ਪੁਸਤਕ ਸਮੀਖਿਆ-ਪਰਵਾਸ ਦੇ ਸਰੋਕਾਰ
ਲੇਖਕ-ਮਲਵਿੰਦਰ-
ਸਮੀਖਿਆਕਾਰ-ਡਾ. ਸੁਖਦੇਵ ਸਿੰਘ ਝੰਡ (ਫ਼ੋਨ: 647-567-9128-
ਮੁੱਢਲੇ ਤੌਰ ‘ਤੇ ਮਲਵਿੰਦਰ ਕਵੀ ਹੈ। ਉਹ ਆਪਣੇ ਨਾਂ ਦੇ ਨਾਲ ‘ਸ਼ਾਇਰ’ ਤਖ਼ੱਲਸ ਵਜੋਂ ਵਰਤਦਾ ਹੈ ਤੇ ਇਹ ਕਾਫ਼ੀ ਹੱਦ ਤੱਕ ਜਚਦਾ ਵੀ ਹੈ। ਉਸਦਾ ਨਾਂ ਅਜੋਕੇ ਪੰਜਾਬੀ ਕਵੀਆਂ ਵਿੱਚ ਬਾਖ਼ੂਬੀ ਗਿਣਿਆਂ ਜਾਂਦਾ ਹੈ। ‘ਗ਼ੈਰਹਾਜ਼ਰ ਪੀੜਾਂ ਦੀ ਕਥਾ’ (2002) ਤੋਂ ਲੈ ਕੇ ‘ਬਹਿਰ’ (2025) ਤੱਕ ਕਵਿਤਾਵਾਂ ਦੀਆਂ ਉਸ ਦੀਆਂ ਹੁਣ ਤੀਕ ਨੌਂ ਕਿਤਾਬਾਂ ਆ ਚੁੱਕੀਆਂ ਹਨ, ਜਿਨ੍ਹਾਂ ਵਿੱਚ ਇੱਕ ਹਾਈਕੂ ਦੇ ਰੂਪ ਵਿੱਚ ‘ਚਿੜੀਆਂ ਦਾ ਪਿੰਡ’ (2012 ਤੇ 2020) ਅਤੇ ਇੱਕ ਹੋਰ ਬਾਲ-ਕਵਿਤਾ ‘ਫੁੱਲਝੜੀ’ (2019) ਸ਼ਾਮਲ ਹਨ। ਇਨ੍ਹਾਂ 9 ਪੁਸਤਕਾਂ ਵਿੱਚ ਸ਼ਾਮਲ ‘ਸੁਪਨਿਆਂ ਦਾ ਪਿੱਛਾ ਕਰਦਿਆਂ’ (2018) ਅਤੇ ਲੰਮੀ ਕਵਿਤਾ ‘ਚੁੱਪ ਦੇ ਬਹਾਨੇ’ (2020) ਕਾਵਿ-ਜਗਤ ਵਿੱਚ ਕਾਫ਼ੀ ਚਰਚਾ ‘ਚ ਰਹੀਆਂ ਹਨ। ਮਲਵਿੰਦਰ ਦਾ ਨਾਂ ਅੱਜਕੱਲ੍ਹ ਪੰਜਾਬੀ ਦੇ ਜਾਣੇ-ਪਛਾਣੇ ਕਵੀਆਂ ਵਿੱਚ ਸ਼ੁਮਾਰ ਹੈ।
2023 ਵਿੱਚ ਛਪੀ ‘ਚੁੱਪ ਦਾ ਮਰਮ ਪਛਾਣੀਏ’ ਨਾਲ ਮਲਵਿੰਦਰ ਨੇ ਪੰਜਾਬੀ ਵਾਰਤਕ ਦੇ ਖ਼ੇਤਰ ਵਿੱਚ ਪੈਰ ਰੱਖਿਆ, ਜਿਸ ਵਿੱਚ ਉਸਨੇ ਵੱਖ-ਵੱਖ ਸਮੇਂ ਅਖ਼ਬਾਰਾਂ ਵਿੱਚ ਵੱਖ-ਵੱਖ ਵਿਸ਼ਿਆਂ ਉੱਪਰ ਛਪੇ ਆਪਣੇ ਆਰਟੀਕਲ ਸ਼ਾਮਲ ਕੀਤੇ ਹਨ। ਪੰਜਾਬੀ ਪਾਠਕਾਂ ਨੂੰ ਉਸਦੀ ਇਸ ਪਲੇਠੀ ਵਾਰਤਕ ਪੁਸਤਕ ਨੂੰ ਉਸਦੀ ਕਵਿਤਾ ਵਾਂਗ ਹੀ ਭਰਵਾਂ ਹੁੰਗਾਰਾ ਮਿਲਿਆ ਜਿਸ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਪਰਵਾਸ ਨਾਲ ਸਬੰਧਿਤ ਅਤੇ ਕਈ ਹੋਰ ਵਿਸ਼ਿਆਂ ਉੱਪਰ ਆਰਟੀਕਲ ਲਿਖੇ ਹਨ ਅਤੇ ਇਹ ਸਮੇਂ-ਸਮੇਂ ਪੰਜਾਬ ਅਤੇ ਕੈਨੇਡਾ ਦੀਆਂ ਨਾਮਵਰ ਅਖ਼ਬਾਰਾਂ ਵਿੱਚ ਛਪਦੇ ਰਹੇ ਹਨ।
ਮਲਵਿੰਦਰ ਦਾ ਬੇਟਾ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦਾ ਪੱਕਾ ਵਸਨੀਕ ਹੈ ਅਤੇ ਇਸਦੇ ਸ਼ਹਿਰ ਬਰੈਂਪਟਨ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ ਅਤੇ ਇਸ ਤਰ੍ਹਾਂ ਮਲਵਿੰਦਰ ਸ਼ਾਇਰ ਦਾ ਆਪਣੀ ਪਤਨੀ ਦੇ ਨਾਲ ਇੱਥੇ ਬਰੈਂਪਟਨ ਵਿੱਚ ਲੱਗਭੱਗ ਹਰ ਸਾਲ ਗੇੜਾ ਵੱਜਦਾ ਰਹਿੰਦਾ ਹੈ। ਉਹ ਚਾਰ ਵਾਰ ਇੱਥੇ ਬਰੈਂਪਟਨ ਵਿੱਚ ਆ ਚੁੱਕਾ ਹੈ ਅਤੇ ਇੱਥੋਂ ਦੇ ਪਾਰਕਾਂ, ਕਮਿਊਨਿਟੀ ਸੈਂਟਰਾਂ, ਪਬਲਿਕ ਲਾਇਬ੍ਰੇਰੀਆਂ, ਸੀਨੀਅਰ ਬਜ਼ੁਰਗ ਸਾਥੀਆਂ ਤੇ ਸਾਹਿਤਕ ਅਦਾਰਿਆਂ ਦੇ ਨਾਲ ਆਪਣੀ ‘ਯਾਰੀ’ ਗੰਢ ਚੁੱਕਾ ਹੈ। ਇਸ ਦੌਰਾਨ ਉਸਨੇ ਕੈਨੇਡਾ ਦੇ ‘ਪਰਵਾਸ’ ਅਤੇ ‘ਪਰਵਾਸੀ ਜੀਵਨ’ ਨੂੰ ਬੜਾ ਨੇੜਿਉਂ ਵੇਖਿਆ, ਘੋਖਿਆ ਅਤੇ ਇਸ ਨੂੰ ਕਲਮਬੰਦ ਕੀਤਾ ਹੈ।
ਹਥਲੀ ਇਸ ਦੂਸਰੀ ਵਾਰਤਕ ਪੁਸਤਕ ‘ਪਰਵਾਸ ਦੇ ਸਰੋਕਾਰ’ ਵਿੱਚ ਮਲਵਿੰਦਰ ਨੇ ਪਰਵਾਸ ਨਾਲ ਜੁੜੇ 28 ਆਰਟੀਕਲ ਸ਼ਾਮਲ ਕੀਤੇ ਹਨ। ਉਸਦੇ ਸਵੈ-ਕਥਨ ‘ਪਰਵਾਸ ਦੇ ਸਰੋਕਾਰਾਂ ਵਿੱਚੋਂ ਲੰਘਦਿਆਂ’ ਅਨੁਸਾਰ ਉਸਨੇ ਇਸ ਪੁਸਤਕ ਵਿੱਚ ਪਰਵਾਸ ਹੰਢਾ ਰਹੇ ਵੱਖ-ਵੱਖ ਉਮਰ ਦੇ ਲੋਕਾਂ ਦੀ ਮਾਨਸਿਕਤਾ ਨੂੰ ਫੜਨ ਦਾ ਯਤਨ ਕੀਤਾ ਹੈ ਅਤੇ ਪਰਵਾਸ ਨਾਲ ਜੁੜੇ ਹੋਰ ਬਹੁਤ ਸਾਰੇ ਅਨੁਭਵਾਂ ਬਾਰੇ ਲਿਖਿਆ ਹੈ। ਪਰਵਾਸ ਦੇ ਗੰਭੀਰ ਵਿਸ਼ੇ ਦੀ ਮਹੱਤਤਾ ਅਤੇ ਵਿਸ਼ਾਲਤਾ ਨੂੰ ਧਿਆਨ ਵਿੱਚ ਰੱਖਦਿਆਂ ਉਸਦੀ ਇਸ ਤੋਂ ਪਹਿਲਾਂ ਛਪੀ ਵਾਰਤਕ ਪੁਸਤਕ ‘ਚੁੱਪ ਦਾ ਮਰਮ ਪਛਾਣੀਏ’ ਵਿਚ ਦਰਜ ਪਰਵਾਸ ਨਾਲ ਸਬੰਧਿਤ ਕੁਝ ਆਰਟੀਕਲ, ਜਿਵੇਂ ‘ਪਾਰਕਾਂ ਨੂੰ ਦੁੱਖ ਦੱਸਦੇ’, ‘ਕੈਨੇਡਾ ਵਿੱਚ ਪਾਰਕਾਂ ਨਾਲ ਸੰਵਾਦ’, ‘ਕੈਲਸੋ ਬੀਚ ਪਾਰਕ ਦੀ ਕੁਦਰਤ ਨਾਲ ਬਿਤਾਏ ਕੁਝ ਪਲ’, ਆਦਿ ਇਸ ਪੁਸਤਕ ਦਾ ਵੀ ਹਿੱਸਾ ਬਣੇ ਹਨ।
ਪੁਸਤਕ ਵਿੱਚ ਮਲਵਿੰਦਰ ਕੈਨੇਡਾ ਦੇ ਸਿਸਟਮ ਨਾਲ ਜੂਝਦੀਆਂ ਕਦਰਾਂ-ਕੀਮਤਾਂ ਦੀ ਗੱਲ ਕਰਦਿਆਂ ਜਿੱਥੇ ਇੱਥੋਂ ਦੇ ਲੋਕਾਂ ਦੇ ਵਧੀਆ ਰਹਿਣ-ਸਹਿਣ, ਖਾਣ-ਪੀਣ, ਕਾਰ-ਵਿਹਾਰ, ਸਖ਼ਤ ਮਿਹਨਤ ਅਤੇ ਖ਼ੂਬਸੂਰਤ ਚਾਲ-ਚਲਣ ਬਾਰੇ ਦੱਸਦਾ ਹੈ, ਉੱਥੇ ਉਹ ਪਿਛਲੇ ਕੁਝ ਸਮੇਂ ਦੌਰਾਨ ਵਿਦਿਆਰਥੀ ਵੀਜ਼ੇ ‘ਤੇ ਆਏ ਕੁਝ ਨੌਜੁਆਨਾਂ ਦੇ ਵਿਹਾਰ ਦੀਆਂ ‘ਬੇ-ਤਰਤੀਬੀਆਂ’ ਅਤੇ ਇਨ੍ਹਾਂ ਦੇ ਕਾਰਨ ਕੈਨੇਡਾ ਸਰਕਾਰ ਵੱਲੋਂ ਲਏ ਗਏ ਕੁਝ ਸਖ਼ਤ ਫ਼ੈਸਲਿਆਂ ਬਾਰੇ ਵੀ ਬਾਖ਼ੂਬੀ ਚਰਚਾ ਕਰਦਾ ਹੈ। ਉਸਦਾ ਨਿੱਜੀ ਅਨੁਭਵ ਹੈ ਕਿ ਗਿਣਤੀ ਦੇ ਕੁਝ ਕੁ ਪੰਜਾਬੀ ਨੌਜੁਆਨਾਂ ਵੱਲੋਂ ਕੀਤੀਆਂ ਗਈਆਂ ਤੇ ਕੀਤੀਆਂ ਜਾ ਰਹੀਆਂ ਬੇ-ਨਿਯਮੀਆਂ ਅਤੇ ਚੰਦ ਅਪਰਾਧਕ ਘਟਨਾਵਾਂ ਵਿੱਚ ਸ਼ਾਮਲ ਹੋਣ ਨਾਲ ਸਮੁੱਚੀ ਪੰਜਾਬੀ ਕਮਿਊਨਿਟੀ ਦਾ ਨਾਂ ਬੁਰੀ ਤਰ੍ਹਾਂ ਬਦਨਾਮ ਹੋ ਰਿਹਾ ਹੈ ਜਿਸ ਨੂੰ ਸੁਧਾਰਨ ਦੀ ਅਤੀ ਜ਼ਰੂਰਤ ਹੈ।
ਪਰਵਾਸ ਦੀ ਗੱਲ ਕਰਦਿਆਂ ਹੋਇਆਂ ਮਲਵਿੰਦਰ ਕਹਿੰਦਾ ਹੈ ਕਿ ਪਰਵਾਸ ਦੇ ਮੌਜੂਦਾ ਵਰਤਾਰੇ ਨੇ ਇੱਥੇ ਕੈਨੇਡਾ ਵਿੱਚ ਕਈ ਨਵੀਆਂ ਚੁਣੌਤੀਆਂ ਪੈਦਾ ਕੀਤੀਆਂ ਹਨ। ਚਾਰ ਕਰੋੜ ਤੋਂ ਵੱਧ ਵਸੋਂ ਵਾਲੇ ਇਸ ਦੇਸ਼ ਵਿੱਚ ਇਨ੍ਹਾਂ ਚੁਣੌਤੀਆਂ ਵਿੱਚ ਇਹ ਵਾਧਾ ਅੰਤਰਰਾਸ਼ਟਰੀ ਪਰਵਾਸ ਦੇ ਕਾਰਨ ਹੋਇਆ ਹੈ। ਕੰਮਾਂ ਦੀ ਘਾਟ ਕਾਰਨ ਸਟੱਡੀ-ਵੀਜ਼ੇ ‘ਤੇ ਇੱਥੇ ਆਏ ਵਿਦਿਆਰਥੀਆਂ ਨੂੰ ਰੋਜ਼ਗਾਰ ਨਹੀਂ ਮਿਲ ਰਿਰਾ, ਮਕਾਨਾਂ ਦੇ ਕਿਰਾਏ ਬਹੁਤ ਵੱਧ ਗਏ ਹਨ ਅਤੇ ਉਨ੍ਹਾਂ ਨੂੰ ਕਿਰਾਏ ‘ਤੇ ਮਕਾਨ ਲੈਣ ਵਿੱਚ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਇੱਕ ਹੋਰ ਵੱਡੀ ਦਿੱਕਤ ਪੇਸ਼ ਆ ਰਹੀ ਹੈ ਕਿ ਕੈਨੇਡੀਅਨ ਸਰਕਾਰ ਨੇ ਪੋਸਟ ਗਰੈਜੂਏਟ ਵਰਕ ਪਰਮਿਟ-ਧਾਰਕਾਂ ਨੂੰ ਵਾਧੂ ਅਠਾਰਾਂ ਮਹੀਨੇ ਦੇ ਵਰਕ-ਪਰਮਿਟ ਜਾਰੀ ਕਰਨ ਦੀ ਅਸਥਾਈ ਨੀਤੀ ਨੂੰ ਨਾ ਵਧਾਉਣ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ ਵਰਕ-ਪਰਮਿਟਾਂ ਦੇ ਅੱਗੋਂ ਨਾ ਵੱਧਣ ਦੀ ਹਾਲਤ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਵਾਪਸ ਆਪਣੇ ਦੇਸ਼ ਪਰਤਣਾ ਪੈ ਰਿਹਾ ਹੈ। (ਪੰਨਾ-24)
ਕੈਨੇਡਾ ਵਿੱਚ ਜੂਝ ਰਹੇ ਪੰਜਾਬੀਆਂ ਦੀਆਂ ਸਮੱਸਿਆਵਾਂ ਦੀ ਚਿੰਤਾ ਦੇ ਨਾਲ਼ ਨਾਲ਼ ਮਲਵਿੰਦਰ ਇੱਥੇ ਕੈਨੇਡਾ ਵਿੱਚ ਪੰਜਾਬੀ ਬੋਲੀ ਤੇ ਭਾਸ਼ਾ ਲਈ ਵੀ ਓਨਾ ਹੀ ਫ਼ਿਕਰਮੰਦ ਹੈ। ਪੁਸਤਕ ਦੇ ‘ਕੈਨੇਡਾ ਵਿੱਚ ਮਾਤ-ਭਾਸ਼ਾ ਦਾ ਵਰਤਮਾਨ ਤੇ ਭਵਿੱਖ’ ਅਧਿਆਇ ਵਿੱਚ ਉਹ ਕਹਿੰਦਾ ਹੈ, “ਅਸੀਂ ਇਸ ਗੱਲ ਲਈ ਫ਼ਿਕਰਮੰਦ ਹੁੰਦੇ ਹਾਂ ਕਿ ਸਾਡੇ ਬੱਚੇ ਆਪਣੀ ਭਾਸ਼ਾ ਅਤੇ ਰਿਸ਼ਤਿਆਂ ਨੂੰ ਕਿਧਰੇ ਵਿਸਰ ਨਾ ਜਾਣ ਅਤੇ ਇਸ ਫ਼ਿਕਰ ‘ਚੋਂ ਅਸੀਂ ਕੁਝ ਉਪਰਾਲੇ ਗ੍ਰਹਿਣ ਕਰਦੇ ਹਾਂ। (ਪੰਨਾ-30) ਇਸਦੇ ਦੇ ਹੱਲ ਵਜੋਂ ਉਹ ਦੱਸਦਾ ਹੈ ਕਿ ਕੁਝ ਉਪਰਾਲਿਆਂ ਤਹਿਤ ਕੁਝ ਸਥਾਨਿਕ ਗੁਰਦਵਾਰਿਆਂ ਵਿੱਚ ਹਫ਼ਤੇ ਵਿੱਚ ਇੱਕ ਦਿਨ ਬੱਚਿਆਂ ਲਈ ਪੰਜਾਬੀ ਕਲਾਸਾਂ ਲੱਗਦੀਆਂ ਹਨ ਅਤੇ ਕਈਆਂ ਵਿੱਚ ਇਹ ਹਫ਼ਤੇ ਦੇ ਸਾਰੇ ਦਿਨਾਂ ‘ਚ ਵੀ ਲੱਗਦੀਆਂ ਹਨ। ਇਸ ਦੇ ਨਾਲ ਹੀ ਕੁਝ ਕੁ ਚੋਣਵੇਂ ਸਕੂਲਾਂ ਵਿੱਚ ਵੀ ਪੰਜਾਬੀ ਪੜ੍ਹਾਉਣ ਦਾ ਪ੍ਰਬੰਧ ਹੈ,ਜਿੱਥੇ ਪੰਜਾਬੀ ਪੜ੍ਹਾਈ ਨਿਰਧਾਰਿਤ ਕੋਰਸਾਂ ਦੇ ਨਾਲ ਹਾਈ ਸਕੂਲ ਗਰੇਡ ਦੇ ਪੱਧਰ ਤੱਕ ਪੜ੍ਹਾਈ ਜਾਂਦੀ ਹੈ।
ਕੈਨੇਡਾ ਦੇ ਪਬਲਿਕ ਲਾਇਬ੍ਰੇਰੀ ਸਿਸਟਮ ਦੀ ਸ਼ਲਾਘਾ ਕਰਦਿਆਂ ਮਲਵਿੰਦਰ ਦਾ ਕਹਿਣਾ ਹੈ, “ਇੱਥੋਂ ਦੀਆਂ ਲਾਇਬ੍ਰੇਰੀਆਂ ਵਿੱਚ ਸੰਸਾਰ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਨਾਲ ਪੰਜਾਬੀ ਦੀਆਂ ਕਿਤਾਬਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ ਜੋ ਕਿ ਬਹੁਤ ਵਧੀਆ ਗੱਲ ਹੈ। ਪਰ ਜੇਕਰ ਕੋਈ ਲੇਖਕ ਉਨ੍ਹਾਂ ਲਾਇਬ੍ਰੇਰੀਆਂ ਵਿੱਚ ਆਪਣੀ ਕਿਤਾਬ ਭੇਂਟ ਕਰਨੀ ਚਾਹੇ ਤਾਂ ਉਸਦੇ ਲਈ ਲੰਮੀ ਤੇ ਜਟਿਲ ਪ੍ਰਕਿਰਿਆ ਹੈ।“ (ਪੰਨਾ -30-31) ਲੇਖਕ ਅਨੁਸਾਰ ਲਾਇਬ੍ਰੇਰੀ ਦੇ ਪ੍ਰਬੰਧਕਾਂ ਨੂੰ ਇਸ ਪ੍ਰਕਿਰਿਆ ਨੂੰ ਸਰਲ ਤੇ ਸਹਿਜ ਬਨਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਪਰਵਾਸੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਦਹਾਕੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਧੇਰੇ ਆਮਦ ਨਾਲ ਨਾਲ ਇੱਥੇ ਪਰਵਾਸੀਆਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਹੈ। ਪਰ ਇਸ ਸਮੇਂ ਇੱਥੇ ਕੰਮਾਂ ਦੀ ਘਾਟ ਹੋ ਜਾਣ ਕਰਕੇ ਉਨ੍ਹਾਂ ਦੇ ਪੀ.ਆਰ. ਵਜੋਂ ਪੱਕੇ ਹੋਣ ਦੀ ਆਸ ਘੱਟਦੀ ਜਾ ਰਹੀ ਹੈ ਅਤੇ ਕਈਆਂ ਨੂੰ ਤਾਂ ਵਾਪਸ ਵੀ ਮੁੜਨਾ ਪੈ ਰਿਹਾ ਹੈ। ਇੱਥੇ ਪੱਕੇ ਹੋਣ ਲਈ ਇੱਕ ਹੋਰ ਰਾਹ ‘ਅਸਾਇਲਮ’ (ਸ਼ਰਨਾਰਥੀਪੁਣੇ) ਦਾ ਹੈ। ਇੱਕ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਪੱਕੇ ਹੋਣ ਲਈ ਅਸਾਇਲਮ ਮੰਗਣ ਵਾਲਿਆਂ ਦੀ ਗਿਣਤੀ ਦੋ ਲੱਖ ਦੇ ਆਸ-ਪਾਸ ਪਹੁੰਚ ਗਈ ਹੈ ਜਿਨ੍ਹਾਂ ਵਿੱਚ 10,000 ਪੰਜਾਬੀ ਹਨ।
ਦੂਸਰਾ ਰਾਹ ‘ਵਰਕ-ਪਰਮਿਟਾਂ’ ਵਾਲਾ ਹੈ ਜਿਨ੍ਹਾਂ ਦੀ ਗਿਣਤੀ ਵੀ ਕੈਨੇਡਾ ਸਰਕਾਰ ਵੱਲੋਂ ਘਟਾ ਦਿੱਤੀ ਗਈ ਹੈ। ਇਸਦੇ ਨਾਲ ਹੀ ਵਿਜ਼ਟਰ ਵੀਜ਼ੇ ‘ਤੇ ਆਏ ਹੋਏ ਕਈ ਪਰਵਾਸੀ ਇੱਥੇ ਪੱਕੇ ਤੌਰ ‘ਤੇ ਟਿਕਣ ਦੇ ਚਾਹਵਾਨ ਹੁੰਦੇ ਹਨ ਅਤੇ ਇਸਦੇ ਲਈ ਉਹ ਵਕੀਲਾਂ ਅਤੇ ਇਮੀਗ੍ਰੇਸ਼ਨ ਏਜੰਟਾਂ ਕੋਲ਼ ਜਾਂਦੇ ਹਨ। ਉਹ ਉਨ੍ਹਾਂ ਦੀਆਂ ਫ਼ਾਈਲਾਂ ਦੇ ਨਾਲ ਝੂਠੇ-ਸੱਚੇ ਦਸਤਾਵੇਜ਼ ਲਗਾ ਕੇ ‘ਅਸਾਇਲਮ’ ਦਾ ਕੇਸ ਤਿਆਰ ਕਰਕੇ ਫ਼ਾਈਲਾਂ ਅੱਗੇ ਠੇਲ੍ਹ ਦਿੰਦੇ ਹਨ ਅਤੇ ਫਿਰ ‘ਅੱਗੋਂ ਤੇਰੇ ਭਾਗ ਲੱਛੀਏ’ ਵਾਲੀ ਗੱਲ ਹੋ ਜਾਂਦੀ ਹੈ। ਅਸਾਇਲਮ ਮਿਲਣ ‘ਤੇ ਸਬੰਧਿਤ ਵਿਅੱਕਤੀ ਨੂੰ ‘ਰਫ਼ਿਊਜੀ’ ਦਾ ਸਟੇਟਸ ਮਿਲ ਜਾਂਦਾ ਹੈ ਪਰ ਇਹ ਹਰੇਕ ਕੇਸ ਵਿੱਚ ਜ਼ਰੂਰੀ ਨਹੀਂ ਹੈ। ਅਜਿਹੇ ਬਹੁਤ ਸਾਰੇ ਕੇਸ ਨਾ-ਮਨਜ਼ੂਰ ਵੀ ਹੋ ਜਾਂਦੇ ਹਨ।
ਪੁਸਤਕ ਦੇ ‘ਕੈਨੇਡਾ, ਪੂੰਜੀਵਾਦ ਸਿਸਟਮ, ਪਰਵਾਸ ਤੇ ਪੰਜਾਬੀ ਭਾਈਚਾਰਾ’ ਅਧਿਆਇ ਵਿੱਚ ਮਲਵਿੰਦਰ ਸੁਆਲ ਕਰਦਾ ਹੈ, “ਕੈਨੇਡਾ ਵਿੱਚ ਅਜਿਹਾ ਕੀ ਹੈ ਕਿ ਅਸੀਂ ਆਪਣੀਆਂ ਚੰਗੀਆਂ ਨੌਕਰੀਆਂ ਛੱਡ ਕੇ, ਕਾਰੋਬਾਰ ਤਿਆਗ ਕੇ, ਚੰਗੀ ਭਲੀ ਵਾਹੀ ਖੇਤੀ ਕਿਰਸਾਨੀ ਛੱਡ ਕੇ ਆਪਣੀਆਂ ਦੋ-ਦੋ ਮੰਜ਼ਲੀਆਂ ਕੋਠੀਆਂ ਨੂੰ ਜਿੰਦਰੇ ਮਾਰ ਕੇ ਇੱਧਰ ਆ ਗਏ ਹਾਂ ਜਾਂ ਆਉਣ ਲਈ ਤਰਲੋਮੱਛੀ ਹੋ ਰਹੇ ਹਾਂ?” ਅਸੀਂ ਆਪਣੀ ਅਠਾਰਾਂ-ਅਠਾਰਾਂ ਸਾਲਾਂ ਦੀਆਂ ਮਾਸੂਮ ਧੀਆਂ ਤੇ ਪੁੱਤਰਾਂ ਨੂੰ ਵੱਡੀ ਰਕਮ ਖ਼ਰਚ ਕਰਕੇ ਜਹਾਜ਼ੇ ਚਾੜ੍ਹ ਰਹੇ ਹਾਂ? (ਪੰਨਾ: 64-65)
ਇਸਦੇ ਨਾਲ ਹੀ ਉਹ ਕਹਿੰਦਾ ਹੈ ਕਿ ਸਾਡਾ ਵਿਹਾਰ ਤੇ ਚਾਲ-ਚਲਣ ਇਸਦੇ ਸਿਫ਼ਤੀ ਮੁਹਾਂਦਰੇ ਨੂੰ ਵਿਗਾੜ ਰਿਹਾ ਹੈ। ਕਾਰਾਂ ਚੋਰੀ ਕਰਨ, ਡਰੱਗਜ਼ ਦਾ ਕਾਰੋਬਾਰ ਕਰਨ, ਸਟੋਰਾਂ ਦੀਆਂ ਕੰਧਾਂ ਪਾੜ ਕੇ ਸਮਾਨ ਲੁੱਟ ਕੇ ਲੈ ਜਾਣ, ਸਟੋਰਾਂ ਦੀਆਂ ਟਰਾਲੀਆਂ ਵਿੱਚ ਸਮਾਨ ਲੱਦ ਕੇ ਆਪਣੇ ਘਰਾਂ ਤੱਕ ਲਿਜਾ ਕੇ ਟਰਾਲੀਆਂ ਗਲ਼ੀ ਦੇ ਮੋੜ ‘ਤੇ ਜਾਂ ਕਿਸੇ ਸੜਕ ਦੇ ਕਿਨਾਰੇ ਲਾਵਾਰਿਸ ਛੱਡ ਦੇਣੀਆਂ, ਕਾਰਾਂ ਵਿੱਚ ਉੱਚੀ ਆਵਾਜ਼ ਵਿੱਚ ਗਾਣੇ ਲਾਉਣੇ ਅਤੇ ਪਲਾਜ਼ਿਆਂ ਤੇ ਸਿਟੀ ਸੈਂਟਰਾਂ ਦੀਆਂ ਪਾਰਕਾਂ ਵਿੱਚ ਗੇੜੇ ਲਾਉਣੇ ਤੇ ਲੜਕੀਆਂ ਨੂੰ ਕਾਮੀ ਨਿਗਾਹਾਂ ਨਾਲ ਘੂਰਨਾ, ਆਦਿ ਨਿੱਕੀਆਂ-ਨਿੱਕੀਆਂ ਗੱਲਾਂ ਹਨ, ਜਿਨ੍ਹਾਂ ਦੇ ਨਤੀਜੇ ਵੱਡੇ ਨਿਕਲਣ ਵਾਲੇ ਹਨ।” (ਪੰਨਾ-65)
ਕੈਨੇਡਾ ਵਿੱਚ ਦੋ-ਤਿੰਨ ਦਹਾਕੇ ਪਹਿਲਾਂ ਆਏ ਬਜ਼ੁਰਗ ਤਾਂ ‘ਢੋਲੇ’ ਦੀਆਂ ਲਾਉਂਦੇ ਹਨ। ਕੈਨੇਡਾ ਸਰਕਾਰ ਵੱਲੋਂ ਹਰ ਮਹੀਨੇ ‘ਬੁਢਾਪਾ ਪੈੱਨਸ਼ਨ’ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਆ ਜਾਂਦੀ ਹੈ ਅਤੇ ਉਹ ਪਾਰਕਾਂ ਵਿੱਚ ਜਾ ਕੇ ਆਪਣੇ ਸਾਥੀਆਂ ਦੇ ਨਾਲ ਤਾਸ਼਼ ਖੇਡਦਿਆਂ ਖ਼ੂਬ ‘ਸੀਪਾਂ’ ਲਾਉਂਦੇ ਹਨ। ਉਨ੍ਹਾਂ ਵਿੱਚੋਂ ਕਈ ਗੁਰਦੁਆਰੇ ਜਾ ਕੇ ਕੀਰਤਨ ਸੁਣਦੇ ਤੇ ਭਜਨ-ਬੰਦਗੀ ਕਰਦੇ ਹਨ ਅਤੇ ਉੱਥੇ ਸੇਵਾ ਵੀ ਕਰਦੇ ਹਨ।
ਮਲਵਿੰਦਰ ਆਖਦਾ ਹੈ ਕਿ ਪਰਵਾਸ ਹੰਡਾਉਂਦੇ ਇਨ੍ਹਾਂ ਬਜ਼ੁਰਗਾਂ ਬਾਰੇ ਕੋਈ ਸਾਂਝੀ ਰਾਇ ਬਨਾਉਣੀ ਮੁਸ਼ਕਿਲ ਹੈ। ‘ਸੌਕਰ ਸੈਂਟਰ’ ਤੇ ਕਮਿਊਨਿਟੀ ਸੈਂਟਰਾਂ ਵਰਗੀਆਂ ਹੋਰ ਥਾਵਾਂ, ਪਾਰਕਾਂ, ਲਾਇਬ੍ਰੇਰੀਆਂ, ਤੇ ਗੁਰਦੁਆਰਿਆਂ ਵਿੱਚ ਜੁੜ ਬੈਠਣਾ ਇੱਥੇ ਕੈਨੇਡਾ ਵਿੱਚ ‘ਪੰਜਾਬ ਦੀਆਂ ਸੱਥਾਂ’ ਵਿੱਚ ਬੈਠਣ ਵਾਲੀ ਗੱਲ ਹੈ। ਸ਼ਾਇਦ ਏਸੇ ਕਰਕੇ ਵੱਖ-ਵੱਖ ਢਾਣੀਆਂ ਵਿੱਚ ਤਾਸ਼ ਖੇਡ ਰਹੇ ਸੀਨੀਅਰ ਸਿਟੀਜ਼ਨਾਂ ਨੂੰ ਆਪਣੀ ਜ਼ਿੰਦਗੀ ਨੂੰ ‘ਸੀਪ’ ਲਾ ਰਹੀਆਂ ਉਮਰਾਂ ਜਾਪਦੀਆਂ ਹਨ। (ਪੰਨਾ-71)
ਇਸ ਦੇ ਨਾਲ ਹੀ ਮਲਵਿੰਦਰ ਦਾ ਕਹਿਣਾ ਹੈ ਕਿ ਕਈ ਮਾਪਿਆਂ ਦੀ ਅੱਖ ‘ਚ ਕੈਨੇਡਾ ਬੁਰੀ ਤਰ੍ਹਾਂ ਰੜਕ ਰਿਹਾ ਹੈ। ਆਪਣੀ ਉਮਰ ਦੇ ਪੰਜ-ਛੇ ਦਹਾਕੇ ਪੰਜਾਬ ਵਿੱਚ ਗੁਜ਼ਾਰਨ ਤੋਂ ਬਾਅਦ ਜਦੋਂ ਕਈ ਮਾਪਿਆਂ ਨੂੰ ਵਿਦੇਸ਼ਾਂ ਵਿੱਚ ਪੀ.ਆਰ. ਹੋ ਗਏ ਬੱਚਿਆਂ ਕੋਲ ਆ ਕੇ ਰਹਿਣਾ ਪੈਂਦਾ ਹੈ ਤਾਂ ਫਿਰ ਪਰਾਈ ਧਰਤੀ ‘ਤੇ ਬੇਗਾਨਗੀ ਦਾ ਅਹਿਸਾਸ ਜੰਮਣ-ਭੋਇੰ ਨਾਲ ਰਿਸ਼ਤੇ ਦੀ ਭਰਪੂਰ ਗਵਾਹੀ ਭਰਦਾ ਹੈ।
ਇੱਥੇ ਮਲਵਿੰਦਰ ਬੇਗਾਨਗੀ ਦੇ ਇਸ ਅਹਿਸਾਸ ਦੀਆਂ ਦੋ-ਤਿੰਨ ਖ਼ੂਬਸੂਰਤ ਉਦਾਹਰਨਾਂ ਪੇਸ਼ ਕਰਦਾ ਹੈ ਜਿਨ੍ਹਾਂ ਵਿੱਚੋਂ ਇੱਕ ਬਾਰੇ ਇੱਥੇ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ। ਇਹ ਉਦਾਹਰਨ ਕਿਸੇ ਯੂਨੀਵਰਸਿਟੀ ਦੇ ਸੇਵਾ-ਮੁਕਤ ਉਪ-ਕੁਲਪਤੀ ਦੀ ਕੈਨੇਡਾ ਵਿੱਚ ਰਹਿ ਰਹੇ ਪੁੱਤਰ ਨਾਲ ਹੋ ਰਹੀ ਗੱਲਬਾਤ ਦੀ ਹੈ।
ਪੁੱਤਰ ਕਹਿੰਦਾ ਹੈ, “ਪਾਪਾ! ਜਿੰਨੀ ਕੁ ਪੈੱਨਸ਼ਨ ਉੱਥੇ ਇੰਡੀਆ ਤੁਹਾਨੂੰ ਮਿਲਦੀ ਹੈ, ਉਸ ਨਾਲ ਇੱਥੇ ਤੁਹਾਡਾ ਵਧੀਆ ਗੁਜ਼ਾਰਾ ਹੋ ਜਾਣਾ ਹੈ। ਤੁਸੀਂ ਉੱਥੇ ਵਾਪਸ ਜਾ ਕੇ ਕੀ ਕਰਨਾ। ਅੱਗੋਂ ਪਿਓ ਸੋਚ-ਵਿਚਾਰ ਕੇ ਬੜੇ ਠਰ੍ਹੰਮੇ ਨਾਲ ਜੁਆਬ ਦਿੰਦਾ ਹੈ, “ਪੁੱਤਰ, ਜਿਸ ਪੈੱਨਸ਼ਨ ਨਾਲ ਮੇਰਾ ਇੱਥੇ ਗੁਜ਼ਾਰਾ ਹੋਣਾ, ਉਸ ਨਾਲ ਮੇਰੀ ਉੱਥੇ ਪੰਜਾਬ ਵਿੱਚ ਬਾਦਸ਼ਾਹਤ ਹੈ। ਮੈਂ ਆਪਣੇ ਦੇਸ਼ ਦੀ ਬਾਦਸ਼ਾਹਤ ਛੱਡ ਤੇਰੇ ਸਹੇੜੇ ਇਸ ਦੇਸ਼ ਵਿੱਚ ਗ਼ੁਜ਼ਾਰਾ ਕਰਨ ਕਿਉਂ ਆਵਾਂ?” …ਤੇ ਪੁੱਤਰ ਕੋਲ ਇਸਦਾ ਕੋਈ ਜੁਆਬ ਨਹੀਂ ਹੈ। (ਪੰਨਾ-84) ‘ਪਾਰਕਾਂ ਨੂੰ ਦੁੱਖ ਦੱਸਦੇ’ ਆਰਟੀਕਲ ਵਿੱਚ ਬੇਗਾਨਗੀ ਦੀਆਂ ਅਜਿਹੀਆਂ ਕਈ ਹੋਰ ਉਦਾਹਰਨਾਂ ਦਰਜ ਹਨ।
ਇਨ੍ਹਾਂ ਦਰਦ ਭਰੀਆਂ ਕਹਾਣੀਆਂ ਦੇ ਨਾਲ ਮਲਵਿੰਦਰ ਓਨਟਾਰੀਓ ਝੀਲ ਦੇ ਕੰਢੇ ਵੱਸੇ ਖ਼ੂਬਸੂਰਤ ਸ਼ਹਿਰ ਟੋਰਾਂਟੋ, ਨਾਲ ਨਾਲ ਲੱਦੇ ‘ਫ਼ਲਾਵਰ ਸਿਟੀ ਬਰੈਂਪਟਨ, ਕੈਲਸੋ ਬੀਚ ਪਾਰਕ, ਨਿਆਗਰਾ ਫ਼ਾਲਜ਼ ਦੇ ਕੁਦਰਤੀ ਨਜ਼ਾਰਿਆਂ ਅਤੇ ਟੋਰਾਂਟੋ ਵਿੱਚ ਵਿਚਰ ਰਹੀਆਂ ਵੱਖ-ਵੱਖ ਸਾਹਿਤ ਸਭਾਵਾਂ, ਇੱਥੇ ਕਰਵਾਈਆਂ ਜਾ ਰਹੀਆਂ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸਾਂ, ਪੰਜਾਬੀ ਭਾਈਚਾਰੇ ਅਤੇ ਪੰਜਾਬੀ ਮੀਡੀਏ ਬਾਰੇ ਵੀ ਬਾਖ਼ੂਬੀ ਚਰਚਾ ਕਰਦਾ ਹੈ।
‘ਸਪਤਰਿਸ਼ੀ ਪਬਲੀਕੇਸ਼ਨ’ ਚੰਡੀਗੜ੍ਹ ਵੱਲੋਂ ਛਾਪੀ ਗਈ 116 ਪੰਨਿਆਂ ਦੀ ਇਸ ਪੁਸਤਕ ਵਿੱਚੋਂ ਪਰਵਾਸ ਬਾਰੇ ਬਹੁਮੁੱਲੀ ਜਾਣਕਾਰੀ ਮਿਲਦੀ ਹੈ। ਵੱਖ-ਵੱਖ ਸਮੇਂ ਛਪੇ ਕਈ ਆਰਟੀਕਲਾਂ ਵਿੱਚ ਕਿਤੇ ਕਿਤੇ ਕੁਝ ਥਾਵਾਂ ‘ਤੇ ਦੁਹਰਾਅ ਨਜ਼ਰ ਆਉਂਦਾ ਹੈ। ਕਈ ਸ਼ਬਦਾਂ ਵਿੱਚ ਕਿਧਰੇ ਕਿਧਰੇ ‘ਜ’ ਦੀ ਜਗ੍ਹਾ ‘ਜ਼’ ਦੀ ਵਰਤੋਂ, ਜਿਵੇਂ ‘ਦਰਜ਼’, ‘ਤਜ਼ਰਬਾ’, ਆਦਿ ਥੋੜ੍ਹੀ ਜਿਹੀ ਰੜਕਦੀ ਹੈ। ਬਾਕੀ ਸੱਭ ਠੀਕ ਹੈ। ਕੁੱਲ ਮਿਲਾ ਕੇ ਮਲਵਿੰਦਰ ਵੱਲੋਂ ਪਰਵਾਸ ਬਾਰੇ ਜਾਣਕਾਰੀ ਸਾਂਝੀ ਕਰਦਾ ਹੋਇਆ ਇਹ ਸਫ਼ਲਤਾ ਪੂਰਵਕ ਯਤਨ ਹੈ। ਇਸ ਵਧੀਆ ਕਾਰਜ ਲਈ ਮੈਂ ਉਸ ਨੂੰ ਹਾਰਦਿਕ ਮੁਬਾਰਕਬਾਦ ਪੇਸ਼ ਕਰਦਾ ਹਾਂ ਅਤੇ ਆਸ ਕਰਦਾ ਹੈ ਕਿ ਉਹ ਕਵਿਤਾ ਦੇ ਆਪਣੇ ਮਨ-ਭਾਉਂਦੇ ਖੇਤਰ ਦੇ ਨਾਲ਼ ਨਾਲ਼ ਵਾਰਤਕ ਵਿੱਚ ਵੀ ਏਸੇ ਤਰ੍ਹਾਂ ਕਲਮ-ਅਜ਼ਮਾਈ ਕਰਦਾ ਰਹੇਗਾ।

