Apr 23, 2026
ਸਰੀ ( ਦੇ ਪ੍ਰ ਬਿ)- ਬੀਤੇ ਦਿਨ ਪੰਜਾਬੀ ਮੀਡੀਆ ਨਾਲ ਸਬੰਧਿਤ ਰੇਡੀਓ ਤੇ ਟੀਵੀ ਹੋਸਟ ਸੁਖਵਿੰਦਰ ਕੌਰ ਸੰਘਾ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਸਾਢੇ ਪੰਜ ਸਾਲ ਦੀ ਸਜ਼ਾ ਸੁਣਾਏ ਦੀ ਖਬਰ ਉਪਰੰਤ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਦੇ ਪ੍ਰਧਾਨ ਡਾ ਗੁਰਵਿੰਦਰ ਸਿੰਘ ਨੇ ਇਕ ਬਿਆਨ ਰਾਹੀਂ  ਦੋਸ਼ੀ ਦਾ ਕੈਨੇਡਾ ਦੇ ਪੰਜਾਬੀ ਮੀਡੀਆ ਨਾਲ ਸਬੰਧਿਤ ਹੋਣ ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਆਪਣੇ ਬਿਆਨ ਵਿਚ ਕਿਹਾ ਹੈ ਕਿ ਕੈਨੇਡਾ ਵਿਚ ਪੰਜਾਬੀ ਮੀਡੀਏ ਦਾ ਮੁੱਢ ਸ਼ਹੀਦ ਭਾਈ ਹਰਨਾਮ ਸਿੰਘ ਕਾਹਰੀ ਸਾਹਰੀ ਨੇ ਬੰਨਿਆ, ਜਿਹਨਾਂ 1910 ਵਿੱਚ ਸੁਦੇਸ਼ ਸੇਵਕ ਅਖਬਾਰ ਕੱਢਿਆ ਅਤੇ ਮਿਸ਼ਨ ਦੀ ਪੱਤਰਕਾਰੀ ਕੀਤੀ। ਉਹ ਪੱਤਰਕਾਰ ਹੋਣ ਦੇ ਨਾਲ-ਨਾਲ ਕੈਨੇਡਾ ਦੇ ਮੋਢੀ ਸ਼ਹੀਦ ਵੀ ਸਨ, ਜਿਹਨਾਂ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਿਆ। ਕੈਨੇਡਾ ਦੇ ਮੀਡੀਏ ਦਾ ਸੁਨਹਿਰੀ ਇਤਿਹਾਸ ਹੈ। ਬੇਸ਼ਕ ਹੋਰਨਾਂ ਖੇਤਰਾਂ ਦੀ ਤਰ੍ਹਾਂ ਮੀਡੀਏ ਵਿੱਚ ਵੀ ਮਾੜੇ-ਚੰਗੇ ਪੱਖ ਚਲਦੇ ਰਹਿੰਦੇ ਹਨ, ਪਰ ਤਾਜ਼ਾ ਘਟਨਾਕ੍ਰਮ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਅਤੇ ਸਾਢੇ ਪੰਜ ਸਾਲ ਦੀ ਸਜ਼ਾ ਪਾਉਣ ਵਾਲੀ ਰੇਡੀਓ ਹੋਸਟ ਸੁਖੀ ਉਰਫ ਸੁਖੀ ਕੌਰ ਉਰਫ ਸੁਖੀ ਰੰਧਾਵਾ ਉਰਫ ਸੁਖਵਿੰਦਰ ਸੰਘਾ ਦਾ ਮਾਮਲਾ ਚਿੰਤਾਜਨਕ ਅਤੇ ਮੰਦਭਾਗਾ ਹੈ। ਇਸ ਦੀ ਜਿੰਨੀ ਨਿਖੇਧੀ ਹੋਵੇ, ਥੋੜੀ ਹੈ। ਇਸ ਨੇ ਸਵਾਲ ਖੜੇ ਕੀਤੇ ਹਨ ਕਿ ਮੀਡੀਆ ਵਿੱਚ ਆਉਣ ਵਾਲੇ ਲੋਕ ਜੇਕਰ ਅਜਿਹੇ ਸਮਾਜ ਵਿਰੋਧੀ ਕੰਮਾਂ ਵਿੱਚ ਸ਼ਾਮਿਲ ਹਨ, ਤਾਂ ਇਸ ਤੋਂ ਮਾੜੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਪਬਲੀਕੇਸ਼ਨ ਬੈਨ ਕਾਰਨ ਸੁਖੀ ਰੰਧਾਵਾ ਉਰਫ ਸੁਖੀ ਸੰਘਾ ਦੀ ਖਬਰ ਪਹਿਲਾਂ ਸਾਹਮਣੇ ਨਹੀਂ ਆਈ, ਪਰ ਹੁਣ ਜਦੋਂ ਪਤਾ ਲੱਗਿਆ ਹੈ, ਤਾਂ ਇਸਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ  ਇਹ ਮਾਮਲਾ 21 ਅਕਤੂਬਰ 2021 ਦਾ ਹੈ, ਜਦੋਂ ਸੰਘਾ ਫਲੋਰੀਡਾ ਦੀ ਨੰਬਰ ਪਲੇਟ ਵਾਲੀ ਕਿਰਾਏ ਦੀ ਗੱਡੀ ਵਿੱਚ ਅਮਰੀਕਾ ਤੋਂ ਕੈਨੇਡਾ ਪਰਤ ਰਹੀ ਸੀ। ਬਾਰਡਰ ‘ਤੇ ਅਧਿਕਾਰੀਆਂ ਨੂੰ ਉਸ ਨੇ ਦੱਸਿਆ ਕਿ ਉਹ ਆਪਣੀ ਆਂਟੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਗਈ ਸੀ। ਜਦੋਂ  ਅਧਿਕਾਰੀਆਂ ਨੇ ਗੱਡੀ ਦੀ ਤਲਾਸ਼ੀ ਲੈਣੀ ਚਾਹੀ, ਤਾਂ ਸੰਘਾ ਨੇ ਗੱਡੀ ਭਜਾ ਲਈ। ਬਾਅਦ ਵਿੱਚ ਉਸ ਨੂੰ ਸਰੀ ਦੇ 16 ਐਵਨਿਊ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਗੱਡੀ ਵਿੱਚੋਂ 108 ਕਿਲੋਗ੍ਰਾਮ ਮੈਥਾਫੈਂਟਾਮੀਨ ( ਨਸ਼ੀਲਾ ਪਦਾਰਥ) ਬਰਾਮਦ ਹੋਈ ਸੀ। ਅਦਾਲਤ ਵਲੋਂ ਸੰਘਾ ਨੂੰ ਸਜ਼ਾ  10 ਅਪ੍ਰੈਲ 2026 ਨੂੰ ਸੁਣਾਈ ਗਈ ਹੈ।
ਗੁਰਵਿੰਦਰ ਸਿੰਘ
ਪ੍ਰਧਾਨ, ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ, ਕੈਨੇਡਾ

Leave a Reply

Your email address will not be published. Required fields are marked *