ਲੇਖਕ : ਗੁਰਦੇਵ ਸਿੰਘ ਆਲਮਵਾਲਾ —
ਚੁਫੇਰ ਤੋਂ ਮਤਲਬ ਚਾਰੇ ਖੁੰਝਾਂ ਦਾ ਫੇਰਾ ਜਾਂ ਚਾਰੇ ਓਰ ਜਾਂ ਚਾਰੇ ਪਾਸੇ ਫਿਰਨਾ ਫੇਰਨਾਂ ਜਾਂ ਕਿਸੇ ਰਕਬੇ ਦੀਆਂ ਚਾਰੇ ਭੁਜਾਵਾਂ ਦਾ ਸਬੰਧ ਕਿਸੇ ਨਾਲ ਦੇ ਖਿੱਤਿਆਂ ਨਾਲ ਜੁੜਿਆ ਹੋਣਾ । ਇਨਸਾਨੀ ਤੌਰ ਤੇ ਚਾਰੇ ਪਾਸੇ ਗੱਠਜੋੜ ਦੇ ਗੜ੍ਹ ਨਾਲ ਲਗਕੇ ਮਤਲਬ ਰੱਖਣ ਵਾਲੇ ਨੂੰ ਚੁਫੇਰਗੜ੍ਹੀਆ ਕਹਿੰਦੇ ਹਨ। ਹੋਰ ਵੀ ਇਸ ਦੇ ਅਰਥ ਹੋ ਸਕਦੇ ਹਨ ਹਰਦੇਗੀ ਚਮਚਾ, ਖੁਸ਼ਾਮੰਦੀ ਕਰਨ ਵਾਲਾ, ਜੋ ਕਿਸੇ ਨਿਯਮ ਦਾ ਪਾਬੰਦ ਨਾਂ ਹੋਵੇ । ਵੈਸੇ ਗੜ੍ਹ ਦਾ ਮਤਲਬ ਇੱਕ ਘੇਰੇ ਵਿੱਚ ਆਉਂਦੀ ਜ਼ਮੀਨ ਜਾਂ ਕਿਸੇ ਥਾਂ ਉੱਤੇ ਕਾਬਜ਼ ਕੋਈ ਸੰਸਥਾਪਿਕ ਨਾਮ ਹੋ ਸਕਦਾ, ਜੋ ਉਹ ਖਿੱਤਾ ਉਸ ਦੇ ਨਾਮ ਨਾਲ ਜਾਣਿਆ ਜਾਂਦਾ ਹੋਵੇ ਜਾਂ ਉਸ ਥਾਂ ਬੋਲਦੀ ਹੋਵੇ ਜਿਵੇਂ ਕਿਲ੍ਹਾ ਲੋਹਗੜ੍ਹ, ਪਿੰਡ ਲੋਹਗੜ੍ਹ, ਵੱਖਤ ਗੜ੍ਹ, ਅਮਰ ਗੜ੍ਹ, ਅਜਮੇਰ ਗੜ੍ਹ, ਇੰਦ ਗੜ੍ਹ, ਪਤਾਲ਼ ਗੜ੍ਹ, ਮਹਿਤਾਬ ਗੜ੍ਹ, ਚਿਤੌੜਗੜ੍ਹ, ਕੇਸ ਗੜ੍ਹ, ਕਿਸ਼ਨ ਗੜ੍ਹ, ਜਾਂ ਹੋਰ ਵੀ ਕਈ ਥਾਵਾਂ ਜੋ ਗੜ੍ਹਬੰਦੀ ਜਾਂ ਹੱਦਬੰਦੀ ਵਿੱਚ ਆਉਂਦੀਆਂ ਹੋਵਣ ਜਾਂ ਉਹਨਾਂ ਥਾਵਾਂ ਨੂੰ ਉਹਨਾਂ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੋਵੇ ਇਸ ਤਰਾਂ ਦੇ ਇਹ ਹੋਰ ਵੀ ਬਹੁਤ ਨਾਮ ਹੋ ਸਕਦੇ ਹਨ। ਚੌਫੇਰਗੜ੍ਹੀਏ ਲਫਜ਼ ‘ਬਹੁ ਬਚਨ’ ਬਹੁਤਿਆਂ ਤੋਂ ਹੋ ਸਕਦਾ, ਚੌਫੇਰਗੜੀਆ ‘ਇੱਕ ਬਚਨ’ ਸਿਰਫ਼ ਇਕ ਦਾ ਸੰਕੇਤ ਦਿੰਦਾ ਹੈ। ਇਕੱਲਾ ਉਹ ਪ੍ਰਾਣੀ ਹੋ ਸਕਦਾ ਜੋਂ ਚਾਰੇ ਪਾਸੇ ਘੁੰਮਦਾ ਹੋਵੇ ਜਿਸ ਦਾ ਕਦੇ ਇੱਕ ਸਥਿਰ ਸਟੈਂਡ ਨਾਂ ਹੋਵੇ ਪੈਰ ਪੈਰ ਉੱਤੇ ਬਦਲਦਾ ਹੋਵੇ। ਚਾਪਲੂਸੀ ਕਰਣ ਦਾ ਤਜਰਬਾ ਰੱਖਦਾ ਹੋਵੇ। ਉਸ ਨੂੰ ਲਾਟੂ ਵਰਗਾ ਕਹਿ ਕੇ ਤਾਂ ਲਾਟੂ ਦੀ ਬੇਇੱਜ਼ਤੀ ਕਰਨੀ ਹੋ ਸਕਦੀ ਹੈ ਕਿਉਂਕਿ ਲਾਟੂ ਤਾਂ ਫਿਰ ਵੀ ਇਕ ਪੁਆਇੰਟ ਉੱਤੇ ਘੁੰਮਦਾ ਘੁੰਮਦਾ ਅਤੇ ਗਤੀ ਘੱਟਣ ਨਾਲ ਅਖੀਰ ਨੂੰ ਡਿੱਗ ਪੈਂਦਾ, ਪ੍ਰੰਤੂ ਚੁਫੇਰਗੜ੍ਹੀਆ ਤਾਂ ਘੁੰਮਦਾ ੨ ਕਈ ਹੋਰ ਪਾਸੇ ਕੋਈ ਨ ਕੋਈ ਦਾਅ ਪੇਚ ਮਾਰ ਜਾਂਦਾ ਅਤੇ ਆਪ ਦਾ ਕੰਮ ਕੱਢ ਜਾਂਦਾ ਹੈ। ਬਹੁਤੇ ਸਿਆਸੀ ਪਾਰਟੀਆਂ ਦੇ ਵੱਡੇ ਲੀਡਰ ਇਹਨਾਂ ਚੁਫੇਰਗੜ੍ਹੀਆਂ ਦੀ ਇਹ ਆਦਤ ਦਾ ਬਹੁਤ ਫਾਇਦਾ ਚੁੱਕਦੇ ਹਨ। ਉਂਝ ਵੀ ਜਿਹੜੀ ਪਾਰਟੀ ਪਾਵਰ ਵਿੱਚ ਆ ਗਈ ਚੁਫੇਰਗੜ੍ਹੀਏ ਲੋਕ ਉਸ ਦੀ ਚਾਪਲੂਸੀ ਕਰਨੀ ਸ਼ੁਰੂ ਕਰ ਦਿੰਦੇ ਹਨ ਜਿੱਧਰ ਗਿਆ ਬਾਣੀਆਂ ਓਧਰ ਗਿਆ ਬਜ਼ਾਰ, ਚੜਦੇ ਸੂਰਜ ਨੂੰ ਸਲਾਮਾਂ ਕਰਨੀਆਂ, ਹਮੇਸ਼ਾ ਝੁੱਕਦੇ ਪੱਲੜੇ ਵੱਲ ਜਾਣਾ, ਡੁੱਬਦੇ ਬੇੜੇ ਵਿਚੋਂ ਤਾਂ ਚੂਹੇ ਵੀ ਛਾਲ਼ਾਂ ਮਾਰ ਜਾਂਦੇ ਹਨ। ਹਮੇਸ਼ਾ ਚੌਫੇਰਗੜ੍ਹੀਏ ਨੇ ਸਮੇਂ ਦੀ ਤਾਕ ਵਿਚ ਰਹਿਣਾ ਹੁੰਦਾ ਉਸ ਨੇ ਊਰੀ ਵਾਂਗੂੰ ਕਦੋਂ ਘੁੰਮਣਾ ਇਹ ਉਸ ਨੂੰ ਪਤਾ ਹੁੰਦਾ। ਉੱਪਰ ਪਾਵਰ ਵਿੱਚ ਬੈਠੀਆਂ ਵੱਡੀਆਂ ਹਕੂਮਤਾਂ ਦੇ ਬੈਰੋਕਰੇਡਾਂ ਦਾ ਇਸ ਪਾਸੇ ਪੂਰਾ ਧਿਆਨ ਹੁੰਦਾ ਕਿ ਕਿਹੜੇ ਚੌਫੇਰਗੜ੍ਹੀਏ ਵਾਸਤੇ ਕਿਹੜਾ ਫੰਧ੍ਹਾ (ਟਰੈਪ) ਸੈੱਟ ਕਰਨਾਂ ਹੈ। ਉਹ ਕਦੇ ਵੀ ਕਿਸੇ ਟਾਈਮ ਚੌਫੇਰਗੜ੍ਹੀਏ ਨੂੰ ਫੂਕ ਛਕਾ ਕੇ ਉਸ ਦੀਆਂ ਵਾਗਾਂ ਖੁੱਲੀਆਂ ਛੱਡ ਦਿੰਦੇ ਕਿ ਜੋ ਤੈਂ ਲੁੱਟ ਖਸੁੱਟ ਕਰਨੀ ਹੈ ਦੱਬ ਕੇ ਕਰ, ਤੈਨੂੰ ਖੁੱਲੀ ਛੁੱਟੀ ਹੈਂ। ਉਹ ਜਿੰਨੀਆਂ ਗਲਤੀਆਂ ਕਰੀ ਜਾਂਦਾ ਉਨੇ ਹੀ ਉਸ ਦੇ ਅੰਦਰੂਨੀ ਕੇਸ ਗੁਪਤ ਤਰੀਕੇ ਨਾਲ ਇਕੱਠੇ ਹੋਈ ਜਾਂਦੇ ਹਨ। ਉਸ ਦੇ ਕੇਸਾਂ ਦੀ ਲਾਈਨ ਓਨੀਂ ਹੀ ਲੰਮੀ ਹੋ ਜਾਂਦੀ ਹੈ ਤੇ ਹੌਲੀ ੨ ਉਹ ਇੱਕ ਟਰੈਪ ਵਿਚ ਫਸਦਾ ਚਲਾ ਜਾਂਦਾ। ਉਸ ਦੀਆਂ ਕਮਜ਼ੋਰੀਆਂ ਹੀ ਉਸ ਨੂੰ ਪੱਕਾ ਚੌਫੇਰਗੜ੍ਹੀਆ ਬਣਾ ਦਿੰਦੀਆਂ, ਹਕੂਮਤ ਕਦੋਂ ਵੀ ਉਸ ਦੀ ਕਮਜ਼ੋਰੀ ਵਰਤ ਕੇ ਉਸ ਤੋਂ ਪੁੱਠਾ ਸਿੱਧਾ ਬਿਆਨ ਦੁਆ ਕੇ ਆਪ ਦਾ ਕੰਮ ਕੱਢਵਾਅ ਸਕਦੀ ਹੈ। ਉਹਨਾਂ ਨੂੰ ਪਤਾ ਹੁੰਦਾ ਕਿ ਇਹੋ ਜਿਹਾ ਚੁਫੇਰਗੜ੍ਹੀਆ ਮੁੱਠੀ ਵਿਚ ਆਏ ਟਿੱਡੇ ਵਾਂਗੂੰ ਹੁੰਦਾ ਜਦੋਂ ਮਰਜ਼ੀ ਮੁੱਠੀ ਘੁੱਟੀ ਟਿੱਡੇ ਦੀ ਜਾਨ ਛੁੱਟੀ। ਪਿਛਲੇ ਕੁਝ ਅਰਸੇ ਦੌਰਾਨ ਹਕੂਮਤਾਂ ਨੇ ਬਹੁਤਿਆਂ ਦੀਆਂ ਪੂਛਾਂ ਉੱਤੇ ਪੈਰ ਰੱਖ ਕੇ, ਵੱਡੇ ਵੱਡੇ ਕਹਿੰਦੇ ਕਹਾਉਂਦੇ ਖੱਬੀ ਖਾਨ ਆਪ ਦੀ ਪਾਰਟੀ ਵਿੱਚ ਸ਼ਾਮਲ ਕਰ ਲਏ ਹਨ ਅਤੇ ਹੋਰਨਾਂ ਉੱਪਰ ਅਜੇ ਪ੍ਰੈਕਟਿਸ ਜਾਰੀ ਹੈ। ਕਿਸੇ ਦੀ ਦੁੱਖਦੀ ਰਗ਼ ਉਤੇ ਹੱਥ ਰੱਖ ਦੇਣਾ ਹੀ ਡਾਢਿਆਂ ਦਾ ਅਸੂਲ ਰਿਹਾ। ਚੁਫੇਰਗੜ੍ਹੂੀਆ ਤਾਂ ਬੋਤੇ ਦੀ ਮਾਰੀ ਚੰਬਲ ਵਾਂਗੂੰ, ਗਊ ਬਣ ਕੇ, ਬਲੀ ਦਾ ਬੱਕਰਾ ਬਣ ਮਗਰ ਲੱਗ ਜਾਂਦਾ ਫਿਰ ਮਦਾਰੀ ਦੇ ਬਾਂਦਰ ਵਾਂਗੂੰ ਅਕੀਦੇ ਜਦੋਂ ਮਰਜ਼ੀ ਉਸ ਨੂੰ ਲੋਕਾਂ ਵਿੱਚ ਨੱਚਣ ਲਾ ਦਿੰਦੇ ਹਨ । ਇਕ ਵਾਰ ਸਰਕਾਰੀ ਠੱਪਾ ਲੱਗਣ ਸਾਰ ਪਹਿਲਾਂ ਉਹ ਯੱਕਦਮ ਆਪ ਦਿਆਂ ਨੂੰ ਹੀ ਕੋਸਦਾ ਜਾਂ ਭੰਡਣਾ ਸ਼ੁਰੂ ਕਰ ਦਿੰਦਾ, ਭਾਵੇਂ ਉਹ ਆਪ ਗੋਲਕ ਚੋਰ ਜਾਂ ਸਾਇਕਲ ਚੋਰ ਹੀ ਕਿਉਂ ਨਾਂ ਰਿਹਾ ਹੋਵੇ ਕਿਉਂਕਿ ਉਸ ਨੇ ਆਪਣੇ ਆਪ ਨੂੰ ਪੱਕਾ ਵਫ਼ਾਦਾਰ ਸਾਬਤ ਕਰਕੇ ਆਪ ਦੇ ਅਕੀਦਿਆਂ ਨੂੰ ਖ਼ੁਸ਼ ਕਰਕੇ ਪੱਕਾ ਸਰਕਾਰੀ ਸੀਰਟੀਫੀਕੇਟ ਲੈਣਾ ਹੁੰਦਾ ਹੈ। ਕੁਝ ਚੁਫੇਰਗੜ੍ਹੀਆਂ ਨੂੰ ਨਕਲੀ ਸਾਧ ਬਣਾ ਕੇ ਜਾਂ ਬਹੁਤ ਤੱਤੇ ਬਿਆਨ ਦੁਆ ਕੇ ਆਂਮ ਲੋਕਾਂ ਵਿਚ ਛੱਡ ਦਿੱਤੇ ਜਾਂਦੇ ਜੋ ਆਪਣੇ ਵਰਗਿਆਂ ਨਾਲ ਆਹਢਾ ਲਾਕੇ ਆਂਮ ਲੋਕਾਂ ਵਿਚ ਮਸ਼ਹੂਰ ਹੋ ਜਾਂਦੇ ਹਨ। ਸਿੱਖੀ ਭੇਸ ਵਿਚ ਤਿਲਕ ਲਾਕੇ ਜਾਂ ਅਨੋਖੇ ਸ਼ਾਸਤਰ ਪੁਆ ਕੇ, ਅੜੱਬ ਸਾਧ ਬਣਾ ਕੇ ਜੰਤਾਂ ਵਿਚ ਛੱਡ ਦਿੱਤੇ ਜਾਂਦੇ ਜੋਂ ਅਲੋਕਾਰ ਹੀ ਗੱਲਾਂ ਗੱਪ ਗਪੌੜ ਛੱਡਦੇ ਰਹਿੰਦੇ ਹਨ। ਸਰਕਾਰੀ ਸੈੱਲ ਮੀਡੀਆ ਖੂਬ ਉਹਨਾਂ ਨੂੰ ਉਛਾਲਦਾ ਹੈ। ਇੱਕ ਚੁਫੇਰਗੜ੍ਹੀਆ ਮੱਧਮ ਪੈਂਦਾ ਝੱਟ ਦੂਸਰਾ ਤਿਆਰ ਕਰ ਲਿਆ ਜਾਂਦਾ ਹੈ। ਇਹੋ ਜਿਹੇ ਚੁਫੇਰਗੜ੍ਹੀਆਂ ਨੂੰ ਪੱਕੀਆਂ ਸੀਟਾਂ ਦੀਆਂ ਟਿਕਟਾਂ ਕਦੇ ਨਹੀਂ ਮਿਲਦੀਆਂ ਕਿਉਂਕਿ ਇਹ ਚੁਫੇਰਗੜੀਏ ਹੋਣ ਕਰਕੇ ਕਦੇ ਵੀ ਕਿਤੋਂ ਹੋਰ ਚੰਗੀ (ਬੁਰਕੀ ਖਾਕੇ) ਕੀਮਤ ਪੁਆ ਕੇ ਉਰੀ ਵਾਂਗੂੰ ਘੁੰਮ ਕੇ ਕਿਸੇ ਹੋਰ ਪਾਸੇ ਦੀ ਵੀ ਚਾਪਲੂਸੀ ਜਾਂ ਖ਼ੁਸ਼ਾਮਦੀ ਕਰ ਸਕਦੇ ਹਨ। ਕਈ ਵਾਰ ਇਹ ਸਾਰੇ ਪਾਸਿਆਂ ਤੋਂ ਨਿਕਾਰੇ ਹੋ ਜਾਂਦੇ, ਫਿਰ ਵੀ ਇਹ ਆਪ ਦੀ ਵੱਖਰੀ ਡੁੱਗਡੁਗੀ ਵਜਾ ਕੇ ਵੱਖਰਾ ਪਲੇਟ ਫਾਰਮ ਖੜਾ ਕਰੀ ਰੱਖਦੇ ਹਨ। ਇਹ ਮਰਦੇ ਨਹੀਂ ! ਲੋਕਾਂ ਵਿੱਚ ਸਹਿਕਦੇ ਜਰੂਰ ਫਿਰੀਂ ਜਾਂਦੇ। ਕਦੇ ਕਦੇ ਬਹੁਤੇ ਚੁਫੇਰਗੜ੍ਹੀਆ ਨੂੰ ਟਿਕਟ ਹੀ ਉੱਥੋਂ ਮਿਲਦੀ ਜਿਥੇ ਸਾਹਮਣੇ ਵਾਲਾ ਉਸ ਦਾ ਯਾਨੀ ਦੁਸ਼ਮਣ ਖੜਾ ਹੋਵੇ। ਅਯੋਕੇ ਸਮੇਂ ਤਿੰਨ ਮਸ਼ਹੂਰ ਲੀਡਰਾ (ਚੁਫੇਰਗੜ੍ਹੀਆਂ) ਨੂੰ ਛੱਡ ਕੇ ਬਾਕੀ ਦੇ ਸਾਰੇ ਚੁਫੇਰਗੜ੍ਹੀਏ ਟਾਈਮ ਪਾਸ ਜਾਂ ਪੈਸਾ ਕਮਾਉਣ ਤਕ ਹੀ ਸੀਮਤ ਰਹੇ ਹਨ। ਦੋ ਲੀਡਰਾਂ ਨੇ ਆਪਣੀਆਂ ਨਵੀਆਂ ਪਾਰਟੀਆਂ ਵੀ ਬਣਾਈਆਂ ਤੇ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਘੁੰਮ ਕੇ ਵਿਚਰ ਕੇ ਵੀ ਵੇਖ ਲਿਆ। ਇਹਨਾੰ ਵਿੱਚੋਂ ਇੱਕ ਪਾਸ ਹੋਇਆ ਤੇ ਦੂਸਰਾ ਅਜੇ ਤੱਕ ਫੇਲ੍ਹ ਹੈ। ਤੀਸਰਾ ਕੋਈ ਕਲਾਕਾਰ ਵੀ ਹੋ ਸਕਦਾ ਜਿਸ ਨੇ ਕਈ ਪਾਰਟੀਆਂ ਬਦਲੀਆਂ ਹੋਵਣ, ਆਪਣੇ ਚੌਗਿਰਦੇ ਧਿਆਨ ਮਾਰ ਕੇ ਵੇਖੋ ਸ਼ਾਇਦ ਤੁਹਾਨੂੰ ਦਿਸ ਪੈਣ ਜਾਂ ਤੁਸੀਂ ਕਿਸੇ ਬਾਰੇ ਅੰਦਾਜ਼ਾ ਲਾ ਸਕਦੇ ਹੋਵੋ । ਇੰਨਾਂ ਦੀ ਜਦੋਂ ਜੱਦੀ ਸੂਬੇ ਵਿੱਚ ਦਾਲ਼ ਨਾਂ ਗਲ਼ੇ ਤਾਂ ਇਹ ਦੂਸਰੇ ਸੂਬਿਆਂ ਵਿੱਚ ਜ਼ੋਰ ਅਜ਼ਮਾਈ ਕਰਕੇ ਬਾਜ਼ੀ ਮਾਰ ਜਾਂਦੇ ਹਨ। ਤਾਹੀ ਤਾਂ ਇਹਨਾਂ ਨੂੰ ਨੈਸ਼ਨਲ ਚੁਫੇਰਗੜ੍ਹੀਏ ਕਹਿੰਦੇ ਹਨ। ਬਾਹਰਲੇ ਦੇਸ਼ਾਂ ਵਿੱਚ ਵੀ ਜੇਕਰ ਇੱਕ ਗੁਰਦੁਆਰੇ ਵਿੱਚੋਂ ਇੱਕ ਗਰੁਪ ਭਾਰੂ ਹੁੰਦਾ ਉਸ ਵਿੱਚੋਂ ਦੂਸਰਾ ਨਿੱਖੜ ਕੇ ਹੋਰ ਦੁਸਰੀ ਜਗ੍ਹਾ ਟਰੱਸਟ ਖੜਾ ਕਰਕੇ ਹੋਰ ਨਵੇਂ ਗੁਰਦੁਆਰੇ ਦੀ ਸ਼ੁਰੂਆਤ ਕਰ ਲੈਦਾ ਤਾਂ ਉਦੋਂ ਇਹੋ ਜਿਹੇ ਚੁਫੇਰਗੜ੍ਹੀਏ ਹੀ ਕੰਮ ਆਉਂਦੇ ਹਨ। ਵੈਸੇ ਵੀ ਨਾਰਥ ਅਮਰੀਕਾ ਵਿੱਚ ਸੰਗਤਾਂ ਦੇ ਗੁਰਦੁਆਰੇ ਬਹੁਤ ਘੱਟ ਤੇ ਟਰੱਸਟੀ ਮਲਕੀਅਤਾਂ ਜਿਆਦਾ ਹਨ। ਜਿਸ ਦੇ ਮਾਲਕ ਪੰਜ ਸੱਤ ਜਾਂ ਦਸ ਵੀਹ ਟਰੱਸਟੀ ਹੋ ਸਕਦੇ ਹਨ। ਇੰਨਾਂ ਨੂੰ ਵੀ ਏਥੇ ਕੁਝ ਸਮੇਂ ਵਾਸਤੇ ਕਿਸੇ ਚੁਫੇਰਗੜ੍ਹੀਏ ਦੀ ਜ਼ਰੂਰਤ ਪੈਂਦੀ ਰਹਿੰਦੀ ਕਿਉਂਕਿ ਚੁਫੇਰਗੜ੍ਹੀਆਂ ਦੀ ਮਿੱਠੀ ਬੋਲ ਚਾਲ ਤੇ ਸਿਰਜਿਆ ਬਿਰਤਾਂਤ ਹਰ ਪਾਸੇ ਕੰਮ ਕੱਢਦਾ, ਸਾਧਾਰਨ ਲੋਕ ਉਸ ਦੇ ਜਜ਼ਬਾਤੀ ਲਫ਼ਜ਼ਾਂ ਦੇ ਜਾਲ਼ ਵਿਚ ਛੇਤੀ ਫਸ ਜਾਂਦੇ ਹਨ। ਕਿਉਂਕਿ ਉਸ ਨੇ “ਜਿਸੀ ਕਾ ਖਾਧਾ, ਉਸ ਕੀ ਚਾਪਲੂਸੀ ਕਾ ਕੀਆ ਵਾਧਾ” ‘ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ’ ਵਾਂਗ ਆਂਮ ਲੋਕਾਂ ਨੂੰ ਮਗਰ ਲਾਕੇ ਇਕ ਮੁਹਿੰਮ ਚਲਾਉਣੀ ਸ਼ੁਰੂ ਕਰ ਦੇਦੇ ਹਨ। ਭੋਲੇ ਲੋਕ ਚੁਫੇਗੜ੍ਹੀਆਂ ਦੀ ਮਿੱਠੀ ਬੋਲੀ ਗਈ ਭਾਸ਼ਾ ਦੀ ਸ਼ਬਦਾਵਲੀ ਮਗਰ ਛੇਤੀ ਅਤੇ ਘੱਟ ਸਮੇਂ ਵਿੱਚ ਲੱਗ ਜਾਂਦੇ ਹਨ। ਪ੍ਰਬੰਧਕੀ ਢਾਂਚਾ ਜੇਕਰ ਇਕ ਟਰੱਸਟ ਥੱਲੇ ਹੈਂ ਤਾਂ ਚੁਫੇਰਗੜ੍ਹੀਏ ਨੂੰ ਉਦੋਂ ਤਕਲੀਫ਼ ਹੁੰਦੀ ਜਦੋਂ ਉਸ ਦਾ ਨਵਾਂ ਸ਼ਰੀਕ ਜੰਮ ਕੇ ਉਸ ਦੀ ਜਗ੍ਹਾ ਕੋਈ ਹੋਰ ਲੈ ਲੈਂਦਾ ਹੈ। ਪੁਰਾਣੇ ਨੂੰ ਕੇਲੇ ਦੇ ਛਿਲਕੇ ਵਾਂਗੂੰ ਸੰਸਥਾ ਵਿਚੋ ਬਾਹਰ ਸੁੱਟਿਆ ਜਾਂਦਾ। ਕੁੱਝ ਕੁ ਟਰੱਸਟੀ ਗੁਰਦੁਆਰੇ ਹਨ ਜੋ ਸਹੀ ਸੇਵਾ ਪ੍ਰਚਾਰ ਸਹੀ ਢੰਗ ਨਾਲ ਕਰਦੇ ਹਨ ਬਾਕੀ ਤਾਂ ਮਾਇਆ ਇਕੱਠੀ ਕਰਨ ਮਗਰ ਪਏ ਹੋਏ ਹਨ। ਕਈ ਇਹੋ ਜਿਹੇ ਬੰਦੇ ਫੋਕੀ ਫੂਕ ਵਿਚ ਆਕੇ ਸ਼ਹਿਰ ਦੀਆਂ ਹਰੇਕ ਮੀਟਿੰਗਾਂ ਵਿਚ ਹਿੱਸਾ ਲੈਕੇ ਇਹ ਭਰਮ ਪਾਲ ਲੈਦੇ ਕਿ ਸਾਨੂੰ ਵੀਹ ਤੀਹ ਲੋਕ ਜਾਨਣ ਲੱਗ ਪਏ ਹਨ। ਏਹੋ ਜਿਹੇ ਹੀ ਭਰਮ ਪਾਲਦੇ ਹੋਏ ਟਰੰਟੋ ਏਰੀਏ ਵਿਚੋਂ ਕਈ ਕਾਉਸਲਰਾਂ, ਐਮ ਐਲ ਏ ਦੀਆਂ ਇਲੈਕਸ਼ਨ ਵਿਚ ਕੁੱਦ ਪਏ। ਜਦੋਂ ਮੀਡੀਏ ਨਾਲ ਟਾਕਰਾ ਹੋਇਆ ਤਾਂ ਪੰਜ ਸੱਤ ਇੰਗਲਿਸ਼ ਦੇ ਆਉਂਦੇ ਸ਼ਬਦ ਔਖੜ ੨ ਵਾਰ ਵਾਰ ਬੋਲ ਕੇ ਕੌਮ ਦਾ ਚੰਗਾ ਜਲੂਸ ਕੱਢਿਆ। ਜਿੰਨਾਂ ਨੂੰ ਠੀਕ ਪੰਜਾਬੀ ਇੰਗਲਿਸ਼ ਬੋਲਣੀ ਨਹੀਂ ਆਉਂਦੀ ਉਹ ਇੱਥੋਂ ਦੇ ਅਵਾਂਮ ਦੇ ਲੀਡਰ ਹੋਣ ਦੇ ਦਾਅਵੇਦਾਰ ਕਿਸ ਤਰ੍ਹਾਂ ਹੋ ਸਕਦੇ ਸਨ। ਹੁਣ ਇਲੈਕਟ੍ਰਾਨਿਕ ਮੀਡੀਆ ਉੱਤੇ ਉਹਨਾਂ ਦੀਆਂ ਘੁੰਮ ਰਹੀਆਂ ਵੀਡੀਓ ਵੇਖ ਸੁਣ ਕੇ ਬਹੁਤੇ ਲੋਕ ਸ਼ਰਮਸਾਰ ਹੋਈ ਜਾਂਦੇ ਹਨ। ਪਰ ਉਹ ਆਪ ਦੀ ਵੀਡੀਓ ਆਪ ਵੇਖ ਕੇ ਵੀ ਤਾਂ ਕੱਚੇ ਜਿਹੇ ਹੁੰਦੇ ਹੋਣਗੇ ਜਾਂ ਉਹ ਸੋਚਦੇ ਹੋਣੇ ਕਿ ਆਮ ਜੰਤਾਂ ਨੂੰ ਸਾਡੇ ਜਿੰਨਾ ਗਿਆਨ ਨਹੀ। ਇੱਧਰ ਬ੍ਰਟਿਸ਼ ਕੋਲੰਬੀਆ ਵਿਚ ਵੀ ਇਹੋ ਜਿਹੇ ਕਈ ਚੁਫੇਰਗੜ੍ਹੀਏ ਉੱਗ ਸਕਦੇ, ਸਮਾਂ ਦੱਸੇਗਾ ਵੇਖੋ ਕਿਹੜਾ ਬਗ਼ੈਰ ਯੋਗਤਾ ਤੋਂ ਕੋਈ ਪਹਿਲ ਕਰਦਾ, ਉਹ ਕਦੇ ਵੀ ਆਪ ਦੀ ਸੰਦੂਕੜੀ ਵੋਟਾਂ ਵਿਚ ਰੱਖ ਸਕਦਾ ਹੈ। ਆਪਣੀ ਪੰਜਾਬੀ ਕਮਿਊਨਿਟੀ ਵਿੱਚ ਬਹੁਤ ਕਾਬਲ ਬੱਚੇ ਪੜੇ ਲਿਖੇ ਪੰਜਾਬੀ ਇੰਗਲਿਸ਼ ਦੇ ਮਾਹਿਰ ਅਤੇ ਸਿਆਸਤ ਦਾ ਪੂਰਾ ਗਿਆਨ ਰੱਖਦੇ ਹਨ ਉਹ ਅੱਗੇ ਲਿਆਉਂਣੇ ਚਾਹੀਦੇ ਹਨ। ਚੁਫੇਰਗੜ੍ਹੀਏ ਨੂੰ ਸਟੇਜ਼ ਦੀ ਭੁੱਖ ਮਾਰ ਲੈਂਦੀ ਹੈ ਉਹ ਨਹੀਂ ਵੇਖਦਾ ਸਟੇਜ ਖੱਬਿਆਂ ਦੀ ਜਾਂ ਸੱਜਿਆਂ ਦੀ ਜਾਂ ਖਾਲਿਸਤਾਨੀਆਂ ਦੀ, ਮੰਦਿਰ ਗੁਰਦੁਆਰੇ ਦੀ ਸਟੇਜ਼ ਨੂੰ ਤਾਂ ਕਰਮਾਂ ਵਿਚ ਲਿਖੀ ਸਮਝ ਕੇ ਮਾਈਕ ਨੂੰ ਚਿੰਬੜ ਜਾਂਦਾ, ਉਥੇ ਮਿਲੇ ਪੰਜ ਮਿੰਟਾਂ ਤੋਂ ਪੰਜਾਹ ਮਿੰਟ ਬੋਲ ਕੇ ਮੁਆਫ਼ੀਆਂ ਦੀ ਲਾਈਨ ਲਾ ਦਿੰਦਾ ਹੈ। ਖਾਲਿਸਤਾਨੀ ਮੁਜ਼ਾਹਰਿਆਂ ਦਾ ਮੋਢੀ ਬਣ ਕੇ ਉਭਰਦਾ ਫੇਰ ਇਕਦਮ ਯੂ-ਟਰਨ ਮਾਰ ਕੇ ਇੰਡੀਆ ਗੌਰਮਿੰਟ ਦੇ ਸੋਇਲੇ ਗਾਉਣੇ ਸ਼ੁਰੂ ਕਰ ਦਿੰਦਾ। ਇੰਡੀਆ ਦਾ ਵੀਜ਼ਾ ਲੁਆਉਣ ਵਿਚ ਵੀ ਸਫਲ ਹੋ ਜਾਂਦਾ ਹੈ। ਪੰਜਾਬ ਗੇੜਾ ਕੱਢ ਕੇ ਵਾਪਿਸ ਆਕੇ ਉਹੀ ਚੁਫੇਰਗੜ੍ਹੀਏ ਦੀ ਆਦਤ ਅਨੁਸਾਰ ਫੇਰ ਓਸੇ ਗੱਧੀ ਗੇੜ ਵਿਚ ਘੁੰਮ ਕੇ ਚੁਫੇਰਗੜ੍ਹੀਏ ਦੀ ਨਿਪੁੰਨਤਾ ਵਿਖਾਉਣੀ ਸ਼ੁਰੂ ਕਰ ਦਿੰਦਾ ਹੈ। ਐਹੋ ਜਿਹਾ ਸਿਲਸਿਲਾ ਇੰਨਾ ਦਾ ਸਦਾ ਜਾਰੀ ਰਹਿੰਦਾ ਹੈ। ਇਹ ਚੁਫੇਰਗੜ੍ਹੀਏ ਵਿਚ ਇਕ ਹੋਰ ਵੀ ਕਰਾਮਾਤੀ ਜੁਗਤ ਹੁੰਦੀ ਹੈ ਕਿਸੇ ਦੋ ਬੰਦਿਆਂ ਵਿਚਕਾਰ ਜਾਂ ਦੋ ਗਰੁਪਾਂ ਨੂੰ ਲੜਾਉਣਾ ਜਾਂ ਉਹਨਾਂ ਵਿਚ ਫਰਕ ਪੁਆਉਣਾ, ਚੁਗ਼ਲੀ ਕਰਨ ਦੀ ਕੋਈ ਕ੍ਹਾਡ ਪੈਦਾ ਕਰ ਦੇਣੀ ਤਾਂਕਿ ਉਹਨਾਂ ਦਾ ਧਿਆਨ ਚੁਫੇਰਗੜ੍ਹੀਏ ਦੇ ਚਲਾਏ ਛਡਜੰਤਰ ਵੱਲ ਨ ਚਲਾ ਜਾਵੇ। ਬਸ ਉਹ ਆਪਿਸ ਵਿੱਚ ਪਾਟ ਧਾੜ ਹੋ ਜਾਂਦੇ ਹਨ ਤੇ ਇਕ ਦੀਆਂ ਦੋ ਕਲੱਬਾਂ, ਦੋ ਜੱਥੇਬੰਦੀਆਂ ਫ਼ਟਾਫ਼ਟ ਬਣ ਜਾਂਦੀਆ ਹਨ। ਕਈ ਵਾਰ ਇਸ ਦੀ ਮਾਰ ਤੋਂ ਕਬੱਡੀ ਫਡਰੇਸ਼ਨਾਂ ਅਤੇ ਸਾਹਿਤ ਸਭਾਵਾਂ ਵੀ ਨਹੀਂ ਬਚ ਸਕੀਆਂ ਜੋ ਆਪਣੇ ਆਪ ਨੂੰ ਅਗਾਂਹ ਵਧੂ ਸਮਝਦੀਆਂ। ਇਹਨਾਂ ਚੁਫੇਰਗੜ੍ਹੀਆਂ ਦੀ ਮਿੱਠੀ ਬੋਲੀ ਜੇਕਰ ਜਿਆਦਾ ਚਿਰ ਸੁਣੋ ਗੇ ਤਾਂ ਤੁਹਾਡਾ ਸ਼ੂਗਰ ਰੋਗ ਵੱਧ ਸਕਦਾ। ਤੁਸੀਂ ਆਪਣੇ ਆਪ ਨੂੰ ਮਿੱਠੇ ਵਿੱਚ ਘਿਰਿਆ ੨ ਮਹਿਸੂਸ ਕਰੋਗੇ। ਇਲਾਜ ਨਾਲੋਂ ਪਰਹੇਜ਼ ਜਰੂਰੀ ਹੈ।
Email: brar.kds@gmail.com
