ਡਾ ਗੁਰਵਿੰਦਰ ਸਿੰਘ (604 825 1550 )-
ਸੁਪਰੀਮ ਕੋਰਟ ਆਫ ਕੈਨੇਡਾ ਦੇ 27 ਨਵੰਬਰ 2026 ਦੇ ਫ਼ੈਸਲੇ ਤੋਂ ਬਾਅਦ ਕੈਨੇਡਾ ਦੇ ਭਵਿੱਖ, ਸਿੱਖ ਪਛਾਣ ਅਤੇ ਘੱਟ ਗਿਣਤੀਆਂ ਦੇ ਹੱਕਾਂ ਬਾਰੇ ਗੰਭੀਰ ਵਿਚਾਰ ਚਰਚਾ ਦੀ ਲੋੜ ਮਹਿਸੂਸ ਹੋ ਰਹੀ ਹੈ। ਕੈਨੇਡਾ ਨੂੰ ਦੁਨੀਆ ਭਰ ਵਿੱਚ ਬਹੁ-ਸੱਭਿਆਚਾਰਕ ਦੇਸ਼, ਮਨੁੱਖੀ ਅਧਿਕਾਰਾਂ ਦਾ ਰਾਖਾ ਅਤੇ ਧਾਰਮਿਕ ਆਜ਼ਾਦੀ ਦੀ ਮਿਸਾਲ ਮੰਨਿਆ ਜਾਂਦਾ ਹੈ। ਇੱਥੇ ਵੱਖ-ਵੱਖ ਧਰਮਾਂ, ਭਾਸ਼ਾਵਾਂ, ਸੱਭਿਆਚਾਰਾਂ ਅਤੇ ਨਸਲਾਂ ਦੇ ਲੋਕਾਂ ਨੂੰ ਆਪਣੇ ਵਿਸ਼ਵਾਸ ਅਨੁਸਾਰ ਜੀਵਨ ਜਿਊਣ ਦਾ ਹੱਕ ਦਿੱਤਾ ਗਿਆ ਹੈ। ਪਰ ਕਿਊਬੈਕ ਦੇ ਬਿੱਲ 21 ਬਾਰੇ “ਕੈਨੇਡਾ ਦੀ ਸੁਪਰੀਮ ਕੋਰਟ ਦੇ ਫ਼ੈਸਲੇ” ਨੇ ਇਸ ਦੇਸ਼ ਦੇ ਲੋਕਤੰਤਰ, ਧਾਰਮਿਕ ਆਜ਼ਾਦੀ ਅਤੇ ਬਹੁ-ਸੱਭਿਆਚਾਰਕ ਪਛਾਣ ਬਾਰੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਸਿਰਫ਼ ਸਿੱਖਾਂ ਦੀ ਦਸਤਾਰ, ਮੁਸਲਮਾਨਾਂ ਦੇ ਹਿਜਾਬ ਜਾਂ ਯਹੂਦੀਆਂ ਦੀ ਕਿੱਪਾ ਦਾ ਮਸਲਾ ਨਹੀਂ ਹੈ। ਇਹ ਸਵਾਲ ਹੈ ਕਿ ਕੀ ਕਿਸੇ ਵਿਅਕਤੀ ਨੂੰ ਆਪਣਾ ਧਰਮ ਅਤੇ ਆਪਣੀ ਪਛਾਣ ਕਾਇਮ ਰੱਖਣ ਕਰਕੇ ਸਰਕਾਰੀ ਨੌਕਰੀ, ਸਿੱਖਿਆ ਅਤੇ ਸਮਾਜਿਕ ਬਰਾਬਰੀ ਦੇ ਮੌਕਿਆਂ ਤੋਂ ਵਾਂਝਾ ਕੀਤਾ ਜਾ ਸਕਦਾ ਹੈ? ਸੁਪਰੀਮ ਕੋਰਟ ਆਫ ਕੈਨੇਡਾ ਦਾ ਫ਼ੈਸਲਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਦਾ ਪ੍ਰਭਾਵ ਸਿਰਫ਼ ਕਿਊਬੈਕ ਤੱਕ ਸੀਮਤ ਰਹਿਣ ਦੀ ਬਜਾਏ ਪੂਰੇ ਕੈਨੇਡਾ ਦੇ ਸੰਵਿਧਾਨਕ ਢਾਂਚੇ ਅਤੇ ਘੱਟ ਗਿਣਤੀਆਂ ਦੇ ਹੱਕਾਂ ਬਾਰੇ ਚੱਲ ਰਹੀ ਬਹਿਸ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਬਿੱਲ 21 ਬਾਰੇ ਵਿਚਾਰ ਚਰਚਾ ਕਰੀਏ ਤਾਂ ਕਿਊਬੈਕ ਦੀ ਸਰਕਾਰ ਨੇ 16 ਜੂਨ 2019 ਨੂੰ Bill 21 – An Act respecting the laicity of the State ਕਾਨੂੰਨ ਪਾਸ ਕੀਤਾ ਸੀ। ਇਸ ਕਾਨੂੰਨ ਅਨੁਸਾਰ ਕੁਝ ਸਰਕਾਰੀ ਅਹੁਦਿਆਂ ‘ਤੇ ਕੰਮ ਕਰਨ ਵਾਲੇ ਕਰਮਚਾਰੀ ਆਪਣੀ ਡਿਊਟੀ ਦੌਰਾਨ ਧਾਰਮਿਕ ਚਿੰਨ੍ਹ ਨਹੀਂ ਪਹਿਨ ਸਕਦੇ। ਇਸ ਪਾਬੰਦੀ ਦੇ ਘੇਰੇ ਵਿੱਚ ਮੁੱਖ ਤੌਰ ‘ਤੇ ਇਹ ਲੋਕ ਆਉਂਦੇ ਹਨ ; ਸਰਕਾਰੀ ਸਕੂਲਾਂ ਦੇ ਅਧਿਆਪਕ।ਸਕੂਲਾਂ ਦੇ ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ।ਪੁਲਿਸ ਅਧਿਕਾਰੀ।ਸਰਕਾਰੀ ਵਕੀਲ ਅਤੇ ਕੁਝ ਹੋਰ ਕਾਨੂੰਨੀ ਅਹੁਦਿਆਂ ਵਾਲੇ ਕਰਮਚਾਰੀ। ਕੁਝ ਹੋਰ ਸਰਕਾਰੀ ਅਧਿਕਾਰੀ ਜਿਨ੍ਹਾਂ ਦੇ ਅਹੁਦੇ ਕਾਨੂੰਨ ਵਿੱਚ ਨਿਰਧਾਰਤ ਹਨ।
ਬਿੱਲ 21 ਦਾ ਸਪਸ਼ਟ ਸ਼ਬਦਾਂ ਵਿੱਚ ਮਤਲਬ ਹੈ ਕਿ ਇੱਕ ਸਿੱਖ ਅਧਿਆਪਕ ਆਪਣੀ ਡਿਊਟੀ ਦੌਰਾਨ ਦਸਤਾਰ ਜਾਂ ਪਟਕਾ ਨਹੀਂ ਪਹਿਨ ਸਕਦਾ, ਇੱਕ ਮੁਸਲਮਾਨ ਅਧਿਆਪਕਾ ਹਿਜਾਬ ਨਹੀਂ ਪਹਿਨ ਸਕਦੀ ਅਤੇ ਇੱਕ ਯਹੂਦੀ ਅਧਿਆਪਕ ਕਿੱਪਾ ਨਹੀਂ ਪਹਿਨ ਸਕਦਾ। ਕਾਨੂੰਨ ਵਿੱਚ ਪਹਿਲਾਂ ਤੋਂ ਨੌਕਰੀ ਕਰ ਰਹੇ ਕੁਝ ਕਰਮਚਾਰੀਆਂ ਲਈ ਪੁਰਾਣੇ ਅਹੁਦੇ ‘ਤੇ ਰਹਿਣ ਦੀ ਛੋਟ ਹੈ, ਪਰ ਇਹ ਛੋਟ ਆਮ ਤੌਰ ‘ਤੇ ਤਰੱਕੀ, ਨਵੀਂ ਨੌਕਰੀ ਜਾਂ ਅਹੁਦੇ ਦੀ ਤਬਦੀਲੀ ਨਾਲ ਪ੍ਰਭਾਵਿਤ ਹੋ ਸਕਦੀ ਹੈ।
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਕੋਈ ਵਿਅਕਤੀ ਆਪਣੀ ਯੋਗਤਾ, ਸਿੱਖਿਆ, ਤਜਰਬੇ ਅਤੇ ਮਿਹਨਤ ਦੇ ਆਧਾਰ ‘ਤੇ ਅਧਿਆਪਕ ਬਣਨ ਦੇ ਯੋਗ ਹੈ, ਤਾਂ ਉਸ ਦੀ ਦਸਤਾਰ ਜਾਂ ਹਿਜਾਬ ਉਸ ਦੀ ਕਾਬਲੀਅਤ ਦੇ ਰਾਹ ਵਿੱਚ ਰੁਕਾਵਟ ਕਿਉਂ ਬਣਾਇਆ ਜਾ ਰਿਹਾ ਹੈ? ਬਿਲਕੁਲ ਨਹੀਂ।
27 ਨਵੰਬਰ 2026 ਨੂੰ ਕੈਨੇਡਾ ਦੀ ਸੁਪਰੀਮ ਕੋਰਟ ਨੇ English Montreal School Board v. Quebec (Attorney General) ਕੇਸ ਵਿੱਚ ਬਿੱਲ 21 ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਹੈ।
ਸੁਪਰੀਮ ਕੋਰਟ ਨੇ ਬਿੱਲ 21 ਦੀ ਜ਼ਿਆਦਾਤਰ ਸੰਵਿਧਾਨਕ ਵੈਧਤਾ ਨੂੰ ਬਰਕਰਾਰ ਰੱਖਿਆ ਹੈ। ਇਸ ਫ਼ੈਸਲੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਦਾਲਤ ਨੇ ਕਿਊਬੈਕ ਸਰਕਾਰ ਵੱਲੋਂ ਕੈਨੇਡੀਅਨ ਚਾਰਟਰ ਦੀ ਧਾਰਾ 33, ਜਿਸ ਨੂੰ Notwithstanding Clause ਜਾਂ ਅਧਿਕਾਰਾਂ ਨੂੰ ਅਸਥਾਈ ਤੌਰ ‘ਤੇ ਓਵਰਰਾਈਡ ਕਰਨ ਵਾਲੀ ਧਾਰਾ ਕਿਹਾ ਜਾਂਦਾ ਹੈ, ਦੀ ਵਰਤੋਂ ਨੂੰ ਕਾਨੂੰਨੀ ਮੰਨਿਆ ਹੈ। ਇਸ ਧਾਰਾ ਰਾਹੀਂ ਸਰਕਾਰ ਕੁਝ ਸੰਵਿਧਾਨਕ ਅਧਿਕਾਰਾਂ ਨੂੰ ਕਾਨੂੰਨ ਵਿੱਚ ਪੰਜ ਸਾਲਾਂ ਤੱਕ ਓਵਰਰਾਈਡ ਕਰ ਸਕਦੀ ਹੈ। ਇਸ ਵਿੱਚ ਧਾਰਮਿਕ ਆਜ਼ਾਦੀ, ਵਿਚਾਰਾਂ ਦੇ ਪ੍ਰਗਟਾਵੇ ਅਤੇ ਬਰਾਬਰੀ ਨਾਲ ਸਬੰਧਤ ਕੁਝ ਅਧਿਕਾਰ ਵੀ ਸ਼ਾਮਲ ਹਨ। ਪਰ ਸੁਪਰੀਮ ਕੋਰਟ ਨੇ ਇੱਕ ਮਹੱਤਵਪੂਰਨ ਅਪਵਾਦ ਕੀਤਾ ਹੈ। ਬਿੱਲ 21 ਦੀ ਧਾਰਾ 8, ਜਿੱਥੇ ਕਿਊਬੈਕ ਦੀ ਨੈਸ਼ਨਲ ਅਸੈਂਬਲੀ ਦੇ ਚੁਣੇ ਹੋਏ ਮੈਂਬਰਾਂ ਲਈ ਚਿਹਰਾ ਢੱਕਣ ‘ਤੇ ਪਾਬੰਦੀ ਸੀ, ਉਸ ਹੱਦ ਤੱਕ ਲੋਕਤੰਤਰੀ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ ਜਿੱਥੇ ਇਹ ਧਾਰਾ 3 ਦੇ ਅਧਿਕਾਰਾਂ ਨਾਲ ਟਕਰਾਉਂਦੀ ਹੈ।
ਧਰਮ ਨਿਰਪੱਖਤਾ ਦੇ ਨਾਂ ‘ਤੇ ਧਾਰਮਿਕ ਆਜ਼ਾਦੀ ਉੱਤੇ ਹਮਲੇ ਦੀ, ਬਿੱਲ 21 ਸਪੱਸ਼ਟ ਉਦਾਹਰਣ ਹੈ। ਬੇਸ਼ੱਕ ਕਿਊਬੈਕ ਸਰਕਾਰ ਦਾ ਕਹਿਣਾ ਹੈ ਕਿ ਸਰਕਾਰੀ ਸੰਸਥਾਵਾਂ ਧਰਮ ਨਿਰਪੱਖ ਹੋਣੀਆਂ ਚਾਹੀਦੀਆਂ ਹਨ। ਸਰਕਾਰ ਦਾ ਤਰਕ ਹੈ ਕਿ ਜਦੋਂ ਕੋਈ ਅਧਿਆਪਕ, ਪੁਲਿਸ ਅਧਿਕਾਰੀ ਜਾਂ ਸਰਕਾਰੀ ਅਧਿਕਾਰੀ ਆਪਣੀ ਡਿਊਟੀ ਕਰਦਾ ਹੈ ਤਾਂ ਉਸ ਨੂੰ ਕਿਸੇ ਧਰਮ ਦੀ ਨੁਮਾਇੰਦਗੀ ਨਹੀਂ ਕਰਨੀ ਚਾਹੀਦੀ। ਇੱਥੇ ਇੱਕ ਬੁਨਿਆਦੀ ਫ਼ਰਕ ਸਮਝਣਾ ਬਹੁਤ ਜ਼ਰੂਰੀ ਹੈ। ਸਰਕਾਰ ਦਾ ਨਿਰਪੱਖ ਹੋਣਾ ਅਤੇ ਨਾਗਰਿਕਾਂ ਨੂੰ ਆਪਣਾ ਧਰਮ ਪ੍ਰਗਟ ਕਰਨ ਤੋਂ ਰੋਕਣਾ ਦੋ ਵੱਖਰੀਆਂ ਗੱਲਾਂ ਹਨ।
ਜੇਕਰ ਇੱਕ ਸਿੱਖ ਅਧਿਆਪਕ ਦਸਤਾਰ ਪਹਿਨ ਕੇ ਬੱਚਿਆਂ ਨੂੰ ਗਣਿਤ, ਵਿਗਿਆਨ ਜਾਂ ਇਤਿਹਾਸ ਪੜ੍ਹਾਉਂਦਾ ਹੈ, ਤਾਂ ਕੀ ਉਸ ਦੀ ਦਸਤਾਰ ਉਸ ਨੂੰ ਕਿਸੇ ਹੋਰ ਧਰਮ ਦੇ ਬੱਚੇ ਨਾਲ ਵਿਤਕਰਾ ਕਰਨ ਲਈ ਮਜਬੂਰ ਕਰਦੀ ਹੈ?
ਜੇਕਰ ਇੱਕ ਮੁਸਲਮਾਨ ਅਧਿਆਪਕਾ ਹਿਜਾਬ ਪਹਿਨ ਕੇ ਬੱਚਿਆਂ ਨੂੰ ਪੜ੍ਹਾਉਂਦੀ ਹੈ, ਤਾਂ ਕੀ ਇਸ ਦਾ ਮਤਲਬ ਹੈ ਕਿ ਉਹ ਸਕੂਲ ਵਿੱਚ ਇਸਲਾਮ ਲਾਗੂ ਕਰ ਰਹੀ ਹੈ?
ਜੇਕਰ ਇੱਕ ਯਹੂਦੀ ਅਧਿਆਪਕ ਕਿੱਪਾ ਪਹਿਨਦਾ ਹੈ, ਤਾਂ ਕੀ ਉਸ ਦੀ ਪੇਸ਼ੇਵਰ ਯੋਗਤਾ ਘੱਟ ਹੋ ਜਾਂਦੀ ਹੈ?
ਨਹੀਂ।
ਧਰਮ ਕਿਸੇ ਵਿਅਕਤੀ ਦੀ ਨਿੱਜੀ ਪਛਾਣ, ਆਸਥਾ ਅਤੇ ਜੀਵਨ ਦਾ ਹਿੱਸਾ ਹੁੰਦਾ ਹੈ। ਕਿਸੇ ਦੇ ਕੱਪੜੇ ਜਾਂ ਧਾਰਮਿਕ ਚਿੰਨ੍ਹ ਦੇਖ ਕੇ ਉਸ ਦੀ ਨਿਰਪੱਖਤਾ, ਕਾਬਲੀਅਤ ਜਾਂ ਇਮਾਨਦਾਰੀ ਦਾ ਫ਼ੈਸਲਾ ਕਰਨਾ ਆਪਣੇ ਆਪ ਵਿੱਚ ਪੱਖਪਾਤ ਪੈਦਾ ਕਰ ਸਕਦਾ ਹੈ। ਬਿੱਲ 21 ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹ ਧਾਰਮਿਕ ਪਛਾਣ ਰੱਖਣ ਵਾਲੇ ਯੋਗ ਲੋਕਾਂ ਦੇ ਰੁਜ਼ਗਾਰ ਅਤੇ ਤਰੱਕੀ ਦੇ ਮੌਕਿਆਂ ਨੂੰ ਸੀਮਤ ਕਰਦਾ ਹੈ। ਇੱਕ ਨੌਜਵਾਨ ਸਿੱਖ ਲੜਕੀ ਜੇਕਰ ਅਧਿਆਪਕ ਬਣਨ ਦਾ ਸੁਪਨਾ ਦੇਖਦੀ ਹੈ ਪਰ ਉਸ ਨੂੰ ਪਤਾ ਹੈ ਕਿ ਉਸ ਨੂੰ ਆਪਣੀ ਦਸਤਾਰ ਜਾਂ ਪਟਕਾ ਛੱਡਣਾ ਪਵੇਗਾ, ਤਾਂ ਉਸ ਦੇ ਸਾਹਮਣੇ ਦੋ ਹੀ ਰਸਤੇ ਰਹਿ ਜਾਂਦੇ ਹਨ: ਆਪਣੀ ਧਾਰਮਿਕ ਪਛਾਣ ਛੱਡੇ ਜਾਂ ਆਪਣਾ ਪੇਸ਼ੇਵਰ ਸੁਪਨਾ ਤਿਆਗ ਦੇਵੇ।
ਸਿੱਖ ਧਰਮ ਅਤੇ ਦਸਤਾਰ ਦੀ ਮਹੱਤਤਾ ਮਮੂਲੀ ਨਹੀਂ, ਬੜੀ ਅਹਿਮ ਹੈ। ਸਿੱਖ ਧਰਮ ਵਿੱਚ ਦਸਤਾਰ ਸਿਰਫ਼ ਕੱਪੜਾ ਨਹੀਂ ਹੈ। ਇਹ ਗੁਰੂ ਸਾਹਿਬਾਨ ਵੱਲੋਂ ਦਿੱਤੀ ਗਈ ਸਿੱਖ ਪਛਾਣ, ਸਵੈਮਾਣ, ਬਰਾਬਰੀ, ਅਨੁਸ਼ਾਸਨ ਅਤੇ ਮਨੁੱਖੀ ਮਰਿਆਦਾ ਦਾ ਪ੍ਰਤੀਕ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਸਿੱਖਾਂ ਨੂੰ ਇੱਕ ਵਿਲੱਖਣ ਪਛਾਣ ਦਿੱਤੀ। ਪੰਜ ਕਕਾਰਾਂ ਵਿੱਚੋਂ ਕੇਸ ਸਿੱਖ ਦੀ ਧਾਰਮਿਕ ਰਹਿਤ ਦਾ ਅਟੁੱਟ ਅੰਗ ਹਨ ਅਤੇ ਦਸਤਾਰ ਕੇਸਾਂ ਦੀ ਸੰਭਾਲ ਅਤੇ ਸਿੱਖ ਪਛਾਣ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਦਸਤਾਰਧਾਰੀ ਸਿੱਖ ਸਦੀਆਂ ਤੋਂ ਦੁਨੀਆ ਭਰ ਵਿੱਚ ਆਪਣੀ ਪਛਾਣ ਨਾਲ ਵਿਚਰ ਰਹੇ ਹਨ। ਸਿੱਖਾਂ ਨੇ ਜੰਗਾਂ ਵਿੱਚ, ਮਨੁੱਖਤਾ ਦੀ ਸੇਵਾ ਵਿੱਚ, ਦੋ ਵਿਸ਼ਵ ਯੁੱਧਾਂ ਵਿੱਚ ਅਤੇ ਕੈਨੇਡਾ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਫਰਾਂਸ ਵਿੱਚ ਕਿਤਾਬਾਂ ਵਿੱਚ ਇਹ ਇਤਿਹਾਸ ਪੜਾਇਆ ਜਾਂਦਾ ਹੈ।
ਕੈਨੇਡਾ ਵਿੱਚ ਦਸਤਾਰਧਾਰੀ ਸਿੱਖਾਂ ਨੇ ਖੇਤੀਬਾੜੀ, ਟਰੱਕਿੰਗ, ਵਪਾਰ, ਸਿਹਤ ਸੇਵਾਵਾਂ, ਸਿੱਖਿਆ, ਰਾਜਨੀਤੀ ਅਤੇ ਫੌਜ ਸਮੇਤ ਹਰ ਖੇਤਰ ਵਿੱਚ ਆਪਣੀ ਮਿਹਨਤ ਦਾ ਸਬੂਤ ਦਿੱਤਾ ਹੈ। ਅਜਿਹੇ ਦੇਸ਼ ਵਿੱਚ ਜੇਕਰ ਇੱਕ ਸਿੱਖ ਨੌਜਵਾਨ ਨੂੰ ਸਿਰਫ਼ ਇਸ ਕਰਕੇ ਸਰਕਾਰੀ ਅਧਿਆਪਕ ਬਣਨ ਤੋਂ ਰੋਕਿਆ ਜਾਵੇ ਕਿ ਉਹ ਦਸਤਾਰ ਪਹਿਨਦਾ ਹੈ, ਤਾਂ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਕੀ ਕੈਨੇਡਾ ਵਿੱਚ ਸਾਰਿਆਂ ਨੂੰ ਬਰਾਬਰ ਮੌਕੇ ਮਿਲ ਰਹੇ ਹਨ? ਸਾਨੂੰ ਇਹ ਵੀ ਸਮਝਣਾ ਪਵੇਗਾ ਕਿ ਦਸਤਾਰ ਉਤਾਰਨ ਦੀ ਮੰਗ ਸਿੱਖ ਲਈ ਸਿਰਫ਼ ਨੌਕਰੀ ਦੀ ਸ਼ਰਤ ਨਹੀਂ, ਸਗੋਂ ਧਾਰਮਿਕ ਅਸੂਲਾਂ ਨਾਲ ਸਮਝੌਤਾ ਕਰਨ ਦੀ ਮੰਗ ਹੋ ਸਕਦੀ ਹੈ।
ਸਿੱਖ ਭਾਈਚਾਰੇ ਅਤੇ ਹੋਰ ਘੱਟ ਗਿਣਤੀਆਂ ਨੂੰ ਇਸ ਮੌਕੇ ਕਾਨੂੰਨੀ, ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਪੱਖ ਤੋਂ ਚਿੰਤਨ ਕਰਨਾ ਚਾਹੀਦਾ ਹੈ। ਇਹ ਸਮਾਂ ਆਪਸੀ ਵੰਡ ਦਾ ਨਹੀਂ, ਸਗੋਂ ਇਕਜੁੱਟ ਹੋਣ ਦਾ ਹੈ।
ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਮੁਸਲਿਮ ਸੰਸਥਾਵਾਂ, ਯਹੂਦੀ ਭਾਈਚਾਰੇ, ਮਨੁੱਖੀ ਅਧਿਕਾਰ ਸੰਗਠਨਾਂ ਅਤੇ ਹੋਰ ਧਾਰਮਿਕ ਤੇ ਨਾਗਰਿਕ ਸੰਸਥਾਵਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਸਾਡੀਆਂ ਮੰਗਾਂ ਸਪੱਸ਼ਟ ਹੋਣੀਆਂ ਚਾਹੀਦੀਆਂ ਹਨ ਕਿ ਕਿਸੇ ਵੀ ਵਿਅਕਤੀ ਨਾਲ ਉਸ ਦੇ ਧਾਰਮਿਕ ਚਿੰਨ੍ਹ ਕਰਕੇ ਨੌਕਰੀ ਵਿੱਚ ਵਿਤਕਰਾ ਨਾ ਹੋਵੇ।
ਦਸਤਾਰ, ਪਟਕਾ, ਹਿਜਾਬ, ਕਿੱਪਾ ਅਤੇ ਹੋਰ ਧਾਰਮਿਕ ਪਛਾਣਾਂ ਦੀ ਸੰਵਿਧਾਨਕ ਸੁਰੱਖਿਆ ਹੋਵੇ। ਸਰਕਾਰੀ ਸੰਸਥਾਵਾਂ ਦੀ ਨਿਰਪੱਖਤਾ ਯਕੀਨੀ ਬਣਾਈ ਜਾਵੇ, ਪਰ ਨਾਗਰਿਕਾਂ ਦੀ ਧਾਰਮਿਕ ਆਜ਼ਾਦੀ ਨੂੰ ਖ਼ਤਮ ਨਾ ਕੀਤਾ ਜਾਵੇ।
ਇਸ ਵੇਲੇ ਹੋਰ ਵੀ ਜ਼ਰੂਰੀ ਹੈ ਕਿ ਸੂਬਾਈ ਅਤੇ ਫੈਡਰਲ ਸਰਕਾਰਾਂ ਨੂੰ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਜਵਾਬਦੇਹ ਬਣਾਇਆ ਜਾਵੇ। ਇਸ ਦੇ ਨਾਲ ਹੀ ਸਾਨੂੰ ਕੈਨੇਡਾ ਦੇ ਸੰਸਦ ਮੈਂਬਰਾਂ, ਸੂਬਾਈ ਵਿਧਾਇਕਾਂ ਅਤੇ ਪ੍ਰਧਾਨ ਮੰਤਰੀ ਨੂੰ ਲਿਖਤੀ ਤੌਰ ‘ਤੇ ਆਪਣੀ ਆਵਾਜ਼ ਪਹੁੰਚਾਉਣੀ ਚਾਹੀਦੀ ਹੈ। ਇਸ ਲੜਾਈ ਨੂੰ ਕਿਸੇ ਇੱਕ ਧਰਮ ਦੇ ਵਿਰੁੱਧ ਜਾਂ ਕਿਸੇ ਇੱਕ ਭਾਸ਼ਾ ਦੇ ਵਿਰੁੱਧ ਨਹੀਂ ਬਣਾਉਣਾ ਚਾਹੀਦਾ। ਇਹ ਲੜਾਈ ਹਰ ਮਨੁੱਖ ਦੇ ਬਰਾਬਰ ਹੱਕਾਂ ਲਈ ਹੋਣੀ ਚਾਹੀਦੀ ਹੈ। ਧਰਮ ਨਿਰਪੱਖਤਾ ਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਹਰ ਕੋਈ ਆਪਣੀ ਧਾਰਮਿਕ ਪਛਾਣ ਲੁਕਾ ਕੇ ਰੱਖੇ। ਅਸਲ ਧਰਮ ਨਿਰਪੱਖਤਾ ਦਾ ਮਤਲਬ ਹੈ ਕਿ ਸਰਕਾਰ ਕਿਸੇ ਇੱਕ ਧਰਮ ਦੀ ਪੱਖਦਾਰੀ ਨਾ ਕਰੇ ਅਤੇ ਹਰ ਨਾਗਰਿਕ ਨੂੰ ਆਪਣੇ ਵਿਸ਼ਵਾਸ ਅਨੁਸਾਰ ਜੀਵਨ ਜਿਊਣ ਦੀ ਆਜ਼ਾਦੀ ਦੇਵੇ।
ਜੇਕਰ ਇੱਕ ਬੱਚਾ ਆਪਣੀ ਦਸਤਾਰ, ਪਟਕੇ ਜਾਂ ਹਿਜਾਬ ਨਾਲ ਸਕੂਲ ਨਹੀਂ ਜਾ ਸਕਦਾ, ਜੇਕਰ ਇੱਕ ਯੋਗ ਅਧਿਆਪਕ ਆਪਣੇ ਧਰਮ ਦੀ ਪਛਾਣ ਕਾਰਨ ਨੌਕਰੀ ਨਹੀਂ ਕਰ ਸਕਦਾ, ਤਾਂ ਸਾਨੂੰ ਸੋਚਣਾ ਪਵੇਗਾ ਕਿ ਅਸੀਂ ਕਿਸ ਤਰ੍ਹਾਂ ਦੇ ਲੋਕਤੰਤਰ ਦੀ ਉਸਾਰੀ ਕਰ ਰਹੇ ਹਾਂ।
ਸਿੱਖੀ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਮਨੁੱਖੀ ਬਰਾਬਰੀ, ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀ ਸਿੱਖਿਆ ਸਾਨੂੰ ਇਹ ਸਮਝਾਉਂਦੀ ਹੈ ਕਿ ਮਨੁੱਖ ਦੀ ਕਦਰ ਉਸ ਦੇ ਧਰਮ, ਪਹਿਰਾਵੇ ਜਾਂ ਜਾਤ ਤੋਂ ਨਹੀਂ, ਸਗੋਂ ਉਸ ਦੇ ਕਰਮਾਂ ਤੋਂ ਹੋਣੀ ਚਾਹੀਦੀ ਹੈ। ਅੱਜ ਲੋੜ ਹੈ ਕਿ ਕੈਨੇਡਾ ਦੀਆਂ ਸਰਕਾਰਾਂ ਅਤੇ ਅਦਾਲਤਾਂ ਇਸ ਮੂਲ ਸਿਧਾਂਤ ਨੂੰ ਯਾਦ ਰੱਖਣ।
ਸਾਡੀ ਦਸਤਾਰ ਸਾਡੀ ਪਛਾਣ ਹੈ, ਸਾਡਾ ਹਿਜਾਬ ਸਾਡਾ ਵਿਸ਼ਵਾਸ ਹੈ ਅਤੇ ਸਾਡੀ ਧਾਰਮਿਕ ਆਜ਼ਾਦੀ ਸਾਡਾ ਮਨੁੱਖੀ ਅਧਿਕਾਰ ਹੈ। ਕਿਸੇ ਵੀ ਸਰਕਾਰ ਨੂੰ ਧਰਮ ਨਿਰਪੱਖਤਾ ਦੇ ਨਾਂ ‘ਤੇ ਮਨੁੱਖ ਦੀ ਪਛਾਣ ਅਤੇ ਮਰਿਆਦਾ ਖੋਹਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ।
ਕੈਨੇਡਾ ਦੀ ਅਸਲ ਤਾਕਤ ਉਸ ਦੀ ਵਿਭਿੰਨਤਾ ਵਿੱਚ ਹੈ। ਇਸ ਵਿਭਿੰਨਤਾ ਨੂੰ ਕਮਜ਼ੋਰ ਕਰਨਾ ਨਹੀਂ, ਸਗੋਂ ਇਸ ਦੀ ਰੱਖਿਆ ਕਰਨਾ ਹੀ ਇੱਕ ਸੱਚੇ ਲੋਕਤੰਤਰੀ ਦੇਸ਼ ਦੀ ਪਹਿਚਾਣ ਹੈ। ਧਰਮ ਨਿਰਪੱਖ ਰਾਜ ਦਾ ਮਤਲਬ ਧਰਮਹੀਣ ਨਾਗਰਿਕ ਨਹੀਂ ਹੁੰਦਾ। ਸਰਕਾਰ ਨਿਰਪੱਖ ਹੋਵੇ, ਪਰ ਨਾਗਰਿਕਾਂ ਨੂੰ ਆਪਣੀ ਪਛਾਣ ਅਤੇ ਧਾਰਮਿਕ ਆਜ਼ਾਦੀ ਨਾਲ ਜਿਊਣ ਦਾ ਪੂਰਾ ਹੱਕ ਹੋਵੇ। ਅੱਜ ਚਿੰਤਾਜਨਕ ਸਮਾਂ ਹੈ, ਪਰ ਇਸ ਦਾ ਮੁਕਾਬਲਾ ਚੜਦੀ ਕਲਾ ਨਾਲ ਕਰਨਾ ਜਰੂਰੀ ਹੈ।

