ਵਿੰਨੀਪੈਗ ( ਮਾਵੀ)-ਟੋਰਾਂਟੋ ਨੇੜੇ ਕਿਚਨਰ ਦੇ ਗੁਰਦੁਆਰੇ ਵਿੱਚ ਪੁਲੀਸ ਮੁਲਾਜ਼ਮ ਦੇ ਬੂਟਾਂ ਸਮੇਤ ਅੰਦਰ ਜਾਣ ਦੀਆਂ ਖਬਰਾਂ ਹਨ। ਵਾਇਰਲ ਵੀਡੀਓ ਵਿੱਚ ਪੁਲੀਸ ਵਰਦੀ ਵਿੱਚ ਕੁਝ ਅਫਸਰ ਬੂਟਾਂ ਸਮੇਤ ਗੁਰਦੁਆਰਾ ਸਾਹਿਬ ਦੇ ਅੰਦਰ ਫਿਰਦੇ ਦਿਖਾਈ ਦਿੰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਬੰਧਕਾਂ ਨੇ ਕੁਝ ਨਿਯਮ ਪਾਸ ਕਰਨ ਲਈ ਕਮੇਟੀ ਮੈਂਬਰਾਂ ਦੀ ਮੀਟਿੰਗ ਸੱਦੀ ਸੀ। ਅਜੇ ਏਜੰਡਾ ਦੱਸਣਾ ਸ਼ੁਰੂ ਹੀ ਕੀਤਾ ਗਿਆ ਸੀ ਕਿ ਹਾਜ਼ਰ ਲੋਕਾਂ ’ਚੋਂ ਕੁਝ ਨਿਯਮ ਪਾਸ ਕਰਨ ਦਾ ਵਿਰੋਧ ਕੀਤਾ ਤੇ ਗੱਲ ਤਲਖ਼ੀ ਤੱਕ ਪਹੁੰਚ ਗਈ। ਵੀਡੀਓ ਵਿੱਚ ਸਾਫ ਦਿਸ ਰਿਹਾ ਹੈ ਕਿ ਸਿਰ ’ਤੇ ਰੁਮਾਲ ਬੰਨ੍ਹੀ ਸ਼ਖਸ ਲੋਕਾਂ ਨੂੰ ਵੀਡੀਓ ਬਣਾਉਣ ਤੋਂ ਰੋਕਦੇ ਹੋਏ ਤਲਖ਼ੀ ਨਾਲ ਪੇਸ਼ ਆ ਰਿਹਾ ਹੈ। ਮਾਹੌਲ ਵਿਗੜਨ ’ਤੇ ਪ੍ਰਬੰਧਕਾਂ ਨੇ ਪੁਲੀਸ ਸੱਦ ਲਈ। ਹੋਰ ਜਾਣਕਾਰੀ ਅਨੁਸਾਰ ਪ੍ਰਬੰਧਕ ਕਮੇਟੀ ਮੈਂਬਰਾਂ ਵਿੱਚ ਕਾਫੀ ਸਮੇਂ ਤੋਂ ਮੱਤਭੇਦ ਹਨ। ਪਤਾ ਲੱਗਾ ਹੈ ਕਿ ਕਮੇਟੀ ’ਤੇ ਕਾਬਜ਼ ਲੋਕ ਨੌਜਵਾਨਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਦੇ। ਇਸੇ ਲਈ ਉਨ੍ਹਾਂ ਮੈਂਬਰਾਂ ਦੀ ਮੀਟਿੰਗ ਸੱਦ ਕੇ ਕੁਝ ਨਵੇਂ ਨਿਯਮ ਬਣਾਉਣ ਦਾ ਮਤਾ ਪਾਸ ਕਰਨਾ ਸੀ ਜਿਸ ਦਾ ਨੌਜਵਾਨਾਂ ਨੇ ਸਖਤ ਵਿਰੋਧ ਕੀਤਾ ਅਤੇ ਸਥਿਤੀ ਵਿਗੜ ਗਈ।
