ਵਿੰਨੀਪੈਗ ( ਸੁਰਿੰਦਰ ਮਾਵੀ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਵਪਾਰਕ ਨੀਤੀਆਂ ਅਤੇ ਟੈਰਿਫ਼ਾਂ ਕਾਰਨ ਕੈਨੇਡਾ ਦੇ ਆਟੋ ਉਦਯੋਗ ’ਤੇ ਮੰਡਰਾ ਰਹੇ ਖ਼ਤਰੇ ਦਰਮਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਕਾਰਨੀ ਨੇ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਜੇਕਰ ਵਾਸ਼ਿੰਗਟਨ ਨਾਲ ਵਪਾਰਕ ਗੱਲਬਾਤ ਦੌਰਾਨ ਕੈਨੇਡੀਅਨ ਆਟੋ ਸੈਕਟਰ ਨੂੰ ਬਚਾਉਣ ਲਈ ਕੋਈ ਠੋਸ ਸਮਝੌਤਾ ਨਹੀਂ ਹੁੰਦਾ, ਤਾਂ ਕੈਨੇਡਾ ਚੀਨੀ ਕਾਰ ਨਿਰਮਾਤਾਵਾਂ ਨਾਲ ਭਾਈਵਾਲੀ ਕਰਨ ਤੋਂ ਗੁਰੇਜ਼ ਨਹੀਂ ਕਰੇਗਾ।
ਸੋਮਵਾਰ ਨੂੰ ਕੰਬੋਡੀਆ ਦੌਰੇ ਦੌਰਾਨ ਗੱਲਬਾਤ ਕਰਦਿਆਂ ਕਾਰਨੀ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਅਮਰੀਕਾ ਨਾਲ ਵਪਾਰਕ ਸਮਝੌਤਾ ਕਰਨਾ ਹੀ ਹੈ, ਪਰ ਜੇਕਰ ਉੱਤਰੀ ਅਮਰੀਕਾ ਦੇ ਏਕੀਕ੍ਰਿਤ ਬਾਜ਼ਾਰ ਵਿੱਚ ਕੈਨੇਡੀਅਨ ਕਾਮਿਆਂ ਅਤੇ ਫੈਕਟਰੀਆਂ ਦੀ ਪੂਰੀ ਵਰਤੋਂ ਨਹੀਂ ਹੁੰਦੀ, ਤਾਂ ਕੈਨੇਡਾ ਕੋਲ ਚੀਨੀ, ਯੂਰਪੀ ਜਾਂ ਜਾਪਾਨੀ ਕੰਪਨੀਆਂ ਵੱਲ ਰੁਖ਼ ਕਰਨ ਦਾ ਵਿਕਲਪ ਖੁੱਲ੍ਹਾ ਹੈ। ਦੱਸਣਯੋਗ ਹੈ ਕਿ ਕਾਰਨੀ ਇਸੇ ਹਫ਼ਤੇ ਚੀਨ ਦੇ ਸ਼ਹਿਰ ਸ਼ੇਨਜ਼ੇਨ ਵਿੱਚ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਅਹਿਮ ਮੁਲਾਕਾਤ ਕਰਨ ਜਾ ਰਹੇ ਹਨ, ਜਿੱਥੇ ਆਟੋ ਉਦਯੋਗ ਵਿੱਚ ਨਿਵੇਸ਼ ਮੁੱਖ ਏਜੰਡਾ ਰਹੇਗਾ। ਅਮਰੀਕਾ ’ਤੇ ਦਬਾਅ ਬਣਾਉਣ ਦੇ ਸਵਾਲ ‘ਤੇ ਕਾਰਨੀ ਨੇ ਬੜੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, “ਇਹ ਦਬਾਅ ਪਾਉਣ ਦੀ ਰਣਨੀਤੀ ਨਹੀਂ ਹੈ, ਪਰ ਹਰ ਕਿਰਿਆ ਦੀ ਪ੍ਰਤੀਕਿਰਿਆ ਜ਼ਰੂਰ ਹੁੰਦੀ ਹੈ। ਕੈਨੇਡਾ ਕਿਸੇ ਵੀ ਸੂਰਤ ਵਿੱਚ ਅੱਗੇ ਵਧੇਗਾ।” ਹਾਲਾਂਕਿ, ਉਨ੍ਹਾਂ ਇਹ ਸ਼ਰਤ ਵੀ ਰੱਖੀ ਕਿ ਚੀਨ ਵੱਲੋਂ ਕੀਤਾ ਜਾਣ ਵਾਲਾ ਕੋਈ ਵੀ ਨਿਵੇਸ਼ ਸਿਰਫ਼ ਬਾਹਰੋਂ ਪੁਰਜ਼ੇ ਲਿਆ ਕੇ ਕਾਰਾਂ ਜੋੜਨ ਤੱਕ ਸੀਮਤ ਨਹੀਂ ਹੋਵੇਗਾ। ਇਸ ਵਿੱਚ ਕੈਨੇਡਾ ਅੰਦਰ ਮੁਕੰਮਲ ਨਿਰਮਾਣ, ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਅਤੇ ਇਲੈਕਟ੍ਰਿਕ ਵਾਹਨਾਂ (ਈ.ਵੀ.) ਲਈ ਲੋੜੀਂਦੇ ਕੈਨੇਡੀਅਨ ਖਣਿਜਾਂ ਦੀ ਵਰਤੋਂ ਵਾਲੀ ਘਰੇਲੂ ਸਪਲਾਈ ਚੇਨ ਵਿਕਸਤ ਕਰਨੀ ਲਾਜ਼ਮੀ ਹੋਵੇਗੀ।
ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਹੋਏ ਇੱਕ ਸਮਝੌਤੇ ਤਹਿਤ ਕੈਨੇਡਾ ਨੇ ਚੀਨੀ ਇਲੈਕਟ੍ਰਿਕ ਕਾਰਾਂ ’ਤੇ ਲੱਗਣ ਵਾਲਾ 100 ਫ਼ੀਸਦੀ ਟੈਰਿਫ਼ ਘਟਾ ਕੇ 6.1 ਫ਼ੀਸਦੀ ਕਰ ਦਿੱਤਾ ਸੀ ਅਤੇ ਸ਼ੁਰੂਆਤੀ ਤੌਰ ’ਤੇ 49,000 ਵਾਹਨਾਂ ਨੂੰ ਦਰਾਮਦ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸ ਦੇ ਬਦਲੇ ਚੀਨ ਨੇ ਕੈਨੇਡੀਅਨ ਕੈਨੋਲਾ ਅਤੇ ਹੋਰ ਖੇਤੀ ਉਤਪਾਦਾਂ ਨੂੰ ਰਾਹਤ ਦਿੱਤੀ ਸੀ। ਹਾਲਾਂਕਿ, ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇਸ ਕਦਮ ਦਾ ਵਿਰੋਧ ਕਰਦਿਆਂ ਖ਼ਦਸ਼ਾ ਜਤਾਇਆ ਸੀ ਕਿ ਇਸ ਨਾਲ ਸਥਾਨਕ ਰੁਜ਼ਗਾਰ ਅਤੇ ਅਮਰੀਕੀ ਬਾਜ਼ਾਰ ਤੱਕ ਪਹੁੰਚ ਪ੍ਰਭਾਵਿਤ ਹੋਵੇਗੀ।
ਦੂਜੇ ਪਾਸੇ, ਟਰੰਪ ਵੱਲੋਂ ਕੰਪਨੀਆਂ ਨੂੰ ਉਤਪਾਦਨ ਅਮਰੀਕਾ ਲਿਜਾਣ ਲਈ ਪਾਏ ਜਾ ਰਹੇ ਦਬਾਅ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਹਾਲ ਹੀ ਵਿੱਚ ਵਾਹਨ ਨਿਰਮਾਤਾ ਕੰਪਨੀ ‘ਸਟੈਲੈਂਟਿਸ’ ਨੇ ਬਰੈਂਪਟਨ ਪਲਾਂਟ ਤੋਂ ਜੀਪ ਕੰਪਾਸ ਦਾ ਉਤਪਾਦਨ ਅਮਰੀਕਾ ਦੇ ਸੂਬੇ ਵਿੱਚ ਤਬਦੀਲ ਕਰ ਦਿੱਤਾ ਹੈ, ਜਿਸ ਕਾਰਨ ਕੈਨੇਡਾ ਸਰਕਾਰ ਨੇ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ। ਕਾਰਨੀ ਮੁਤਾਬਕ ਅਮਰੀਕਾ ਨਾਲ ਗੱਲਬਾਤ ਸਕਾਰਾਤਮਕ ਦਿਸ਼ਾ ਵੱਲ ਵਧ ਰਹੀ ਹੈ, ਪਰ ਅਜੇ ਵੀ ਕਈ ਅਹਿਮ ਮਤਭੇਦ ਸੁਲਝਾਉਣੇ ਬਾਕੀ ਹਨ।
