Apr 23, 2026

ਆਵਰ ਗਲੋਬਲ ਵਿਲੇਜ” ਦਾ ਸਮਾਗਮ ਯਾਦਗਾਰੀ ਰਿਹਾ-
ਸਰੀ, (ਮਹੇਸ਼ਇੰਦਰ ਸਿੰਘ ਮਾਂਗਟ )- “ਅਵਰ ਗਲੋਬਲ ਵਿਲੇਜ” ਵੱਲੋਂ 28 ਮਾਰਚ ਨੂੰ ਕਰਵਾਇਆ ਗਿਆ ਸਾਲਾਨਾ ਪ੍ਰੋਗਰਾਮ “ਸੰਦੂਕ ਸ਼ੀਸ਼ਿਆਂ ਵਾਲਾ” ਇਸ ਵਾਰ ਵੀ ਇੱਕ ਆਮ ਸੱਭਿਆਚਾਰਕ ਸਮਾਗਮ ਤੋਂ ਉਪਰ ਉੱਠ ਕੇ ਮਹਿਲਾ ਸਸ਼ਕਤੀਕਰਨ, ਏਕਤਾ ਅਤੇ ਸਮਾਜਿਕ ਜਾਗਰੂਕਤਾ ਦਾ ਪ੍ਰਭਾਵਸ਼ਾਲੀ ਮੰਚ ਬਣਿਆ।
ਇਸ ਵਿਲੱਖਣ ਪ੍ਰੋਗਰਾਮ ਵਿੱਚ 600 ਤੋਂ ਵੱਧ ਔਰਤਾਂ ਨੇ ਸ਼ਿਰਕਤ ਕਰਕੇ ਨਾ ਸਿਰਫ਼ ਆਪਣੀ ਸੱਭਿਆਚਾਰਕ ਪਹਿਚਾਣ ਨੂੰ ਮਨਾਇਆ, ਸਗੋਂ ਆਪਸੀ ਭਰੋਸੇ, ਸਹਿਯੋਗ ਅਤੇ ਇਕੱਠ ਦੀ ਤਾਕਤ ਨੂੰ ਵੀ ਮਹਿਸੂਸ ਕੀਤਾ। ਸਮਾਗਮ ਨੇ ਇਹ ਦਰਸਾਇਆ ਕਿ ਜਦੋਂ ਔਰਤਾਂ ਇਕੱਠੀਆਂ ਹੋ ਕੇ ਅੱਗੇ ਵਧਦੀਆਂ ਹਨ, ਤਾਂ ਉਹ ਸਿਰਫ ਆਪਣੇ ਘਰਾਂ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਵੀ ਨਿਰਮਾਣ ਕਰਦੀਆਂ ਹਨ।
ਪੰਜਾਬੀ ਲੋਕ ਗੀਤਾਂ, ਰੰਗ-ਬਿਰੰਗੇ ਨਾਚਾਂ ਅਤੇ ਰਿਵਾਇਤੀ ਵਿਰਸੇ ਦੀ ਮਹਿਕ ਨਾਲ ਰੰਗਿਆ ਇਹ ਮੰਚ ਸਮਾਜਿਕ ਕਦਰਾਂ-ਕੀਮਤਾਂ ਨੂੰ ਉਭਾਰਨ ਦਾ ਇੱਕ ਮਜ਼ਬੂਤ ਸਾਧਨ ਬਣਿਆ। ਸਮਾਗਮ ਨੇ ਇੱਕ ਸਪੱਸ਼ਟ ਸੰਦੇਸ਼ ਦਿੱਤਾ ਕਿ ਮਹਿਲਾਵਾਂ ਦੀ ਇਕਤਾ ਅਤੇ ਹਿੰਮਤ ਸਮਾਜ ਵਿੱਚ ਵੱਡੇ ਬਦਲਾਅ ਲਿਆ ਸਕਦੀ ਹੈ।
ਇਸ ਮੌਕੇ ‘ਤੇ ਆਵਰ ਗਲੋਬਲ ਵਿਲੇਜ ਦੀ ਸੜਕ ਸੁਰੱਖਿਆ ਮੁਹਿੰਮ “Be Seen. Be Safe.” ਨੂੰ ਵੀ ਖਾਸ ਤੌਰ ‘ਤੇ ਉਭਾਰਿਆ ਗਿਆ ਅਤੇ ਔਰਤਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੇ ਪਰਿਵਾਰਾਂ ਅਤੇ ਬੱਚਿਆਂ ਨੂੰ ਸੜਕ ਸੁਰੱਖਿਆ ਬਾਰੇ ਜਾਗਰੂਕ ਕਰਨ।
ਸਮਾਗਮ ਦਾ ਇੱਕ ਮਹੱਤਵਪੂਰਨ ਪੱਖ ਉਹ ਵੀ ਸੀ ਜਿੱਥੇ ਮਾਹਵਾਰੀ (ਮੈਨੂਪਾਜ) ਵਰਗੇ ਸੰਵੇਦਨਸ਼ੀਲ ਵਿਸ਼ੇ ‘ਤੇ ਖੁੱਲ੍ਹੀ ਚਰਚਾ ਕੀਤੀ ਗਈ। ਇਹ ਸੰਦੇਸ਼ ਦਿੱਤਾ ਗਿਆ ਕਿ ਜੇਕਰ ਅਸੀਂ ਆਪਣੇ ਮੰਚਾਂ ‘ਤੇ ਵੀ ਇਨ੍ਹਾਂ ਮੁੱਦਿਆਂ ‘ਤੇ ਗੱਲ ਨਹੀਂ ਕਰਾਂਗੇ, ਤਾਂ ਸਮਾਜ ਵਿੱਚ ਚੁੱਪ ਕਿਵੇਂ ਟੁੱਟੇਗੀ। ਇਸ ਦੇ ਨਾਲ ਹੀ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਮਾਹਵਾਰੀ (menopause) ਅਤੇ ਸ਼ੂਗਰ ਲਈ ਮੁਫ਼ਤ ਦਵਾਈਆਂ ਦੀ ਸਹੂਲਤ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਪ੍ਰੋਗਰਾਮ ਦੌਰਾਨ ਸਮਾਜ ਵਿੱਚ ਯੋਗਦਾਨ ਪਾਉਣ ਵਾਲੀਆਂ ਤਿੰਨ ਪ੍ਰੇਰਣਾਦਾਇਕ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਮਨਿੰਦਰ ਗਰੇਵਾਲ ਨੂੰ ਉਨ੍ਹਾਂ ਦੀ ਲੰਬੀ ਸੇਵਾ ਅਤੇ ਅਗਵਾਈ ਲਈ ਸਲਾਮ ਕੀਤਾ ਗਿਆ, ਰਚਨਾ ਸਿੰਘ ਨੂੰ ਕਮਿਊਨਿਟੀ ਵਿੱਚ ਸਰਗਰਮ ਭੂਮਿਕਾ ਲਈ ਮਾਣ ਦਿੱਤਾ ਗਿਆ ਅਤੇ ਨੈਨਾ ਗਰੇਵਾਲ ਨੂੰ ਨਵੀਂ ਪੀੜ੍ਹੀ ਲਈ ਪ੍ਰੇਰਣਾ ਵਜੋਂ ਉਭਾਰਿਆ ਗਿਆ।
ਕੁੱਲ ਮਿਲਾ ਕੇ, ਇਹ ਸਮਾਗਮ ਸਿਰਫ਼ ਸੱਭਿਆਚਾਰਕ ਜਸ਼ਨ ਨਹੀਂ ਸੀ, ਸਗੋਂ ਸੋਚ ਵਿੱਚ ਬਦਲਾਅ ਅਤੇ ਸਮਾਜਿਕ ਜਾਗਰੂਕਤਾ ਦਾ ਇੱਕ ਮਜ਼ਬੂਤ ਸੰਦੇਸ਼ ਦੇ ਕੇ ਖੂਬਸੂਰਤੀ ਨਾਲ ਸਫ਼ਲ ਹੋ ਨਿੱਬੜਿਆ। ਸਮਾਗਮ ਦੀ ਸਫਲਤਾ ਲਈ ਮੁੱਖ ਪ੍ਰਬੰਧਕ ਮੀਰਾ ਗਿੱਲ ਵਲੋਂ ਧੰਨਵਾਦ ਕੀਤਾ ਗਿਆ।

 

Leave a Reply

Your email address will not be published. Required fields are marked *