ਲੇਖਕ-ਬਲਦੇਵ ਸਿੰਘ ਬਾਠ–
ਮੂਨ ਦੀ ਜ਼ੁਬਾਨੀ-
ਮੈਂ ਇੱਕ ਮਾਸੂਮ ਜਿਹਾ ਜੀਵ ਹਾਂ। ਸ਼ੇਰ ਦੀ ਹੀ ਸ਼੍ਰੇਣੀ ਦਾ ਇੱਕ ਨਿੱਕਾ ਜਿਹਾ ਮੈਂਬਰ, ਜਿਸ ਨੂੰ ਮਨੁੱਖ ਕਦੇ ਬਿੱਲੀ, ਕਦੇ ਬਿੱਲਾ, ਕਦੇ ਘਰੇਲੂ ਬਿੱਲਾ ਤੇ ਕਦੇ ਬਾਹਰਲਾ ਬਿੱਲਾ ਆਖ ਕੇ ਬੁਲਾਉਂਦੇ ਹਨ। ਜਦੋਂ ਮੈਂ ਆਵਾਜ਼ ਕੱਢਦਾ ਹਾਂ, ਮੈਂ ਰੋਂਦਾ ਨਹੀਂ, ਮੈਂ ਸੰਕੇਤ ਦਿੰਦਾ ਹਾਂ। ਜਦੋਂ ਮੈਂ ਤੁਹਾਡਾ ਰਾਹ ਕੱਟਦਾ ਹਾਂ, ਮੈਂ ਬਦਸਗਣ ਨਹੀਂ ਬਣਦਾ, ਮੈਂ ਤਾਂ ਸਿਰਫ਼ ਚੇਤਾਵਨੀ ਦਿੰਦਾ ਹਾਂ ਕਿ ਥੋੜਾ ਧੀਰਜ ਧਰੋ, ਕੁਝ ਪਲ ਰੁਕ ਜਾਓ। ਮੇਰਾ ਰੰਗ-ਰੂਪ ਭਾਵੇਂ ਕੋਈ ਵੀ ਹੋਵੇ, ਮੈਂ ਕੁਦਰਤ ਦੀ ਇੱਕ ਸੁੰਦਰ ਰਚਨਾ ਹਾਂ। ਮੈਨੂੰ ਪਤਾ ਹੈ ਕਿ ਮੇਰੇ ਕਾਲੇ ਰੰਗ ਨੂੰ ਬਹੁਤ ਲੋਕ ਪਸੰਦ ਨਹੀਂ ਕਰਦੇ, ਪਰ ਮੇਰਾ ਦਿਲ ਵੀ ਉਨ੍ਹਾਂ ਹੀ ਰੰਗਾਂ ਨਾਲ ਧੜਕਦਾ ਹੈ ਜਿੰਨਾ ਕਿਸੇ ਹੋਰ ਦਾ। ਜਦੋਂ ਮੈਂ ਤੁਹਾਡੇ ਅੱਗੋਂ ਲੰਘਦਾ ਹਾਂ, ਮੈਂ ਤੁਹਾਡਾ ਸਵਾਗਤ ਕਰਦਾ ਹਾਂ, ਤੁਹਾਡੇ ਰਾਹ ਵਿੱਚ ਰੁਕਾਵਟ ਨਹੀਂ ਬਣਦਾ। ਮੇਰਾ ਇਨਸਾਨ ਅਤੇ ਇਨਸਾਨੀਅਤ ਨਾਲ ਬਹੁਤ ਡੂੰਘਾ ਰਿਸ਼ਤਾ ਹੈ। ਮੈਂ ਮਨੁੱਖਾਂ ਦੇ ਦੁੱਖ-ਸੁੱਖ ਦਾ ਸਾਥੀ ਹਾਂ। ਮੈਨੂੰ ਪਿਆਰ ਨਾਲ ਆਪਣੀ ਗੋਦ ਵਿੱਚ ਬਿਠਾ ਕੇ ਵੇਖੋ। ਮੇਰੇ ਨਰਮ ਸਰੀਰ ਨੂੰ ਪਿਆਰ ਨਾਲ ਸਹਿਲਾਉਣ ਨਾਲ ਤੁਹਾਡੇ ਮਨ ਦੀ ਬੇਚੈਨੀ, ਦਰਦ ਅਤੇ ਇਕੱਲਾਪਣ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ। ਮੈਨੂੰ ਇਸਲਾਮ ਧਰਮ ਵਿੱਚ ਵਿਸ਼ੇਸ਼ ਮਾਣ ਅਤੇ ਸਤਿਕਾਰ ਪ੍ਰਾਪਤ ਹੈ। ਮੈਨੂੰ ਧਾਰਮਿਕ ਅਸਥਾਨਾਂ ਵਿੱਚ ਪ੍ਰਵੇਸ਼ ਦਾ ਵੀ ਸੁਭਾਗ ਮਿਲਿਆ ਹੈ। ਅੰਤ ਵਿੱਚ ਮੇਰੀ ਸਿਰਫ਼ ਇੱਕ ਬੇਨਤੀ ਹੈ—ਮੈਨੂੰ ਬਦਸਗਣ ਨਾ ਸਮਝੋ। ਤੁਸੀਂ ਭਾਗਾਂ ਵਾਲੇ ਹੋ ਜੇ ਮੈਂ ਤੁਹਾਡੇ ਪਰਿਵਾਰ ਦਾ ਹਿੱਸਾ ਬਣਾਂ। ਮੈਂ ਵੀ ਤੁਹਾਡੇ ਬੱਚਿਆਂ—ਸ਼ਾਨ,ਜੋਵਨ,ਅਰਮਾਨ,ਤਮੰਨਾ, ਸਮਾਇਆ ਅਤੇ ਸਨਾ—ਵਾਂਗ ਪਿਆਰ ਅਤੇ ਆਪਣੇਪਣ ਦਾ ਹੱਕਦਾਰ ਹਾਂ। ਇਨ੍ਹਾਂ ਚੰਦ ਸ਼ਬਦਾਂ ਨਾਲ ਮੈਂ ਆਪਣਾ ਪਰਚਾ ਇੱਥੇ ਹੀ ਸਮਾਪਤ ਕਰਦਾ ਹਾਂ ਅਤੇ ਆਪਣੇ ਸਭ ਦੇ ਸਾਂਝੇ ਬਾਬਾ ਜੀ, ਬਾਬਾ ਬਲਦੇਵ ਬਸੰਤ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਡੇ ਮਿਲਾਪ ਦੀ ਗਾਥਾ ਆਪਣੇ ਸ਼ਬਦਾਂ ਵਿੱਚ ਤੁਹਾਡੇ ਨਾਲ ਸਾਂਝੀ ਕਰਨ।⸻
ਸੰਯੋਗ ਦੀ ਗਾਥਾ-
ਮੂਨ ਦੀਆਂ ਗੱਲਾਂ ਸੁਣ ਕੇ ਮੇਰੇ ਕੋਲ ਕਹਿਣ ਲਈ ਸ਼ਬਦ ਨਹੀਂ ਬਚੇ। ਉਸਦੀ ਮਾਸੂਮੀਅਤ ਨੇ ਮੇਰੇ ਮਨ ਨੂੰ ਨਿਰਵਚਨ ਕਰ ਦਿੱਤਾ। ਉਸ ਵੇਲੇ ਗੁਰੂ ਸਾਹਿਬ ਦਾ ਇਹ ਸ਼ਬਦ ਮੇਰੇ ਕੰਨਾਂ ਵਿੱਚ ਗੂੰਜ ਰਿਹਾ ਸੀ—“ਸੰਜੋਗ ਵਿਜੋਗ ਦੋਇ ਕਾਰ ਚਲਾਵਹਿ, ਲੇਖੇ ਆਵਹਿ ਭਾਗ।” ਇਹ ਸਾਰੀ ਕਹਾਣੀ ਵੀ ਸ਼ਾਇਦ ਉਸੇ ਸੰਯੋਗ ਦਾ ਹਿੱਸਾ ਸੀ। 5 ਜੁਲਾਈ 2026 ਨੂੰ ਮੈਂ ਆਪਣੇ ਇੱਕ ਦੋਸਤ ਨੂੰ ਕਿਹਾ ਕਿ ਮੈਨੂੰ ਇੱਕ ਫਲੈਟ ਡੈੱਕ ਟਰੱਕ ਚਾਹੀਦਾ ਹੈ। ਉਸ ਨੇ ਦੱਸਿਆ ਕਿ 88 ਐਵਨਿਊ ਅਤੇ 132 ਰੋਡ ਦੇ ਇੰਟਰਸੈਕਸ਼ਨ ’ਤੇ ਇੱਕ ਕੰਪਨੀ ਨੇ ਇੱਕ ਟਰੱਕ ਵਿਕਰੀ ਲਈ ਰੱਖਿਆ ਹੋਇਆ ਹੈ। ਉਸੇ ਸ਼ਾਮ ਮੈਂ ਆਪਣੀ ਪਤਨੀ ਰੇਸ਼ਮ ਨਾਲ ਟਰੱਕ ਵੇਖਣ ਗਿਆ, ਪਰ ਟਰੱਕ ਅੰਦਰ ਖੜ੍ਹਾ ਹੋਣ ਕਰਕੇ ਦਿਖਾਈ ਨਾ ਦਿੱਤਾ। ਅਗਲੇ ਦਿਨ, 6 ਜੁਲਾਈ 2026 ਨੂੰ, ਮੈਂ ਆਪਣੇ ਮਕੈਨਿਕ ਨਾਲ ਉੱਥੇ ਪਹੁੰਚਿਆ। ਉਹ ਟਰੱਕ ਦੀ ਜਾਂਚ ਕਰ ਰਿਹਾ ਸੀ ਕਿ ਇਸੇ ਦੌਰਾਨ ਦੋ ਗੋਰੇ ਨੌਜਵਾਨ ਅਤੇ ਇੱਕ ਗੋਰੀ ਬੀਬੀ ਦਫ਼ਤਰ ਵਿੱਚੋਂ ਬਾਹਰ ਆਏ। ਉਹ ਮੁਸਕਰਾ ਕੇ ਮੇਰੇ ਕੋਲ ਆਏ ਅਤੇ ਕਹਿਣ ਲੱਗੇ— ਮਿਸਟਰ ਬਾਠ ਹਾਓ ਆਰ ਯੂ (“Mr. Bath, how are you?”)
ਉਨ੍ਹਾਂ ਵਿੱਚੋਂ ਇੱਕ, ਜਿਸ ਦਾ ਨਾਮ ਸਟੀਵ ਸੀ, ਨੇ ਮੇਰੇ ਨਾਲ ਹੱਥ ਮਿਲਾਇਆ। ਮੈਂ ਵੀ ਉਸੇ ਮਾਣ-ਸਤਿਕਾਰ ਨਾਲ ਉਸਦਾ ਸਵਾਗਤ ਕੀਤਾ ਅਤੇ ਪੁੱਛਿਆ—ਇਜ ਦਿਸ ਟਰੱਕ ਫਾਰ ਸੇਲ (Is this truck for sale?)
ਸਟੀਵ ਨੇ ਮੁਸਕਰਾ ਕੇ ਕਿਹਾ—“ਹਾਂ ਜੀ। ਇਸ ਦੀ ਕੀਮਤ 9,000 ਡਾਲਰ ਹੈ, ਪਰ ਤੁਹਾਡੇ ਲਈ 7,500 ਡਾਲਰ।” ਮੇਰਾ ਮਕੈਨਿਕ ਟਰੱਕ ਦੀ ਜਾਂਚ ਕਰਕੇ ਕਹਿਣ ਲੱਗਾ ਕਿ ਚੈਸੀ ਥੋੜ੍ਹੀ ਜੰਗਾਲੀ ਹੈ। ਮੈਂ ਕਿਹਾ, “ਜਿਵੇਂ ਵੀ ਹੈ, ਆਪਾਂ ਇਹ ਟਰੱਕ ਲੈ ਹੀ ਜਾਣਾ ਹੈ।” ਇਸ ਗੱਲਬਾਤ ਦੌਰਾਨ ਮੇਰੀ ਨਜ਼ਰ ਅਚਾਨਕ ਪੰਜ-ਛੇ ਨਿੱਕੇ-ਨਿੱਕੇ ਬਿੱਲੀਆਂ ਦੇ ਬੱਚਿਆਂ ਉੱਤੇ ਪਈ। ਬਚਪਨ ਤੋਂ ਹੀ ਮੈਨੂੰ ਇਨ੍ਹਾਂ ਜੀਵਾਂ ਨਾਲ ਬਹੁਤ ਪਿਆਰ ਰਿਹਾ ਹੈ।
ਮੈਂ ਸਟੀਵ ਨੂੰ ਪੁੱਛਿਆ— “ਜੇ ਤੈਨੂੰ ਇਤਰਾਜ਼ ਨਾ ਹੋਵੇ ਤਾਂ ਕੀ ਮੈਂ ਇਨ੍ਹਾਂ ਵਿੱਚੋਂ ਇੱਕ ਬੱਚਾ ਆਪਣੇ ਨਾਲ ਲੈ ਜਾ ਸਕਦਾ ਹਾਂ?” ਸਟੀਵ ਮੁਸਕਰਾਇਆ ਤੇ ਕਹਿਣ ਲੱਗਾ—“ਲੈ ਜਾ ਸਕਦੇ ਹੋ, ਪਰ ਇੱਕ ਸ਼ਰਤ ਹੈ। ਜੇ ਤੂੰ ਉਹੀ ਬੱਚਾ ਚੁਣਿਆ ਜੋ ਮੇਰੇ ਦਿਲ ਅਤੇ ਦਿਮਾਗ ਵਿੱਚ ਹੈ, ਤਾਂ ਮੈਂ ਤੇਰੇ ਲਈ ਇੱਕ ਸਰਪ੍ਰਾਈਜ਼ ਰੱਖਿਆ ਹੈ।”
ਉੱਥੇ ਕਾਲੇ, ਚਿੱਟੇ, ਭੂਰੇ ਅਤੇ ਕਾਲੇ-ਚਿੱਟੇ ਰੰਗਾਂ ਦੇ ਕਈ ਬੱਚੇ ਸਨ। ਮੇਰੀ ਨਜ਼ਰ ਇੱਕ ਸੁੰਦਰ ਭੂਰੇ-ਚਿੱਟੇ ਬੱਚੇ ’ਤੇ ਜਾ ਟਿਕੀ, ਜਿਸ ਦੀਆਂ ਹਰੀਆਂ-ਨੀਲੀਆਂ ਅੱਖਾਂ ਅਦਭੁੱਤ ਸਨ। ਮੈਂ ਉਸ ਵੱਲ ਇਸ਼ਾਰਾ ਕਰ ਦਿੱਤਾ। ਮੈਂਡੀ ਨੇ ਉਸ ਨੂੰ ਚੁੱਕ ਕੇ ਇੱਕ ਛੋਟੇ ਜਿਹੇ ਪਿੰਜਰੇ ਵਿੱਚ ਰੱਖ ਦਿੱਤਾ। ਉਸ ਪਲ ਮੇਰੇ ਦਿਲ ਵਿੱਚ ਜੋ ਅਹਿਸਾਸ ਪੈਦਾ ਹੋਇਆ, ਉਹ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ। ਉਸ ਨੰਨੇ ਜਿਹੇ ਜੀਵ ਨੂੰ ਪਤਾ ਹੀ ਨਹੀਂ ਸੀ ਕਿ ਕੁਝ ਪਲਾਂ ਵਿੱਚ ਉਸਦੀ ਦੁਨੀਆ ਬਦਲ ਗਈ ਹੈ। ਕੁਝ ਮਿੰਟ ਉਹ ਆਪਣੀ ਮਾਂ ਨੂੰ ਪੁਕਾਰਦਾ ਰਿਹਾ, ਤੜਫ਼ਦਾ ਰਿਹਾ, ਫਿਰ ਬੇਵਸੀ ਨਾਲ ਚੁੱਪ ਕਰ ਗਿਆ। ਉਸ ਬੇਵਸੀ ਨੂੰ ਮੈਂ ਅੱਜ ਵੀ ਮਹਿਸੂਸ ਕਰ ਸਕਦਾ ਹਾਂ। ਸਟੀਵ ਨੇ ਮੁਸਕਰਾ ਕੇ ਕਿਹਾ—
“ਤੂੰ ਉਹੀ ਬੱਚਾ ਚੁਣਿਆ ਹੈ ਜੋ ਮੇਰੇ ਮਨ ਵਿੱਚ ਸੀ। ਹੁਣ ਇਹ ਟਰੱਕ ਤੇਰੇ ਲਈ 6,500 ਡਾਲਰ ਦਾ ਹੈ। ਬਾਕੀ 1,000 ਡਾਲਰ ਮੈਂ ਇਸ ਬੱਚੇ ਦੀ ਦੇਖਭਾਲ ਲਈ ਤੈਨੂੰ ਤੋਹਫ਼ੇ ਵਜੋਂ ਦੇ ਰਿਹਾ ਹਾਂ।”
ਮੂਨ ਦਾ ਘਰ ਆਉਣਾ-
ਘਰ ਪਹੁੰਚਣ ਤੋਂ ਪਹਿਲਾਂ ਮੈਂ ਮੂਨ ਨੂੰ ਬਸੰਤ ਮੋਟਰਜ਼ ਲੈ ਗਿਆ ਤਾਂ ਜੋ ਸਭ ਉਸਨੂੰ ਮਿਲ ਸਕਣ। ਉਹ ਬਹੁਤ ਡਰਿਆ ਹੋਇਆ ਸੀ, ਪਰ ਹਰ ਕੋਈ ਉਸਦੀ ਸੁੰਦਰਤਾ, ਉਸਦੇ ਰੰਗ ਅਤੇ ਉਸਦੀਆਂ ਨੀਲੀਆਂ ਅੱਖਾਂ ਦੀ ਤਾਰੀਫ਼ ਕਰ ਰਿਹਾ ਸੀ।
ਫਿਰ ਅਸੀਂ ਉਸਨੂੰ ਫਾਰਮ ਲੈ ਆਏ। ਉਸ ਲਈ ਖਾਣਾ, ਖਿਡੌਣੇ ਅਤੇ ਹੋਰ ਲੋੜੀਂਦਾ ਸਮਾਨ ਮੰਗਵਾ ਦਿੱਤਾ। ਇੱਕ ਸੁੰਦਰ ਘਰ ਪਹਿਲਾਂ ਹੀ ਉਸਦੇ ਲਈ ਤਿਆਰ ਸੀ। ਮੈਂ ਉਸਦਾ ਨਾਮ “ਆਨਾਇਨ” ਰੱਖਿਆ। ਪਰ ਦੋ ਦਿਨ ਬਾਅਦ ਮੇਰੀ ਪੋਤੀ ਸਮਾਇਆ ਉਸਨੂੰ ਮਿਲਣ ਆਈ। ਉਸ ਨੇ ਉਸਨੂੰ ਵੇਖਦੇ ਹੀ ਕਿਹਾ—“ਬਾਬਾ ਜੀ, ਇਸਦਾ ਨਾਮ ਗਲਤ ਰੱਖਿਆ ਹੈ। ਇਸਦੇ ਰੰਗ, ਇਸਦਾ ਚਿਹਰਾ… ਇਹ ਤਾਂ ਬਿਲਕੁਲ Moon ਵਰਗਾ ਲੱਗਦਾ ਹੈ।”
ਮੈਂ ਤੁਰੰਤ ਹੱਸ ਕੇ ਕਿਹਾ—“ਤੂੰ ਬਿਲਕੁਲ ਸਹੀ ਕਹਿੰਦੀ ਹੈਂ। ਇਸਦਾ ਨਾਮ ਮੂਨ ਹੀ ਹੋਵੇਗਾ।” ਉਸ ਦਿਨ ਤੋਂ ਅਸੀਂ ਦੋਵੇਂ “ਮੂਨ… ਮੂਨ… ਮੂਨ…” ਕਰਕੇ ਉਸਨੂੰ ਬੁਲਾਉਣ ਲੱਗ ਪਏ।
ਤਿੰਨ ਦਿਨਾਂ ਦੀ ਭੁੱਖ ਹੜਤਾਲ-
ਪਰ ਮੂਨ ਲਈ ਇਹ ਸਭ ਕੁਝ ਆਸਾਨ ਨਹੀਂ ਸੀ। ਉਸਨੇ ਤਿੰਨ ਦਿਨ ਤੱਕ ਕੁਝ ਨਹੀਂ ਖਾਧਾ। ਉਹ ਆਪਣੇ ਘਰ, ਆਪਣੀ ਮਾਂ ਅਤੇ ਆਪਣੇ ਭੈਣ-ਭਰਾਵਾਂ ਨੂੰ ਯਾਦ ਕਰ ਰਿਹਾ ਸੀ। ਮੈਂ ਉਸਨੂੰ ਜ਼ਬਰਦਸਤੀ ਖਵਾਉਣ ਦੀ ਕੋਸ਼ਿਸ਼ ਕਰਦਾ, ਪਰ ਉਹ ਹਰ ਵਾਰ ਬਾਹਰ ਕੱਢ ਦਿੰਦਾ। ਮੈਂ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗ ਪਿਆ। ਮੈਂ ਰੇਸ਼ਮ ਨੂੰ ਕਿਹਾ— “ਜਾਂ ਤਾਂ ਮੈਂ ਇਸਦੇ ਲਈ ਇੱਕ ਸਾਥੀ ਲਿਆਵਾਂ ਜਾਂ ਇਸਨੂੰ ਵਾਪਸ ਛੱਡ ਆਵਾਂ। ਮੇਰੇ ਤੋਂ ਪਾਪ ਹੋ ਗਿਆ।” ਰੇਸ਼ਮ ਨੇ ਬਹੁਤ ਪਿਆਰ ਨਾਲ ਕਿਹਾ—“ਤੂੰ ਕੋਈ ਪਾਪ ਨਹੀਂ ਕੀਤਾ। ਤੂੰ ਤਾਂ ਟਰੱਕ ਲੈਣ ਗਿਆ ਸੀ। ਪਰਮਾਤਮਾ ਨੇ ਇਸ ਘਰ ਦਾ ਅੰਨ-ਜਲ ਇਸਦੇ ਭਾਗਾਂ ਵਿੱਚ ਲਿਖਿਆ ਸੀ, ਇਸੇ ਕਰਕੇ ਇਹ ਤੇਰੀ ਝੋਲੀ ਪਿਆ ਹੈ। ਆਪਣੇ ਆਪ ਨੂੰ ਨਾ ਕੋਸ।” ਉਸਦੀ ਗੱਲ ਨੇ ਮੈਨੂੰ ਹੌਸਲਾ ਦਿੱਤਾ। ਤੀਜੇ ਦਿਨ ਮੂਨ ਨੇ ਆਪਣੀ ਭੁੱਖ ਹੜਤਾਲ ਤੋੜ ਦਿੱਤੀ। ਜਦੋਂ ਮੈਂ ਉਸਨੂੰ ਪਹਿਲੀ ਵਾਰ ਖਾਂਦੇ ਦੇਖਿਆ, ਮੈਨੂੰ ਉਹੀ ਖੁਸ਼ੀ ਮਿਲੀ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਪਹਿਲੀ ਬੁਰਕੀ ਖਾਂਦਾ ਵੇਖ ਕੇ ਮਹਿਸੂਸ ਕਰਦੀ ਹੈ। ਸੱਚਮੁੱਚ, ਸਮਾਂ ਬਹੁਤ ਬਲਵਾਨ ਹੁੰਦਾ ਹੈ। ਉਹ ਵੱਡੇ ਤੋਂ ਵੱਡਾ ਜ਼ਖ਼ਮ ਵੀ ਭਰ ਦਿੰਦਾ ਹੈ। ਪਹਿਲੇ ਤਿੰਨ ਦਿਨ ਮੈਂ ਹਰ ਰੋਜ਼ ਦੋ-ਦੋ ਘੰਟੇ ਮੂਨ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਉਸਦਾ ਸਿਰ ਸਹਿਲਾਉਂਦਾ ਅਤੇ ਉਸਨੂੰ ਕਹਿੰਦਾ—“ਅਸੀਂ ਵੀ ਇੱਕ ਦਿਨ ਆਪਣਾ ਪਿੰਡ, ਆਪਣਾ ਦੇਸ਼ ਅਤੇ ਆਪਣਾ ਪਰਿਵਾਰ ਛੱਡ ਕੇ ਚੰਗੇ ਭਵਿੱਖ ਦੀ ਖਾਤਰ ਕੈਨੇਡਾ ਆਏ ਸੀ। ਉਸ ਵੇਲੇ ਸਾਡੀ ਹਾਲਤ ਵੀ ਤੇਰੇ ਵਰਗੀ ਹੀ ਸੀ। ਅੱਜ ਤੂੰ ਬਸੰਤ ਪਰਿਵਾਰ ਦਾ ਮੈਂਬਰ ਹੈਂ। ਇਹੀ ਤੇਰਾ ਘਰ ਹੈ।”
ਅੱਜ ਦਾ ਮੂਨ-
ਅੱਜ ਮੂਨ ਆਪਣੇ ਇਲਾਕੇ ਦਾ ਰਾਜਾ ਹੈ। ਰਾਤ-ਦਿਨ ਆਪਣੀ ਮਰਜ਼ੀ ਨਾਲ ਘੁੰਮਦਾ ਹੈ, ਖੇਡਦਾ ਹੈ ਅਤੇ ਆਪਣੀ ਮਿੱਠੀ ਆਵਾਜ਼ ਨਾਲ ਸਾਨੂੰ ਬੁਲਾਉਂਦਾ ਹੈ। ਬਸੰਤ ਪਰਿਵਾਰ ਦਾ ਪਿਆਰ ਜਿੱਤ ਗਿਆ। ਮੂਨ ਸਾਡਾ ਹੋ ਗਿਆ ਅਤੇ ਅਸੀਂ ਮੂਨ ਦੇ ਹੋ ਗਏ।
ਅੱਜ ਜਦੋਂ ਵੀ ਪਰਿਵਾਰ ਦਾ ਕੋਈ ਮੈਂਬਰ “ਮੂਨ… ਮੂਨ…” ਆਵਾਜ਼ ਮਾਰਦਾ ਹੈ, ਉਹ ਆਪਣੀਆਂ ਘੁੰਗਰੂਆਂ ਖੜਕਾਉਂਦਾ ਦੌੜਿਆ ਆ ਜਾਂਦਾ ਹੈ। ਲੌਂਗ ਲਿਵ ਮੂਨ। ਲੌਂਗ ਲਿਵ ਬਸੰਤ ਫੈਮਿਲੀ। ਲਵ ਯੂ ਮੂਨ।
– ਬਲਦੇਵ ਬਸੰਤ
Jul 31,2026
