ਲੇਖਕ- ਮਲਕੀਤ ਮਾਹੀ.. (ਮੋਬ. 9417082829 )–
– ਪੰਜਾਬੀ ਗਾਇਕੀ ਦੇ ਖੇਤਰ ਵਿੱਚ ਦੋਗਾਣਾ ਗਾਇਕੀ ਦਾ ਆਪਣਾ ਇਕ ਮੁਕਾਮ ਹੈ। ਪੇਂਡੂ ਅਖਾੜਿਆਂ ਵਿਚ ਜੋ ਮਕਬੂਲੀਅਤ ਦੋਗਾਣਾ ਜੋੜੀਆਂ ਨੂੰ ਹਾਸਲ ਹੈ ਤੇ ਸਰੋਤਿਆਂ ਵਲੋਂ ਜੋ ਹੁੰਗਾਰਾ ਕਿਸੇ ਦੋਗਾਣਾ ਜੋੜੀ ਨੂੰ ਮਿਲਦਾ ਹੈ, ਉਸਦੀ ਵੀ ਆਪਣੀ ਇਕ ਨਿਵੇਕਲੀ ਕਹਾਣੀ ਹੈ।ਗਾਇਕੀ ਦੇ ਹਰ ਰੰਗ ਵਿੱਚ ਲੋਕਾਂ ਦੇ ਸੋਹਜ ਸਵਾਦ ਨੂੰ ਦੇਖਦਿਆਂ ਗਾਇਕ ਕਲਾਕਾਰਾਂ ਵੱਲੋਂ ਨਵੇਂ ਨਵੇਂ ਤਜਰਬੇ ਵੀ ਕੀਤੇ ਜਾਂਦੇ ਰਹੇ ਹਨ। ਭਾਵੇਂਕਿ ਸਮੇਂ ਸਮੇਂ ਪੰਜਾਬੀ ਗਾਇਕੀ ਵਿਚ ਕਈ ਦੋਗਾਣਾ ਜੋੜੀਆਂ ਹਿੱਟ ਹੋਈਆਂ ਹਨ ਤੇ ਮੌਜੂਦਾ ਸਮੇਂ ਵਿਚ ਕੁਝ ਦੋਗਾਣਾ ਜੋੜੀਆਂ ਦੇ ਉਭਰਵੇਂ ਨਾਮ ਹਨ ਪਰ ਇਹਨਾਂ ਚੋਂ ਬੁਲੰਦ ਆਵਾਜ਼ ਵਾਲੇ ਗਾਇਕ ਆਤਮਾ ਸਿੰਘ ਬੁੱਢੇਵਾਲ ਦਾ ਇਕ ਖਾਸ ਮੁਕਾਮ ਹੈ। ਪਿਛਲੇ ਦਿਨੀਂ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਆਪਣੇ ਗਾਇਕੀ ਦੇ ਸਫਰ ਅਤੇ ਪਿਛੋਕੜ ਬਾਰੇ ਗੱਲਬਾਤ ਕਰਦਿਆਂ ਆਤਮਾ ਬੁੱਢੇਵਾਲ ਨੇ ਦੱਸਿਆ ਕਿ ਉਹ ਜਿਲ੍ਹਾ ਲੁਧਿਆਣਾ ਦੇ ਅਧੀਨ ਕਸਬਾ ਕੁਹਾੜਾ ਤੋਂ ਸੱਤ ਕੁ ਕਿਲੋਮੀਟਰ ਦੇ ਫ਼ਾਸਲੇ ਤੇ ਘੁੱਗ ਵਸਦੇ ਪਿੰਡ ਬੁੱਢੇਵਾਲ ਵਿਚ ਪੈਦਾ ਹੋਇਆ। ਉਹ ਪਿਤਾ ਸਵ ਸ ਕਿਸ਼ਨ ਸਿੰਘ ਤੇ ਮਾਤਾ ਹਰਨਾਮ ਕੌਰ ਦੀ ਪਰਿਵਾਰਿਕ ਫੁਲਵਾੜੀ ਚ ਭੈਣ ਭਰਾਵਾਂ ਚੋਂ ਸਭ ਤੋਂ ਛੋਟਾ ਸੀ। ਪਿੰਡ ਬੁੱਢੇਵਾਲ ਦੀਆ ਜੂਹਾਂ ਦੀ ਖੁੱਲੀ ਡੁਲੀ ਆਬੋ ਹਵਾ ਚ ਖੇਡਦਿਆਂ-ਮਲਦਿਆਂ ਗੱਭਰੂ ਹੋਏ ਨੂੰ ਕੁਦਰਤ ਨੇ ਐਸੀ ਸੰਵੇਦਨਾ ਬਖਸ਼ੀ ਕਿ ਉਸ ਨੂੰ ਗੀਤ ਲਿਖਣ ਦਾ ਸ਼ੌਕ ਛੋਟੀ ਉਮਰੇ ਹੀ ਪੈ ਗਿਆ। ਸਾਲ 1984 ਵਿਚ ਸਕੂਲ ਪੜ੍ਹਦਿਆਂ ਹੀ ਉਸਦੇ ਲਿਖੇ ਹੋਏ ਦੋਗਾਣੇ ਪ੍ਰਸਿੱਧ ਗਾਇਕ ਬਰਕਤ ਸਿੱਧੂ ਤੇ ਜ਼ਮੀਲਾ ਬਾਨੋ ਦੀਆ ਅਵਾਜ਼ਾਂ ਚ ਰਿਕਾਰਡ ਹੋ ਗਏ। ਉਸਦੇ ਦੋ ਗੀਤ “ਕੁੜੀ ਕਪਾਹ ਦੇ ਫੁੱਟ ਵਰਗੀ “ਤੇ ਮੁੰਦਰੀ ਮੁਹੱਬਤਾਂ ਦੀ ” ਪ੍ਰਸਿੱਧ ਸੰਗੀਤ ਕੰਪਨੀ. ਐਮ. ਵੀ. ਵਲੋਂ ਰਿਕਾਰਡ ਕੀਤੇ ਗਏ । ਉਹਨਾਂ ਦੱਸਿਆ ਕਿ ਗੀਤ ਲਿਖਣ ਦੇ ਸ਼ੌਕ ਦੇ ਨਾਲ ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਹੋਈ ਕਿ ਉਹ ਖੁਦ ਵੀ ਗਾਉਣ ਲੱਗ ਪਿਆ। ਉਸ ਦੀ ਦ੍ਰਿੜ ਲਗਨ ਤੇ ਮਿਹਨਤ ਨੂੰ ਲੋਕਾਂ ਨੇ ਅਜਿਹਾ ਹੁੰਗਾਰਾ ਦਿੱਤਾ ਕਿ ਉਸਦਾ ਦਿਨਾਂ ਵਿੱਚ ਹੀ ਸਥਾਪਿਤ ਗਾਇਕਾਂ ਦੀ ਕਤਾਰ ਵਿਚ ਸ਼ੁਮਾਰ ਹੋਣ ਲੱਗਾ ।
ਸਾਲ 91 ਵਿੱਚ ਉਸ ਵੇਲੇ ਦੇ ਊਘੇ ਸੰਗੀਤਕਾਰ ਸੁਰਿੰਦਰ ਬੱਚਨ ਦੇ ਮਿਊਜ਼ਿਕ ਵਿਚ ਆਪਣੇ ਲਿਖੇ ਸੋਲੋ ਗੀਤਾਂ ਦੀ ਉਸਨੇ ਪੈਲੇਠੀ ਕੈਸਟ “ਲੱਗੀ ਸੇਲ ਦਿਲਾਂ ਦੀ “ਰਿਕਾਰਡ ਕਰਵਾਈ। ਜਿਸ ਦੇ ਸਾਰੇ ਗੀਤ ਖੂਬ ਪਸੰਦ ਕੀਤੇ ਗਏ, ਜਿਨਾਂ ਚੋਂ ਇੱਕ ਗੀਤ,” ਸਹੁਰਿਆਂ ਚ ਜਵਾਈ ਸੱਜਦੇ ਜੇ ਸਹੁਰੇ ਹੋਣ ਚੱਜ ਦੇ ” ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਸਰੋਤਿਆਂ ਦੀ ਪਸੰਦ ਨੂੰ ਦੇਖਦਿਆਂ ਦੂਜੀ ਸੋਲੋ ਕੈਸਟ “ਲਾਈਆਂ ਅੱਖੀਆਂ ” ਦੇ ਗੀਤ ਵੀ ਬੜੇ ਚਰਚਿਤ ਹੋਏ । ਆਪਣੀ ਗਾਇਕੀ ਨੂੰ ਪ੍ਰਵਾਨ ਚੜਿਆ ਵੇਖ ਉਸਨੇ ਫਿਰ ਸਾਲ 92 ਵਿੱਚ ਗਾਇਕਾ ਕਮਲਜੋਤ ਨਾਲ ਡਿਊਟ ਗੀਤਾਂ ਦੀ ਪਲੇਠੀ ਕੈਸਟ “ਜੇਠ ਪਿਆ ਹੜਤਾਲ ਤੇ” ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤੀ । ਉਸਦੀ ਦੋਗਾਣਾ ਗਾਇਕੀ ਵੀ ਨੂੰ ਵੀ ਸਰੋਤਿਆਂ ਨੇ ਰੱਜ ਕੇ ਪਿਆਰ ਦਿੱਤਾ। ਇਸ ਤੋਂ ਇਲਾਵਾ ਉਸਨੇ ਦੋ ਧਾਰਮਿਕ ਕੈਸਟਾਂ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਹੁਰਾਂ ਦੇ ਡੇਰੇ ਦੀਆਂ ਧਾਰਮਿਕ ਕਿਤਾਬਾਂ ਦੀ ਪ੍ਰਰੇਨਾ ਅਨੁਸਾਰ ਧਾਰਮਿਕ ਗੀਤਾਂ ਦੀਆ ਟੇਪਾਂ ਵੀ ਕੀਤੀਆਂ। ਫਿਰ ਉਸ ਦਾ ਰੁਝਾਨ ਸੋਲੋ ਗੀਤਾਂ ਨਾਲੋਂ ਜਿਆਦਾ ਦੋਗਾਣਾ ਗਾਇਕੀ ਵੱਲ ਹੋ ਗਿਆ ਤੇ ਸਮੇਂ ਦੇ ਗੇੜ ਨਾਲ ਖੁੱਲ ਕੇ ਗਾਉਣਾ ਸ਼ੁਰੂ ਕਰ ਦਿੱਤਾ । ਉਸਨੇ ਸੱਭਿਆਚਾਰਕ, ਸਮਾਜਿਕ ਰਿਸ਼ਤੇ ਨਾਤਿਆਂ ਨੂੰ ਦੇਖਦਿਆਂ ਰਿਸ਼ਤੇ ਨਾਤੇ ਦੀਆਂ ਕਦਰਾਂ ਕੀਮਤਾਂ ਦੀ ਪਾਕੀਜਗੀ ਨੂੰ ਬਰਕਰਾਰ ਰੱਖਦੇ ਹੋਏ ਦੋਗਾਣਾ ਗੀਤ ਸਮਾਜਿਕ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਲੈ ਕੇ ਪਤੀ ਪਤਨੀ ਦਿਓਰ ਭਰਜਾਈ ਦੀ ਜੀਜਾ ਸਾਲੀ ਜੇਠ ਭਰਜਾਈ ਦੀ ਖਟੀ ਮਿੱਠੀ ਨੋਕ ਝੋਕ ਬਾਰੇ ਕਰੀਬ ਦੋ ਦਰਜਨ ਕੈਸਟਾਂ ਦੇ ਗੀਤ ਸਰੋਤਿਆਂ ਦੀ ਝੋੇਲੀ ਪਾਏ। ਜਿਨਾਂ ਚੋਂ ਉਹਨਾਂ ਦੇ ਸਟੇਜੀ ਪ੍ਰੋਗਰਾਮ ਦੌਰਾਨ ਖੂਬ ਚਰਚਿਤ ਹੋਏ ਜਿਨ੍ਹਾਂ ਗੀਤਾਂ ਚੋਂ ਖਾਸ ਕਰਕੇ “ਚਮਚਿਆਂ ਨਾਲ ਸ਼ਰਾਬਾ”ਵਿਆਹ ਕੇ ਚੰਡੀਗੜ੍ਹ ਦਾ ਖਰਚਾ ਚੱਕਿਆ ਨਹੀਂ ਜਾਣਾ” “ਜੀਜਾ ਬਹਿਜੀ ਨਾ ਬਠਿੰਡੇ ਵਾਲਾ ਜੱਟ ਬਣ ਕੇ” ਕਾਹਦੇ ਰਿਸ਼ਤੇ ਵੀਰਾਂ ਨੂੰ ਭੈਣਾਂ ਤਰਸਦੀਆਂ ਜੇ” “ਜੱਟ ਵਿੰਗਾ ਹੋ ਗਿਆ “ਤੋ ਇਲਾਵਾ ਹੋਰ ਵੀ ਬਹੁਤ ਸਾਰੇ ਗੀਤ ਸਰੋਤਿਆਂ ਵੱਲੋਂ ਪਸੰਦ ਕੀਤੇ ਗਏ।
ਇੱਕ ਸਵਾਲ ਦੇ ਜਵਾਬ ਵਿੱਚ ਆਤਮੇ ਬਾਈ ਨੇ ਦੱਸਿਆ ਕਿ ਉਸਦੀ ਗਾਇਕੀ ਦੇ ਖਾਸ ਕਰਕੇ ਪ੍ਰੇਰਨਾ ਸਰੋਤ ਮੁਹੰਮਦ ਸਦੀਕ, ਦੀਦਾਰ ਸੰਧੂ ਅਤੇ ਅਮਰ ਸਿੰਘ ਚਮਕੀਲਾ ਹੋਰਾਂ ਦੀ ਗਾਇਕੀ ਰਹੀ ਹੈ।
ਇਹ ਪੁੱਛਣ ਤੇ ਕਿ ਤੁਹਾਡੀ ਡਿਊਟ ਗਾਇਕੀ ਵਿਚ ਸਰੋਤਿਆਂ ਨੂੰ ਮਨੋਰੰਜਨ ਦੇ ਨਾਲ ਖਾਸ ਸੁਨੇਹਾ ਕੀ ਹੁੰਦਾ ਹੈ , ਬਾਰੇ ਉਹਨਾਂ ਕਿਹਾ ਕਿ ਕਿ ਉਸਨੇ ਸ਼ੁਰੂ ਤੋਂ ਹੀ ਸਮਾਜਿਕ ਪਰਿਵਾਰਿਕ ਰਿਸ਼ਤਿਆਂ ਦੀ ਪਾਕੀਜ਼ਗੀ ਤੇ ਮਨੋਰੰਜਕ ਵਿਚਾਲੇ ਸੰਤੁਲਨ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਨਾ ਕਿ ਸਮਾਜਿਕ ਊਣਤਾਈਆਂ ਨੂੰ ਜਿਵੇਂ ਕਿ ਨਸ਼ੇ , ਅਸਲਾ ਵਗੈਰਾ ਨੂੰ ਕਦੇ ਬਿਨਾਂ ਵਜਹਾ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਗਾਇਕੀ ਉਹ ਹੁੰਦੀ ਹੈ ਜੋ ਸਰੋਤੇ ਨੂੰ ਮਨੋਰੰਜਨ ਦੇ ਨਾਲ ਕੋਈ ਸੁਨੇਹਾ ਵੀ ਦੇਵੇ।
****

