Jun 30, 2026

ਲਾ ਗੁਏਰਾ -ਵੈਨੇਜ਼ੁਏਲਾ ਵਿੱਚ ਆਏ 7.2 ਅਤੇ 7.5 ਦੀ ਸ਼ਿੱਦਤ ਦੇ ਲਗਾਤਾਰ ਦੋ ਭੂਚਾਲਾਂ ਮਗਰੋਂ ਮਰਨ ਵਾਲਿਆਂ ਦੀ ਗਿਣਤੀ 1,430 ਤੱਕ ਪੁੱਜ ਗਈ ਹੈ। ਸਰਕਾਰੀ ਅੰਕੜਿਆਂ ਅਨੁਸਾਰ 68,900 ਤੋਂ ਵੱਧ ਲੋਕ ਹਾਲੇ ਵੀ ਲਾਪਤਾ ਹਨ। ਸਭ ਤੋਂ ਵੱਧ ਪ੍ਰਭਾਵਿਤ ਸੂਬੇ ਲਾ ਗੁਏਰਾ ਵਿੱਚ ਲੋਕ ਮਲਬੇ ’ਚੋਂ ਆਪਣੇ ਪਿਆਰਿਆਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਸਰਕਾਰ ਦੇ ਮਾੜੇ ਰਾਹਤ ਪ੍ਰਬੰਧਾਂ ਕਾਰਨ ਲੋਕਾਂ ਵਿੱਚ ਗੁੱਸਾ ਹੈ। ਸਥਾਨਕ ਲੋਕਾਂ ਅਨੁਸਾਰ ਫ਼ੌਜ ਅਤੇ ਪੁਲੀਸ ਮਦਦ ਕਰਨ ਦੀ ਬਜਾਏ ਸਿਰਫ਼ ਫੋਟੋਆਂ ਖਿਚਵਾ ਰਹੀ ਹੈ। ਅਤਿ ਦੀ ਗਰਮੀ ਅਤੇ ਲਾਸ਼ਾਂ ਦੀ ਬਦਬੂ ਕਾਰਨ ਰਾਹਤ ਕਾਰਜਾਂ ’ਚ ਮੁਸ਼ਕਲ ਆ ਰਹੀ ਹੈ। ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੌਡਰਿਗਜ਼ ਲਈ ਇਹ ਵੱਡੀ ਚੁਣੌਤੀ ਬਣ ਗਈ ਹੈ, ਕਿਉਂਕਿ ਮੁਲਕ ਪਹਿਲਾਂ ਹੀ ਆਰਥਿਕ ਸੰਕਟ ’ਚੋਂ ਲੰਘ ਰਿਹਾ ਹੈ। ਆਫ਼ਤ ਪ੍ਰਬੰਧਨ ਏਜੰਸੀਆਂ ਅਨੁਸਾਰ ਆਉਣ ਵਾਲੇ ਕੁਝ ਘੰਟੇ ਮਲਬੇ ਹੇਠ ਦੱਬੇ ਲੋਕਾਂ ਨੂੰ ਜਿਉਂਦੇ ਬਚਾਉਣ ਲਈ ਬਹੁਤ ਅਹਿਮ ਹਨ। ਸੰਕਟ ਦੀ ਇਸ ਘੜੀ ਵਿੱਚ ਅਮਰੀਕਾ, ਬ੍ਰਾਜ਼ੀਲ, ਮੈਕਸਿਕੋ ਅਤੇ ਫਰਾਂਸ ਸਮੇਤ ਕਈ ਦੇਸ਼ਾਂ ਨੇ ਬਚਾਅ ਕਾਰਜਾਂ ਲਈ ਜਹਾਜ਼ ਅਤੇ ਹੋਰ ਸਾਧਨ ਭੇਜੇ ਹਨ; ਹਾਲਾਂਕਿ ਮੁੱਖ ਹਵਾਈ ਅੱਡਾ ਤਬਾਹ ਹੋਣ ਕਾਰਨ ਸੰਯੁਕਤ ਰਾਸ਼ਟਰ ਅਤੇ ਰੈੱਡ ਕਰਾਸ ਵਰਗੀਆਂ ਸੰਸਥਾਵਾਂ ਲਈ ਰਾਹਤ ਸਮੱਗਰੀ ਪਹੁੰਚਾਉਣੀ ਚੁਣੌਤੀ ਬਣੀ ਹੋਈ ਹੈ। ਮਾਹਿਰਾਂ ਅਨੁਸਾਰ, ਅਜਿਹੇ ਸਮੇਂ ਸਥਾਨਕ ਪੱਧਰ ’ਤੇ ਕੰਮ ਕਰ ਰਹੀਆਂ ਭਰੋਸੇਯੋਗ ਸੰਸਥਾਵਾਂ ਨੂੰ ਨਗਦ ਆਰਥਿਕ ਮਦਦ ਦੇਣਾ ਸਭ ਤੋਂ ਕਾਰਗਰ ਸਾਬਤ ਹੋਵੇਗਾ। ਇਸ ਤਰ੍ਹਾਂ ਸਥਾਨਕ ਬਾਜ਼ਾਰ ਤੋਂ ਤੁਰੰਤ ਸਾਮਾਨ ਖ਼ਰੀਦ ਕੇ ਪੀੜਤਾਂ ਤੱਕ ਪਹੁੰਚਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *