ਪਠਾਨਕੋਟ- ਬੀਤੇ ਦਿਨ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਪਠਾਨਕੋਟ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਸ੍ਰੀ ਗੁਰੂ ਰਵਿਦਾਸ ਮੰਦਰ ਅਤੇ ਕਾਲੀ ਮਾਤਾ ਮੰਦਰ ਵਿੱਚ ਮੱਥਾ ਟੇਕਣ ਮਗਰੋਂ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਪਠਾਨਕੋਟ ਦੇ ਵਪਾਰੀਆਂ ਨਾਲ ਖੁੱਲ੍ਹੀ ਮੀਟਿੰਗ ਵੀ ਕੀਤੀ। ਸਾਬਕਾ ਵਿਧਾਇਕ ਅਮਿਤ ਵਿੱਜ ਅਤੇ ਜ਼ਿਲ੍ਹਾ ਪ੍ਰਧਾਨ ਪੰਨਾ ਲਾਲ ਭਾਟੀਆ ਦੀ ਅਗਵਾਈ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਭਾਜਪਾ ਅਤੇ ‘ਆਪ’ ਨੂੰ ਰਗੜੇ ਲਾਏ ਅਤੇ ਕਿਹਾ ਕਿ ਦੋਵੇਂ ਪਾਰਟੀਆਂ ਇੱਕ-ਦੂਜੇ ਦੀ ‘ਏ’ ਅਤੇ ‘ਬੀ’ ਟੀਮਾਂ ਵਾਂਗ ਕੰਮ ਕਰ ਰਹੀਆਂ ਹਨ। ਦੋਵੇਂ ਪਾਰਟੀਆਂ ਰਾਜਨੀਤੀ ਨੂੰ ਧਰਮ ਦਾ ਆਧਾਰ ਬਣਾ ਰਹੀਆਂ ਹਨ। ਭਾਜਪਾ ਨਫ਼ਰਤ ਦੀ ਰਾਜਨੀਤੀ ਕਰਦੀ ਹੈ ਜੋ ਕਿ ਪੰਜਾਬ ਦੇ ਭਾਈਚਾਰੇ ਲਈ ਬਹੁਤ ਹੀ ਖ਼ਤਰਨਾਕ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਦੀਆਂ ਅਸਲ ਲੋੜਾਂ ਕਾਨੂੰਨ ਵਿਵਸਥਾ, ਰੁਜ਼ਗਾਰ, ਨਸ਼ਿਆਂ ਦੀ ਸਮੱਸਿਆ, ਸਿੱਖਿਆ ਤੇ ਆਰਥਿਕ ਵਿਕਾਸ ਹਨ, ਪਰ ਇਨ੍ਹਾਂ ਪਾਰਟੀਆਂ ਦੀਆਂ ਨੀਤੀਆਂ ਕਾਰਨ ਪੰਜਾਬ ਦਾ ਸਮਾਜਿਕ ਭਾਈਚਾਰਾ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਨਸ਼ਿਆਂ ਦੇ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਭਾਜਪਾ ਤਾਂ ਥੋਕ ਦੀ ਦੁਕਾਨ ਹੈ ਜੋ ਕਿ ਦਿੱਲੀ ਤੋਂ ਚੱਲਦੀ ਹੈ, ਜਦਕਿ ‘ਆਪ’ ਪਰਚੂਨ ਦੀ ਦੁਕਾਨ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹੈ। ਚੋਣ ਮਨੋਰਥ ਪੱਤਰ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਸੱਤਾ ਵਿੱਚ ਆਉਣ ’ਤੇ ਪਹਿਲਾਂ ਤੋਂ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਬੰਦ ਨਹੀਂ ਕਰੇਗੀ, ਸਗੋਂ ਇਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਵਿੱਚ ਲਿਆ ਕੇ ਲੋਕਾਂ ਦਾ ਅਧਿਕਾਰ ਬਣਾਏਗੀ। ਰੁਜ਼ਗਾਰ ਅਤੇ ਬਿਹਤਰ ਮੌਕਿਆਂ ਦੀ ਘਾਟ ਕਾਰਨ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ।
ਪੰਜਾਬ ਵਿਚ ਜੱਟ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਭਾਰਨ ਦੀ ਚਰਚਾ ਬਾਰੇ ਕਿਹਾ ਕਿ ਪਾਰਟੀ ਕੋਲ ਬਹੁਤ ਸਾਰੇ ਤਜਰਬੇਕਾਰ ਆਗੂ ਹਨ। ਕਾਂਗਰਸ ਨੂੰ ਅਜਿਹਾ ਆਗੂ ਚਾਹੀਦਾ ਹੈ ਜੋ ਪੰਜਾਬ ਦੇ ਹੱਕਾਂ ਲਈ ਲੜ ਸਕੇ, ਭਾਵੇਂ ਉਹ ਕਿਸੇ ਵੀ ਧਰਮ ਜਾਂ ਕਿਸੇ ਵੀ ਜਾਤ ਦਾ ਹੋਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰੇਗੀ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ‘ਆਪ’ ਸਰਕਾਰ ਹਰ ਮੋਰਚੇ ’ਤੇ ਅਸਫਲ ਸਾਬਤ ਹੋਈ ਹੈ। ਇਸ ਮੌਕੇ ਵਿਧਾਇਕ ਨਰੇਸ਼ ਪੁਰੀ, ਸਾਬਕਾ ਵਿਧਾਇਕ ਜੋਗਿੰਦਰ ਪਾਲ, ਅਮਿਤ ਵਿੱਜ, ਰਮਨ ਭੱਲਾ ਆਦਿ ਆਗੂ ਹਾਜ਼ਰ ਸਨ।
