਖਿਡਾਰੀ ਅਤੇ ਆਫ਼ੀਸ਼ਲਜ਼ 100 ਵੱਡੇ ਕਮਰਿਆਂ ਅਤੇ 20 ਯੂਨਿਟ ਟਾਊਨ-ਹਾਊਸਾਂ ਵਿੱਚ ਠਹਿਰਾਏ ਗਏ ਸਨ। ਇਹ ਸਥਾਨ ‘ਚੈਮਾਕਸ ਵੈਲੀ’ ਵਿੱਚ ਬਰਫ਼ ਦੀਆਂ ਖੇਡਾਂ ਹੋਣ ਦੀ ਜਗ੍ਹਾ ‘ਵਿਸਲਰ ਮਾਊਂਟੇਨ’ ਤੋਂ ਦੱਖਣ ਵੱਲ ਸਿਰਫ਼ 20 ਮਿੰਟ ਦੀ ਦੂਰੀ ‘ਤੇ ਹੈ। ਇੱਥੇ ਇੱਕ ਸ਼ਾਨਦਾਰ ਖੁੱਲ੍ਹਾ ਡੁੱਲ੍ਹਾ ‘ਓਲਿੰਪਕ ਪਾਰਕ’ ਹੈ ਅਤੇ ਇਸ ਪਾਰਕ ਦੇ ਅੰਦਰ ਦਾਖ਼ਲ ਹੋਣ ਵਾਲੇ ਬੰਨੇ ਓਲਿੰਪਿਕਸ ਦੇ ਪੰਜ ਰਿੰਗਾਂ ਵਾਲਾ ਚਮਕਵੀਂ ਧਾਤ ਦਾ ਬਣਿਆ ਹੋਇਆ ਸ਼ਾਨਦਾਰ ‘ਲੋਗੋ’ ਇਸ ਪਾਰਕ ਦੀ ਸ਼ਾਨ ਵਿੱਚ ਹੋਰ ਵੀ ਵਾਧਾ ਕਰ ਰਿਹਾ ਸੀ। ਇਸਦੇ ਪੰਜੇ ਚੱਕਰ (ਤਿੰਨ ਉੱਪਰ ਅਤੇ ਦੋ ਹੇਠਾਂ) ਇੱਕ-ਦੂਸਰੇ ਵਿੱਚ ਫਸੇ ਹੋਏ ਵਿਖਾਈ ਦਿੰਦੇ ਹਨ, ਜਿਵੇਂ ਉਹ ਇੱਕ-ਦੂਸਰੇ ਨੂੰ ਗਲਵੱਕੜੀ ਪਾ ਕੇ ਮਿਲ਼ ਰਹੇ ਹੋਣ। ਇਹ ਓਲਿੰਪਿਕ ਗੇਮਾਂ ਵਿੱਚ ਸ਼ਾਮਲ ਹੋਣ ਵਾਲੇ ਖਿਡਾਰੀਆਂ ਵਿਚਕਾਰ ਆਪਸੀ ਏਕਤਾ ਤੇ ਮਿਲਵਰਤਣ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਵਿਚਕਾਰ ਪ੍ਰੇਮ-ਪਿਆਰ ਦੀ ਭਾਵਨਾ ਨੂੰ ਬਾਖ਼ੂਬੀ ਪ੍ਰਗਟ ਕਰਦਾ ਹੈ। ਟੂਰਿਸਟ ਇਸ ‘ਓਲਿੰਪਿਕ ਲੋਗੋ’ ਦੇ ਸਾਅਹਮਣੇ ਖੜੇ ਹੋ ਕੇ ਤਸਵੀਰਾਂ ਖਿਚਵਾ ਰਹੇ ਸਨ। ਉਨ੍ਹਾਂ ਦੀ ਲਾਈਨ ਏਨੀ ਲੰਮੀਂ ਸੀ ਕਿ ਸਾਨੂੰ ਉੱਥੇ ਆਪਣੀਆਂ ਤਸਵੀਰਾਂ ਖਿਚਵਾਉਣ ਲਈ ਕੁਝ ਸਮਾਂ ਆਪਣੀ ਵਾਰੀ ਦੀ ਉਡੀਕ ਕਰਨੀ ਪਈ। ਸਾਡੇ ਵਿੱਚੋਂ ਪਹਿਲਾਂ ਜੋੜਿਆਂ ਨੇ ਆਪਣੀਆਂ ਤਸਵੀਰਾਂ ਖਿਚਵਾਈਆਂ ਅਤੇ ਫਿਰ ਸਾਰਿਆਂ ਦੀ ਇੱਕ ਗਰੁੱਪ-ਫ਼ੋਟੋ ਵੀ ਲਈ ਗਈ।

ਪਾਰਕ ਦੇ ਇੱਕ ਪਾਸੇ ਵੱਡੀ ਸਾਰੀ ‘ਸਟੇਜ’ ਬਣੀ ਹੋਈ ਹੈ ਜਿਸ ਉੱਪਰ ਵੱਖ-ਵੱਖ ਥਾਵਾਂ ‘ਤੇ ਮਾਈਕ ਪੱਕੇ ਹੀ ਫਿੱਟ ਕੀਤੇ ਹੋਏ ਸਨ। ਜ਼ਾਹਿਰ ਹੈ ਕਿ ਇੱਥੇ ਪਹਿਲਾਂ 2010 ਦੀ ‘ਵਿੰਟਰ ਓਲਿੰਪਿਕਸ’ ਸਮੇਂ ਖਿਡਾਰੀਆਂ ਅਤੇ ਸਰੋਤਿਆਂ ਦੇ ਮਨੋਰੰਜਨ ਲਈ ਕਈ ਪ੍ਰੋਗਰਾਮ ਕਰਵਾਏ ਗਏ ਹੋਣਗੇ ਅਤੇ ਹੁਣ ਇਸ ਸਮੇਂ ਵੀ ਇੱਥੇ ਵੱਖ-ਵੱਖ ਸਮੇਂ ਮਨੋਰੰਜਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹੋਣਗੇ। ਅਲਬੱਤਾ! ਉਸ ਦਿਨ ਉੱਥੇ ਕੋਈ ਸਮਾਗ਼ਮ ਨਹੀਂ ਚੱਲ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਸਰੋਤੇ ਅਤੇ ਦਰਸ਼ਕ ਪਾਰਕ ਦੇ ਇਸ ਹਰੇ-ਭਰੇ ਘਾਹ ਉੱਪਰ ਬੈਠ ਕੇ ਇਨ੍ਹਾਂ ਪ੍ਰੋਗਰਾਮਾਂ ਦਾ ਅਨੰਦ ਮਾਣਦੇ ਹੋਣਗੇ। ਸਟੇਜ ਦੇ ਸਾਹਮਣੇ ਪਾਰਕ ਦੇ ਪਿਛਲੇ ਪਾਸੇ ਵੱਲ ਪੱਥਰਾਂ ਦੀਆਂ ਪੌੜੀਆਂ ਵੀ ਬਣੀਆਂ ਹੋਈਆਂ ਸਨ ਅਤੇ ਕੁਝ ਲੋਕ ਇਨ੍ਹਾਂ ਉੱਪਰ ਵੀ ਬੈਠਦੇ ਹੋਣਗੇ। ‘ਵਿੰਟਰ ਓਲਿੰਪਿਕਸ-2010’ ਦੀ ਖ਼ੂਬਸੂਰਤ ਯਾਦ ਨੂੰ ਮੁੜ-ਤਾਜ਼ਾ ਕਰਵਾਉਂਦੀ ਇਹ ਬੜੀ ਖ਼ੂਬਸੂਰਤ ਇਤਿਹਾਸਕ ਯਾਦਗਾਰ ਹੈ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਅਤੇ ਹੋਰਨਾਂ ਦੇਸ਼ਾਂ ਤੋਂ ਵਿਸਲਰ ਆਉਣ ਵਾਲੇ ਯਾਤਰੀ ਇੱਥੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਂਦੇ ਹਨ।

ਵਿਸਲਰ ‘ਪੀਕ ਟੂ ਪੀਕ ਗੰਡੋਲਾ ਰਾਈਡ’

ਟੂਰਿਸਟਾਂ ਲਈ ਵਿਸਲਰ ਦੀ ਵਿਸ਼ੇਸ਼ ਖਿੱਚ ਦਾ ਇੱਕ ਹੋਰ ਕੇਂਦਰ ਇੱਥੋਂ ਦਾ 4.4 ਕਿਲੋਮੀਟਰ ਲੰਮਾਂ ਚੱਲਣ ਵਾਲਾ ‘ਗੰਡੋਲਾ’ ਹੈ। ਇਹ ‘ਵਿਸਲਰ ਮਾਊਂਟੇਨ ਰਾਊਂਡਹਾਊਸ’ ਅਤੇ ‘ਬਲੈਕਕੌਂਬ ਦੇ ਰੈਂਡਜ਼ਵਸ ਲੌਜ’ ਵਿਚਕਾਰ 436 ਮੀਟਰ ਦੀ ਉਚਾਈ ਤੱਕ ਚੱਲਦਾ ਹੈ। ਇਸ ਵਿੱਚ ਇੱਕ ਘੰਟੇ ਵਿੱਚ 4100 ਟੂਰਿਸਟ ਸਫ਼ਰ ਕਰਦੇ ਹਨ ਅਤੇ ਇਹ ਯਾਤਰੀਆਂ ਨੂੰ ਹੇਠੋਂ ਵਿਸਲਰ ਮਾਊਂਟੇਨ ਤੋਂ 11 ਮਿੰਟਾਂ ਵਿੱਚ ਬਲੈਕਕੌਂਬ ਪਹਾੜ ਦੇ ਉੱਪਰ ਲੈ ਜਾਂਦਾ ਹੈ। ਲੋਹੇ ਦੇ ਮੋਟੇ ਅਤੇ ਮਜ਼ਬੂਤ ‘ਰੱਸਿਆਂ’ ਦੇ ਨਾਲ ਫਿੱਕਸ ਕੀਤੀਆਂ ਹੋਈਆਂ ਸੈਂਕੜੇ ਲਿਫ਼ਟ-ਨੁਮਾ ‘ਟਰਾਲੀਆਂ’ ਇੱਕੋ ਸਮੇਂ ਹੇਠਾਂ ਤੋਂ ਉੱਪਰ ਅਤੇ ਉੱਪਰੋਂ ਹੇਠਾਂ ਚੱਲਦੀਆਂ ਹਨ ਅਤੇ ਹਰੇਕ ਟਰਾਲੀ ਵਿਚ 15-20 ਯਾਤਰੀ ਬੈਠ ਸਕਦੇ ਹਨ। ਇਹ ‘ਡੌਪਲਮਾਇਰ ਗੈਰਾਵੈਂਟਾ ਗਰੁੱਪ’ ਵੱਲੋਂ 2007-2008 ਵਿੱਚ 51 ਮਿਲੀਅਨ ਕੈਨੇਡੀਅਨ ਡਾਲਰਾਂ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਅਤੇ ਇਨ੍ਹਾਂ ਦੋਹਾਂ ਪਹਾੜਾਂ ਵਿਚਕਾਰ ਦੋ ਵੱਖ-ਵੱਖ ਥਾਵਾਂ ਤੋਂ ਚੱਲਦਾ ਹੈ। ਯਾਤਰੀ ਇਕ ਪਾਸੇ ਤੋਂ ਜਾ ਕੇ ਦੂਸਰੇ ਪਾਸਿਉਂ ਹੇਠਾਂ ਆਉਂਦੇ ਹਨ। ਦੋਹਾਂ ਵਿੱਚੋਂ ਕਿਸੇ ਵੀ ਪਾਸਿਉਂ ਆਉਣ-ਜਾਣ ਕੀਤਾ ਜਾ ਸਕਦਾ ਹੈ ਅਤੇ ਆਉਣ-ਜਾਣ ਦੀ ‘ਸਿੰਗਲ ਟਿਕਟ’ ਦੇ ਰੇਟ ਉਮਰ-ਵਰਗਾਂ ਅਨੁਸਾਰ ਵੱਖ-ਵੱਖ ਰੱਖੇ ਗਏ ਹਨ। 19-64 ਸਾਲ ਦੇ ਬਾਲਗ਼ਾਂ ਲਈ ਇਹ 110 ਕੈਨੇਡੀਅਨ ਡਾਲਰ ਹੈ, ਜਦ ਕਿ 65 ਸਾਲ ਤੋਂ ਉੱਪਰਲੇ ਸੀਨੀਅਰਾਂ ਤੇ ‘ਟੀਨ-ਏਜਰਾਂ’ ਲਈ 100 ਡਾਲਰ ਅਤੇ 7-12 ਸਾਲ ਦੇ ਬੱਚਿਆਂ ਲਈ 60 ਡਾਲਰ ਹੈ। ਤਿੰਨ ਤੋਂ ਛੇ ਸਾਲ ਦੇ ਬੱਚਿਆਂ ਲਈ ਇਹ ਗੰਡੋਲਾ ਰਾਈਡ ਮੁਫ਼ਤ ਹੈ।

ਸਾਡੀ ਟੂਰ ਪਾਰਟੀ ਦੇ ‘ਨੇਤਾ’ ਪਲਵਿੰਦਰਜੀਤ ਅਤੇ ‘ਉੱਪ-ਨੇਤਾ’ ਇਕਬਾਲ ਜੋਸਨ ਸਾਡੀ ਪਾਰਟੀ ਲਈ ਇਸ ਗੰਡੋਲੇ ‘ਤੇ ਚੜ੍ਹਨ ਲਈ ‘ਟਿਕਟ ਖ਼੍ਰੀਦ ਕੇਂਦਰ’ ਤੋਂ ਟਿਕਟਾਂ ਲੈਣ ਲਈ ਚਲੇ ਗਏ। ਸਾਡੇ ਵਰਗੇ ਟਿਕਟਾਂ ਲੈਣ ਦੇ ਚਾਹਵਾਨਾਂ ਦੀ ਲਾਈਨ ਕਾਫ਼ੀ ਲੰਮੀਂ ਹੋਣ ਕਰਕੇ ਉਨ੍ਹਾਂ ਨੂੰ ਉੱਥੇ ਵਾਹਵਾ ਸਮਾਂ ਲੱਗ ਗਿਆ। ਓਨਾ ਚਿਰ ਅਸੀਂ ਵਿਸਲਰ ਓਲਿੰਪਿਕਸ ਐਂਡ ਪੈਰਾ ਓਲਿੰਪਿਕ ਵਿਲੇਜ ਦੇ ਨੇੜੇ-ਤੇੜੇ ਫਿਰਦੇ-ਤੁਰਦੇ ਇਸਦਾ ਅਨੰਦ ਮਾਣਦੇ ਰਹੇ। ਇਸਦੇ ਨਾਲ ਹੀ ਕਈ ਮੈਂਬਰਾਂ ਨੂੰ ਚਾਹ ਦੀ ਤਲਬ ਵੀ ਮਹਿਸੂਸ ਹੋ ਰਹੀ ਸੀ ਅਤੇ ਉਹ ਵੀ ਪੂਰੀ ਕਰਨੀ ਜ਼ਰੂਰੀ ਸੀ। ਟਿਕਟਾਂ ਲੈ ਕੇ ਆਉਣ ਵਾਲਿਆਂ ਦੀ ਵਾਪਸੀ ‘ਤੇ ਸਾਰੇ ਗੰਡੋਲੇ ਦੀ ਰਾਈਡ ਦੇ ਆਰੰਭ ਹੋਣ ਵਾਲੀ ਥਾਂ ਵੱਲ ਚੱਲ ਪਏ ਅਤੇ ਆਪੋ-ਆਪਣੀਆਂ ਟਿਕਟਾਂ ਹੱਥਾਂ ‘ਚ ਫੜ੍ਹੀ ਲੰਬੀ ਉਡੀਕ ਲਾਈਨ ਵਿੱਚ ਲੱਗ ਗਏ। ਆਪਣੀ ਵਾਰੀ ਆਉਣ ’ਤੇ ਤੁਰਦੇ-ਤੁਰਦੇ ਹੀ ਗੰਡੋਲੇ ਦੀ ਇੱਕ ਟਰਾਲੀ ‘ਚ ਸਵਾਰ ਹੋ ਗਏ, ਕਿਉਂਕਿ ਇਹ ਟਰਾਲੀਆਂ ਖਲੋਦੀਆਂ ਨਹੀਂ ਹਨ ਅਤੇ ਲਗਾਤਾਰ ਚੱਲਦੀਆਂ ਹੀ ਰਹਿੰਦੀਆਂ ਹਨ। ਉੱਪਰ ਵੱਲ ਨੂੰ ਇਹ ਦਿਲਚਸਪ ਚੜ੍ਹਾਈ ਆਰੰਭ ਹੋ ਗਈ। ਕਾਫ਼ੀ ਉਚਾਈ ‘ਤੇ ਜਾ ਕੇ ਬਣੇ ਇਕ ਪਲੇਟਫ਼ਾਰਮ ‘ਤੇ ਉਸ ਟਰਾਲੀ ਵਿੱਚੋਂ ਉੱਤਰ ਕੇ ਨਾਲ ਹੀ ਦੂਸਰੀ ਲਾਈਨ ਉੱਪਰ ਚੱਲ ਰਹੇ ਗੰਡੋਲੇ ਦੀ ਇਕ ਹੋਰ ਟਰਾਲੀ ਵਿੱਚ ਸਵਾਰ ਹੋ ਗਏ।

ਦਰਅਸਲ, ਇਨ੍ਹਾਂ ਪਹਾੜਾਂ ਦੀ ਇਹ ਉਚਾਈ ਕਾਫ਼ੀ ਜ਼ਿਆਦਾ (476 ਮੀਟਰ) ਹੋਣ ਕਰਕੇ ਗੰਡੋਲਿਆਂ ਦੀਆਂ ਦੋ ਵੱਖ-ਵੱਖ ਲਾਈਨਾਂ ਦੁਆਰਾ ਦੋ ‘ਪੜਾਆਂ’ ‘ਚ ਕੀਤੀ ਜਾਂਦੀ ਹੈ। ਕੁਝ ਮਿੰਟਾਂ ਬਾਅਦ ਦੂਸਰਾ ਪੜਾਅ ਵੀ ਆ ਗਿਆ ਅਤੇ ਉੱਥੇ ਉੱਤਰ ਕੇ ਇਸ ਵਿਸ਼ਾਲ ਪਹਾੜ ਦੇ ਲੰਮੇਂ-ਚੌੜੇ ‘ਸਮਤਲ’ ਨੂੰ ਨਿਹਾਰਿਆ। ਇਸ ਦੇ ਇੱਕ ਪਾਸੇ ਬੜਾ ਖੁੱਲ੍ਹਾ ਰੈੱਸਟੋਰੈਂਟ ਸੀ, ਜਿੱਥੇ ਚਾਹ-ਪਾਣੀ, ਕਾਫ਼ੀ, ਬੀਅਰ, ਡਰਿੰਕਸ, ਪੀਜ਼ੇ, ਬਰਗਰ,  ਹੌਟ-ਡੌਗ, ਚਿਕਨ, ਗੋਟ, ਬੀਫ਼ ਆਦਿ, ਗੱਲ ਕੀ ਖਾਣ-ਪੀਣ ਦਾ ਹਰ ਤਰ੍ਹਾਂ ਦਾ ਸਮਾਨ ਮੌਜੂਦ ਸੀ।

ਸਾਡੀ ਟੀਮ ਦੇ ਛੇ ‘ਜਵਾਨ ਮੈਂਬਰ’ ਇੱਥੋਂ ਅੱਗੇ ਇੱਕ ਹੋਰ ਪਹਾੜ ਵੱਲ ਚੜ੍ਹਾਈ ਚੜ੍ਹਨ ਲਈ ਚਲੇ ਗਏ ਅਤੇ ਅਸੀਂ ਪੰਜ  ਸੀਨੀਅਰ ਮੈਂਬਰ ਪਹਿਲਾਂ ਇਸ ਰੈਸਟੋਰੈਂਟ ਵਿੱਚ ਚਾਹ ਪੀਣ ਲਈ ਚਲੇ ਗਏ ਅਤੇ ਉੱਥੇ ਕੁਝ ਸਮਾਂ ਗ਼ੁਜ਼ਾਰ ਕੇ ਫਿਰ ਬਾਹਰ ਇੱਕ ਬੈਂਚ ਉੱਪਰ ਬੈਠ ਕੇ ਆਪਣੇ ਸਾਥੀਆਂ ਦੀ ਉਡੀਕ ਕਰਨ ਲੱਗ ਪਏ। ਉਹ ਉੱਥੇ ਵਾਹਵਾ ਈ ਚਿਰ ਲਾ ਕੇ ਵਾਪਸ ਆਏ। ਉਨ੍ਹਾਂ ਦੱਸਿਆ ਕਿ ਥੋੜ੍ਹਾ ਜਿਹਾ ਹੇਠਾਂ ਵੱਲ ਜਾ ਕੇ ਉਸ ਤੋਂ ਅੱਗੇ ਉਸ ਪਹਾੜ ਦੀ ਚੜ੍ਹਾਈ ਸੁਰੂ ਹੋ ਜਾਂਦੀ ਹੈ ਅਤੇ ਫਿਰ ਕੁਝ ਦੂਰ ਜਾ ਕੇ ਇੱਕ ਹੋਰ ‘ਗੰਡੋਲਾ’ ਉਸ ਪਹਾੜ ਦੀ ਟੀਸੀ ‘ਤੇ ਜਾਂਦਾ ਹੈ, ਜਿੱਥੋਂ ਅੱਗੇ ਇਕ ਹੋਰ ਪਹਾੜ ਦੀ ਟੀਸੀ ਤੱਕ ਬਣੇ ਲੋਹੇ ਦੇ ‘ਰੱਸਿਆਂ’ ਨਾਲ ਲਟਕਦੇ ਹੋਏ ‘ਪੁਲ਼’ ਨੂੰ ਤੁਰ ਕੇ ਪਾਰ ਕਰਦੇ ਹੋਏ ਉਹ ਦੂਸਰੇ ਪਹਾੜ ‘ਤੇ ਪਹੁੰਚੇ ਅਤੇ ਉੱਥੋਂ ਫਿਰ ਵਾਪਸੀ ਕੀਤੀ ਗਈ। ਉਨ੍ਹਾਂ ਦੇ ਦੱਸਣ ਅਨੁਸਾਰ ਉਨ੍ਹਾਂ ਦਾ ਚੜ੍ਹਾਈ-ਉਤਰਾਈ ਦਾ ਇਹ ‘ਸਫ਼ਰ’ ਕਾਫ਼ੀ ਦਿਲਚਸਪ ਸੀ। ਇਹ ਜ਼ਰੂਰ ਦਿਲਚਸਪ ਹੋਵੇਗਾ, ਕਿਉਂਕਿ ਉਨ੍ਹਾਂ ਸਾਡੇ ਅੱਗੇ ‘ਝੂਠ’ ਥੋੜ੍ਹਾ ਮਾਰਨਾ ਸੀ।

ਉੱਥੋਂ ਵਾਪਸੀ ਕਰਨ ਤੋਂ ਪਹਿਲਾਂ ਸਾਰਿਆਂ ਨੇ ਚਾਹ-ਪਾਣੀ ਤੇ ਮਿੱਠਾ-ਨਮਕੀਨ, ਵਗ਼ੈਰਾ ਲਿਆ ਅਤੇ ਇਸ ਗੰਡੋਲੇ ਦੇ ਦੂਸਰੇ ਰਸਤੇ ਰਾਹੀਂ ਵਾਪਸੀ ਦਾ ਸਫ਼ਰ ਆਰੰਭ ਕੀਤਾ। ਗੰਡੋਲੇ ਦੀ ਇਹ ‘ਵਾਪਸੀ’ ਵੀ ਓਨੀ ਹੀ ਦਿਲਚਸਪ ਅਤੇ ਅਨੰਦਮਈ ਸੀ। ਏਨੇ ਨੂੰ ਸ਼ਾਮ ਦਾ ਘੁਸਮੁਸਾ ਵੀ ਆਰੰਭ ਹੋ ਰਿਹਾ ਸੀ ਅਤੇ ਅਸੀਂ ਵਿਸਲਰ ਵਿੱਚ ਆਪਣੀ ‘ਅਸਥਾਈ ਰਿਹਾਇਸ਼’ ਵੱਲ ਚਾਲੇ ਪਾਏ। ਬੀਬੀਆਂ ਨੇ ਰਾਤ ਦੇ ਖਾਣੇ ਵਿੱਚ ਹਲਕੀ-ਫੁਲਕੀ ਮੂੰਗੀ-ਮਸਰੀ ਦੀ ਦਾਲ ਨਾਲ ਗਰਮ-ਗਰਮ ਤਾਜ਼ਾ ਫੁਲਕੇ ਲਾਹ ਕੇ ਨਾਲੋ-ਨਾਲ ਖਵਾਏ। ਲੰਮੇਂ ਟੂਰ ਦੌਰਾਨ ਇਸ ਹਲਕੇ-ਫੁਲਕੇ ‘ਡਿਨਰ’ ਦਾ ਵੀ ਆਪਣਾ ਹੀ ਮਜ਼ਾ ਹੈ। ਹਲਕਾ ਤੇ ਭਾਰਾ ਭੋਜਨ ਦੋਵੇਂ ਨਾਲ-ਨਾਲ ਹੀ ਚੱਲਦੇ ਹਨ। ਅਗਲੇ ਦਿਨ ਸਾਡਾ ਇੱਥੋਂ ਵਿਕਟੋਰੀਆ ਜਾਣ ਦਾ ਪ੍ਰੋਗਰਾਮ ਸੀ। ਇਸ ਲਈ ਸਾਰੇ ਜਲਦੀ ਹੀ ਸੌਂ ਗਏ। (ਚੱਲਦਾ)

 

 

Leave a Reply

Your email address will not be published. Required fields are marked *