ਕੋਲੰਬੀਆ ਦੇ ਪੁਏਤਰੋ ਲੇਗੁਈਜ਼ਾਮੋ ’ਚ ਸੈਨਾ ਦੇ ਜਵਾਨਾਂ ਸਣੇ 128 ਵਿਅਕਤੀਆਂ ਨੂੰ ਲਿਜਾ ਰਿਹਾ ਫੌਜੀ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਕੋਲੰਬੀਆ ਦੀਆਂ ਹਥਿਆਰਬੰਦ ਸੈਨਾਵਾਂ ਦੇ ਮੁਖੀ ਅਨੁਸਾਰ ਇਸ ਹਾਦਸੇ ਵਿੱਚ ਘੱਟੋ-ਘੱਟ 66 ਜਣਿਆਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਜ਼ਖ਼ਮੀ ਹੋਏ ਹਨ।
ਜਨਰਲ ਹਿਊਗੋ ਅਲੈਜੈਂਡਰੋ ਲੋਪੇਜ਼ ਬੈਰੇਟੋ ਨੇ ਦੱਸਿਆ ਕਿ ਫੌਜ ਦੇ ਚਾਰ ਜਵਾਨ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ, ‘‘ਅਫ਼ਸੋਸ ਦੀ ਗੱਲ ਹੈ ਕਿ ਇਸ ਦਰਦਨਾਕ ਹਾਦਸੇ ’ਚ ਸਾਡੇ 66 ਜਵਾਨਾਂ ਦੀ ਮੌਤ ਹੋ ਗਈ ਹੈ। ਫ਼ਿਲਹਾਲ ਅਜਿਹੀ ਕੋਈ ਸੂਚਨਾ ਜਾਂ ਸੰਕੇਤ ਨਹੀਂ ਹੈ ਕਿ ਇਹ ਗ਼ੈਰ-ਕਾਨੂੰਨੀ ਹਥਿਆਰਬੰਦ ਸਮੂਹ ਦਾ ਹਮਲਾ ਸੀ।’’ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਵੀਡੀਓ ਵਿੱਚ ਡਿਪਟੀ ਮੇਅਰ ਕਾਰਲੋਸ ਕਲਾਰੋਸ ਨੇ ਕਿਹਾ ਕਿ ਲਾਸ਼ਾਂ ਕਸਬੇ ਦੇ ਛੋਟੇ ਮੁਰਦਾਘਰ ਵਿੱਚ ਲਿਜਾਈਆਂ ਗਈਆਂ ਹਨ। ਵੱਡੇ ਸ਼ਹਿਰਾਂ ਵਿੱਚ ਭੇਜਣ ਤੋਂ ਪਹਿਲਾਂ ਕਸਬੇ ਦੇ ਸਿਰਫ਼ ਦੋ ਕਲੀਨਿਕਾਂ ਵਿੱਚ ਜ਼ਖਮੀਆਂ ਦਾ ਇਲਾਜ ਕੀਤਾ ਗਿਆ।
