ਪ੍ਰੋ. ਸਰਚਾਂਦ ਸਿੰਘ ਖਿਆਲਾ—
ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਅੰਦੋਲਨ ਦੇ ਰੂਹ-ਏ-ਰਵਾਂ ਸ਼ਹੀਦ ਸਰਦਾਰ ਤੇਜਾ ਸਿੰਘ ਸਮੁੰਦਰੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਇਤਿਹਾਸਕ ਗੁਰਦੁਆਰਿਆਂ ਨੂੰ ਮਹੰਤਸ਼ਾਹੀ ਤੋਂ ਮੁਕਤ ਕਰਵਾ ਕੇ ਗੁਰਮਤਿ ਅਨੁਸਾਰ ਪ੍ਰਬੰਧ ਸਥਾਪਿਤ ਕਰਨ ਅਤੇ ਅਕਾਲੀ ਲਹਿਰ ਨੂੰ ਭਾਰਤ ਦੀ ਆਜ਼ਾਦੀ ਦੀ ਲਹਿਰ ਨਾਲ ਜੋੜਨ ਵਿੱਚ ਉਨ੍ਹਾਂ ਦੀ ਭੂਮਿਕਾ ਨਿਰਣਾਇਕ ਰਹੀ। ਉਨ੍ਹਾਂ ਦੀ ਅਗਵਾਈ ਨੇ ਬਸਤੀਵਾਦੀ ਭਾਰਤ ਵਿੱਚ ਸਿੱਖਾਂ ਦੀ ਛਵੀ ਨੂੰ ਨਵਾਂ ਆਕਾਰ ਦਿੱਤਾ ਅਤੇ ਪੰਥਕ ਜਾਗਰੂਕਤਾ ਨੂੰ ਨਵੀਂ ਦਿਸ਼ਾ ਬਖ਼ਸ਼ੀ।
ਇਸੇ ਪੰਥਕ ਚੇਤਨਾ ਤੇ ਸ਼ਾਂਤਮਈ ਪਰ ਜ਼ਬਰਦਸਤ ਤੇ ਅਡੋਲ ਸੰਘਰਸ਼ ਨੇ ਅੰਗਰੇਜ਼ ਹਕੂਮਤ ਨੂੰ ਬੇਚੈਨ ਕਰ ਦਿੱਤਾ। ਜਿਸ ਦਾ ਨਤੀਜਾ 17 ਜੁਲਾਈ 1926 ਨੂੰ ਮਹਿਜ਼ 44 ਸਾਲ ਦੀ ਉਮਰ ਵਿੱਚ ਲਾਹੌਰ ਜੇਲ੍ਹ ਵਿੱਚ ਉਨ੍ਹਾਂ ਦੀ ਰਹੱਸਮਈ ਸ਼ਹਾਦਤ ਦੇ ਰੂਪ ਵਿੱਚ ਸਾਹਮਣੇ ਆਇਆ। ਲਾਹੌਰ ਤੋਂ ਅੰਮ੍ਰਿਤਸਰ ਤੱਕ ਉਨ੍ਹਾਂ ਦੇ ਅੰਤਿਮ ਸਸਕਾਰ ਵਿੱਚ ਨਮ ਅੱਖਾਂ ਨਾਲ ਉਮੜਿਆ ਜਨ-ਸੈਲਾਬ ਇਸ ਗੱਲ ਦਾ ਸਬੂਤ ਸੀ ਕਿ ਪੰਥ ਨੇ ਆਪਣਾ ਸੱਚਾ ਸਿਪਾਹੀ ਗੁਆ ਦਿੱਤਾ ਸੀ। ਪਰ ਉਨ੍ਹਾਂ ਦੀ ਸ਼ਹਾਦਤ ਨੇ ਨਿਰਾਸ਼ਾ ਨਹੀਂ, ਸਗੋਂ ਪੰਥਕ ਜਾਗਰਣ ਨੂੰ ਹੋਰ ਪ੍ਰਚੰਡ ਕੀਤਾ। ਇਸੇ ਲਈ ਉਨ੍ਹਾਂ ਦੀਆਂ ਸੇਵਾਵਾਂ ਦੇ ਸਨਮਾਨ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 24 ਫ਼ਰਵਰੀ 1936 ਨੂੰ ਆਪਣੇ ਮੁੱਖ ਦਫ਼ਤਰ ਦਾ ਨਾਮ “ਤੇਜਾ ਸਿੰਘ ਸਮੁੰਦਰੀ ਹਾਲ” ਰੱਖਿਆ।
ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਜਨਮ 20 ਫ਼ਰਵਰੀ 1882 (10 ਫੱਗਣ 1938 ਬਿਕਰਮੀ) ਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਾਏ ਬੁਰਜ ਕਾ (ਸਰਹਾਲੀ) ਵਿਖੇ ਰਿਸਾਲਦਾਰ ਮੇਜਰ ਸਰਦਾਰ ਦੇਵਾ ਸਿੰਘ ਸੰਧੂ ਅਤੇ ਮਾਤਾ ਨੰਦ ਕੌਰ ਦੇ ਘਰ ਹੋਇਆ। ਪਰਿਵਾਰ ਬਾਅਦ ਵਿੱਚ ਲਾਇਲਪੁਰ ਜ਼ਿਲ੍ਹੇ ਦੀ ਸਮੁੰਦਰੀ ਤਹਿਸੀਲ ਵਿੱਚ ਜਾ ਵੱਸਿਆ, ਜਿਸ ਕਾਰਨ ਉਨ੍ਹਾਂ ਦੇ ਨਾਮ ਨਾਲ “ਸਮੁੰਦਰੀ” ਸਦਾ ਲਈ ਜੁੜ ਗਿਆ। 18 ਸਾਲ ਦੀ ਉਮਰ ਵਿੱਚ ਉਹ ਬ੍ਰਿਟਿਸ਼ ਭਾਰਤੀ ਫ਼ੌਜ ਦੀ 22ਵੀਂ ਕੈਵਲਰੀ ਵਿੱਚ ਭਰਤੀ ਹੋਏ, ਪਰ ਗੁਰਬਾਣੀ, ਪੰਥ ਅਤੇ ਦੇਸ਼ ਦੀ ਸੇਵਾ ਦੇ ਸੱਦੇ ਨੇ ਉਨ੍ਹਾਂ ਨੂੰ ਫ਼ੌਜੀ ਜੀਵਨ ਤਿਆਗਣ ਲਈ ਪ੍ਰੇਰਿਆ। ਅਮਰੀਕਾ ਅਤੇ ਕੈਨੇਡਾ ਦੌਰਾਨ ਗ਼ਦਰੀ ਬਾਬਾ ਤੇਜਾ ਸਿੰਘ ਚੂਹੜਕਾਨਾ ਦੇ ਸੰਪਰਕ ਨੇ ਉਨ੍ਹਾਂ ਦੇ ਅੰਦਰ ਰਾਸ਼ਟਰੀ ਅਤੇ ਪੰਥਕ ਚੇਤਨਾ ਨੂੰ ਹੋਰ ਮਜ਼ਬੂਤ ਕੀਤਾ।
ਸਿੰਘ ਸਭਾ ਲਹਿਰ, ਖ਼ਾਲਸਾ ਦੀਵਾਨ ਸਮੁੰਦਰੀ ਅਤੇ ਚੀਫ਼ ਖ਼ਾਲਸਾ ਦੀਵਾਨ ਰਾਹੀਂ ਸ਼ੁਰੂ ਹੋਈ ਉਨ੍ਹਾਂ ਦੀ ਸੇਵਾ ਗੁਰਦੁਆਰਾ ਸੁਧਾਰ ਲਹਿਰ ਦੀ ਮਜ਼ਬੂਤ ਨੀਂਹ ਬਣੀ। ਉਨ੍ਹਾਂ ਨੇ ਆਪਣੀ ਸੰਪਤੀ ਅਤੇ ਸਮੁੱਚਾ ਜੀਵਨ ਪੰਥ ਨੂੰ ਸਮਰਪਿਤ ਕਰ ਦਿੱਤਾ।
ਦਿੱਲੀ ਦੇ ਗੁਰਦੁਆਰਾ ਰਕਾਬਗੰਜ ਦੀ 1914 ਵਿੱਚ ਅੰਗਰੇਜ਼ ਸਰਕਾਰ ਵੱਲੋਂ ਢਾਹੀ ਗਈ ਚਾਰਦੀਵਾਰੀ ਨੂੰ ਮੁੜ ਉਸਾਰਨ ਦੇ ਇਤਿਹਾਸਕ ਸੰਘਰਸ਼ ਵਿੱਚ ਉਨ੍ਹਾਂ ਨੇ ਸਰਦਾਰ ਹਰਚੰਦ ਸਿੰਘ ਲਾਇਲਪੁਰੀ ਨਾਲ ਮਿਲ ਕੇ ਸ਼ਹੀਦੀ ਜਥੇ ਦੀ ਅਗਵਾਈ ਕੀਤੀ। ਲਗਾਤਾਰ ਸੰਘਰਸ਼ ਦੇ ਨਤੀਜੇ ਵਜੋਂ ਦਸੰਬਰ 1920 ਵਿੱਚ ਕੰਧ ਮੁੜ ਉਸਾਰੀ ਗਈ, ਜੋ ਸਿੱਖ ਏਕਤਾ ਅਤੇ ਜਨ-ਸੰਘਰਸ਼ ਦੀ ਪਹਿਲੀ ਵੱਡੀ ਜਿੱਤ ਮੰਨੀ ਜਾਂਦੀ ਹੈ।
ਉਸ ਸਮੇਂ ਪੰਜਾਬ ਦੇ ਇਤਿਹਾਸਕ ਗੁਰਦੁਆਰੇ ਅੰਗਰੇਜ਼ ਸਰਕਾਰ ਦੀ ਸਰਪ੍ਰਸਤੀ ਪ੍ਰਾਪਤ ਮਹੰਤਾਂ ਦੇ ਕਬਜ਼ੇ ਹੇਠ ਸਨ ਅਤੇ ਉਨ੍ਹਾਂ ਦਾ ਪ੍ਰਬੰਧ ਗੁਰਮਤਿ ਸਿਧਾਂਤਾਂ ਤੋਂ ਭਟਕ ਚੁੱਕਾ ਸੀ। ਗੁਰਦੁਆਰਾ ਸੁਧਾਰ ਲਹਿਰ ਨੇ ਇਸ ਸਥਿਤੀ ਨੂੰ ਬਦਲਣ ਦਾ ਬੀੜਾ ਚੁੱਕਿਆ ਅਤੇ ਅੱਗੇ ਚੱਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਦਾ ਆਧਾਰ ਬਣੀ। 15 ਨਵੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਠਿਤ ਪਹਿਲੀ 175 ਮੈਂਬਰੀ ਸ਼੍ਰੋਮਣੀ ਕਮੇਟੀ ਦੇ ਸਰਦਾਰ ਤੇਜਾ ਸਿੰਘ ਸਮੁੰਦਰੀ ਸੰਸਥਾਪਕ ਮੈਂਬਰ ਸਨ।
ਸਰਦਾਰ ਸਮੁੰਦਰੀ ਨਿਡਰ, ਨਿਸ਼ਕਾਮ, ਸਿਧਾਂਤਕ ਅਤੇ ਪੰਥ-ਪ੍ਰਸਤ ਆਗੂ ਸਨ। ਉਨ੍ਹਾਂ ਨੇ ਸਿੱਖ ਸਮਾਜ ਵਿੱਚੋਂ ਕੁਰੀਤੀਆਂ ਦੂਰ ਕਰਕੇ ਸੰਗਤ ਨੂੰ ਗੁਰੂ ਘਰ ਨਾਲ ਜੋੜਿਆ। ਸਿੱਖ ਇਤਿਹਾਸ ‘ਤੇ ਉਨ੍ਹਾਂ ਦੀ ਡੂੰਘੀ ਪਕੜ ਅਤੇ ਸੰਗਠਨਾਤਮਿਕ ਯੋਗਤਾ ਨੇ ਉਨ੍ਹਾਂ ਨੂੰ ਅਕਾਲੀ ਲਹਿਰ ਦਾ ਪ੍ਰਮੁੱਖ ਰਣਨੀਤੀਕਾਰ ਬਣਾ ਦਿੱਤਾ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਅੰਗਰੇਜ਼ ਹਕੂਮਤ ਦਾ ਮੁਕਾਬਲਾ ਸੱਚ, ਜਨ-ਜਾਗਰੂਕਤਾ ਅਤੇ ਲੋਕ-ਸ਼ਕਤੀ ਨਾਲ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਧਾਰਮਿਕ ਸੁਧਾਰ ਨੂੰ ਭਾਰਤ ਦੀ ਆਜ਼ਾਦੀ ਦੀ ਲਹਿਰ ਨਾਲ ਜੋੜਿਆ ਅਤੇ ‘ਅਕਾਲੀ’ ਅਖ਼ਬਾਰ ਰਾਹੀਂ ਪੰਥਕ ਪੱਤਰਕਾਰੀ ਨੂੰ ਵੀ ਮਜ਼ਬੂਤੀ ਦਿੱਤੀ।
ਨਿਸ਼ਕਾਮ ਸੇਵਾ ਅਤੇ ਸਨਮਾਨ ਦੂਜਿਆਂ ਦੇ ਹਿੱਸੇ ਪਾਉਣ ਦੀ ਪ੍ਰਵਿਰਤੀ ਨੇ ਉਨ੍ਹਾਂ ਨੂੰ ਹਰਮਨ-ਪਿਆਰਾ ਬਣਾ ਦਿੱਤਾ। ਉਨ੍ਹਾਂ ਨੇ ਮਾਸਟਰ ਤਾਰਾ ਸਿੰਘ ਵਰਗੇ ਆਗੂਆਂ ਨੂੰ ਲਹਿਰ ਨਾਲ ਜੋੜਿਆ। ਸੈਂਟਰਲ ਸਿੱਖ ਲੀਗ ਦੀ ਪ੍ਰਧਾਨਗੀ ਦਾ ਸਨਮਾਨ ਵੀ ਉਨ੍ਹਾਂ ਨੇ ਖ਼ੁਦ ਲੈਣ ਦੀ ਬਜਾਏ ਸਰਦਾਰ ਖੜਕ ਸਿੰਘ ਨੂੰ ਸੌਂਪਿਆ।
ਨਨਕਾਣਾ ਸਾਹਿਬ ਸਾਕੇ ਮਗਰੋਂ ਬਣੀ ਪਹਿਲੀ ਪ੍ਰਬੰਧਕ ਕਮੇਟੀ ਦੇ ਉਹ ਮੈਂਬਰ ਰਹੇ ਅਤੇ ਦਰਬਾਰ ਸਾਹਿਬ ਤੋਸ਼ਾਖਾਨਾ ਮੋਰਚੇ ਦੌਰਾਨ ਕੈਦ ਵੀ ਭੁਗਤੀ। 1921-22 ਦੇ ਗੁਰੂ ਕੇ ਬਾਗ਼ ਅੰਦੋਲਨ ਵੇਲੇ ਸ਼੍ਰੋਮਣੀ ਕਮੇਟੀ ਦੀ ਐਕਸ਼ਨ ਕੌਂਸਲ ਦੇ ਚੇਅਰਮੈਨ ਵਜੋਂ ਉਨ੍ਹਾਂ ਨੇ ਬ੍ਰਿਟਿਸ਼ ਦਮਨ ਦੇ ਬਾਵਜੂਦ ਅਹਿੰਸਕ ਸੰਘਰਸ਼ ਨੂੰ ਅਨੁਸ਼ਾਸਨ ਨਾਲ ਚਲਾਇਆ।
‘ਅਕਾਲੀ’ ਅਖ਼ਬਾਰ ‘ਤੇ 40 ਹਜ਼ਾਰ ਰੁਪਏ ਦਾ ਜੁਰਮਾਨਾ ਲੱਗਣ ‘ਤੇ ਉਸ ਨੂੰ ਬੰਦ ਹੋਣ ਤੋਂ ਬਚਾਉਣ ਲਈ ਉਨ੍ਹਾਂ ਨੇ ਆਪਣੀ ਇੱਕ ਮੁਰੱਬਾ ਜ਼ਮੀਨ ਜ਼ਮਾਨਤ ਵਜੋਂ ਪੇਸ਼ ਕਰ ਦਿੱਤੀ। ਇਸੇ ਤਰ੍ਹਾਂ ਨਾਭਾ ਅੰਦੋਲਨ ਨਾਲ ਸੰਬੰਧਿਤ ਪ੍ਰੀਵੀ ਕੌਂਸਲ ਦੀ ਅਪੀਲ ਲਈ ਲੋੜੀਂਦੀ ਰਕਮ ਇਕੱਠੀ ਕਰਨ ਵਾਸਤੇ ਉਨ੍ਹਾਂ ਨੇ ਆਪਣੀ ਲਗਭਗ 50 ਏਕੜ ਜ਼ਮੀਨ ਗਿਰਵੀ ਰੱਖ ਦਿੱਤੀ। ਮੁਕੱਦਮਾ ਜਿੱਤਣ ਮਗਰੋਂ ਕਮੇਟੀ ਨੇ ਰਕਮ ਵਾਪਸ ਕਰਨੀ ਚਾਹੀ, ਪਰ ਉਨ੍ਹਾਂ ਦੇ ਪਰਿਵਾਰ ਨੇ ਉਹ ਵੀ ਪੰਥ ਨੂੰ ਸਮਰਪਿਤ ਕਰ ਦਿੱਤੀ।
ਅੰਦੋਲਨਕਾਰੀਆਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਉਨ੍ਹਾਂ ਨੇ ‘ਸਿੱਖ ਦੇਸ਼ ਭਗਤ ਪਰਿਵਾਰ ਸਹਿਯੋਗ ਕਮੇਟੀ’ ਦੀ ਸਥਾਪਨਾ ਕੀਤੀ, ਜਿਸ ਦਾ ਵਿਸਤਾਰ ਬਾਅਦ ਵਿੱਚ ‘ਦੇਸ਼ ਭਗਤ ਪਰਿਵਾਰ ਸਹਿਯੋਗ ਕਮੇਟੀ’ ਵਜੋਂ ਹੋਇਆ। ਅੱਜ ਜਲੰਧਰ ਦਾ ਦੇਸ਼ ਭਗਤ ਯਾਦਗਾਰ ਹਾਲ ਉਸ ਸੇਵਾ ਦੀ ਯਾਦ ਨੂੰ ਜੀਵੰਤ ਰੱਖਦਾ ਹੈ। 17 ਜੂਨ 1923 ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ ਤਾਂ ਸਰਦਾਰ ਤੇਜਾ ਸਿੰਘ ਸਮੁੰਦਰੀ ਪੰਜ ਪਿਆਰਿਆਂ ਵਿੱਚ ਸ਼ਾਮਲ ਸਨ।
ਗੁਰਦੁਆਰਿਆਂ ਦੀ ਆਜ਼ਾਦੀ ਤੋਂ ਲੈ ਕੇ ਜੈਤੋ ਮੋਰਚੇ ਤੱਕ ਹਰ ਸੰਘਰਸ਼ ਵਿੱਚ ਉਹ ਮੋਹਰੀ ਰਹੇ। 12 ਅਕਤੂਬਰ 1923 ਨੂੰ ਜਦੋਂ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ‘ਤੇ ਪਾਬੰਦੀ ਲਗਾਈ, ਤਾਂ ਗ੍ਰਿਫ਼ਤਾਰ ਕੀਤੇ ਗਏ ਪ੍ਰਮੁੱਖ ਸਿੱਖ ਆਗੂਆਂ ਵਿੱਚ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਨਾਮ ਸਭ ਤੋਂ ਅੱਗੇ ਸੀ।
ਅੰਗਰੇਜ਼ ਸਰਕਾਰ ਗੁਰਦੁਆਰਾ ਸੁਧਾਰ ਲਹਿਰ ਨੂੰ ਭਾਰਤ ਦੀ ਆਜ਼ਾਦੀ ਦੀ ਲਹਿਰ ਨਾਲ ਜੁੜਿਆ ਅੰਦੋਲਨ ਮੰਨਦੀ ਸੀ। ਇਸੇ ਲਈ ਸਰਦਾਰ ਸਮੁੰਦਰੀ ਸਮੇਤ 56 ਪ੍ਰਮੁੱਖ ਸਿੱਖ ਆਗੂਆਂ ਨੂੰ ਕੈਦ ਕੀਤਾ ਗਿਆ। ਅੰਤ ਵਿੱਚ ਸੰਘਰਸ਼ ਕਾਮਯਾਬ ਹੋਇਆ ਅਤੇ ਸਰਕਾਰ ਨੇ 1925 ਨੂੰ ਸਿੱਖ ਗੁਰਦੁਆਰਾ ਐਕਟ, ਰਾਹੀਂ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਣ ਦੀ ਕਵਾਇਦ ਸ਼ੁਰੂ ਕੀਤੀ।
ਸਿੱਖ ਆਗੂਆਂ ਨੇ ਇਸ ਐਕਟ ਵਿੱਚ ਤਿੰਨ ਮਹੱਤਵਪੂਰਨ ਸੋਧਾਂ ਕਰਵਾਈਆਂ—ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਰਹੇ; ਸਿੱਖ ਬੀਬੀਆਂ ਨੂੰ ਵੋਟ ਦਾ ਅਧਿਕਾਰ ਮਿਲੇ; ਇਹ ਉਸ ਸਮੇਂ ਦਾ ਅਸਾਧਾਰਨ ਕਦਮ ਸੀ, ਜਦੋਂ ਭਾਰਤ ਤਾਂ ਦੂਰ, ਇੰਗਲੈਂਡ ਵਿੱਚ ਵੀ ਇਸਤਰੀਆਂ ਨੂੰ ਪੂਰੇ ਵੋਟ ਅਧਿਕਾਰ ਪ੍ਰਾਪਤ ਨਹੀਂ ਹੋਏ ਸਨ ਅਤੇ ਗੁਰਦੁਆਰਿਆਂ ਦੀ ਆਮਦਨ ਧਰਮ, ਸਿੱਖਿਆ ਅਤੇ ਦਾਨ-ਪੁੰਨ ਦੇ ਕਾਰਜਾਂ ਲਈ ਵੀ ਵਰਤੀ ਜਾਵੇ। ਇਨ੍ਹਾਂ ਸੋਧਾਂ ਤੋਂ ਬਾਅਦ ਸਰਕਾਰ ਨੇ ਸਿੱਖ ਗੁਰਦੁਆਰਾ ਐਕਟ ਪਾਸ ਕਰਕੇ ਲਾਗੂ ਕੀਤਾ।
ਐਕਟ ਨੂੰ ਸਵੀਕਾਰ ਕਰਨ ਦੀ ਸ਼ਰਤ ‘ਤੇ ਜੇਲ੍ਹ ਵਿੱਚ ਬੰਦ 31 ਪ੍ਰਮੁੱਖ ਸਿੱਖ ਆਗੂਆਂ ਵਿੱਚੋਂ ਕਰੀਬ 20 ਨੂੰ ਰਿਹਾ ਕਰ ਦਿੱਤਾ ਗਿਆ, ਪਰ ਸਰਦਾਰ ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ ਸਮੇਤ 11 ਸੀਨੀਅਰ ਆਗੂਆਂ ਨੇ ਸਰਕਾਰ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ਲੰਬੇ ਅਤੇ ਖ਼ੂਨੀ ਗੁਰਦੁਆਰਾ ਸੁਧਾਰ ਸੰਘਰਸ਼ ਨਾਲ ਭਾਵੇਂ ਮਹੰਤਸ਼ਾਹੀ ਦਾ ਅੰਤ ਹੋ ਗਿਆ ਸੀ, ਪਰ ਇਸ ਐਕਟ ਰਾਹੀਂ ਸਰਕਾਰ ਅਸਿੱਧੇ ਤੌਰ ‘ਤੇ ਗੁਰਦੁਆਰਾ ਪ੍ਰਬੰਧ ‘ਤੇ ਆਪਣਾ ਪ੍ਰਭਾਵ ਕਾਇਮ ਰੱਖਣਾ ਚਾਹੁੰਦੀ ਸੀ।
ਇਸੇ ਦੌਰਾਨ 17 ਜੁਲਾਈ 1926 ਨੂੰ ਲਾਹੌਰ ਜੇਲ੍ਹ ਵਿੱਚ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਰਹੱਸਮਈ ਹਾਲਾਤਾਂ ਵਿੱਚ ਸ਼ਹਾਦਤ ਹੋ ਗਈ। ਬਾਬਾ ਖੜਕ ਸਿੰਘ ਅਤੇ ਸੇਵਾ ਸਿੰਘ ਠੀਕਰੀਵਾਲਾ ਤੋਂ ਇਲਾਵਾ ਬਾਕੀ ਆਗੂ ਸਤੰਬਰ 1926 ਵਿੱਚ ਰਿਹਾ ਕਰ ਦਿੱਤੇ ਗਏ। ਗੁਰਦੁਆਰਾ ਐਕਟ ਲਾਗੂ ਹੋਣ ਮਗਰੋਂ 1926 ਵਿੱਚ ਹੋਈਆਂ ਪਹਿਲੀਆਂ ਚੋਣਾਂ ਵਿੱਚ ਸ. ਸਮੁੰਦਰੀ ਦੀ ਪੰਥ-ਪ੍ਰਸਤ ਧਿਰ ਦੀ ਜਿੱਤ ਨੂੰ ਪੰਥ ਵੱਲੋਂ ਉਨ੍ਹਾਂ ਦੀ ਸ਼ਹਾਦਤ ਪ੍ਰਤੀ ਸੱਚੀ ਸ਼ਰਧਾਂਜਲੀ ਮੰਨਿਆ ਗਿਆ। ਜਦਕਿ ਬ੍ਰਿਟਿਸ਼ ਸਰਕਾਰ ਦੀਆਂ ਗੁਪਤ ਰਿਪੋਰਟਾਂ ਨੇ ਮੰਨਿਆ ਕਿ ਉਨ੍ਹਾਂ ਦੀ ਮੌਤ ਭਵਿੱਖ ਦੇ ਕ੍ਰਾਂਤੀਕਾਰੀਆਂ ਨੂੰ ਪ੍ਰੇਰਿਤ ਕਰੇਗੀ।
ਸਰਦਾਰ ਸਮੁੰਦਰੀ ਦੀ ਅਗਵਾਈ ਨੇ ਸਿੱਖਾਂ ਬਾਰੇ ਬਸਤੀਵਾਦੀ ਧਾਰਨਾ ਨੂੰ ਬਦਲ ਦਿੱਤਾ। ਗੁਰਦੁਆਰਾ ਸੁਧਾਰ ਲਹਿਰ ਨੇ ਸਾਬਤ ਕੀਤਾ ਕਿ ਸਿੱਖ ਸ਼ਾਂਤਮਈ, ਅਨੁਸ਼ਾਸਿਤ ਅਤੇ ਅਹਿੰਸਕ ਸੰਘਰਸ਼ ਰਾਹੀਂ ਵੀ ਅਨਿਆਂ ਨੂੰ ਮਾਤ ਦੇ ਸਕਦੇ ਹਨ। ਇਤਿਹਾਸਕ ਗੁਰਦੁਆਰਿਆਂ ਦੀ ਆਜ਼ਾਦੀ ਮਗਰੋਂ ਮਹਾਤਮਾ ਗਾਂਧੀ ਨੇ ਇਸ ਨੂੰ “ਆਜ਼ਾਦੀ ਦੀ ਪਹਿਲੀ ਲੜਾਈ ਦੀ ਜਿੱਤ” ਕਿਹਾ ਸੀ।
ਸਰਦਾਰ ਸਮੁੰਦਰੀ ਨੇ ਅਕਾਲੀ ਲਹਿਰ ਦੇ ਨਾਲ-ਨਾਲ ਕਾਂਗਰਸ ਰਾਹੀਂ ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਨੇ ਸਮੁੰਦਰੀ ਵਿਖੇ ਕਾਂਗਰਸ ਦਾ ਵਿਸ਼ਾਲ ਜਲਸਾ ਕਰਵਾਇਆ ਅਤੇ ਸੁਤੰਤਰਤਾ ਅੰਦੋਲਨ ਵਿੱਚ ਵੀ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ।
ਸਿੱਖਿਆ ਦੇ ਖੇਤਰ ਵਿੱਚ ਵੀ ਉਨ੍ਹਾਂ ਦਾ ਯੋਗਦਾਨ ਅਸਾਧਾਰਣ ਰਿਹਾ। ਉਨ੍ਹਾਂ ਨੇ ਲਾਇਲਪੁਰ ਖ਼ਾਲਸਾ ਹਾਈ ਸਕੂਲ, ਬਾਰ ਖ਼ਾਲਸਾ ਹਾਈ ਸਕੂਲ, ਸਮੁੰਦਰੀ ਖ਼ਾਲਸਾ ਮਿਡਲ ਸਕੂਲ ਅਤੇ ਸਰਹਾਲੀ ਦੇ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਸੁਭਾਅ ਬੇਹੱਦ ਮਿਲਾਪੜਾ, ਨਿਮਰ ਅਤੇ ਉਦਾਰ ਸੀ। ਉਹ ਸਮਾਜਿਕ ਬਰਾਬਰੀ ਦੇ ਪ੍ਰਬਲ ਹਮਾਇਤੀ ਸਨ। ਇਕ ਵਾਰ ਰਵਿਦਾਸੀਆ ਸਿੱਖ ਹਰਦਿਆਲ ਸਿੰਘ ਨੂੰ ਸਾਂਝੇ ਖੂਹ ਤੋਂ ਪਾਣੀ ਭਰਨ ਤੋਂ ਰੋਕਣ ਦੀ ਘਟਨਾ ਵਿੱਚ ਉਨ੍ਹਾਂ ਨੇ ਖ਼ੁਦ ਉਸ ਦੇ ਹੱਥੋਂ ਪਾਣੀ ਪੀ ਕੇ ਜਾਤ-ਪਾਤ ਦੇ ਭੇਦ ਨੂੰ ਵਿਵਹਾਰਕ ਤੌਰ ‘ਤੇ ਚੁਣੌਤੀ ਦਿੱਤੀ ਅਤੇ ਗੁਰਮਤਿ ਅਨੁਸਾਰ ਸਮਾਨਤਾ ਦਾ ਸੰਦੇਸ਼ ਦਿੱਤਾ।
ਅੱਜ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਸਥਿਤ “ਤੇਜਾ ਸਿੰਘ ਸਮੁੰਦਰੀ ਹਾਲ” ਕੇਵਲ ਇੱਕ ਇਮਾਰਤ ਨਹੀਂ, ਸਗੋਂ ਇੱਕ ਯੁੱਗ ਦੀ ਯਾਦਗਾਰ ਹੈ। ਇਹ ਨਵੀਂ ਪੀੜ੍ਹੀ ਨੂੰ ਯਾਦ ਦਿਵਾਉਂਦਾ ਹੈ ਕਿ ਪੰਥ, ਦੇਸ਼, ਲੋਕਤੰਤਰ, ਸਮਾਜਿਕ ਸਮਾਨਤਾ ਅਤੇ ਸਿੱਖਿਆ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਵਾਲੇ ਸਰਦਾਰ ਤੇਜਾ ਸਿੰਘ ਸਮੁੰਦਰੀ ਵਰਗੇ ਮਹਾਨ ਸ਼ਹੀਦ ਹੀ ਕੌਮਾਂ ਦੀ ਅਸਲ ਪੂੰਜੀ ਹੁੰਦੇ ਹਨ। ਉਨ੍ਹਾਂ ਦੀ ਸ਼ਤਾਬਦੀ ਬਰਸੀ ‘ਤੇ ਜੇ ਅਸੀਂ ਉਨ੍ਹਾਂ ਦੇ ਜੀਵਨ-ਮੰਤਰ “ਮੈਂ ਮਰਾਂ, ਪੰਥ ਜੀਵੇ” ਨੂੰ ਆਪਣੇ ਜੀਵਨ ਅਤੇ ਕੌਮੀ ਚੇਤਨਾ ਦਾ ਆਧਾਰ ਬਣਾ ਲਈਏ, ਤਾਂ ਇਹੀ ਉਨ੍ਹਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ।

(ਪ੍ਰੋ. ਸਰਚਾਂਦ ਸਿੰਘ ਖਿਆਲਾ)
ਬੁਲਾਰਾ, ਪੰਜਾਬ ਭਾਜਪਾ
ਮੋ. 97813-55522
