ਵਜ਼ੀਰ ਖਾਨ ਜਿਸ ਨੂੰ ਸਿੱਖ ਇਤਿਹਾਸ ਵਿੱਚ ਵਾਰ ਵਾਰ ਸਰਹਿੰਦ ਦਾ ਸੂਬੇਦਾਰ ਲਿਖਿਆ ਗਿਆ ਹੈ, ਅਸਲ ਵਿੱਚ ਫੌਜ਼ਦਾਰ ਸੀ ਤੇ ਇਸ ਦਾ ਅਸਲ ਨਾਮ ਮਿਰਜ਼ਾ ਅਸਕਰੀ ਵਜ਼ੀਰ ਖਾਨ ਸੀ। । ਸਰਹਿੰਦ ਸਰਕਾਰ, ਦਿੱਲੀ ਸੂਬੇ ਦੇ ਅਧੀਨ ਆਉਂਦੀ ਸੀ ਤੇ ਸਤਲੁਜ ਤੋਂ ਲੈ ਕੇ ਜਮਨਾ ਤੱਕ (ਸਮੇਤ ਪਹਾੜੀ ਰਾਜੇ) ਦਾ ਇਲਾਕਾ ਇਸ ਦੇ ਅਧੀਨ ਸੀ। ਵਜ਼ੀਰ ਖਾਨ ਇਰਾਨੀ ਨਸਲ ਦਾ ਕੱਟੜ ਸੁੰਨੀ ਮੁਸਲਿਮ ਸੀ ਜਿਸ ਦਾ ਜਨਮ 1635 ਈਸਵੀ ਦੇ ਕਰੀਬ ਕੁੰਜਪੁਰਾ (ਹੁਣ ਜਿਲ੍ਹਾ ਕਰਨਾਲ, ਹਰਿਆਣਾ) ‘ਚ ਹੋਇਆ ਸੀ। ਇਸ ਦਾ ਦਾਦਾ ਮਿਰਜ਼ਾ ਅਕਬਰ ਸ਼ਾਹੀ ਵਜ਼ੀਰ ਖਾਨ ਮੁਗਲ ਬਾਦਸ਼ਾਹ ਹੁਮਾਯੂੰ ਨਾਲ ਇਰਾਨ ਤੋਂ ਭਾਰਤ ਆਇਆ ਸੀ ਤੇ ਉਸ ਦਾ ਇੱਕ ਪ੍ਰਮੁੱਖ ਦਰਬਾਰੀ ਸੀ। ਹੁਮਾਯੂੰ 26 ਜੂਨ 1539 ਨੂੰ ਚੌਸਾ ਅਤੇ 17 ਮਈ 1540 ਨੂੰ ਕੰਨੌਜ ਦੀ ਜੰਗ ਵਿੱਚ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਇਰਾਨ ਭੱਜ ਗਿਆ ਸੀ ਜਿੱਥੇ ਬਾਦਸ਼ਾਹ ਸ਼ਾਹ ਤੈਹਮਾਸਪ ਪਹਿਲੇ ਨੇ ਉਸ ਨੂੰ ਸ਼ਰਨ ਦਿੱਤੀ ਸੀ। ਸ਼ੇਰ ਸ਼ਾਹ ਸੂਰੀ ਤੇ ਉਸ ਦੇ ਪੁੱਤਰ ਇਸਲਾਮ ਸ਼ਾਹ ਦੀ ਕ੍ਰਮਵਾਰ 22 ਮਈ 1545 ਤੇ 22 ਨਵੰਬਰ 1554 ਈਸਵੀ ਨੂੰ ਹੋਈ ਮੌਤ ਤੋਂ ਬਾਅਦ 1555 ਈਸਵੀ ਵਿੱਚ 14 ਸਾਲ ਦੇ ਬਨਵਾਸ ਤੋਂ ਬਾਅਦ ਦਿੱਲੀ ਵਾਪਸ ਆ ਸਕਿਆ ਸੀ। ਵਜ਼ੀਰ ਖਾਨ ਦੇ ਬਾਪ ਦਾ ਨਾਮ ਮਿਰਜ਼ਾ ਜ਼ਹੀਰ ਹਰਮ ਖਾਨ ਤੇ ਮਾਂ ਦਾ ਨਾਮ ਅਮੀਨਾ ਬੇਗਮ ਸੀ। ਮਿਰਜ਼ਾ ਜ਼ਹੀਰ ਵੀ ਮੁਗਲ ਪ੍ਰਸ਼ਾਸ਼ਨ ਵਿੱਚ ਕਈ ਅਹਿਮ ਅਹੁਦਿਆਂ ‘ਤੇ ਰਿਹਾ ਸੀ। ਵਜ਼ੀਰ ਖਾਨ 17 – 18 ਉਮਰ ਵਿੱਚ ਮੁਗਲ ਫੌਜ ਵਿੱਚ ਭਰਤੀ ਹੋ ਗਿਆ ਤੇ ਤਰੱਕੀ ਕਰਦਾ ਹੋਇਆ ਪੰਜ ਹਜ਼ਾਰੀ ਮਨਸਬਦਾਰ ਬਣ ਗਿਆ। ਮੁਗਲ ਰਾਜ ਵਿੱਚ ਅਫਸਰਾਂ ਨੂੰ ਜਾਗੀਰ ਦੀ ਬਜਾਏ ਮਨਸਬ ਦਿੱਤੀ ਜਾਂਦੀ ਸੀ। ਪੰਜ ਹਜ਼ਾਰੀ ਦਾ ਮਤਲਬ ਹੈ ਕਿ ਇਸ ਨੂੰ ਪੰਜ ਹਜ਼ਾਰ ਪੈਦਲ ਤੇ ਪੰਜ ਹਜ਼ਾਰ ਘੋੜਸਵਾਰ ਸੈਨਿਕ ਰੱਖਣ ਦਾ ਅਧਿਕਾਰ ਸੀ ਜਿਨ੍ਹਾਂ ਦੀ ਤਨਖਾਹ ਦਿੱਲੀ ਦਰਬਾਰ ਵੱਲੋਂ ਅਦਾ ਕੀਤੀ ਜਾਂਦੀ ਸੀ। 1780 – 81 ਈਸਵੀ ਵਿੱਚ ਔਰੰਗਜ਼ੇਬ ਦੇ ਰਾਜ ਕਾਲ ਸਮੇਂ ਦਿੱਲੀ ਸੂਬੇ ਦੇ ਸੂਬੇਦਾਰ ਮੁਨੀਮ ਖਾਨ ਨੇ ਉਸ ਨੂੰ ਆਪਣੇ ਅਧੀਨ ਸਰਹਿੰਦ ਦਾ ਫੌਜਦਾਰ ਨਿਯੁੱਕਤ ਕੀਤਾ ਸੀ ਤੇ ਅਗਲੇ ਸੂਬੇਦਾਰ ਗਾਜ਼ੀਉਦੀਨ ਖਾਨ ਫਿਰੋਜ਼ ਜੰਗ ਨੇ ਵੀ ਉਸ ਦਾ ਇਹ ਅਹੁਦਾ ਕਾਇਮ ਰੱਖਿਆ।
