Mar 7, 2026

ਵਰਿਆਮ ਸਿੰਘ ਸੰਧੂ–

ਕਰਤਾਰ ਪਹਿਲਵਾਨ ਹੁਰਾਂ ਨੇ ‘ਪੰਜਾਬ ਕੁਸ਼ਤੀ ਸੰਸਥਾ’ ਵੱਲੋਂ ਵਿਸ਼ਵ-ਕੁਸ਼ਤੀ ਮੁਕਾਬਲੇ ਕਰਵਾਏ। ਦੰਗਲ ਦਾ ਉਦਘਾਟਨ ਕਰਨ ਲਈ ਉਹਨਾਂ ਧਰਮਿੰਦਰ ਨੂੰ ਬੁਲਾਇਆ। ਖਟਕੜ ਕਲਾਂ ਤੋਂ ਧਰਮਿੰਦਰ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਤੱਕ ਜਲੂਸ ਦੀ ਸ਼ਕਲ ਵਿਚ ਲਿਆਂਦਾ ਗਿਆ। ਸਾਰੇ ਰਾਹ ਲੋਕਾਂ ਦੀਆਂ ਭੀੜਾਂ ਉਹਨੂੰ ਵੇਖਣ ਲਈ ਖਲੋਤੀਆਂ ਸਨ। ਜਲੰਧਰ ਦੇ ਦੇਸ਼ ਭਗਤ ਯਾਦਗਾਰ ਦੇ ਖੁੱਲ੍ਹੇ ਪੰਡਾਲ ਵਿਚ ਸੈਂਕੜੇ ਲੋਕਾਂ ਦੀ ਹਾਜ਼ਰੀ ਵਿਚ ਧਰਮਿੰਦਰ ਦਾ ਸਵਾਗਤ ਕੀਤਾ ਗਿਆ। ਸਵਾਗਤੀ ਸ਼ਬਦ ਬੋਲਣ ਲਈ ਮੈਨੂੰ ਕਿਹਾ ਗਿਆ। ਮੈਂ ਜ਼ਰੂਰ ਕੁਝ ਚੰਗਾ ਬੋਲਿਆ ਹੋਵਾਂਗਾ ਕਿ ਧਰਮਿੰਦਰ ਨੇ ਉੱਠ ਕੇ ਮੈਨੂੰ ਜੱਫੀ ਪਾ ਲਈ।
ਦੋ ਕੁ ਮਹੀਨੇ ਬਾਅਦ ਕਰਤਾਰ ਨੇ ਧਰਮਿੰਦਰ ਨਾਲ ਤਾਲ-ਮੇਲ ਕਰ ਕੇ ਕਿਹਾ ਕਿ ਉਹ ਧਰਮਿੰਦਰ ਦਾ ਧੰਨਵਾਦ ਕਰਨ ਆਉਣਾ ਚਾਹੁੰਦੇ ਹਨ ਕਿਉਂਕਿ ਉਸ ਨੇ ਉਹਨਾਂ ਦਾ ਸੱਦਾ ਪ੍ਰਵਾਨ ਕਰ ਕੇ ਪੰਜਾਬ ਆ ਕੇ ਉਹਨਾਂ ਦਾ ਮਾਣ ਰੱਖਿਆ ਸੀ। ਧਰਮਿੰਦਰ ਕਹਿੰਦਾ, “ਜੰਮ ਜੰਮ ਆਉ। ਹਾਂ ਸੱਚ, ਸੰਧੂ ਸਾਹਿਬ ਨੂੰ ਨਾਲ ਜ਼ਰੂਰ ਲੈ ਕੇ ਆਉਣਾ। ਉਸ ਦਿਨ ਉਹਨਾਂ ਕਮਾਲ ਕਰ ਦਿੱਤੀ।“
ਕਰਤਾਰ ਨੇ ਮੈਨੂੰ ਦੱਸਿਆ ਤਾਂ ਮੈਂ ਹੈਰਾਨ ਤੇ ਖ਼ੁਸ਼। ਧਰਮਿੰਦਰ ਦੇ ਸਾਰੇ ਮੁਲਕ ਵਿਚ ਲੱਖਾਂ ਪ੍ਰਸੰਸਕ। ਉਹਦੀ ਤਾਰੀਫ਼ ਵਿਚ ਜ਼ਮੀਨ ਅਸਮਾਨ ਮਿਲਾਉਣ ਵਾਲੇ। ਮੈਂ ਭਲਾ ਅਜਿਹਾ ਕੀ ਬੋਲ ਦਿੱਤਾ ਸੀ। ਮੈਨੂੰ ਇਸ ਵਿਚ ਵੀ ਧਰਮਿੰਦਰ ਦੀ ਅਤਿ ਨਿਰਮਾਣਤਾ ਦੇ ਦੀਦਾਰ ਹੋਏ।
ਸਾਡੇ ਨਾਲ ਮੇਰਾ ਬੇਟਾ ਸੁਪਨ ਸੰਧੂ ਵੀ ਜਾਣ ਲਈ ਤਿਆਰ ਹੋ ਗਿਆ। ਕਰਤਾਰ, ਦੂਰਦਰਸ਼ਨ ’ਤੇ ਖ਼ਬਰਾਂ ਪੜ੍ਹਨ ਵਾਲ ਰਮਨ ਤੇ ਅਸੀਂ ਦੋਵੇਂ ਪਿਉ ਪੁੱਤ ਮੁੰਬਈ ਧਰਮਿੰਦਰ ਦੇ ਘਰ ਪਹੁੰਚ ਗਏ। ਧਰਮਿੰਦਰ ਤੇ ਉਹਦਾ ਭਰਾ ਅਜੀਤ ਦਿਉਲ ਬੜੀ ਮੁਹੱਬਤ ਨਾਲ ਮਿਲੇ। ਕਰਤਾਰ ਹੁਰਾਂ ਨੇ ਰਸਮੀ ਧੰਨਵਾਦ ਕਰਦਿਆਂ ਕਮਰੇ ਵਿਚ ਬੈਠੇ ਅਜੀਤ ਦਿਉਲ ਨੂੰ ਸਾਡੇ ਬਾਰੇ ਦੱਸਿਆ ਤਾਂ ਮੇਰਾ ਨਾਂ ਸੁਣ ਕੇ ਅਜੀਤ ਕਹਿੰਦਾ, “ਤੁਸੀਂ ਉਹੋ ਵਰਿਆਮ ਸਿੰਘ ਸੰਧੂ ਹੋ, ਜੋ ਕਹਾਣੀਆਂ ਲਿਖਦੇ ਨੇ?”
ਮੇਰੇ ‘ਹਾਂ’ ਕਹਿਣ ’ਤੇ ਅਜੀਤ ਨੇ ਕੋਲ ਖਲੋਤੇ ਕਿਸੇ ਪਰਿਵਾਰਕ ਗੱਭਰੂ ਨੂੰ ਕਿਹਾ, “ਜਾਹ ਭੱਜ ਕੇ ਮੇਰੀ ਕਵਿਤਾ ਦੀ ਕਿਤਾਬ ਲਿਆ। ਸੰਧੂ ਸਾਹਿਬ ਨੂੰ ਭੇਟ ਕਰੀਏ!”
ਧਰਮਿੰਦਰ ਹੱਸ ਕੇ ਕਹਿੰਦਾ, “ਵੇਖ ਲਓ ਸੰਧੂ ਸਾਹਿਬ ਦੇ ਕਦਰਦਾਨ ਸਾਡੇ ਘਰ ਵਿਚ ਵੀ ਬੈਠੇ ਨੇ।“
ਧਰਮਿੰਦਰ ਤੇ ਅਜੀਤ ਦਾ ਵਿਹਾਰ ਇੰਝ ਸੀ ਜਿਵੇਂ ਅਸੀਂ ਬੜੇ ਚਿਰ ਤੋਂ ਇੱਕ ਦੂਜੇ ਨੂੰ ਜਾਣਦੇ ਹੋਈਏ। ਧਰਮਿੰਦਰ ਵਿੱਚ ਵੱਡਾ ਹੀਰੋ ਹੋਣ ਦਾ ਕੋਈ ਗੁਮਾਨ ਨਹੀਂ ਸੀ। ਉਹ ਕਰਤਾਰ ਦੇ ਧੰਨਵਾਦ ਕਰਨ ’ਤੇ ਕਹਿ ਰਿਹਾ ਸੀ, “ਧੰਨਵਾਦ ਤਾਂ ਤੁਹਾਡਾ ਹੈ, ਤੁਸੀਂ ਮੈਨੂੰ ਮੇਰੇ ਸੋਹਣੇ ਪੰਜਾਬ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਮੈਂ ਆਪਣੀ ਮਿੱਟੀ ਨੂੰ ਮੱਥੇ ਨਾਲ ਲਾ ਸਕਿਆ। ਮੁਹੱਬਤ ਕਰਨ ਵਾਲਿਆਂ ਨੂੰ ਗਲ਼ ਨਾਲ ਲਾ ਸਕਿਆਂ।“

ਗੱਲਾਂ ਬਾਤਾਂ ਚੱਲ ਰਹੀਆਂ ਸਨ ਤਾਂ ਮੈਂ ਉਹਨੂੰ ਦੱਸਿਆ ਕਿ ਉਹ ਕਿਵੇਂ ਪੰਜਾਬੀਆਂ ਦੀ ਚੇਤਨਾ ਵਿਚ ਨਾਇਕ ਵਾਂਗ ਵੱਸਿਆ ਹੋਇਆ ਹੈ। ਆਪਣੀ ਕਹਾਣੀ ‘ਨੌ ਬਾਰਾਂ ਦਸ’ ਦੇ ਪਾਤਰ ਨਿੰਦਰ ਬਾਰੇ ਦੱਸਿਆ ਜੋ ਮੀਡੀਆ ਤੇ ਫ਼ਿਲਮਾਂ ਦੀ ਚਕਾ-ਚੌਂਧ ਵਿੱਚ ਆਪਣਾ ਆਪ ਭੁੱਲ ਕੇ ਵਸਤਾਂ ਨੂੰ ਭੋਗਣ ਤੇ ਜੀਵਨ ਨੂੰ ਮਾਨਣ ਦੇ ਵਿਤੋਂ ਕਿਤੇ ਵਡੇਰੇ ਸੁਪਨੇ ਸਿਰਜਦਾ ‘ਪੈਰਾਂ ਤੋਂ ਹਿੱਲ’ ਜਾਂਦਾ ਹੈ। ਆਪਣੇ ਆਪ ਨੂੰ ਸ੍ਰੀ ਦੇਵੀ ਦਾ ਆਸ਼ਕ ਤੇ ਧਰਮਿੰਦਰ ਤੇ ਹੇਮਾ ਮਾਲਿਨੀ ਦਾ ਪੁੱਤ ਸਮਝਣ ਲੱਗ ਪੈਂਦਾ ਹੈ। ਉੱਚ ਜਾਤੀ ਦੇ ਤਮਾਸ਼ਬੀਨ ਲੋਕ ਉਹਦੇ ਖ਼ਿਆਲੀ ਸੁਪਨਿਆਂ ਦਾ ਸਵਾਦ ਲੈਣ ਲਈ ਉਹਦੇ ਪੈਰ ਜ਼ਮੀਨ ਤੇ ਲੱਗਣ ਹੀ ਨਹੀਂ ਦਿੰਦੇ। ਉਹ ਸ੍ਰੀ ਦੇਵੀ ਦਾ ਉਸ ਨਾਲ ਵਿਆਹ ਹੋ ਜਾਣ, ਉਹਦੇ ਫ਼ਿਲਮੀ ਹੀਰੋ ਅਤੇ ਵੱਡਾ ਗਾਇਕ ਬਣ ਜਾਣ ਦੇ ਸੁਪਨਿਆਂ ਵਿੱਚ ਹੋਰ ਹਵਾ ਭਰਦੇ ਰਹਿੰਦੇ ਹਨ। ਗ਼ਰੀਬ ਦਲਿਤ ਮਾਪਿਆਂ  ਨੇ ਉਸਦੀ ਹਕੀਕੀ ਸਥਿਤੀ ਤੋਂ ਜਾਣੂ ਕਰਵਾਉਣ ਦੀ ਹਰ ਕੋਸ਼ਿਸ਼ ਕੀਤੀ, ਜੋ, ਨਾਕਾਮ ਹੋ ਕੇ ਰਹਿ ਗਈ। ਉਹਨੇ ਆਪਣੇ ਭਰਾ ਤੇ ਪਿਉ ਦਾ ਕਤਲ ਕਰ ਦਿੱਤਾ ਤੇ ਮਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਤੇ ਅੰਤ ਉਹਦੀ ਮੌਤ ਨਾਲ ਉਹਦਾ ਆਪਣਾ ਦੁਖਦਾਈ ਅੰਤ ਹੋਇਆ।
ਧਰਮਿੰਦਰ ਨੇ ਬੜੈ ਧਿਆਨ ਨਾਲ ਸਾਰੀ ਵਾਰਤਾ ਸੁਣੀ। ਉਹਦੇ ਚਿਹਰੇ ’ਤੇ ਦੁੱਖ ਦੇ ਭਾਵ ਉੱਭਰ ਆਏ। ਉਹਨੇ ਤਰਲ ਹਉਕਾ ਭਰ ਕੇ ਕਿਹਾ, “ਚੁਅ-ਚ… ਬਹੁਤ ਮਾੜਾ ਹੋਇਆ!”
ਉਹਦੇ ਏਨੇ ਕੁ ਜਵਾਬ ਨਾਲ ਮੈਂ ਨਿਰਾਸ ਹੋਇਆ। ਮੇਰੇ ਮਨ ਵਿਚ ਸੀ ਕਿ ਧਰਮਿੰਦਰ ਮੇਰੀ ਗੱਲ ਸੁਣ ਕੇ ਬਚ ਗਈ ਨਿੰਦਰ ਦੀ ਮਾਂ ਛਿੰਨੋ ਦੀ ਆਰਥਕ ਮਦਦ ਵਗ਼ੈਰਾ ਕਰਨ ਦੀ ਪੇਸ਼ਕਸ਼ ਕਰੇਗਾ। ਪਰ ਮੇਰਾ ਸੋਚਣਾ ‘ਫਜ਼ੂਲ ਹੀ ਸੀ।
ਸ਼ਾਇਦ ਉਹਦਾ ਇਸ ਪਾਸੇ ਧਿਆਨ ਹੀ ਨਾ ਗਿਆ ਹੋਵੇ! ਜੇ ਮੈਂ ਕਹਿੰਦਾ ਤਾਂ ਉਹ ਕੋਈ ਮਦਦ ਕਰ ਵੀ ਦਿੰਦਾ।
ਤਸਵੀਰਾਂ ਦਾ ਸੈਸ਼ਨ ਹੋਇਆ ਤਾਂ ਸੁਪਨ ਨੇ ਆਪਣਾ ਮੈਗ਼ਜ਼ੀਨ ‘ਸੀਰਤ’ ਧਰਮਿੰਦਰ ਤੇ ਅਜੀਤ ਨੂੰ ਭੇਟ ਕੀਤਾ। ਧਰਮਿੰਦਰ ਨੇ ਮੈਗ਼ਜ਼ੀਨ ਦੇ ਅੰਦਰਲੇ ਮੈਟਰ ’ਤੇ ਝਾਤ ਮਾਰੀ ਤੇ ਖ਼ੁਸ਼ ਹੋ ਕੇ ਸੁਪਨ ਨੂੰ ਪੁੱਛਿਆ, “ਇਹਨੂੰ ਤੂੰ ਐਡਿਟ ਕਰਦਾ ਏਂ?”
ਸੁਪਨ ਨੇ ‘ਹਾਂ’ ਕਿਹਾ ਤਾਂ ਉਹਨੂੰ ਪਿੱਠ ’ਤੇ ਥਾਪੀ ਦੇ ਕੇ ਸ਼ਾਬਾਸ਼ ਦਿੱਤੀ ਤੇ ਹੱਸ ਕੇ ਕਿਹਾ, “ਆਖ਼ਰ ਪੁੱਤ ਨੇ ਪਿਉ ’ਤੇ ਹੀ ਜਾਣਾ!”
ਸਾਰੇ ਹੱਸ ਪਏ।
ਧਰਮਿੰਦਰ ਨਾਲ ਇਹ ਮਿਲਣੀ ਉਹਦੀ ਮਿਲਣਸਾਰਤਾ ਤੇ ਮੁਹੱਬਤੀ ਵਰਤਾਉ ਕਰ ਕੇ ਸਦਾ ਲਈ ਚੇਤਿਆਂ ਵਿੱਚ ਵੱਸ ਗਈ।