Mar 7, 2026

ਰਵਿੰਦਰ ਸਹਿਰਾਅ ਦੀ ਕਿਤਾਬ ‘ਲਾਹੌਰ ਨਾਲ ਗੱਲਾਂ’ ਕੀਤੀ ਲੋਕ ਅਰਪਣ- ਦੋਹਾਂ ਪੰਜਾਬਾਂ ਦੇ ਸਾਹਿਤ ਬਾਰੇ ਹੋਈ ਗੰਭੀਰ ਚਰਚਾ-
ਸ਼ਿਕਾਗੋ (ਅੰਮ੍ਰਿਤ ਪਾਲ ਕੌਰ):- ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਅਦੀਬਾਂ ਨੂੰ ਇਕ ਮੰਚ ‘ਤੇ ਇਕੱਠਾ ਕਰ ਕੇ ਆਪਸੀ ਪਿਆਰ ਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ‘ਗਲੋਬਲ ਪੰਜਾਬੀ ਮਿਲਾਪ’ ਦਾ 22ਵਾਂ ਸਮਾਗਮ ਯਾਦਗਾਰੀ ਹੋ ਨਿੱਬੜਿਆ। ਮਿਲਾਪ ਦੇ ਰੂਹ-ਏ-ਰਵਾਂ ਸ. ਠਾਕਰ ਸਿੰਘ ਬਸਾਤੀ ਅਤੇ ਸਾਜਿਦ ਚੌਧਰੀ ਵਲੋਂ ਹਰ ਸਾਲ ਕੀਤਾ ਜਾਂਦਾ ਇਹ ਉਪਰਾਲਾ ਆਪਣੇ ਆਪ ਵਿਚ ਸ਼ਲਾਘਾਯੋਗ ਹੈ ਕਿਉਂਕਿ ਇਹ ਇਕੋ ਇਕ ਅਜਿਹਾ ਮੰਚ ਹੈ, ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸ਼ਾਇਰਾਂ ਨੂੰ ਹਰ ਸਾਲ ਆਪਸ ਵਿਚ ਮਿਲ-ਬੈਠਣ ਤੇ ਆਪਸੀ ਸਾਂਝ ਨੂੰ ਹੋਰ ਪੀਢੀ ਕਰਨ ਦਾ ਮੌਕਾ ਦਿੰਦਾ ਹੈ। ਇਸ ਸਮਾਗਮ ਵਿਚ ਪੇਸ਼ ਕੀਤੀ ਜਾਣ ਵਾਲੀ ਸ਼ਾਇਰੀ ਜਿੱਥੇ ਰੂਹ ਨੂੰ ਸਕੂਨ ਦਿੰਦੀ ਹੈ, ਉਥੇ ਹੀ ‘ਪੰਜਾਬੀ ਮਾਂ ਬੋਲੀ’ ਲਈ ਪੰਜਾਬੀਆਂ ਦਾ ਮੋਹ ਵੀ ਦਿਖਾਈ ਦਿੰਦਾ ਹੈ। ਇਸ ਮੌਕੇ ਰਵਿੰਦਰ ਸਹਿਰਾਅ ਦੀ ਕਿਤਾਬ ‘ਲਾਹੌਰ ਨਾਲ ਗੱਲਾਂ’ ਵੀ ਲੋਕ ਅਰਪਣ ਕੀਤੀ ਗਈ ਅਤੇ ਕਵੀ ਦਰਬਾਰ ਵਿਚ ਕਵੀਆਂ ਨੇ ਖੁਬ ਰੰਗ ਬੰਨਿ੍ਹਆ।
ਲੰਘੇ ਸ਼ਨਿਚਰਵਾਰ ਨੂੰ ਕੇ.ਕੇ. ਪੰਮਾ ਦੇ ਰੈਸਟੋਰੈਂਟ ‘ਟੱਚ ਆਫ ਸਪਾਈਸ’ ਵਿਚ ਕਰਵਾਏ ਗਏ ‘ਗਲੋਬਲ ਪੰਜਾਬੀ ਮਿਲਾਪ’ ਦਾ ਇਸ ਵਾਰ ਦਾ ਵਿਸ਼ਾ ਸੀ ‘ਪੰਜਾਬੀ ਅਖਾਣਾਂ’। ਮੁੱਖ ਮਹਿਮਾਨ ਵਜੋਂ ਵੈਨਕੂਵਰ ਤੋਂ ਉਘੇ ਲੇਖਕ ਸੁਰਜੀਤ ਸਿੰਘ ਮਾਧੋਪੁਰੀ ਪੁੱਜੇ ਸਨ। ਪ੍ਰਧਾਨਗੀ ਮੰਡਲ ਵਿਚ ਡਾ. ਸੁਰਿੰਦਰ ਸਿੰਘ ਗਿੱਲ (ਸਿੱਖ ਚਿੰਤਕ), ਸੁਰਜੀਤ ਸਿੰਘ ਮਾਧੋਪੁਰੀ, ਮਾਸਟਰ ਪਾਲ ਸਿੰਘ ਉਗੀ, ਜਨਾਬ ਮੁਸਤਫ਼ਾ ਅੰਜੁਮ ਤੇ ਜਨਾਬ ਜਾਵੇਦ ਭੱਟੀ ਬਿਰਾਜਮਾਨ ਸਨ। ਠਾਕਰ ਸਿੰਘ ਬਸਾਤੀ ਅਤੇ ਸਾਜਿਦ ਚੌਧਰੀ ਨੇ ਆਏ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਿਆ। ਹਮੇਸ਼ਾ ਵਾਂਗ ਨਵਰਾਜ ਬਸਾਤੀ ਨੇ ਸਟੇਜ ਦੀ ਕਾਰਵਾਈ ਬਾਖੂਬੀ ਸੰਭਾਲੀ ਅਤੇ ਜ਼ਿੰਦਗੀ ਦੇ ਫਲਸਫ਼ੇ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਜ਼ਿੰਦਗੀ ਵਿਚ ਸਭ ਪ੍ਰਾਪਤੀਆਂ ਤੋਂ ਬਾਅਦ ਉਹ ਬਾਬੇ ਨਾਨਕ ਦੇ ਸੰਦੇਸ਼ ‘ਕਿਰਤ ਕਰੋ’ ਨੂੰ ਤਰਜੀਹ ਦਿੰਦਿਆਂ ਹੁਣ ਕਿਸਾਨ ਬਣ ਗਈ ਹੈ। ਉਸ ਨੇ ਜਾਨਵਰਾਂ, ਪੰਛੀਆਂ ਦੀਆਂ ਉਦਾਹਰਨਾਂ ਦੇ ਕੇ ਬੋਲੀ ਦੇ ਮਹੱਤਵ ਤੋਂ ਜਾਣੂ ਕਰਵਾਇਆ ਅਤੇ ਆਪਣੇ ਫਾਰਮ ਵਿਚ ਤਿਆਰ ਕੀਤੇ ਫੁੱਲਾਂ ਦੇ ਗੁਲਦਸਤੇ ਮਹਿਮਾਨਾਂ ਨੂੰ ਦਿੱਤੇ, ਜਿਸ ਦੀ ਸਭ ਨੇ ਸ਼ਲਾਘਾ ਕੀਤੀ। ਉਨ੍ਹਾਂ ਦੇ ਫਾਰਮ ਵਿਚ ਤਿਆਰ ਕੀਤਾ ਆਰਗੈਨਿਕ ਸ਼ਹਿਦ ਵੀ ਮਹਿਮਾਨਾਂ ਨੂੰ ਦਿੱਤਾ ਗਿਆ।
ਭਾਰਤ, ਪਾਕਿਸਤਾਨ, ਅਮਰੀਕਾ ਅਤੇ ਕੈਨੇਡਾ ਤੋਂ ਪੁੱਜੇ ਕਵੀਆਂ/ਬੁਲਾਰਿਆਂ ਨੇ ਸਹੀ ਅਰਥਾਂ ਵਿਚ ਇਸ ਨੂੰ ‘ਗਲੋਬਲ ਪੰਜਾਬੀ ਮਿਲਾਪ’ ਬਣਾ ਦਿੱਤਾ। ਰਾਕਿੰਦ ਕੌਰ, ਠਾਕਰ ਸਿੰਘ ਬਸਾਤੀ ਅਤੇ ਸਾਜਿਦ ਚੌਧਰੀ ਨੇ ਮਿਲ-ਜੁਲ ਕੇ ਸਟੇਜ ਦੀ ਕਾਰਵਾਈ ਸੰਭਾਲਦਿਆਂ ਸ਼ਾਇਰਾਂ ਨੂੰ ਸਟੇਜ `ਤੇ ਆਉਣ ਦਾ ਸੱਦਾ ਦਿੱਤਾ। ਪਹਿਲਾ ਸੱਦਾ ਕਿਰਪਾਲ ਕੌਰ ਨੂੰ ਦਿੱਤਾ ਗਿਆ, ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿਸ਼ੇ ‘ਪੰਜਾਬੀ ਅਖਾਣਾਂ’ ਦੇ ਪਿਛੋਕੜ ਅਤੇ ਇਨ੍ਹਾਂ ਦੀ ਸਾਡੇ ਜੀਵਨ ਵਿਚ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਆਖਿਆ ਕਿ ਬਹੁਤੇ ਅਖਾਣ ਅਜਿਹੇ ਹਨ, ਜਿਨ੍ਹਾਂ ਬਾਰੇ ਅਜੋਕੀ ਪੀੜ੍ਹੀ ਨੂੰ ਹੁਣ ਕੋਈ ਜਾਣਕਾਰੀ ਹੀ ਨਹੀਂ ਹੈ। ਉਨ੍ਹਾ ਬੀ ਦਾ ਲੇਖਾ, ਗਿੱਲਾ ਪੀਹਣ ਆਦਿ ਅਖਾਣਾਂ ਦੀ ਸ਼ੁਰੂਆਤ ਬਾਰੇ ਦੱਸਿਆ। ਅੰਮ੍ਰਿਤਪਾਲ ਕੌਰ (ਪੰਜਾਬ ਟਾਈਮਜ਼) ਨੇ ਆਪਣੀ ਹਾਸਰਸ ਕਵਿਤਾ ਨਾਲ ਸਾਰਿਆਂ ਨੂੰ ਲੋਟ-ਪੋਟ ਕਰ ਦਿੱਤਾ ਤੇ ਸ਼ੇਅਰਾਂ ਨਾਲ ਵਾਹ-ਵਾਹ ਖੱਟੀ। ਯਾਸੀਨ ਚੌਹਾਨ ਨੇ ਮੀਆਂ ਮੁਹੰਮਦ ਬਖਸ਼ ਦਾ ਕਲਾਮ ਆਪਣੀ ਬੁਲੰਦ ਆਵਾਜ਼ ਵਿਚ ਗਾ ਕੇ ਮਹਿਫਲ ਨੂੰ ਚਾਰ ਚੰਨ ਲਾ ਦਿੱਤੇ। ਸ਼ਿਕਾਗੋ ਦੇ ਉਘੇ ਗ਼ਜ਼ਲਗੋ ਕਸ਼ਿਸ਼ ਹੁਸ਼ਿਆਰਪੁਰੀ ਨੇ ਵੱਖਰੇ ਅੰਦਾਜ਼ `ਚ ਆਪਣੇ ਸ਼ੇਅਰ ‘ਕਿਸੇ ਮਾਰਿਆ ਸੀ ਜੋ ਮੇਰੇ ਦਿਲ ਉਤੇ, ਅਜੇ ਉਹ ਟੰਗਿਆ ਤੀਰ ਹੈ ਮੇਰੇ ਕਮਰੇ ਵਿਚ’ ਤੇ ਹੋਰ ਸ਼ੇਅਰ ਸੁਣਾ ਕੇ ਹਾਜ਼ਰੀਨ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਡਾ. ਅਫਜ਼ਾਲ ਹੁਰਾਂ ਨੇ ਉਰਦੂ ਵਿਚ ਆਪਣੇ ਸ਼ੇਅਰ ਪੜ੍ਹ ਕੇ ਸੁਣਾਏ। ਬਾਲਟੀਮੋਰ ਤੋਂ ਖਾਸ ਤੌਰ `ਤੇ ਪੁੱਜੇ ਡਾ. ਸੁਰਿੰਦਰ ਸਿੰਘ ਗਿੱਲ ਹੁਰਾਂ ਨੇ ਆਪਣੀ ਪਤਨੀ ਵਲੋਂ ਪੰਜਾਬੀ ਮਾਂ ਬੋਲੀ ਬਾਰੇ ਲਿਖੀਆਂ ਸਤਰਾਂ ਸੁਣਾਈਆਂ। ਉਨ੍ਹਾਂ ਦੱਸਿਆ ਕਿ ਪੰਜਾਬੀ ਸੰਸਾਰ ਦੀ 10ਵੀਂ ਭਾਸ਼ਾ ਹੈ ਤੇ 120 ਮਿਲੀਅਨ ਲੋਕ ਇਸਨੂੰ ਬੋਲਦੇ ਹਨ ਪਰ ਲਹਿੰਦੇ ਪੰਜਾਬ ਵਿਚ ਇਸ ਦੀ ਹਾਲਤ ਬਹੁਤੀ ਚੰਗੀ ਨਹੀਂ ਤੇ ਚੜ੍ਹਦੇ ਪੰਜਾਬ ਵਿਚ ਵੀ ਦਰਜਾ ਮਿਲਣ ਦੇ ਬਾਵਜੂਦ ਕੰਮ ਪੰਜਾਬੀ ਵਿਚ ਨਹੀਂ ਹੋ ਰਹੇ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਲਈ ਕੰਮ ਕਰ ਰਹੇ ਹਨ ਪਰ ਘਰਾਂ ਵਿਚ ਪੰਜਾਬੀ ਬੋਲਣਾ ਜ਼ਰੂਰੀ ਹੈ।
ਨੌਜੁਆਨ ਕਵਿੱਤਰੀ ਰਾਕਿੰਦ ਕੌਰ ਨੇ ਆਪਣੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਆਪਣੀ ਸੰਜੀਦਾ ਕਵਿਤਾ ਪੇਸ਼ ਕੀਤੀ, ਜਿਸ ਵਿਚ ਇਮਾਨਦਾਰ ਵਿਅਕਤੀ ਨਾਲ ਹੁੰਦੀ ਬੇਈਮਾਨੀ, ਕਿਸਾਨਾਂ ਦੇ ਦਰਦ ਨੂੰ ਬਾਖੂਬੀ ਬਿਆਨ ਕੀਤਾ ਗਿਆ ਸੀ। ਉਸ ਨੇ ਆਪਣੀ ਕਵਿਤਾ ਨਾਲ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਉਘੇ ਨਾਟਕਕਾਰ ਡਾ. ਰਿਆਜ਼ ਬਾਬਰ ਨੇ ‘ਮਿਲਾਪ’ ਦੀ ਪ੍ਰਸ਼ੰਸਾ ਕਰਦਿਆਂ ਡੂੰਘੇ ਅਰਥਾਂ ਵਾਲਾ ਸ਼ੇਅਰ ‘ਆਜਾ ਗੌਤਮ ਢਿੱਡ ਵਟਾ ਲੈ, ਸੁਣਿਐਂ ਤੈਨੂੰ ਭੁੱਖ ਨਈਂ ਲੱਗਦੀ; ਸੁਣਾਇਆ। ਉਨ੍ਹਾਂ ਮਾਰਚ ਮਹੀਨੇ ਨੌਜਵਾਨਾਂ ਲਈ ਕਰਵਾਏ ਜਾ ਰਹੇ ਮੁਕਾਬਲਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ, ਜਿਨ੍ਹਾਂ ਦੇ ਰਹਿਣ-ਸਹਿਣ ਖਾਣ ਪੀਣ ਦਾ ਖਰਚਾ ਉਨ੍ਹਾਂ ਵਲੋਂ ਹੀ ਕੀਤਾ ਜਾਵੇਗਾ। ਆਬਿਦ ਰਸ਼ੀਦ ਨੇ ਆਪਣੀ ਨਜ਼ਮ ਆਪੋ ਆਪਣੇ ਕੰਮਾਂ ਨੂੰ ਤੁਰ ਜਾਂਦੇ ਬੱਚਿਆਂ ਤੇ ਇਕੱਲੇ ਘਰ ਵਿਚ ਰਹਿ ਜਾਂਦੇ ਬਜ਼ੁਰਗਾਂ ਨੂੰ ਸਮਰਪਿਤ ਕੀਤੀ, ‘ਭਲੀਏ ਲੋਕੇ ਆਪਣਾ ਬੋਝਾ ਆਪੇ ਲਈਏ ਢੋਅ’ ਸੁਣਾ ਕੇ ਸੱਚ ਦਾ ਇਜ਼ਹਾਰ ਕੀਤਾ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਸੁਰਜੀਤ ਸਿੰਘ ਮਾਧੋਪੁਰੀ ਨੇ ਸ਼ੇਅਰ ਨਾਲ ਆਪਣੀ ਗੱਲ ਸ਼ੁਰੂ ਕੀਤੀ ਅਤੇ ਮਿਲਾਪ ਬਾਰੇ ਆਪਣੇ ਦਿਲ ਦੇ ਵਲਵਲੇ ਗਾ ਕੇ ਸੁਣਾਏ, ‘ਲਹਿੰਦੇ ਅਤੇ ਚੜ੍ਹਦੇ ਨੂੰ ਪੈਗਾਮ ਲੈ ਕੇ ਆਏ ਹਾਂ, ਆਏ ਹੋਏ ਸੱਜਣਾਂ ਦੇ ਨਾਮ ਲੈ ਕੇ ਆਏ ਹਾਂ’। ਉਨ੍ਹਾ ਤਰੰਨਮ ਵਿਚ ਸ਼ੇਅਰ ਸੁਣਾ ਕੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਉਨ੍ਹਾਂ ਦੀ ਸ਼ਾਇਰੀ ਸੁਣ ਕੇ ਸਾਰੇ ਅਸ਼-ਅਸ਼ ਕਰ ਉਠੇ। ਮਾਸਟਰ ਪਾਲ ਸਿੰਘ ਉਗੀ ਹੁਰਾਂ ਨੇ ਰਵਿੰਦਰ ਸਹਿਰਾਅ ਦੀ ਕਿਤਾਬ ‘ਲਾਹੌਰ ਨਾਲ ਗੱਲਾਂ’ ਬਾਰੇ ਪਰਚਾ ਪੜ੍ਹਿਆ ਤੇ ਕਿਤਾਬ ਦੀ ਭਰਵੀਂ ਪ੍ਰਸ਼ੰਸਾ ਕੀਤੀ। ਉਨ੍ਹਾਂ ਬੋਲੀ ਬਾਰੇ ਵਿਚਾਰ ਸਾਂਝੇ ਕਰਦਿਆਂ ਮਾਂ ਬੋਲੀ ਨਾਲ ਹੁੰਦੇ ਵਿਤਕਰੇ ਬਾਰੇ ਵੀ ਗੱਲਬਾਤ ਕੀਤੀ ਤੇ ਕਈ ਵਾਰ ਭਾਸ਼ਾ ਕਾਰਨ ਪੈਦਾ ਹੁੰਦੀ ਕਨਫਿਊਜ਼ਨ ਬਾਰੇ ਵੀ ਦੱਸਿਆ। ਜਾਵੇਦ ਭੱਟੀ ਹੁਰਾਂ ਨੇ ਅਖਾਣਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਇਸ ਮੌਕੇ ਰਵਿੰਦਰ ਸਹਿਰਾਅ ਹੁਰਾਂ ਦੀ ਕਿਤਾਬ ‘ਲਾਹੌਰ ਨਾਲ ਗੱਲਾਂ’ ਵੀ ਰਿਲੀਜ਼ ਕੀਤੀ ਗਈ, ਜਿਸ ਲਈ ਸਾਰਿਆਂ ਨੇ ਸਹਿਰਾਅ ਹੁਰਾਂ ਨੂੰ ਵਧਾਈ ਦਿੱਤੀ ਅਤੇ ਡਾ. ਆਤਮਜੀਤ ਤੇ ਤਾਹਿਰ ਸੰਧੂ ਨੇ ਵੀਡੀਓ ਸੰਦੇਸ਼ ਭੇਜੇ।
ਰਾਜਾ ਯਾਕੂਬ ਨੇ ਜ਼ਬਾਨ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਉਨ੍ਹਾਂ ਆਖਿਆ ਕਿ ਸੱਭਿਆਚਾਰ ਅਤੇ ਬੋਲੀ ਇਕ ਇਨਸਾਨ ਨੂੰ ਦੂਜੇ ਦੇ ਨੇੜੇ ਲੈ ਕੇ ਆਉਂਦੇ ਹਨ। ਉਨ੍ਹਾਂ ਇਕ ਨਜ਼ਮ ‘ਕਿਸ ਦਾ ਦੋਸ਼ ਸੀ, ਕਿਸ ਦਾ ਨਹੀਂ ਸੀ’ ਪੜ੍ਹ ਕੇ ਸੁਣਾਈ। ਤਾਹਿਰਾ ਰਿਦਾ ਨੇ ਆਪਣੀ ਕਵਿਤਾ ‘ਗੱਡੀਏ ਕਿਉਂ ਸ਼ੂਕਦੀ ਏਂ’ ਸੁਣਾਈ। ਗੁਲਾਮ ਮੁਸਤਫ਼ਾ ਅੰਜੁਮ ਦੀਆਂ ਬੋਲੀਆਂ ਅਤੇ ਹਾਸਰਸ ਸ਼ਾਇਰੀ ਪ੍ਰੋਗਰਾਮ ਦਾ ਸਿਖਰ ਹੋ ਨਿੱਬੜੀ। ਸੁਰਿੰਦਰ ਕੌਰ ਸੰਘਾ ਨੇ ਦੇਸ਼ ਦੀ ਵੰਡ ਬਾਰੇ ਭਾਵੁਕ ਕਰਦੀ ਆਪਣੀ ਕਵਿਤਾ ਸੁਣਾਈ। ਡਾ. ਰਵਿੰਦਰ ਸਹਿਰਾਅ ਨੇ ਆਪਣੇ ਪਾਕਿਸਤਾਨ ਦੇ ਸਫ਼ਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਭਨਾਂ ਨੂੰ ਇਕ ਵਾਰ ਲਾਹੌਰ ਵੇਖਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਆਪਣੀ ਕਿਤਾਬ ‘ਲਾਹੌਰ ਨਾਲ ਗੱਲਾਂ’ ਬਾਰੇ ਵੀ ਦੱਸਿਆ ਕਿ  ਇਹ ਉਨ੍ਹਾਂ ਦਾ ਸਫਰਨਾਮਾ ਹੈ, ਜਿਸ ਵਿਚੋਂ ਪਾਕਿਸਤਾਨ ਬਾਰੇ ਭਰਪੂਰ ਜਾਣਕਾਰੀ ਪਾਠਕਾਂ ਨੂੰ ਮਿਲੇਗੀ। ਉਨ੍ਹਾਂ ਆਪਣੀ ਨਜ਼ਮ ‘ਲਾਹੌਰ ਵਸੇਂਦੀਓ ਕੁੜੀਓ’ ਸੁਣਾਈ ਜਿਸ ‘ਤੇ ਸਭ ਨੇ ਦਾਦ ਦਿਤੀ। ਠਾਕਰ ਸਿੰਘ ਬਸਾਤੀ ਨੇ ਮੀਡੀਆ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਗੂਗਲ ‘ਤੇ ਗੁਰਮੁਖੀ ਦੇ ਨਾਲ-ਨਾਲ ਸ਼ਾਹਮੁਖੀ ਵੀ ਸ਼ੁਰੂ ਹੋ ਗਈ ਹੈ। ਸਾਜਿਦ ਚੌਧਰੀ ਨੇ ਦੱਸਿਆ ਕਿ ਪਾਕਿਸਤਾਨ ਮੀਡੀਆ ਵਿਚ ਇਸ ਪ੍ਰੋਗਰਾਮ ਨੂੰ ਵਧੀਆ ਕਵਰੇਜ ਦਿੱਤੀ ਜਾਂਦੀ ਹੈ। ਉਨ੍ਹਾਂ ਹਾਸਾ-ਠੱਠਾ ਕਰਦਿਆਂ ਕਿਹਾ ਕਿ ਉਹ ਖਰਾਬ ਮੌਸਮ ਦੇ ਚਲਦਿਆਂ ਹੁਡ ਆਪਣੀ ਨਜ਼ਮ ਨਹੀਂ ਸੁਣਾਉਣਗੇ ਅਤੇ ਆਪਣੇ ਹਿੱਸੇ ਦੇ ਅਖਾਣ ਸਾਰਿਆਂ ਦੇ ਘਰੀਂ ਭੇਜ ਦੇਣਗੇ।
ਪ੍ਰਬੰਧਕਾਂ ਵਲੋਂ ਆਏ ਪਤਵੰਤਿਆਂ ਨੂੰ ਸ਼ਾਲ  ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਕੇ ਕੇ ਪੰਮਾ ਨੂੰ ਵੀ ਉਸ ਦੀ ਮਿਹਨਤ ਲਈ ਸ਼ਾਲ ਦੇ ਕੇ ਨਿਵਾਜਿਆ ਗਿਆ।
ਪ੍ਰੋਗਰਾਮ ਦੀ ਸਫਲਤਾ ਲਈ ਰਾਕਿੰਦ ਕੌਰ, ਨਵਰੀਤ ਅਤੇ ਨਵਰਾਜ ਬਸਾਤੀ ਨੇ ਹਮੇਸ਼ਾ ਵਾਂਗ ਵੱਡਾ ਯੋਗਦਾਨ ਪਾਇਆ। ਇਸ ਮੌਕੇ ਸੋਫਟ ਸੰਸਥਾ ਦੇ ਪ੍ਰਬੰਧਕਾਂ ਨੇ ਵੀ ਉਨ੍ਹਾਂ ਵਲੋਂ ਘਰਾਂ ਵਿਚ ਦਿੱਤੀਆਂ ਜਾਂਦੀਆਂ ਮੈਡੀਕਲ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਦੌਰਾਨ ਖਾਣੇ ਦੀ ਸੇਵਾ ਗੁਲਜ਼ਾਰ ਸਿੰਘ ਮੁਲਤਾਨੀ ਵਲੋਂ ਕੀਤੀ ਗਈ, ਜਿਸ ਲਈ ਠਾਕਰ ਸਿੰਘ ਬਸਾਤੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਅਗਲੇ ਸਾਲ ਮੁੜ ਮਿਲਣ ਦੇ ਵਾਅਦੇ ਨਾਲ ਇਹ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋਇਆ।