ਵਿਦੇਸ਼ੀ ਧਰਤੀ ‘ਤੇ ਸਿੱਖ ਬੱਚਿਆਂ ਨੂੰ ਵਿਰਾਸਤ ਨਾਲ ਜੋੜਨ ਦਾ ਵੱਡਾ ਉਪਰਾਲਾ-ਭਾਈ ਜੈਮਲ ਸਿੰਘ
ਸਰੀ, 4 ਮਈ (ਸੰਦੀਪ ਸਿੰਘ ਧੰਜੂ)- ਪੁਰਾਤਨ ਯੁੱਧ ਕਲਾ ਅਤੇ ਗੁਰੂ ਸਾਹਿਬਾਨ ਦੇ ਸਮੇਂ ਜੰਗਾਂ ‘ਚ ਵਰਤੇ ਜਾਂਦੇ ਸ਼ਾਸਤਰਾਂ ਅਤੇ ਸਿੱਖਾਂ ਸਮੇਤ ਵਿਦੇਸ਼ੀ ਮੂਲ ਦੇ ਲੋਕਾਂ ਵੱਲੋਂ ਗੱਤਕੇ ਦੀ ਤਰਜ ‘ਤੇ ਕੀਤੇ ਜਾਂਦੇ ਅਭਿਆਸ ‘ਚ ਵਰਤੇ ਜਾਂਦੇ ਸ਼ਾਸਤਰਾਂ ਨੂੰ ਲੈ ਕੇ ਚੱਲਦਾ ਵਹੀਰ ਖ਼ਾਲਸਾ ਹੈਰੀਟੇਜ਼ ਮਿਊਜੀਅਮ ਪੂਰੇ ਕੈਨੇਡਾ ‘ਚ ਜਾਏਗਾ, ਜਿਸ ਦੀ ਸ਼ੁਰੂਆਤ ਅੱਜ ਸਰੀ ਦੇ ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਤੋਂ ਪੰਜ ਸਿੰਘਾਂ ਵਲੋਂ ਅਰਦਾਸ ਕਰਕੇ ਕੀਤੀ ਗਈ | ਇਸ ਮੌਕੇ ਦਮਦਮੀ ਟਕਸਾਲ ਦੇ ਪ੍ਰਚਾਰਕ ਭਾਈ ਜੈਮਲ ਸਿੰਘ ਨੇ ਬਾਣੀ ਦੇ ਪਾਠ ਕੀਤੇ ਤੇ ਅਰਦਾਸ ਉਪਰੰਤ ਕਿਹਾ ਕਿ ਵਿਦੇਸ਼ੀ ਧਰਤੀ ‘ਤੇ ਸਿੱਖ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਲਈ ਇਹ ਵਿਲੱਖਣ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਜਾ ਕੇ ਸ਼ਾਸਤਰ ਸਦਾ ਲਈ ਸਿੱਖਾਂ ਦੇ ਤਨ ਤੇ ਮਨ ਉਪਰ ਸਜਾ ਦਿੱਤੇ | ਉਨ੍ਹਾਂ ਇਸ ਮਿਊਜ਼ੀਅਮ ਨੂੰ ਬਣਾਉਣ ਲਈ ਭਾਈ ਜਗਜੀਤ ਸਿੰਘ ਦੀਆਂ ਸੇਵਾਵਾਂ ਦੀ ਸਲਾਘਾ ਕੀਤੀ ਤੇ ਕਿਹਾ ਕਿ ਭਾਈ ਸਾਹਿਬ ਦਹਾਕਿਆਂ ਤੋਂ ਇਸ ਪਾਸੇ ਸੇਵਾਵਾਂ ਨਿਭਾਉਂਦੇ ਆ ਰਹੇ ਹਨ | ਇਸ ਮੌਕੇ ਟਕਸਾਲ ਵਲੋਂ ਭਾਈ ਜਗਜੀਤ ਸਿੰਘ ਨੂੰ ਸਿਰੋਪਾਓ ਭੇਟ ਕੀਤਾ ਗਿਆ| ਉਨ੍ਹਾਂ ਸਹਿਯੋਗੀ ਸੰਗਤਾਂ ਦਾ ਧੰਨਵਾਦ ਵੀ ਕੀਤਾ | ਉਨ੍ਹਾਂ ਦੱਸਿਆ ਖ਼ਾਲਸਾਈ ਰੰਗ ‘ਚ ਰੰਗੀ ਇਹ ਵਹੀਰ ਜਿਥੇ ਵੀ ਪ੍ਰਚਾਰ ਲਈ ਜਾਵੇਗੀ, ਉਥੇ ਖ਼ਾਲਸਾ ਸਜੇ ਘੋੜ ਸਵਾਰ, ਗੱਤਕਾ ਟੀਮਾਂ ਵੀ ਜਾਣਗੀਆਂ ਅਤੇ ਇਹ ਵਹੀਰ ਬੱਚਿਆਂ ਨੂੰ ਜੋੜਨ ਲਈ ਪੂਰੇ ਕੈਨੇਡਾ ਤੇ ਅਮਰੀਕਾ ਵਿਚ ਜਾਵੇਗੀ | ਇਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਤੇ ਬੱਚਿਆਂ ਨੇ ਮਿਊਜ਼ੀਅਮ ਵਿਚ ਸ਼ਾਸਤਰਾਂ ਦੇ ਦਰਸ਼ਨ ਕੀਤੇ |
