ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- 12 ਅਪ੍ਰੈਲ ਐਤਵਾਰ ਨੂੰ ਮੈਪਲ ਰਿਜ ਸ਼ਹਿਰ ਵਿਖੇ ਡਾ ਭੁਪਿੰਦਰ ਸਿੰਘ ਜੌਹਰ ਅਤੇ ਸਿੰਮੀ ਖੰਨਾ ਦੇ ਉਪਰਾਲੇ ਨਾਲ ਨਗਰ ਕੀਰਤਨ ਸਜਾਇਆ ਗਿਆ। ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਤੋਂ ਗਿਆਨੀ ਹਰਮਿੰਦਰਪਾਲ ਸਿੰਘ ਅਤੇ ਕਸ਼ਮੀਰ ਸਿੰਘ ਦੇ ਸਹਿਯੋਗ ਨਾਲ ਨਗਰ ਕੀਰਤਨ ਨੇਪਰੇ ਚੜ੍ਹਿਆ। ਮੈਪਲ ਰਿਜ ਡਾਊਨਟਾਊਨ ਦੇ ਮੈਮੋਰੀਅਲ ਪੀਸ ਪਾਰਕ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਖ਼ਾਲਸੇ ਦੇ ਸਾਜਣਾ ਦਿਵਸ ਵਿਚ ਗੁਰੂ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਪੰਜ ਪਿਆਰਿਆਂ ਦੀ ਅਗਵਾਈ ਹੇਠ ਵੈਨਕੂਵਰ ਤੋਂ ਗਏ ਫਲੋਟ ਵਿਚ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ। ਐਬਸਫੋਰਡ ਦੇ ਪ੍ਰਧਾਨ ਰਜਿੰਦਰ ਸਿੰਘ ਰਾਜੂ ਢਿੱਲੋਂ ਆਪਣੀ ਪ੍ਰਬੰਧਕ ਕਮੇਟੀ ਸਮੇਤ ਪਹੁੰਚੇ ਹੋਏ ਸਨ। ਬੱਚਿਆਂ ਨੇ ਗਤਕੇ ਦੇ ਜੌਹਰ ਵਿਖਾਏ। ਕੀਰਤਨੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਬੀ.ਸੀ ਐਜੂਕੇਸ਼ਨ ਵਜ਼ੀਰ ਤੇ ਮੈਪਿਲ ਰਿਜ ਦੇ ਕੌਂਸਲਰਾਂ ਨੇ ਸੰਗਤਾਂ ਨੂੰ ਖ਼ਾਲਸੇ ਦੇ ਸਾਜਣਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਕਸ਼ਮੀਰ ਸਿੰਘ ਧਾਲੀਵਾਲ ਨੇ ਸੰਗਤਾਂ ਦਾ ਧੰਨਵਾਦ ਕੀਤਾ ਜੋ ਪਹਿਲੇ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਤੇ ਅਗਲੇ ਸਾਲ ਵਾਸਤੇ ਹੋਰ ਸਹਿਯੋਗ ਦੀ ਪੇਸ਼ਕਸ਼ ਕੀਤੀ। ਡਾ. ਭੁਪਿੰਦਰ ਸਿੰਘ ਜੌਹਰ ਨੇ ਸੰਗਤਾਂ ਦਾ ਅਤੇ ਖ਼ਾਲਸਾ ਦੀਵਾਨ ਸੁਸਾਇਟੀ ਦਾ ਧੰਨਵਾਦ ਕੀਤਾ। ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।






