— ਡਾ.ਗੋਪਾਲ ਸਿੰਘ ਬੁੱਟਰ-
ਮੋ.ਨੰਬਰ +919915005814—–
ਪੰਜ ਸਤੰਬਰ 1914 ਨੂੰ ਬਰਤਾਨਵੀ ਸਾਮਰਾਜੀ ਹਾਕਮਾਂ ਦੇ ਝੋਲ਼ੀ-ਚੁੱਕ ਬੇਲਾ ਸਿੰਘ ਜਿਆਣ ਨੇ ਕੈਨੇਡਾ ਬੀ.ਸੀ. ਦੇ ਸ਼ਹਿਰ ਵੈਨਕੂਵਰ ਦੇ ਗੁਰਦੁਆਰੇ ਅੰਦਰ ਵਤਨਪ੍ਰਸਤਾਂ ‘ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਕੇ ਬਹੁਤ ਸਾਰੇ ਦੇਸ਼ ਭਗਤਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ ਜਿੰਨ੍ਹਾਂ ਵਿੱਚੋਂ ਉੱਘੇ ਗ਼ਦਰੀ ਆਗੂ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਭਾਈ ਬਦਨ ਸਿੰਘ ਦਲੇਲਸਿੰਘ ਵਾਲਾ ਅਗਲੇ ਦਿਨ ਭਾਵ 6 ਸਤੰਬਰ 1914 ਨੂੰ ਹਸਪਤਾਲ ਵਿਖੇ ਪ੍ਰਾਣ ਤਿਆਗ ਕੇ ਸ਼ਹੀਦ ਦੇਸ਼ ਭਗਤਾਂ ਦੀ ਮਾਣਮੱਤੀ ਕਤਾਰ ਵਿੱਚ ਸ਼ਾਮਿਲ ਹੋ ਗਏ। 20 ਵੀਂ ਸਦੀ ਦੇ ਆਰੰਭ ਵਿੱਚ ਕੈਨੇਡਾ ਵਿੱਚ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਆਏ ਭਾਰਤੀਆਂ ਅਤੇ ਖ਼ਾਸ ਕਰਕੇ ਪੰਜਾਬੀਆਂ ਨੇ ਉਨ੍ਹਾਂ ਨਾਲ ਇੱਥੇ ਹੋ ਰਹੇ ਵਿਤਕਰਿਆਂ ਖ਼ਿਲਾਫ਼ ਆਵਾਜ਼ ਉਠਾਉਣ ਦਾ ਫ਼ੈਸਲਾ ਕੀਤਾ। ਇਨ੍ਹਾਂ ਅਣਖੀਲੇ ਲੋਕਾਂ ਨੇ ਆਪਣੀਆਂ ਤਮਾਮ ਬਿਪਤਾਵਾਂ ਦਾ ਕਾਰਨ ਬਰਤਾਨਵੀ ਸਾਮਰਾਜ ਦੀ ਗ਼ੁਲਾਮੀ ਨੂੰ ਜਾਣ ਕੇ ਇਸ ਤੋਂ ਆਪਣੇ ਵਤਨ ਨੂੰ ਆਜ਼ਾਦ ਕਰਵਾਉਣ ਬਾਰੇ ਸੋਚਣਾ ਅਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਭਾਈ ਭਾਗ ਸਿੰਘ ਭਿੱਖੀਵਿੰਡ ਇਨ੍ਹਾਂ ਦੇਸ਼ਭਗਤਾਂ ਵਿੱਚੋਂ ਪ੍ਰਮੁੱਖ ਸਨ।ਇਹ ਵੀ ਇਤਿਹਾਸਕ ਸੱਚ ਹੈ ਕਿ 1913 ਵਿੱਚ ਅਮਰੀਕਾ ਵਿੱਚ ਗਠਿਤ ਹੋਣ ਵਾਲੀ ਗ਼ਦਰ ਲਹਿਰ ਦੀ ਸ਼ੁਰੂਆਤ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਾਲੇ ਦੇਸ਼ ਭਗਤ ਪਹਿਲਾਂ ਹੀ ਕਰ ਚੁੱਕੇ ਸਨ ਹਾਲਾਂਕਿ ਇਸਦੀ ਬਾਕਾਇਦਾ ਸਰਗਰਮੀ ਦੀ ਸ਼ੁਰੂਆਤ ਬਰਤਾਨਵੀ ਸਾਮਰਾਜ ਤੋਂ ਮੁਕਤ ਧਰਤੀ ਹੋਣ ਕਾਰਨ ਯੂ.ਐੱਸ.ਏ. ਦੇ ਕੈਲੇਫੋਰਨੀਆਂ ਰਾਜ ਦੇ ਸ਼ਹਿਰ ਸਾਨਫਰਾਂਸਿਸਕੋ ਵਿਖੇ ਸਥਿਤ ਯੁਗਾਂਤਰ ਆਸ਼ਰਮ ਵਿੱਚੋਂ ਹੀ ਸੰਚਾਲਿਤ ਹੁੰਦੀ ਹੈ ਜਿੱਥੇ ਇਸ ਸੰਗਠਨ ਦੇ ਬਹੁਤ ਸਾਰੇ ਪ੍ਰਮੁੱਖ ਆਗੂਆਂ ਦਾ ਪੱਕਾ ਠਿਕਾਣਾ ਸੀ। 1872 ਈ.ਵਿੱਚ ਪੰਜਾਬ ਦੇ ਕਸਬਾ ਭਿੱਖੀਵਿੰਡ ਦੇ ਸ.ਨਰਾਇਣ ਸਿੰਘ ਸੰਧੂ ਦੇ ਘਰ ਮਾਤਾ ਮਾਨ ਕੌਰ ਦੀ ਕੁੱਖੋਂ ਪੈਦਾ ਹੋਏ ਭਾਗ ਸਿੰਘ ਨੇ ਖੇਤੀਬਾੜੀ ਦੇ ਕੰਮ ਉਪਰੰਤ ਬਰਤਾਨਵੀ ਫ਼ੌਜ, ਹਾਂਗਕਾਂਗ ਪੁਲਿਸ, ਸ਼ੰਘਾਈ ਦੀ ਮਿਉਂਸੀਪਲ ਪੁਲਿਸ ਦੀ ਨੌਕਰੀ ਕੀਤੀ।ਉਹ 1906 ਵਿੱਚ ਕੈਨੇਡਾ ਆ ਗਏ ਜਿੱਥੇ ਉਨ੍ਹਾਂ ਨੂੰ ਗ਼ੁਲਾਮੀ ਦੀ ਦਿਲ ਚੀਰਵੀਂ ਪੀੜ ਅਤੇ ਨਮੋਸ਼ੀ ਦਾ ਤੀਖਣ ਅਹਿਸਾਸ ਹੋਇਆ। ਨਸਲੀ ਵਿਤਕਰਿਆਂ ਖ਼ਿਲਾਫ਼ ਸੰਗਠਿਤ ਹੋਣ ਦੀ ਜ਼ਰੂਰਤ ਨੇ ਭਾਈ ਭਾਗ ਸਿੰਘ ਭਿੱਖੀਵਿੰਡ ਨੂੰ ਵੈਨਕੂਵਰ ਆ ਕੇ ਹਮਖਿਆਲ ਦੇਸ਼ ਵਾਸੀਆਂ ਨਾਲ ਮਿਲਨ ਲਈ ਮਜਬੂਰ ਕਰ ਦਿੱਤਾ। ਭਾਈ ਭਾਗ ਸਿੰਘ ਭਿੱਖੀਵਿੰਡ, ਭਾਈ ਬਲਵੰਤ ਸਿੰਘ ਖੁਰਦਪੁਰ, ਭਾਈ ਮੇਵਾ ਸਿੰਘ ਲੋਪੋਕੇ, ਭਾਈ ਕਰਮ ਸਿੰਘ ਦੌਲਤਪੁਰ,ਬਾਬੂ ਤਾਰਕਨਾਥ ਦਾਸ, ਜੀ.ਡੀ.ਕੁਮਾਰ,ਹਰਨਾਮ ਸਿੰਘ ਸਾਹਰੀ ਕਾਹਰੀ,ਹੁਸੈਨ ਰਹੀਮ ਆਦਿਕ ਨੇ ਦੇਸ਼ ਦੀ ਆਜ਼ਾਦੀ ਲਈ ਸੰਗਠਿਤ ਰੂਪ ਵਿੱਚ ਸੰਘਰਸ਼ ਕਰਨ ਦਾ ਨਿਰਣਾ ਕੀਤਾ। ਭਾਈ ਬਦਨ ਸਿੰਘ ਦਲੇਲਸਿੰਘ ਵਾਲਾ ਜਿਸ ਦਾ ਸੰਬੰਧ ਮਾਨਸਾ ਜ਼ਿਲ੍ਹੇ ਨਾਲ ਸੀ ਉਨ੍ਹਾਂ ਦਾ ਜਨਮ 1864 ਈ.ਨੂੰ ਦਲੇਲਸਿੰਘ ਵਾਲਾ ਦੇ ਸ.ਬਘੇਲ ਸਿੰਘ ਜਵੰਦਾ ਦੇ ਘਰ ਮਾਤਾ ਜੀਊਣੀ ਦੀ ਕੁੱਖੋਂ ਹੋਇਆ।ਉਹ ਵੀ ਫੌਜ ਤੇ ਹਾਂਗਕਾਂਗ ਦੀ ਜੇਲ੍ਹ ਗਾਰਡ ਦੀ ਨੌਕਰੀ ਉਪਰੰਤ 1907 ਵਿੱਚ ਕੈਨੇਡਾ ਆ ਕੇ ਦੇਸ਼ ਭਗਤ ਗਰੁੱਪ ਵਿੱਚ ਸ਼ਾਮਿਲ ਹੋ ਜਾਂਦੇ ਹਨ। ਦੇਸ਼ ਭਗਤ ਗਰੁੱਪ ਵਾਲੇ ਲੋਕਾਂ ਨੇ ਆਪਣੀਆਂ ਸਮਾਜਕ ਰਾਜਨੀਤਕ ਸਰਗਰਮੀਆਂ ਲਈ ਕੇਂਦਰ ਵਜੋਂ 1908 ਈ. ਵਿੱਚ ਵੈਨਕੂਵਰ ਵਿਖੇ ਕੈਨੇਡਾ ਦਾ ਪਹਿਲਾ ਗੁਰਦੁਆਰਾ ਉਸਾਰਿਆ ਜਿਸ ਦਾ ਪ੍ਰਬੰਧ ਵਤਨਪ੍ਰਸਤ ਉਦਾਰਵਾਦੀ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨੇ ਸੰਭਾਲਿਆ ਜੋ ਰਾਜਨੀਤਕ ਤੌਰ ‘ਤੇ ਯੂਨਾਇਟਡ ਇੰਡੀਆ ਲੀਗ ਦੀ ਹਮਖਿਆਲ ਸੀ। ਵਰਣਨਯੋਗ ਹੈ ਕਿ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ 13 ਮਾਰਚ 1909 ਰਜਿਸਟਰ ਕਰਵਾਈ ਗਈ ਸੀ। ਭਾਈ ਭਾਗ ਸਿੰਘ ਭਿੱਖੀਵਿੰਡ ਨੇ ਇਸਦੇ ਪਹਿਲੇ ਸੈਕਟਰੀ ਅਤੇ ਅਗਲੇ ਸਾਲ ਤੋਂ ਪ੍ਰਧਾਨ ਵਜੋਂ ਸੇਵਾ ਸੰਭਾਲ ਲਈ। ਇਸ ਦੌਰ ਵਿੱਚ ਕੈਨੇਡਾ ਦੇ ਸਿੱਖਾਂ ਵਿੱਚ ਰਾਜਸੀ ਮਸਲਿਆਂ ਤੋਂ ਨਿਰਲੇਪ ਰਹਿ ਕੇ ਸਰਕਾਰ ਦੇ ਸਹਿਯੋਗ ਨਾਲ ਵਿਦਿਆ ਅਤੇ ਧਰਮ ਪ੍ਰਚਾਰ ਵੱਲ ਰੁਚਿਤ ਸੰਤ ਤੇਜਾ ਸਿੰਘ ਨਾਲ ਸੰਬੰਧਤ ਧਿਰ ਭਾਵੇਂ ਇਨ੍ਹਾਂ ਦੇਸ਼ ਭਗਤ ਸੂਰਮਿਆਂ ਦੇ ਵਿਰੁੱਧ ਨਹੀਂ ਸੀ ਪਰ ਅੰਗਰੇਜ਼ ਅਧਿਕਾਰੀ ਹਾਪਕਿਨਸਨ ਦੇ ਝੋਲ਼ੀ ਚੁੱਕ ਬੇਲਾ ਸਿੰਘ ਜਿਆਣ, ਅਰਜਨ ਸਿੰਘ,ਬਾਬੂ ਸਿੰਘ ਲਿਤਰਾਂ ਤੇ ਗੰਗਾ ਰਾਮ ਬਾੜੀਆਂ ਆਦਿਕ 50 -60 ਆਦਮੀ ਸਰਕਾਰੀ ਸ਼ਹਿ ‘ਤੇ ਦੇਸ਼ ਭਗਤਾਂ ਦੇ ਵਿਰੁੱਧ ਸਰਗਰਮ ਸਨ ਅਤੇ ਉਹ ਹਰ ਮੁੱਦੇ ‘ਤੇ ਇਨ੍ਹਾਂ ਨਾਲ ਟਕਰਾਉਣ ਦੀ ਤਾਕ ਵਿੱਚ ਰਹਿੰਦੇ ਸਨ। ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫ਼ਰਾਂ ਨੂੰ ਵੈਨਕੂਵਰ ਪੋਰਟ ਉਤਾਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਿਸ ਵਿੱਚ ਕਾਨੂੰਨੀ ਚਾਰਾਜੋਈ ਕਰਨ ਦੇ ਨਾਲ ਨਾਲ ਕਿਰਾਏ ਲਈ ਵੱਡੀ ਮਾਤਰਾ ਵਿੱਚ ਧਨ ਰਾਸ਼ੀ ਇਕੱਠੀ ਕਰਨਾ ਅਤੇ ਜਹਾਜ਼ ਦਾ ਪਟਾ ਗੁਰਦਿੱਤ ਸਿੰਘ ਦੀ ਥਾਂ ਆਪਣੇ ਅਤੇ ਹੁਸੈਨ ਰਹੀਮ ਦੇ ਨਾਂ ਕਰਵਾਉਣਾ ਵੀ ਸ਼ਾਮਿਲ ਸੀ। ਇਸੇ ਦੌਰਾਨ ਭਾਈ ਸਾਹਿਬ ਦੀ ਪਤਨੀ ਇੱਕ ਲੜਕੀ ਨੂੰ ਜਨਮ ਦੇਣ ਉਪਰੰਤ ਗੁਜ਼ਰ ਗਈ। ਪਰਿਵਾਰਕ ਸੰਕਟ ਅਤੇ ਛੋਟੇ ਬੱਚਿਆਂ ਦੀ ਸੰਭਾਲ ਵਰਗੀਆਂ ਅੜਿਚਣਾ ਵੀ ਭਾਈ ਸਾਹਿਬ ਨੂੰ ਵਡੇਰੇ ਕੌਮੀ ਕਾਰਜਾਂ ਤੋਂ ਰੋਕਣ ਵਿੱਚ ਅਸਮਰਥ ਰਹੀਆਂ। ਕਾਮਾਗਾਟਾਮਾਰੂ ਰਾਹੀਂ ਦੇਸ਼ ਵਿੱਚ ਗ਼ਦਰ ਲਈ ਹਥਿਆਰ ਭੇਜਣ ਦੇ ਇੰਤਜ਼ਾਮ ਵਿੱਚ ਭਾਈ ਭਾਗ ਸਿੰਘ ਭਿੱਖੀਵਿੰਡ ਨੂੰ ਆਪਣੇ ਸਾਢੇ ਤਿੰਨ ਸਾਲ ਦੇ ਸਪੁੱਤਰ ਜੋਗਿੰਦਰ ਸਿੰਘ ਸਮੇਤ ਜੇਲ੍ਹ ਵੀ ਕੱਟਣੀ ਪਈ। ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਬਰਤਾਨਵੀ ਸਾਮਰਾਜ ਵਿਰੁੱਧ ਕੀਤੀਆਂ ਜਾ ਰਹੀਆਂ ਸਰਗਰਮੀਆਂ ਤੋਂ ਭੈਅਭੀਤ ਬਰਤਾਨਵੀ ਅਧਿਕਾਰੀ ਵਿਲੀਅਮ ਹਾਪਕਿਨਸਨ ਆਪਣੇ ਪਿੱਠੂਆਂ ਕੋਲੋਂ ਉਨ੍ਹਾਂ ਦੇਸ਼ ਭਗਤਾਂ ਨੂੰ ਖਤਮ ਕਰਵਾਉਣ ਲਈ ਬੇਚੈਨ ਸੀ। ਪੰਜ ਸਤੰਬਰ 1914 ਨੂੰ ਵੈਨਕੂਵਰ ਦੇ ਗੁਰਦੁਆਰੇ ਵਿੱਚ ਹਾਪਕਿਨਸਨ ਦਾ ਆਦਮੀ ਬੇਲਾ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਬੈਠੇ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਉਨ੍ਹਾਂ ਦੇ ਨਾਲ ਬੈਠੇ ਭਾਈ ਭਾਗ ਸਿੰਘ ਭਿੱਖੀਵਿੰਡ ਨੂੰ ਆਪਣੇ ਹਾਦਸੇ ਵਜੋਂ ਚੱਲੀ ਗੋਲ਼ੀ ਨਾਲ ਮਾਰੇ ਗਏ ਸਾਥੀ ਅਰਜਨ ਸਿੰਘ ਦੀ ਮੌਤ ਦਾ ਬਦਲਾ ਲੈਣ ਦੇ ਨਾਮ ਤਹਿਤ ਹਾਪਕਿਨਸਨ ਦੇ ਕਹਿਣ ‘ਤੇ ਗੋਲ਼ੀਆਂ ਦਾ ਨਿਸ਼ਾਨਾ ਬਣਾਉਂਦਾ ਹੈ।ਉਹ ਜਦੋਂ ਭਾਈ ਭਾਗ ਸਿੰਘ ਉੱਪਰ ਗੋਲ਼ੀ ਚਲਾਉਣੀ ਸ਼ੁਰੂ ਕਰਦਾ ਹੈ ਉਸੇ ਵਕਤ ਭਾਈ ਬਦਨ ਸਿੰਘ ਦਲੇਲਸਿੰਘ ਵਾਲਾ ਉਸ ਜੱਫਾ ਮਾਰ ਲੈਂਦੇ ਹਨ। ਇਸ ਹਮਲੇ ਵਿੱਚ ਭਾਈ ਬਦਨ ਸਿੰਘ ਦੀ ਹਿੰਮਤ ਨਾਲ ਭਾਈ ਬਲਵੰਤ ਸਿੰਘ ਖੁਰਦਪੁਰ ਤਾਂ ਬਚ ਜਾਂਦੇ ਹਨ ਪਰ ਭਾਈ ਭਾਗ ਸਿੰਘ ਅਤੇ ਬਦਨ ਸਿੰਘ ਸਖ਼ਤ ਜ਼ਖ਼ਮੀ ਹੋ ਜਾਂਦੇ ਹਨ ਅਤੇ ਅਗਲੇ ਦਿਨ ਭਾਵ 6 ਸਤੰਬਰ ਨੂੰ ਪ੍ਰਾਣ ਤਿਆਗ ਦਿੰਦੇ ਹਨ। ਭਾਵੇਂ ਹਾਪਕਿਨਸਨ ਵਰਗੇ ਦੁਰਾਚਾਰੀ ਅਧਿਕਾਰੀਆਂ ਦੀ ਵਜ੍ਹਾ ਕਰਕੇ ਬੇਲਾ ਸਿੰਘ ਸਜ਼ਾ ਤੋਂ ਬਚ ਜਾਂਦਾ ਹੈ ਪਰ ਭਾਈ ਮੇਵਾ ਸਿੰਘ ਲੋਪੋਕੇ ਹਾਪਕਿਨਸਨ ਨੂੰ ਮਾਰ ਕੇ ਅਤੇ ਭਾਈ ਹਰੀ ਸਿੰਘ ਸੂੰਢ ਭਾਰਤ ਵਿੱਚ ਬੱਬਰ ਅਕਾਲੀ ਲਹਿਰ ਦੌਰਾਨ ਬੇਲਾ ਸਿੰਘ ਨੂੰ ਮਾਰ ਕੇ ਆਪਣੇ ਦੇਸ਼ ਭਗਤ ਸਾਥੀਆਂ ਦਾ ਬਦਲਾ ਲੈਂਦੇ ਹਨ। ਵੈਨਕੂਵਰ ਦੇ ਉਸੇ ਗੁਰਦੁਆਰੇ ਦੇ ਨਵੇਂ ਦਰਬਾਰ ਵਿੱਚ ਇਨ੍ਹਾਂ ਮਹਾਨ ਦੇਸ਼ ਭਗਤਾਂ ਨਮਿਤ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ 7 ਸਤੰਬਰ ਦਿਨ ਐਤਵਾਰ ਨੂੰ ਸਮਾਗਮ ਕਰਵਾ ਕੇ ਸ਼ਰਧਾ ਸੁਮਨ ਭੇਟ ਕਰ ਰਹੀ ਹੈ।

