ਬੱਚਿਆਂ ਦੀ ਸਿੱਖਿਆ ਵਿੱਚ ਮਾਪਿਆਂ ਦੀ ਰਾਏ ਨੂੰ ਅਹਿਮੀਅਤ ਮਿਲੇ, ਹਰ ਵਿਦਿਆਰਥੀ ਸਕੂਲ ਵਿੱਚ ਸੁਰੱਖਿਅਤ ਮਹਿਸੂਸ ਕਰੇ:- ਧਾਲੀਵਾਲ
ਸਰੀ (ਮਹੇਸ਼ਇੰਦਰ ਸਿੰਘ ਮਾਂਗਟ) — ਸਰੀ ਨੌਰਥ ਦੇ ਵਿਧਾਇਕ ਅਤੇ ਖੇਡਾਂ ਤੇ ਸੱਭਿਆਚਾਰ ਬਾਰੇ ਸੰਸਦੀ ਸਕੱਤਰ ਮਨਦੀਪ ਸਿੰਘ ਧਾਲੀਵਾਲ ਨੇ ਸਕੂਲਾਂ ਵਿੱਚ SOGI (ਜਿਨਸੀ ਰੁਝਾਨ ਅਤੇ ਲਿੰਗ ਪਛਾਣ) ਬਾਰੇ ਪਹੁੰਚ ਬਦਲਣ ਦੇ ਬੀ.ਸੀ. ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਿੱਖਿਆ ਨਾਲ ਜੁੜੇ ਫ਼ੈਸਲਿਆਂ ਵਿੱਚ ਮਾਪਿਆਂ ਦੀ ਰਾਏ ਨੂੰ ਅਹਿਮੀਅਤ ਮਿਲਣੀ ਚਾਹੀਦੀ ਹੈ।
ਧਾਲੀਵਾਲ ਨੇ ਆਪਣੇ ਬਿਆਨ ਵਿੱਚ ਕਿਹਾ, “ਮੈਂ SOGI ਬਾਰੇ ਪਹੁੰਚ ਬਦਲਣ ਦੀ ਲਗਾਤਾਰ ਵਕਾਲਤ ਕਰਦਾ ਰਿਹਾ ਹਾਂ। ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਿੱਖਿਆ ਵਿੱਚ ਆਪਣੀ ਗੱਲ ਰੱਖਣ ਦਾ ਅਸਲ ਮੌਕਾ ਮਿਲਣਾ ਚਾਹੀਦਾ ਹੈ। ਇਹ ਤਬਦੀਲੀ ਮਾਪਿਆਂ ਨੂੰ ਮੁੜ ਕੇਂਦਰੀ ਭੂਮਿਕਾ ਦਿੰਦੀ ਹੈ।”
ਉਨ੍ਹਾਂ ਕਿਹਾ ਕਿ ਹਰ ਬੱਚੇ ਨੂੰ ਸਕੂਲ ਵਿੱਚ ਸੁਰੱਖਿਅਤ ਮਹਿਸੂਸ ਕਰਨ ਅਤੇ ਆਪਣਾਪਣ ਪਾਉਣ ਦਾ ਹੱਕ ਹੈ। “ਅਸੀਂ ਵਿਦਿਆਰਥੀਆਂ ਨੂੰ ਧੱਕੇਸ਼ਾਹੀ ਤੋਂ ਬਚਾ ਸਕਦੇ ਹਾਂ, ਮਾਪਿਆਂ ਦਾ ਸਤਿਕਾਰ ਕਰ ਸਕਦੇ ਹਾਂ ਅਤੇ ਉਸ ਬਹਿਸ ਤੋਂ ਅੱਗੇ ਵੱਧ ਸਕਦੇ ਹਾਂ ਜਿਸ ਨੇ ਲੋਕਾਂ ਵਿਚਕਾਰ ਡੂੰਘੀ ਵੰਡ ਪੈਦਾ ਕੀਤੀ ਹੈ,” |
ਧਾਲੀਵਾਲ ਨੇ ਇਸ ਫ਼ੈਸਲੇ ਨੂੰ ਨਵੀਂ ਸ਼ੁਰੂਆਤ ਵੱਲ ਇੱਕ ਅਹਿਮ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਸਕੂਲ ਪੜ੍ਹਨ-ਲਿਖਣ, ਗਣਿਤ ਦੀ ਬੁਨਿਆਦੀ ਸਮਝ ਅਤੇ ਤਰਕ ਨਾਲ ਸੋਚਣ ਵਰਗੇ ਹੁਨਰਾਂ ’ਤੇ ਧਿਆਨ ਕੇਂਦਰਿਤ ਕਰ ਸਕਦੇ ਹਨ, ਤਾਂ ਜੋ ਬੀ.ਸੀ. ਦੇ ਹਰ ਵਿਦਿਆਰਥੀ ਨੂੰ ਕਾਮਯਾਬੀ ਲਈ ਲੋੜੀਂਦੇ ਹੁਨਰ ਅਤੇ ਸਾਧਨ ਮਿਲ ਸਕਣ।
