ਉਜਾਗਰ ਸਿੰਘ—-
ਸੋਨੀਆਂ ਗਾਂਧੀ ਦੀ ਆਤਮ ਕਥਾ Belonging : A Journey of Love ਦੀ ਦੇਸ਼ ਵਿੱਚ ਅੱਜ ਕਲ੍ਹ ਚਰਚਾ ਹੋ ਰਹੀ ਹੈ। ਹਰ ਇੱਕ ਇਕੱਤਰਤਾ ਵਿੱਚ ਇਸ ਆਤਮ ਕਥਾ ਦੀਆਂ ਗੱਲਾਂ ਹੋ ਰਹੀਆਂ ਹਨ। ਇਸ ਪੁਸਤਕ ਨੇ ਦੇਸ਼ ਦੀਆਂ ਸਿਆਸੀ ਪਾਰਟੀਆਂ ਅਤੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਹੈ। ਇਹ ਪੁਸਤਕ ਭਾਵੇਂ ਰਸਮੀ ਤੌਰ ਤੇ 16 ਨਵੰਬਰ 2026 ਨੂੰ ਦਿੱਲੀ ਵਿਖੇ ਲੋਕ ਅਰਪਨ ਕੀਤੀ ਗਈ ਹੈ, ਪ੍ਰੰਤੂ ਇਸ ਪੁਸਤਕ ਦੀ ਵਿਕਰੀ ਅਤੇ ਵਾਦਵਿਵਾਦ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ। ਲੋਕ ਅਰਪਨ ਸਮਾਗਮ ਵਿੱਚ ਕਾਂਗਰਸ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਦੇ ਸੀਨੀਅਰ ਨੇਤਾ ਹੀ ਸ਼ਾਮਲ ਹੋਏ ਹਨ। ਬਹੁਤ ਵੱਡਾ ਸਮਾਗਮ ਨਹੀਂ ਸੀ, ਪ੍ਰੰਤੂ ਸਮਾਗਮ ਦੀ ਮਹੱਤਤਾ ਸੋਨੀਆਂ ਗਾਂਧੀ ਦੀ ਆਤਮ ਕਥਾ ਹੋਣ ਕਰਕੇ ਮਹੱਤਵਪੂਰਨ ਬਣ ਗਿਆ ਸੀ। ਇਹ ਪੁਸਤਕ ਧੜਾਧੜ ਵਿਕ ਰਹੀ ਹੈ। ਇਸ ਪੁਸਤਕ ਦੇ ਪ੍ਰਕਾਸ਼ਤ ਹੋਣ ਨਾਲ ਸਿਆਸੀ ਹਲਕਿਆਂ ਵਿੱਚ ਹਲਚਲ ਪੈਦਾ ਹੋ ਗਈ ਹੈ। ਵੈਸੇ ਤਾਂ ਬਹੁਤ ਸਾਰੇ ਨੇਤਾਵਾਂ ਦੀ ਆਤਮ ਕਥਾਵਾਂ ਪਹਿਲਾਂ ਵੀ ਪ੍ਰਕਾਸ਼ਤ ਹੁੰਦੀਆਂ ਰਹਿੰਦੀਆਂ ਹਨ, ਪ੍ਰੰਤੂ ਸੋਨੀਆਂ ਗਾਂਧੀ ਦੀ ਆਤਮ ਕਥਾ ‘ਤੇ ਇਤਨੀ ਗੰਭੀਰਤਾ ਨਾਲ ਚੁੰਝ ਚਰਚਾ ਕਿਉਂ ਹੋ ਰਹੀ ਹੈ? ਇਹ ਸਮਝ ਤੋਂ ਬਾਹਰ ਦੀ ਗੱਲ ਹੈ। ਇਹ ਆਤਮ ਕਥਾ ਅਜਿਹੇ ਸਮੇਂ ਆਈ ਹੈ ਜਦੋਂ ਕਿ ਦੇਸ਼ ਦੀ ਰਾਜਨੀਤਕ ਸਥਿਤੀ ਗੁੰਝਲਦਾਰ ਬਣੀ ਹੋਈ ਹੈ। ਕੁਝ ਵਿਵਾਦਤ ਫ਼ੈਸਲਿਆਂ ਕਰਕੇ ਕੇਂਦਰ ਸਰਕਾਰ ਵਿਰੋਧੀ ਪਾਰਟੀਆਂ ਲਈ ਚਿੰਤਾ ਵਿਸ਼ਾ ਬਣੀ ਹੋਈ ਹੈ। ਜਿਤਨੀ ਗੰਭੀਰਤਾ ਨਾਲ ਇਸ ਆਤਮ ਕਥਾ ਨੂੰ ਭਾਰਤ ਦੇ ਸਿਆਸਤਦਾਨ ਲੈ ਰਹੇ ਹਨ, ਇਸ ਤੋਂ ਪਹਿਲਾਂ ਕਿਸੇ ਵੀ ਸਵੈ-ਜੀਵਨੀ ‘ਤੇ ਇਤਨਾ ਕਿੰਤੂ-ਪ੍ਰੰਤੂ ਨਹੀਂ ਹੋਇਆ। ਸੋਨੀਆਂ ਗਾਂਧੀ ਨੇ ਇਸ ਪੁਸਤਕ ਵਿੱਚ ਬਹੁਤ ਹੀ ਸੰਜੀਦਗੀ ਤੋਂ ਕੰਮ ਲਿਆ ਹੈ। ਕੋਈ ਵੀ ਅਜਿਹੀ ਗੱਲ ਨਹੀਂ ਲਿਖੀ, ਜਿਸ ਨਾਲ ਕਿਸੇ ਵਿਅਕਤੀ ਜਾਂ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਲਈ ਚੁੱਭਵੀਂ ਲੱਗੀ ਹੋਵੇ। ਇਹ ਕਿਹਾ ਜਾ ਸਕਦਾ ਹੈ ਕਿ ਇਹ ਆਤਮ ਕਥਾ ਬਹੁਤ ਹੀ ਉਸਾਰੂ ਸੋਚ ਨਾਲ ਲਿਖੀ ਗਈ ਹੈ। ਕੋਈ ਨਾਕਾਰਾਤਮਕ ਗੱਲ ਨਹੀਂ ਲਿਖੀ ਗਈ। ਇਉਂ ਲੱਗਦਾ ਹੈ ਕਿ ਜਿਵੇਂ ਇਸ ਆਤਮ ਕਥਾ ਦੇ ਛਪਣ ਨਾਲ ਸਿਆਸੀ ਤੂਫ਼ਾਨ ਹੀ ਆ ਗਿਆ ਹੋਵੇ ਤੇ ਸਿਆਸੀ ਖਲਬਲੀ ਮੱਚ ਗਈ। ਲਗਪਗ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਇਸ ਪੁਸਤਕ ਬਾਰੇ ਆਪੋ ਆਪਣੀਆਂ ਟਿਪਣੀਆਂ ਦੇ ਰਹੇ ਹਨ। ਕਾਂਗਰਸ ਪਾਰਟੀ ਦੀਆਂ ਵਿਰੋਧੀ ਪਾਰਟੀਆਂ ਇਸ ਆਤਮ ਕਥਾ ਨੂੰ ਝੂਠ ਦਾ ਪੁਲੰਦਾ ਕਹਿ ਰਹੀਆਂ ਹਨ, ਜਦੋਂ ਕਿ ਕਾਂਗਰਸ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਇਸਨੂੰ ਸੱਚੋ-ਸੱਚ ਕਹਿ ਰਹੀਆਂ ਹਨ। ਸੋਨੀਆਂ ਗਾਂਧੀ ਕਹਿੰਦੀ ਹੈ ਉਸਦੇ ਪਰਿਵਾਰ ਬਾਰੇ ਲੋਕਾਂ ਵਿੱਚ ਕਈ ਕਿਸਮ ਦੇ ਭਰਮ ਭੁਲੇਖੇ ਸਨ, ਜਿਸ ਕਰਕੇ ਉਸਨੂੰ ਉਹ ਭਰਮ ਭੁਲੇਖੇ ਦੂਰ ਕਰਨ ਲਈ ਆਤਮ ਕਥਾ ਲਿਖਣੀ ਪਈ ਹੈ।
ਅਸਲ ਵਿੱਚ ਇਸ ਆਤਮ ਕਥਾ ਦੀ ਮਹੱਤਤਾ ਇਸ ਕਰਕੇ ਹੈ ਕਿ ਫਰਵਰੀ 2027 ਵਿੱਚ ਪੰਜਾਬ ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਣੀਆਂ ਹਨ। ਸਿਆਸੀ ਪਾਰਟੀਆਂ ਇਸ ਆਤਮ ਕਥਾ ਨੂੰ ਫੋਕਾ ਬੰਬ ਕਹਿ ਰਹੀਆਂ ਹਨ, ਜਦੋਂ ਕਿ ਕੁਝ ਲੋਕ ਮਹਿਸੂਸ ਕਰਦੇ ਹਨ ਕਿ ਇਸ ਸਿਆਸੀ ਬੰਬ ਨਾਲ ਸਿਆਸੀ ਪਾਰਟੀਆਂ ਦੀਆਂ ਜੜ੍ਹਾਂ ਹਿਲ ਗਈਆਂ ਕਹਿੰਦੇ ਹਨ। ਵਿਰੋਧੀ ਪਾਰਟੀਆਂ ਇਹ ਵੀ ਕਹਿ ਰਹੀਆਂ ਹਨ ਕਿ ਸੋਨੀਆਂ ਗਾਂਧੀ ਨੇ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀਆਂ ਗ਼ਲਤੀਆਂ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿਆਸੀ ਪੜਚੋਲਕਾਰ ਇਹ ਮਹਿਸੂਸ ਕਰ ਰਹੇ ਹਨ ਕਿ ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਕਾਂਗਰਸ ਪਾਰਟੀ ਨੂੰ ਲਾਭ ਹੋਵੇਗਾ। ਕੁਝ ਸਿਆਸੀ ਪਾਰਟੀਆਂ ਨੇ ਪੁਸਤਕ ਦੀ ਛਪਾਈ ਤੋਂ ਬਾਅਦ ਹੀ ਸ਼ੋਸ਼ਲ ਮੀਡੀਆ ਅਤੇ ਉਨ੍ਹਾਂ ਦੇ ਸੀਨੀਅਰ ਨੇਤਾਵਾਂ ਵੱਲੋਂ ਨੀਂਵੇਂ ਪੱਧਰ ਦੀ ਨੁਕਤਾਚੀਨੀ ਕੀਤੀ ਜਾ ਰਹੀ ਹੈ। ਅਜੇ ਤਾਂ ਇਸ ਆਤਮ ਕਥਾ ਵਿੱਚ ਬਹੁਤ ਸਾਰੀਆਂ ਮਹੱਤਵਪੂਰਨ ਸਿਆਸੀ ਘਟਨਾਵਾਂ ਦਾ ਜ਼ਿਕਰ ਨਹੀਂ ਕੀਤਾ ਗਿਆ, ਪ੍ਰੰਤੂ ਜੇਕਰ ਉਨ੍ਹਾਂ ਘਟਨਾਵਾਂ ਦਾ ਵੇਰਵਾ ਦਿੱਤਾ ਜਾਂਦਾ ਤਾਂ ਬੜੇ ਧਮਾਕੇ ਪੈ ਸਕਦੇ ਸਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਰਾਜੀਵ ਗਾਂਧੀ ਦੀ ਬੇੜੀ ਵਿੱਚ ਉਸਦੇ ਨਜ਼ਦੀਕੀਆਂ ਵੱਲੋਂ ਹੀ ਵੱਟੇ ਪਾਉਣ ਬਾਰੇ ਨਹੀਂ ਲਿਖਿਆ ਗਿਆ, ਜਿਹੜੇ ਉਸਦੀ ਕੋਟਰੀ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਸਨ। ਉਨ੍ਹਾਂ ਵਿੱਚ ਗਾਂਧੀ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਸ਼ਾਮਲ ਸਨ। ਰਾਜੀਵ ਗਾਂਧੀ ਨੂੰ ਹਟਾਕੇ ਕਿਹੜੇ ਵਿਅਕਤੀ ਕਿਹੜੇ ਸਿਆਸਤਦਾਨਾ ਨਾਲ ਮਿਲਕੇ ਸ਼ਾਜਸ ਕਰਕੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਸਨ। ਗਿਆਨੀ ਜ਼ੈਲ ਸਿੰਘ ਨੇ ਰਾਜੀਵ ਗਾਂਧੀ ਨੂੰ ਬਿਨਾ ਕਾਂਗਰਸ ਸੰਸਦੀ ਦਲ ਵੱਲੋਂ ਚੁਣੇ ਜਾਣ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਦੀ ਸਹੁੰ ਕਿਉਂ ਚੁਕਾਈ ਅਤੇ ਫਿਰ ਕਿਉਂ ਉਸਨੂੰ ਬਰਖਾਸਤ ਕਰਨ ਦੀਆਂ ਚਾਲਾ ਚਲਦੀਆਂ ਰਹੀਆਂ। ਕਈ ਸੀਨੀਅਰ ਕਾਂਗਰਸੀ ਨੇਤਾਵਾਂ ਦੇ ਪਰਦੇ ਫ਼ਾਸ਼ ਹੋਣੋ ਬਚ ਗਏ। ਵੈਸੇ ਤਾਂ ਸੋਨੀਆਂ ਗਾਂਧੀ ਤੇ ਰਾਜੀਵ ਗਾਂਧੀ ਦੇ ‘ਆਪਣਾਪਣ ਅਤੇ ਪਿਆਰ’ ਦੀ ਕਹਾਣੀ ਹੈ, ਪ੍ਰੰਤੂ ਇਸ ਵਿੱਚ ਸੋਨੀਆਂ ਗਾਂਧੀ ਨੇ ਰਾਜੀਵ ਗਾਂਧੀ ਨੂੰ ਮਿਲਣ ਤੋਂ ਲੈ ਕੇ ਅਖ਼ੀਰ ਤੱਕ ਗਾਂਧੀ ਪਰਿਵਾਰ ਵਿੱਚ ਰਹਿੰਦਿਆਂ ਜੋ ਘਟਨਾਵਾਂ ਹੋਈਆਂ ਹਨ, ਉਨ੍ਹਾਂ ਦਾ ਵਿਸਤਾਰ ਪੂਰਬਕ ਖੁਲਾਸਾ ਕੀਤਾ ਹੈ। ਖਾਸ ਤੌਰ ‘ਤੇ ਸੱਤ ਮਹੱਤਵਪੂਰਨ ਗੱਲਾਂ ਇਸ ਆਤਮ ਕਥਾ ਵਿੱਚ ਲਿਖੀਆਂ ਗਈਆਂ ਹਨ, ਜਿਨ੍ਹਾਂ ਦਾ ਦੇਸ਼ ਦੇ ਵੋਟਰਾਂ ‘ਤੇ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਵਿੱਚ ਪਹਿਲੀ ਗੱਲ ਸੋਨੀਆਂ ਗਾਂਧੀ ਦਾ ਇਹ ਲਿਖਣਾ ਕਿ ਸ਼੍ਰੀਮਤੀ ਇੰਦਰਾ ਗਾਂਧੀ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਬਲਿਊ ਸਟਾਰ ਅਪ੍ਰੇਸ਼ਨ ਕਰਨ ਤੋਂ ਬਾਅਦ ਅਸਹਿਜ ਮਹਿਸੂਸ ਕਰ ਰਹੀ ਸੀ। ਉਹ ਇਸਨੂੰ ਆਪਣੀ ਵੱਡੀ ਗ਼ਲਤੀ ਮੰਨ ਰਹੀ ਸੀ। ਇਸਨੂੰ ਵਿਰੋਧੀ ਪਾਰਟੀਆਂ ਅਤੇ ਖਾਸ ਤੌਰ ਤੇ ਸਿੱਖ ਸਮੁਦਾਇ ਝੂਠ ਗਰਦਾਨ ਰਹੀ ਹੈ। ਦੂਜੀ ਇਸੇ ਤਰ੍ਹਾਂ ਰਾਜੀਵ ਗਾਂਧੀ ਦਾ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਹੋਏ ਕਤਲੇਆਮ ਨੂੰ ਮੰਦਭਾਗਾ ਕਹਿਣਾ ਵੀ ਸਹੀ ਨਹੀਂ ਲੱਗਦਾ। ਤੀਜੀ ਗੱਲ ਸੋਨੀਆਂ ਗਾਂਧੀ ਇਹ ਵੀ ਲਿਖਦੀ ਹੈ ਕਿ ਉਹ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣ ਤੋਂ ਰੋਕਦੀ ਸੀ, ਕਿਉਂਕਿ ਉਹ ਡਰ ਰਹੀ ਸੀ ਕਿ ਇਹ ਅਹੁਦਾ ਖ਼ਤਰੇ ਤੋਂ ਖਾਲੀ ਨਹੀਂ ਸੀ। ਆਖ਼ਰ ਹੋਇਆ ਉਹੀ ਜਿਸਦਾ ਡਰ ਸੀ। ਚੌਥੀ ਗੱਲ ਯੂ.ਪੀ.ਏ ਦੀ ਸਰਕਾਰ ਬਣਨ ਸਮੇਂ ਸੋਨੀਆਂ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਉਸਦੇ ਦੋਵੇਂ ਬੱਚਿਆਂ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੇ ਵੀ ਰੋਕਿਆ ਸੀ ਅਤੇ ਉਹ ਵੀ ਖੁਦ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੁੰਦੀ ਸੀ। ਇਸ ਕਰਕੇ ਡਾ.ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ। ਇਸ ਘਟਨਾ ਨੇ ਸੋਨੀਆਂ ਗਾਂਧੀ ਨੂੰ ਤਿਆਗ ਦੀ ਮੂਰਤੀ ਦੇ ਤੌਰ ‘ਤੇ ਪੇਸ਼ ਕੀਤਾ ਹੈ। ਪੰਜਵੀ ਗੱਲ ਜਦੋਂ ਸੋਨੀਆਂ ਗਾਂਧੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਤਾਮੀਰਦਾਰੀ ਲਈ ਉਸਨੂੰ ਮਿਲਣ ਗਈ ਸੀ ਤਾਂ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੇ ਸੋਨੀਆਂ ਗਾਂਧੀ ਨੂੰ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਭਾਵੇਂ ਇੱਕ ਦੂਜੇ ਦੇ ਵਿਰੋਧੀ ਪਾਰਟੀਆਂ ਹਨ, ਪ੍ਰੰਤੂ ਦੋਹਾਂ ਨੂੰ ਤਾਲਮੇਲ ਨਾਲ ਚਲਣਾ ਚਾਹੀਦਾ ਹੈ। ਛੇਵੀਂ ਗੱਲ ਸ਼੍ਰੀਮਤੀ ਇੰਦਰਾ ਗਾਂਧੀ ਦੀ ਚੋਣ ਨੂੰ ਹਾਈ ਕੋਰਟ ਵੱਲੋਂ ਰੱਦ ਕਰਨ ਤੋਂ ਬਾਅਦ ਐਮਰਜੈਂਸੀ ਲਾਉਣਾ ਵੀ ਜ਼ਾਇਜ ਨਹੀਂ ਸਮਝਦੀ ਸੀ। ਸੱਤਵੀਂ ਗੱਲ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਉਹ ਸਿਆਸਤਦਾਨ ਨਹੀਂ ਹਨ। ਉਸਦੇ ਇਹ ਕਹਿਣ ਨਾਲ ਜਿਹੜੇ ਮੁੱਦਿਆਂ ‘ਤੇ ਰਾਜੀਵ ਗਾਂਧੀ ਅਸਫਲ ਰਿਹਾ ਹੈ, ਉਤੋਂ ਬਰੀ ਹੋ ਗਿਆ, ਕਿਉਂਕਿ ਉਹ ਸਿਆਸਤਦਾਨਾ ਦੀ ਤਰ੍ਹਾਂ ਛੜਜੰਤਰ ਨਹੀਂ ਕਰ ਸਕਦਾ ਸੀ। ਅਸਲ ਵਿੱਚ ਸੋਨੀਆ ਗਾਂਧੀ ਨੇ ਆਪਣੀ 60 ਸਾਲ ਦੀ ਰਾਜੀਵ ਗਾਂਧੀ ਅਤੇ ਭਾਰਤ ਵਿੱਚ ਰਹਿਣ ਦੀ ਕਹਾਣੀ ਹੈ।
ਪੰਜਾਬ ਦੇ ਸਿੱਖ ਅੰਮ੍ਰਿਤਸਰ ਵਿਖੇ ਸਿੱਖਾਂ ਦੇ ਸਰਵੋਤਮ ਧਾਰਮਿਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ ‘ਤੇ ਬਲਿਊ ਸਟਾਰ ਅਪ੍ਰੇਸ਼ਨ ਅਤੇ 31 ਅਕਤੂਬਰ 1984 ਨੂੰ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਹੋਏ ਕਤਲੇਆਮ ਕਰਕੇ ਕਾਂਗਰਸ ਦੇ ਕੱਟੜ ਵਿਰੋਧੀ ਬਣ ਗਏ ਹਨ, ਪ੍ਰੰਤੂ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦਾ ਦੋਹਾਂ ਘਟਨਾਵਾਂ ਨੂੰ ਮੰਦਭਾਗਾ ਕਹਿਣ ਨਾਲ ਸਿੱਖ ਵੋਟਰਾਂ ‘ਤੇ ਗਹਿਰਾ ਪ੍ਰਭਾਵ ਪੈ ਸਕਦਾ ਹੈ। ਇਨ੍ਹਾਂ ਦੋਹਾਂ ਗੱਲਾਂ ‘ਤੇ ਸਿੱਖ ਸਮੁਦਾਇ ਅਤੇ ਵਿਰੋਧੀ ਪਾਰਟੀਆਂ ਯਕੀਨ ਨਹੀਂ ਕਰਦੀਆਂ। ਇਨ੍ਹਾਂ ਦੋਹਾਂ ਗੱਲਾਂ ਦਾ ਪ੍ਰਭਾਵ ਇਹ ਜਾਂਦਾ ਹੈ ਕਿ ਦੋਵੇਂ ਨੇਤਾ ਪਛਤਾਵਾ ਕਰ ਰਹੇ ਸਨ, ਜਿਸਦਾ ਪੰਜਾਬ ਦੇ ਵੋਟਰਾਂ ‘ਤੇ ਪ੍ਰਭਾਵ ਪੈ ਸਕਦਾ ਹੈ। ਪੰਜਾਬ ਦੇਸ਼ ਦਾ ਮਹੱਤਵਪੂਰਨ ਅਤੇ ਸਰਹੱਦੀ ਸੂਬਾ ਹੈ, ਇਸ ਲਈ ਗਾਂਧੀ ਪਰਿਵਾਰ ਉਨ੍ਹਾਂ ਦੋਵੇਂ ਗ਼ਲਤੀਆਂ ਨੂੰ ਦੂਰ ਕਰਕੇ ਪੰਜਾਬ ਵਿੱਚ ਸਰਕਾਰ ਬਣਾਉਣੀ ਚਾਹ ਰਿਹਾ ਹੈ। ਸ਼੍ਰੀਮਤੀ ਇੰਦਰਾ ਗਾਂਧੀ ਬਲਿਊ ਸਟਾਰ ਤੋਂ ਬਾਅਦ 23 ਜੂਨ 1984 ਨੂੰ ਹਰਿੰਮਦਰ ਸਾਹਿਬ ਵਿੱਚ ਦਰਸ਼ਨਾ ਲਈ ਗਈ ਸੀ। ਇਸੇ ਤਰ੍ਹਾਂ ਰਾਹੁਲ ਗਾਂਧੀ ਪੰਜ ਵਾਰੀ 22 ਸਤੰਬਰ 2008, 10 ਜੂਨ 2017, 10 ਜਨਵਰੀ 2023, 3 ਅਕਤੂਬਰ 2023 ਅਤੇ 19 ਨਵੰਬਰ 2024 ਨੂੰ ਸ਼੍ਰੀ ਹਰਿਮੰਦਰ ਸਾਹਿਬ ਗਏ ਅਤੇ ਇੱਕ ਵਾਰ ਜੂਠੇ ਭਾਂਡੇਆਂ ਦੀ ਸੇਵਾ ਤੇ ਇੱਕ ਵਾਰ ਛਬੀਲ ਤੇ ਸੇਵਾ ਕੀਤੀ। ਇਨ੍ਹਾਂ ਦੋਹਾਂ ਨੇਤਾਵਾਂ ਦਾ ਹਰਿਮੰਦਰ ਸਾਹਿਬ ਜਾਣ ਦਾ ਅਰਥ ਸੀ ਕਿ ਸਿੱਖ ਸਮੁਦਾਇ ਗਾਂਧੀ ਪਰਿਵਾਰ ਨੂੰ ਮੁਆਫ਼ ਕਰ ਦੇਵੇ। ਪੰਜਾਬ ਵਿੱਚ ਬਲਿਊ ਸਟਾਰ ਤੋਂ ਬਾਅਦ ਤਿੰਨ ਵਾਰ 1992 ਵਿੱਚ ਬੇਅੰਤ ਸਿੰਘ ਮੁੱਖ ਮੰਤਰੀ ਅਤੇ ਦੋ ਵਾਰ 2002 ਅਤੇ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਬਣੇ। ਹੁਣ ਫਰਵਰੀ 2027 ਵਿੱਚ ਫਿਰ ਚੋਣਾਂ ਹੋਣੀਆਂ ਹਨ। ਇਸ ਲਈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਆਤਮ ਕਥਾ ਦਾ ਪੰਜਾਬ ਵਿੱਚ ਕਾਂਗਰਸ ਨੂੰ ਲਾਭ ਹੋਵੇਗਾ। ਇਹ ਤਾਂ ਸਮਾਂ ਹੀ ਦੱਸੇਗਾ ਕਿ ਇਸ ਆਤਮ ਕਥਾ ਦਾ ਲਾਭ ਜਾਂ ਨੁਕਸਾਨ ਹੋਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com


