ਗੁਰਭਜਨ ਗਿੱਲ–
ਦੀਦਾਰ ਸੰਧੂ ਆਪਣੇ ਵਕਤਾਂ ਦਾ ਪ੍ਰਮੁੱਖ ਗੀਤਕਾਰ ਸੀ। ਉਸ ਦੇ ਗਾਏ ਗੀਤ ਪ੍ਰਸਿੱਧ ਗਾਇਕਾਂ ਸੁਰਿੰਦਰ ਕੌਰ, ਨਰਿੰਦਰ ਬੀਬਾ, ਰਮੇਸ਼ ਰੰਗੀਲਾ ਤੇ ਮੁਹੰਮਦ ਸਦੀਕ ਨੇ ਵੀ ਗਾਏ।
ਦੀਦਾਰ ਸੰਧੂ ਦਾ ਜਨਮ 1942 ਵਿੱਚ ਸਰਗੋਧਾ (ਪਾਕਿਸਤਾਨ) ਦੇ ਚੱਕ ਨੰਬਰ 133ਜਨੂਬੀ ਵਿੱਚ ਸ. ਸਮੁੰਦ ਸਿੰਘ ਸੰਧੂ ਦੇ ਘਰ ਮਾਤਾ ਦਾਨ ਕੌਰ ਜੀ ਦੀ ਕੁਖੋਂ ਹੋਇਆ। ਪੰਜ ਭਰਾਵਾਂ ਨਾਜਰ ਸਿੰਘ, ਸਰਵਣ ਸਿੰਘ ਭੱਲੀ, ਕਾਮਰੇਡ ਦਰਸ਼ਨ ਸਿੰਘ ਤੇ ਗੁਰਨਾਮ ਸਿੰਘ ਤੋਂ ਨਿੱਕਾ ਸੀ ਦੀਦਾਰ।
ਦੇਸ਼ ਵੰਡ ਮਗਰੋਂ ਇਹ ਪਰਿਵਾਰ ਪਿੰਡ ਬੋਦਲਵਾਲਾ (ਨੇੜੇ ਸਿੱਧਵਾਂ ਬੇਟ) ਤੇ ਮਗਰੋਂ ਭਰੋਵਾਲ ਖ਼ੁਰਦ (ਲੁਧਿਆਣਾ) ਵਿੱਚ ਵੱਸ ਗਿਆ। ਸਰਕਾਰੀ ਹਾਈ ਸਕੂਲ ਜਗਰਾਉਂ ਤੋਂ ਸੱਤਵੀਂ ਤੀਕ ਪੜ੍ਹ ਕੇ ਅਗਲੀਆਂ ਤਿੰਨ ਜਮਾਤਾਂ ਸਰਕਾਰੀ ਹਾਈ ਸਕੂਲ ਬਰਸਾਲ ਤੋਂ ਪਾਸ ਕੀਤੀਆਂ। ਸਾਲ 1962 ਵਿੱਚ ਆਪ ਪੰਜਾਬ ਲੋਕ ਸੰਪਰਕ ਵਿਭਾਗ ਵਿੱਚ ਸੰਗਰੂਰ ਵਿਖੇ ਭਰਤੀ ਹੋ ਗਏ ਜਿੱਥੇ ਗੁਰਦੇਵ ਸਿੰਘ ਮਾਨ, ਮੁਹੰਮਦ ਸਦੀਕ, ਹਰਚਰਨ ਗਰੇਵਾਲ ਤੇ ਕਰਨੈਲ ਗਿੱਲ ਦੀ ਸੰਗਤ ਮਿਲੀ। ਗੀਤ ਸਿਰਜਣਾ ਦੇ ਮਾਰਗ ਤੇ ਉਸ ਨਿਵੇਕਲੇ ਕਦਮ ਪੁੱਟੇ। “ਛਣਕਾਟਾ ਪੈਂਦਾ ਗਲੀ ਗਲੀ” ਉਨ੍ਹਾਂ ਸਮਿਆਂ ਦੀ ਰਚਨਾ ਹੈ।
ਦੀਦਾਰ ਸੰਧੂ ਦੀ ਜੀਵਨ ਸਾਥਣ ਬੀਬੀ ਅਮਰਜੀਤ ਕੌਰ ਬਣੀ ਜਿਸ ਦੇ ਪੇਕੇ ਗਾਲਿਬ ਕਲਾਂ ਵਿੱਚ ਸਨ। ਬੇਟੀ ਦੀਪਾਂ ਤੇ ਸਪੁੱਤਰ ਜਗਮੋਹਨ ਸੰਧੂ ਨੇ ਦੀਦਾਰ ਦੇ ਘਰ ਨੂੰ ਰੌਣਕ ਭਰਪੂਰ ਕੀਤਾ।
ਦੀਦਾਰ ਸੰਧੂ ਆਪਣੇ ਗੀਤਾਂ ਨੂੰ ਆਪ ਵੀ ਗਾਉਂਦਾ ਸੀ। ਕੁਝ ਕੁ ਗੀਤ ਆਮ ਪ੍ਰਚੱਲਤ ਵਿਚਾਰਾਂ ਵਾਲੇ ਸਨ ਪਰ ਕੁਝ ਕੁ ਦਾ ਅਦਬੀ ਮਹੱਤਵ ਵੀ ਹੈ।
16 ਫਰਵਰੀ 1991 ਨੂੰ ਉਸ ਦੇ ਵਿਛੋੜੇ ਉਪਰੰਤ ਕੁਲਵੰਤ ਸਿੰਘ ਲਹਿਰੀ ਨੇ ਪੰਜਾਬੀ ਸਾਹਿੱਤਕ ਮੰਚ ਫੀਰੋਜ਼ਪੁਰ ਵੱਲੋਂ ਸਿਮਰਤੀ ਪੁਸਤਕ “ਦੀਦਾਰਨਾਮਾ” ਪ੍ਰਕਾਸ਼ਿਤ ਕੀਤੀ ਜਿਸ ਵਿੱਚ ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਜਗਦੇਵ ਸਿੰਘ ਜੱਸੋਵਾਲ, ਡਾ. ਆਤਮ ਹਮਰਾਹੀ, ਇੰਦਰਜੀਤ ਹਸਨਪੁਰੀ, ਸ਼ਮਸ਼ੇਰ ਸਿੰਘ ਸੰਧੂ, , ਐੱਸ ਅਸ਼ੋਕ ਭੌਰਾ, ਜਸਬੀਰ ਸਿੰਘ ਕਲਸੀ, ਪਰਗਟ ਸਿੰਘ ਗਰੇਵਾਲ, ਕੁਲਵੰਤ ਸਿੰਘ ਲਹਿਰੀ, ਅਜਾਇਬ ਔਜਲਾ, ਦਰਸ਼ਨ ਸਿੰਘ ਮੱਕੜ, ਸਵਰਨਜੀਤ ਸਵੀ, ਧਰਮ ਕੰਮੇਆਣਾ, ਹੈੱਡਮਾਸਟਰ ਜੋਗਾ ਸਿੰਘ,ਸਤਿਨਾਮ ਚੰਗਿਆੜਾ, ਜੀਤ ਗੋਲੇਵਾਲੀਆ, ਸੁਰਜੀਤ ਸਾਜਨ, ਜੱਗਾ ਗਿੱਲ, ਜਗਮੋਹਨ ਸੰਧੂ, ਜਸਵੰਤ ਸਿੰਘ ਕੈਲਵੀ, ਸਵਰਨ ਸਿਵੀਆ, ਅਮਰੀਕ ਸਿੰਘ ਤਲਵੰਡੀ, ਧਰਮਪਾਲ ਸਾਹਿਲ ਤੇ ਮੈਂ ਵੀ ਸ਼ਰਧਾ ਸੁਮਨ ਭੇਂਟ ਕੀਤੇ।
ਦੀਦਾਰ ਦੇ ਗੀਤਾਂ ਦੀਆਂ ਸੱਤ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਤੇ ਲਗ ਪਗ 138 ਗੀਤ ਰੀਕਾਰਡ ਹੋਏ।
ਦੀਦਾਰ ਸੰਧੂ 1973 ਤੋਂ ਲੰਮੇ ਸਮੇਂ ਤੀਕ ਭਰੋਵਾਲ ਖੁਰਦ (ਲੁਧਿਆਣਾ) ਦਾ ਸਰਪੰਚ ਰਿਹਾ। ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦਾ ਉਹ ਜਥੇਬੰਦਕ ਸਕੱਤਰ ਰਿਹਾ।
ਡੁਬਈ, ਇੰਗਲੈਂਡ, ਕੈਨੇਡਾ ਤੇ ਅਮਰੀਕਾ ਵਿੱਚ ਵੀ ਕਈ ਵਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਗਿਆ। ਸੁਰਿੰਦਰ ਕੌਰ, ਨਰਿੰਦਰ ਬੀਬਾ, ਸਨੇਹ ਲਤਾ, ਅਮਰ ਨੂਰੀ, ਪ੍ਰਮਿੰਦਰ ਸੰਧੂ, ਕੁਲਦੀਪ ਕੌਰ, ਸੁਖਵੰਤ ਕੌਰ ਸੁੱਖੀ, ਬਲਜੀਤ ਬੱਲੀ, ਸੁਸ਼ਮਾ ਬੱਬੀ ਸਮੇਤ ਕਈ ਨਾਮਵਰ ਗਾਇਕਾਵਾਂ ਨਾਲ ਉਸ ਦੀ ਰੀਕਾਰਡਿੰਗ ਹੋਈ। ਮੁਹੰਮਦ ਸਦੀਕ, ਕੁਲਦੀਪ ਮਾਣਕ, ਸਵਰਨ ਲਤਾ ਜੀ ਦੇ ਜੀਵਨ ਸਾਥੀ ਕ ਰ ਗੁਪਤਾ ਜੀ ਨਾਲ ਮਿਲ ਕੇ ਉਨ੍ਹਾਂ ਕੇ ਆਰ ਸੀ (ਕੁਸਾਡਿਗ)ਰੀਕਾਰਡਿੰਗ ਕੰਪਨੀ ਵੀ ਬਣਾਈ ਜਿਸ ਵੱਲੋਂ 1985 ਵਿੱਚ ਪ੍ਰੋ. ਮੋਹਨ ਸਿੰਘ ਦੀਆਂ ਰਚਨਾਵਾਂ ਦੀ ਕੈਸਿਟ “ਨਗ ਪੰਜਾਬ ਦਾ” ਜਾਰੀ ਕੀਤੀ ਗਈ। ਇਸ ਵਿੱਚ ਦੀਦਾਰ ਸੰਧੂ ਨੇ ਵੀ ਪ੍ਰੋ. ਮੋਹਨ ਸਿੰਘ ਜੀ ਦਾ ਇੱਕ ਗੀਤ “ਘੋੜੀ ਤੇਰੀ ਦੇ ਗਲ਼ ਚਾਂਦੀ ਦੇ ਘੁੰਗਰੂ” ਲੋਕ ਰੰਗ ਵਿੱਚ ਗਾਇਆ। ਇਸ ਕੈਸਿਟ ਦੀ ਕੁਮੈਂਟਰੀ ਡਾ. ਸੁਰਜੀਤ ਪਾਤਰ ਨੇ ਕੀਤੀ ਸੀ।
ਦੀਦਾਰ ਸੰਧੂ ਦੇ ਮਿੱਤਰ ਪਿਆਰੇ ਸ਼ਮਸ਼ੇਰ ਸਿੰਘ ਸੇਧੂ ਤੇ ਜਗਜੀਤ ਚੁਹੜਚੱਕ ਸਦਕਾ ਕੁਝ ਫ਼ਿਲਮਾਂ ਵਿੱਚ ਉਸ ਦੇ ਅਖਾੜੇ ਤੇ ਗੀਤ ਵੀ ਫ਼ਿਲਮਾਂ ਗਏ।
ਦੀਦਾਰ ਨੂੰ ਵਿਸਾਰਨਾ ਮੁਹਾਲ ਹੈ।
ਲੱਗਦੇ ਹੱਥ ਉਸ ਦੇ ਦੋ ਗੀਤ ਵੀ ਪੜ੍ਹੋ ਜੋ ਕਦੇ ਮੁਹੰਮਦ ਸਦੀਕ ਸਾਹਿਬ ਨੇ ਗਾਏ ਸਨ।
1.
ਮੇਰੀ ਐਸੀ ਝਾਂਜਰ ਛਣਕੇ
ਮੇਰੀ ਐਸੀ ਝਾਂਜਰ ਛਣਕੇ, ਛਣਕਾਟਾ ਪੈਂਦਾ ਗਲੀ – ਗਲੀ।
ਇਸ ਝਾਂਜਰ ਨੂੰ ਪਾ ਕੇ ਨੀ ਮੈਂ ਪਾਵਾਂ ਨੱਚ ਧਮਾਲਾਂ
ਪੌਣ ਨੀਵੀਆਂ ਮੋਰ ਸ਼ਰਮ ਨਾਲ ਦੇਖ ਮੇਰੀਆਂ ਚਾਲਾਂ
ਮੇਰੇ ਨਾਲੋਂ ਵਧਕੇ ਮੇਰੀ ਝਾਂਜਰ ਕਰੇ ਕਮਾਲਾਂ
ਜੀ ਕਰਦਾ ਇਹ ਝਾਂਜਰ ਪਾ ਕੇ ਉਡਜਾਂ ਕਬੂਤਰ ਬਣਕੇ
ਛਣਕਾਟਾ…..
ਇਸ ਝਾਂਜਰ ਨੇ ਸਿਖਰ ਦੁਪਹਿਰੇ ਕਈ ਲੁੱਟੇ ਕਈ ਮਾਰੇ
ਹੋ ਬੈਠੇ ਉਮਰਾਂ ਦੇ ਰੋਗੀ ਲੁੱਟਣ ਆਏ ਨਜਾਰੇ
ਨਾਂ ਛਣਕੀ ਨਾਂ ਛਣਕੀ ਅੜੀਏ ਗੱਲ ਪੁੱਜੂ ਸਰਕਾਰੇ
ਬਿਨ੍ਹਾਂ ਬਾਲਣੋ ਲਾਂਬੂ ਨਿਕਲਣ ਨਿਕਲਾਂ ਜਦੋਂ ਬਣ ਠਣਕੇ
ਛਣਕਾਟਾ…..
ਇਹ ਝਾਂਜਰ ਮੈਨੂੰ ਦੇ ਕੇ ਗਿਆ “ਦੀਦਾਰ”ਨਿਸ਼ਾਨੀ
ਕੰਨੀ ਬੁੰਦੇ ਚੀਚੀ ਛੱਲਾ ਗਲ ਵਿੱਚ ਪਾ ਗਿਆ ਗਾਨੀ
ਰੱਜ ਜਵਾਨੀਆਂ ਮਾਣੇ ਅੜੀਉ ਉਹ ਮੇਲਾ ਦਿਲ ਜਾਨੀ
ਆਪਣੇ ਹੱਥੀਂ ਝਾਂਜਰ ਦੇ ਵਿੱਚ ਦੇ ਗਿਆ ਪਰੋਕੇ ਮਣਕੇ
ਛਣਕਾਟਾ…
2.
ਆਹ ਲੈ ਫੜ ਮੁੰਦਰਾਂ
ਆਹ ਲੈ ਫੜ ਮੁੰਦਰਾਂ ਤੇ ਡੰਡੀਆਂ ਘੜਾ ਲਵੀਂ
ਚੰਨੋ ਸੋਹਣੇ ਰੂਪ ਨੂੰ ਤੂੰ ਚਾਰ ਚੰਨ ਲਾ ਲਵੀਂ
ਸੁਪਨੇ ‘ਚ ਗੁੰਦੀ ਮੈਂ ਤਾਂ ਤੇਰੀ ਤਸਵੀਰ ਨੀ
ਜਾਪਦੀ ਐਂ ਮੈਨੂੰ ਤੂੰ ਸਿਆਲਾਂ ਵਾਲੀ ਹੀਰ ਨੀ
ਸਾਥੋਂ ਭਾਵੇ ਬੇਲੇ ਵਿੱਚ ਮੱਝੀਆਂ ਚਰਾ ਲਵੀਂ
ਆਹ ਲੈ ਫੜ ਮੁੰਦਰਾਂ
ਰੱਖੀਂ ਪਰ ਚੰਨੋ ਏਸ ਗੱਲ ਦਾ ਖਿਆਲ ਨੀ
ਭੁੱਲ ਕੇ ਨਾਂ ਗੱਲ ਕਰ ਬੈਠੀਂ ਕਿਸੇ ਨਾਲ ਨੀ
ਐਵੇਂ ਹਾਲਾ ਲਾਲਾ ਨਾਂ ਤੂੰ ਪਿੰਡ ‘ਚ ਕਰਾ ਲਵੀਂ
ਆਹ ਲੈ ਫੜ ਮੁੰਦਰਾਂ ਤੇ ਡੰਡੀਆਂ ਘੜਾ ਲਵੀਂ
ਮੁੰਦਰਾਂ ਭਨਾਕੇ ਨੀ ਤੂੰ ਰੀਝਾਂ ਲਾਹ ਲੀਂ ਸਾਰੀਆਂ
ਖੜ੍ਹ ਖੜ੍ਹ ਪਿੰਡ ਦੀਆਂ ਵੇਖਣ ਕੁਆਰੀਆਂ
ਚਾਰ ਰੱਤੀ ਸੋਨਾ ਭਾਵੇਂ ਹੋਰ ਤੂੰ ਪਵਾ ਲਵੀਂ
ਆਹ ਲੈ ਫੜ ਮੁੰਦਰਾਂ ਤੇ ਡੰਡੀਆਂ ਘੜਾ ਲਵੀਂ
ਮੁੰਡਾ ਸੁਨਿਆਰਿਆਂ ਦਾ ਬੜਾ ਏ ਸ਼ੈਤਾਨ ਨੀ
ਮੁੰਦਰਾਂ ਦੀਦਾਰ ਦੀਆਂ ਲਵੇ ਨਾ ਪਛਾਣ ਨੀ
ਮੌਕਾ ਤਾੜ ਐਵੇਂ ਉੱਥੇ ਝੂਠੀ ਸੌਂਹ ਖਾ ਲਵੀਂ
ਆਹ ਲੈ ਫੜ ਮੁੰਦਰਾਂ ਤੇ ਡੰਡੀਆਂ ਘੜਾ ਲਵੀਂ
ਚੰਨੋਂ ਸੋਹਣੇ ਰੂਪ ਨੂੰ ਤੂੰ ਚਾਰ ਚੰਨ ਲਾ ਲਵੀਂ।
