ਲੁਧਿਆਣਾ- ਕੁਝ ਕਿਤਾਬਾਂ ਸਿਰਫ਼ ਪੜ੍ਹੀਆਂ ਨਹੀਂ ਜਾਂਦੀਆਂ, ਉਹ ਆਪਣੇ ਅੰਦਰ ਵਸੇ ਸਮਿਆਂ, ਰਿਸ਼ਤਿਆਂ, ਯਾਦਾਂ ਅਤੇ ਵਿਛੋੜਿਆਂ ਦੀ ਪੂਰੀ ਦੁਨੀਆ ਨਾਲ ਪਾਠਕ ਦਾ ਰੂਬਰੂ ਕਰਵਾਉਂਦੀਆਂ ਹਨ। ਅਜਿਹੀ ਹੀ ਇੱਕ ਸਾਹਿਤਕ ਸਿਰਜਣਾ ਹੈ ਹਰਕੀਰਤ ਕੌਰ ਚਹਿਲ ਦਾ ਨਵਾਂ ਨਾਵਲ ‘ਨਦੀ ਨਾਵ ਸੰਜੋਗੀ ਮੇਲੇ’, ਜਿਸ ਦਾ ਪਿਛਲੇ ਦਿਨੀਂ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਬਹੁਤ ਹੀ ਭਾਵਪੂਰਤ ਮਾਹੌਲ ਵਿੱਚ ਲੋਕ ਅਰਪਣ ਕੀਤਾ ਗਿਆ।
ਇਹ ਸਿਰਫ਼ ਇੱਕ ਨਾਵਲ ਦਾ ਲੋਕ ਅਰਪਣ ਨਹੀਂ ਸੀ, ਸਗੋਂ ਸ਼ਬਦਾਂ, ਸੰਵੇਦਨਾਵਾਂ ਅਤੇ ਸਾਹਿਤਕ ਸਾਂਝ ਦਾ ਅਜਿਹਾ ਇਕੱਠ ਸੀ, ਜਿੱਥੇ ਨਦੀ ਦੇ ਵਹਾਅ ਨਾਲ ਇਤਿਹਾਸ, ਸੱਭਿਆਚਾਰ, ਮਨੁੱਖੀ ਰਿਸ਼ਤੇ ਅਤੇ ਵਿਛੜੀਆਂ ਧਰਤੀਆਂ ਦੀਆਂ ਅਣਕਹੀਆਂ ਕਹਾਣੀਆਂ ਵੀ ਵਹਿੰਦੀਆਂ ਮਹਿਸੂਸ ਹੋਈਆਂ।
ਸਮਾਗਮ ਵਿੱਚ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਹਰਵਿੰਦਰ ਸਿੰਘ ਗਿੱਲ, ਡੀਨ ਕਾਲਜ ਆਫ਼ ਵੈਟਰਨਰੀ ਸਾਇੰਸ ਡਾ. ਸਵਰਨ ਸਿੰਘ ਰੰਧਾਵਾ, ਡੀਨ ਕਾਲਜ ਆਫ਼ ਕਮਿਊਨਿਟੀ ਸਾਇੰਸ ਡਾ. ਕਿਰਨ ਬੈਂਸ ਅਤੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਹੁੰਦਲ ਤੋਂ ਇਲਾਵਾ ਨਿਰਮਲ ਜੌੜਾ, ਡਾ. ਪ੍ਰੇਮ ਮਾਨ, ਡਾ ਕੁਲਦੀਪ ਚਹਿਲ, ਕਹਾਣੀਕਾਰ ਜਤਿੰਦਰ ਹਾਂਸ, ਪਰਮਜੀਤ ਮਾਨ, ਅਲਫ਼ਾਜ਼, ਦਰਸ਼ਨ ਬੁੱਟਰ, ਗੁਲਜ਼ਾਰ ਪੰਧੇਰ, ਡਾ. ਸੇਠੀ ਅਤੇ ਸਾਹਿਤਕ ਜਗਤ ਦੀਆਂ ਹੋਰ ਅਹਿਮ ਸ਼ਖ਼ਸੀਅਤਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਨੇ ਸਮਾਗਮ ਦੀ ਰੌਣਕ ਅਤੇ ਗੰਭੀਰਤਾ ਨੂੰ ਹੋਰ ਗੂੜ੍ਹਾ ਕੀਤਾ।
ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ ਗਿੱਲ ਨੇ ਯੂਨੀਵਰਸਿਟੀ ਵਿੱਚ ਹੋਏ ਇਸ ਪਹਿਲੇ ਸਾਹਿਤਕ ਸਮਾਗਮ ਨੂੰ ਬੇਹੱਦ ਲਾਹੇਵੰਦ ਦੱਸਿਆ ਜੋ ਅਗਲੀ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਸੀ ਚੰਗੀ ਤਰਕੀਬ ਲੱਗੀ। ਡਾ ਪ੍ਰੇਮ ਮਾਨ ਨੇ ਲੇਖਕਾ ਦੀ ਲਿਖਣ ਸ਼ੈਲੀ ਦੀ ਪ੍ਰਸ਼ੰਸਾ ਕਰਦਿਆਂ ਉਸ ਨੂੰ ਸ਼ਬਦਾਂ ਦੀ ਜਾਦੂਗਰਨੀ ਕਹਿ ਕੇ ਨਿਵਾਜਿਆ।
ਨਾਵਲ ਬਾਰੇ ਡਾ. ਪੁਸ਼ਪਵਿੰਦਰ ਖੋਖਰ, ਪ੍ਰੋ. ਸੁਰਿੰਦਰ ਜੈਪਾਲ, ਡਾ. ਬਲਵੀਰ ਪੰਧੇਰ ਅਤੇ ਜਗਤਾਰ ਸ਼ੇਰਗਿੱਲ ਨੇ ਆਪਣੇ ਵਿਚਾਰ ਅਤੇ ਪਰਚੇ ਸਾਂਝੇ ਕੀਤੇ। ਲਹਿੰਦੇ ਪੰਜਾਬ ਅਤੇ ਰਾਵੀ ਦਰਿਆ ਦੇ ਆਲੇ-ਦੁਆਲੇ ਬੁਣੀ ਗਈ ਇਸ ਕਹਾਣੀ ਨੇ ਸਰਹੱਦਾਂ ਤੋਂ ਪਾਰ ਵੱਸਦੇ ਸਾਂਝੇ ਵਿਰਸੇ, ਮਿੱਟੀ ਦੀ ਮਹਿਕ, ਮਨੁੱਖੀ ਮੋਹ-ਮੁਹੱਬਤ ਅਤੇ ਵੰਡ ਦੇ ਦਰਦ ਵਰਗੇ ਅਨੇਕਾਂ ਅਹਿਮ ਪੱਖਾਂ ਨੂੰ ਛੋਹਿਆ। ਵਿਦਵਾਨਾਂ ਨੇ ਲੇਖਕਾ ਦੀ ਵਿਲੱਖਣ ਦ੍ਰਿਸ਼ਟੀ, ਬਿਰਤਾਂਤਕਾਰੀ ਅਤੇ ਸੰਵੇਦਨਸ਼ੀਲ ਸਿਰਜਣਾ ਦੀ ਭਰਪੂਰ ਸ਼ਲਾਘਾ ਕੀਤੀ।
ਸਮਾਗਮ ਦਾ ਮੰਚ ਸੰਚਾਲਨ ਡਾ. ਅਮਰਿੰਦਰਪਾਲ ਬਰਾੜ ਨੇ ਬੜੀ ਸੂਝ, ਸਲੀਕੇ ਅਤੇ ਖ਼ੂਬਸੂਰਤ ਅੰਦਾਜ਼ ਵਿੱਚ ਕੀਤਾ।
ਇਸ ਸਮਾਗਮ ਨੇ ਇੱਕ ਵਾਰ ਫਿਰ ਇਹ ਅਹਿਸਾਸ ਕਰਵਾਇਆ ਕਿ ਸਾਹਿਤ ਦੀਆਂ ਨਦੀਆਂ ਨੂੰ ਕੋਈ ਸਰਹੱਦ ਰੋਕ ਨਹੀਂ ਸਕਦੀ। ਸ਼ਬਦ ਜਦੋਂ ਰੂਹ ਦੀਆਂ ਗਹਿਰਾਈਆਂ ਵਿੱਚੋਂ ਉੱਠਦੇ ਹਨ ਤਾਂ ਉਹ ਦਿਲਾਂ ਨੂੰ ਜੋੜਨ ਦੇ ਨਵੇਂ ਰਾਹ ਸਿਰਜਦੇ ਹਨ।
ਨਦੀ ਵਗਦੀ ਰਹਿੰਦੀ ਹੈ, ਮੇਲੇ ਲੱਗਦੇ ਰਹਿੰਦੇ ਹਨ, ਪਰ ਕੁਝ ਸੰਜੋਗ ਸਮੇਂ ਦੀ ਰੇਤ ਉੱਤੇ ਆਪਣੀ ਅਮਿੱਟ ਪੈੜ ਛੱਡ ਜਾਂਦੇ ਹਨ।
‘ਨਦੀ ਨਾਵ ਸੰਜੋਗੀ ਮੇਲੇ’ ਦਾ ਇਹ ਲੋਕ ਅਰਪਣ ਵੀ ਅਜਿਹੀ ਹੀ ਇੱਕ ਯਾਦਗਾਰੀ ਸਾਹਿਤਕ ਮਿਲਣੀ ਹੋ ਨਿੱਬੜੀ।







