ਮਲਕੀਤ ਮਾਹੀ –
ਖਰੜ (ਮੋਹਾਲੀ ) ਮੋਬਾਈਲ- 9417082829
ਕੁੱਝ ਕਲਮਾਂ ਸਿਰਫ ਕਾਗਜ਼ ਤੇ ਹੀ ਨਹੀਂ ਲਿਖਦੀਆਂ… ਉਹ ਆਪਣੇ ਬੋਲ ਸਦਾ ਸਦਾ ਲਈ ਸੁਣਨ ਵਾਲਿਆਂ ਦੇ ਦਿਲਾਂ ਤੇ ਲਿਖ ਜਾਂਦੀਆਂ ਹਨ।
ਹਰਵਿੰਦਰ ਉਹੜਪੁਰੀ ਦੀ ਕਲਮ ਵੀ ਉਹਨਾਂ ਹੀ ਅਨਮੋਲ ਕਲਮਾਂ ‘ਚੋਂ ਇਕ ਹੈ,ਜਿਸਨੇ ਪੰਜਾਬ ਦੇ ਮਾਣਮੱਤੇ ਸੱਭਿਆਚਾਰਕ ਵਿਰਸੇ ਅਤੇ ਸਿੱਖੀ ਦੇ ਸ਼ਹਾਦਤਾਂ ਭਰੇ ਲਾਸਾਨੀ ਇਤਿਹਾਸ ਨੂੰ ਆਪਣੇ ਸ਼ਬਦਾਂ ਵਿੱਚ ਪਰੋ ਕੇ ਗੀਤਾਂ ਦੇ ਰੂਪ ਵਿੱਚ ਦੁਨੀਆ ਭਰ ਵਿੱਚ ਵਸਦੇ ਸਰੋਤਿਆਂ ਦੇ ਦਿਲਾਂ ਦੀਆਂ ਗਹਿਰਾਈਆਂ ਤੱਕ ਪਹੁੰਚਾ ਦਿੱਤਾ ਹੈ।ਜਦੋਂ ਉਹਨਾਂ ਦੇ ਲਿਖੇ ਬੋਲ ਸਿਰਮੌਰ ਗਾਇਕਾਂ ਦੀ ਆਵਾਜ਼ ‘ਚ ਗੂੰਜਦੇ ਹਨ ਤਾਂ ਲੱਗਦਾ ਆ ਜਿਵੇਂ ਰੰਗਲੇ ਪੰਜਾਬ ਦੀਆਂ ਰੁਮਕਦੀਆਂ ਪੌਣਾਂ ਵਿੱਚ ਪੰਜਾਬੀਅਤ ਦੀਆਂ ਬਹਾਰਾਂ ਮਹਿਕ ਰਹੀਆਂ ਹੋਣ।
500 ਦੇ ਕਰੀਬ ਧਾਰਮਿਕ, ਸੱਭਿਆਚਾਰਕ ਅਤੇ ਬੋਲੀਆਂ ਰੂਪੀ ਗੀਤ ਇਹ ਸਿਰਫ਼ ਗਿਣਤੀ ਹੀ ਨਹੀਂ ਸਗੋਂ ਪੰਜਾਬੀ ਮਾਂ ਬੋਲੀ ਦੇ ਅਦਬ ਸਤਿਕਾਰ ਅਤੇ ਮਾਣ ਦੀ ਗਵਾਹੀ ਭਰਦੇ ਹਨ।
ਹਰਵਿੰਦਰ ਉਹੜਪੁਰੀ ਨੇ ਆਪਣੇ ਬੋਲਾਂ ‘ਚ ਉਹ ਤਾਕਤ ਭਰੀ ਆ ਜੋ ਇਨਸਾਨ ਨੂੰ ਗੁਰੂ ਅਤੇ ਗੁਰੂਘਰ ਨਾਲ ਜੋੜਦੀ ਹੈ, ਪੰਜਾਬ ਦੀ ਕੁਰਬਾਨੀਆਂ ਭਰੀ ਜ਼ਰਖ਼ੇਜ਼ ਮਿੱਟੀ ਨਾਲ ਜੋੜਦੀ ਹੈ ,ਆਪਣੇ ਵਿਰਸੇ ਨਾਲ ਜੋੜਦੀ ਹੈ।ਉਨ੍ਹਾਂ ਨੇ ਗੀਤਕਾਰੀ ਦੀ ਹਰ ਵੰਨਗੀ ਚੋਂ ਧਾਰਮਿਕ,ਸੱਭਿਆਚਾਰਕ, ਰੁਮਾਂਟਿਕ,ਲੋਕ ਬੋਲੀਆਂ, ਲੋਕ ਤੱਥ, ਲੋਕ ਗਥਾਵਾਂ ਆਦਿ ਗੱਲ ਕੀ ਉਹਨਾਂ ਦੀ ਕਲਮ ਸਿਰਫ ਕਲਮ ਹੀ ਨਹੀਂ ਇਹ ਪੰਜਾਬੀ ਦੇ ਇਤਿਹਾਸ ਦੀ ਰਾਖੀ ਕਰਨ ਵਾਲੀ ਅਤੇ ਭਵਿੱਖ ਦੀ ਪੀੜ੍ਹੀ ਨੂੰ ਰਾਹ ਦਿਖਾਉਣ ਵਾਲੀ ਮਿਸ਼ਾਲ ਹੈ।
ਦੁਆਬੇ ਇਲਾਕੇ ਦੀ ਰਮਣੀਕ ਧਰਤੀ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਛੋਟੇ ਜਿਹੇ ਕਸਬੇ ਟਾਂਡਾ ਉੜਮੁੜ ਤੋਂ ਦੋ ਢਾਈ ਕਿਲੋ ਮੀਟਰ ਦੀ ਵਿੱਥ ਤੇ ਚੜ੍ਹਦੇ ਪਾਸੇ ਹੁਸ਼ਿਆਰਪੁਰ ਰੋਡ ਤੇ ਪੈਂਦੇ ਪਿੰਡ ਉਹੜਪੁਰ ਵਿੱਚ ਜੰਮੇ ਪਲੇ ਮਾਣ-ਮੱਤੇ ਗੀਤਕਾਰ ਹਰਵਿੰਦਰ ਉਹੜਪੁਰੀ ਦੇ ਪਿਛਲੇ ਦਿਨੀਂ ਹੀ ਬਾਲੀਵੁੱਡ ਦੀ ਸੁਪਰ ਡੁਪਰ ਹਿੱਟ ਹਿੰਦੀ ਫਿਲਮ ” ਧੂੰਰਧਰ -2 ” ਵਿੱਚ ਉਹਨਾਂ ਦੀਆਂ ਲਿਖੀਆਂ ਅਤੇ ਸਵ.ਸੁਰਜੀਤ ਬਿੰਦਰੱਖੀਏ ਦੀਆਂ ਗਾਈਂਆਂ ਬੋਲੀਆਂ ਸ਼ਾਮਲ ਹੋਣ ਤੇ ਉਸਦੀ ਕਲਮ ਨੇ ਗੀਤਕਾਰੀ ਖੇਤਰ ‘ਚ ਕਾਮਯਾਬੀ ਦੇ ਵੱਡੇ ਕੋਕੇ ਜੜ੍ਹੇ ਹਨ। ਸਾਲ 1987 ਤੋਂ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਗੀਤਕਾਰੀ ਦਾ ਲੰਮਾ ਸਫ਼ਰ ਸ਼ੁਰੂ ਕਰਦਿਆਂ, ਪੰਜਾਬ ਦੇ ਤਕਰੀਬਨ ਹਰ ਗਾਇਕ ਨੇ ਉਨ੍ਹਾਂ ਦੇ ਲਿਖੇ ਗੀਤਾਂ ਨੂੰ ਗਾ ਕੇ ਮਾਣ ਮਹਿਸੂਸ ਕੀਤਾ ਹੈ
ਹਰਵਿੰਦਰ ਉਹੜਪੁਰੀ ਦੇ ਅਨੇਕਾਂ ਗੀਤਾਂ ਨੇ ਰਿਕਾਰਡ ਸਥਾਪਿਤ ਕੀਤੇ ਹਨ,ਨਵੇਂ ਦਿਸਹੱਦੇ ਸਿਰਜੇ ਹਨ ਅਤੇ ਬੁਲੰਦੀਆਂ ਛੋਹੀਆਂ ਹਨ,ਜਿਨ੍ਹਾਂ ਚੋਂ ਖ਼ਾਸ ਕਰਕੇ ਬਹੁਤ ਸਾਰੇ ਕੁਝ ਚਰਚਿਤ ਗੀਤਾਂ ਚੋਂ “ਅਰਦਾਸ ਕਰਾਂ ਹਰ ਸਵਾਸ ਕਰਾਂ, ਮੇਰੇ ਪ੍ਰੀਤਮਾਂ ਜੀਉ, ਭਾਈ ਮਤੀ ਦਾਸ ਜੀ, ਪਹਿਲਾਂ ਵੰਡੇ ਗੁਰਧਾਮ ਤੇ ਪਾਣੀ ਹੁਣ ਦਾਤਾ ਵੰਡੀ ਗਈ ਬਾਣੀ, ਮਰਦ ਅਗੰਮੜਾ,ਮੇਰੀ ਤੇਗ ਪਿਆਸੀ ਖ਼ੂਨ ਦੀ(ਨਛੱਤਰ ਗਿੱਲ),ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ,ਆਓ ਨਗਰ ਕੀਰਤਨ ਦੇ ਦਰਸ਼ਨ ਪਾਈਏ,ਔਰਤ ਦੀ ਕੁਰਬਾਨੀ, ਬਲਿਦਾਨ ਖ਼ਾਲਸੇ ਦੇ,ਬੁੱਕਲ ਦਿਆਂ ਨਾਗਾਂ ਤੋਂ ਰਹਿਣਾ ਬਚ ਕੇ ਸਿੰਘ ਸਰਦਾਰੋ,ਤੇਰੇ ਦਰਸ਼ਨ ਲਈ ਸਾਹਿਬਾ ਹਜ਼ੂਰ ਸਾਹਿਬ ਆਏ(ਸਤਵਿੰਦਰ ਬਿੱਟੀ)ਹਿਰਦੇ ਹਰਿ ਵਸਾ ਲਓ ਜੀ ਹਰਿਮੰਦਰ ਆ ਕੇ, ਸਿੱਖੀ ਦੀਆਂ ਸ਼ਾਨਾਂ ਸਾਰੇ ਜੱਗ ਤੋਂ ਨਿਆਰੀਆਂ, ਸਿਰ ਤੇ ਗਾਗਰ ਪਾਣੀ ਦੀ,ਪੁੱਤ ਪ੍ਰਦੇਸ਼ ਪੁਜਿਆ(ਹੰਸ ਰਾਜ ਹੰਸ)ਜਨਮ ਦਿਹਾੜਾ ਖਾਲਸੇ ਦਾ,ਸਿੰਘੋ ਸਿਰਾਂ ਵੱਟੇ ਲੈ ਲਓ ਸਰਦਾਰੀਆਂ,ਸਿੰਘੋ ਸੇਵਾਦਾਰ ਬਣੋ ਸਿੱਖ ਕੌਮ ਦੇ ਨਾ ਭਾਲੋ਼ ਤੁਸੀਂ ਜਥੇਦਾਰੀਆਂ,ਤੇਰੇ ਸੀਸ ਗੰਜ ਨੂੰ ਸਲਾਮ ਹੈ ਸਲਾਮ ਹੈ,ਸ਼ੇਰਾਂ ਵਾਂਗੂੰ ਕੌਮਾਂ ਦੇ ਸਰਦਾਰ ਜਿਉਂਦੇ ਨੇ, ਰੱਬ ਦੇ ਨਾਂ ਤੇ ਰੱਬ ਦਾ ਨਾਮ ਵਿਉਪਾਰ ਕਰੋ(ਸੁਰਜੀਤ ਬਿੰਦਰੱਖੀਆਂ), ਭਾਈ ਘਨ੍ਹਈਆ ਗੁਰ ਕੇ ਲਾਲ (ਦਲੇਰ ਮਹਿੰਦੀ),ਤੇਰਾ ਖਾਲਸਾ ਪੰਥ ਨਿਆਰਾ,ਪੰਥ ਖ਼ਾਲਸਾ,ਦਰਸ਼ਨ ਗੁਰਧਾਮਾਂ ਦੇ, ਕੁੰਡਲੀਆ ਸੱਪ ਬੀਰ ਖਾਲਸਾ ਅਜੇ ਨਹੀਂ ਮਰਿਆ(ਜੈਜ਼ੀ ਬੀ),ਸੰਭਲੋ ਸਿੰਘੋ ਕੌਮ ਨਾ ਕਿਤੇ ਜੈਕਾਰਿਆ ਜੋਗੀ ਰਹਿ ਜੇ, ਇੱਕ ਗੰਗੂ ਨੂੰ ਦੋਸ਼ ਕੀ ਦੇਣਾ ਘਰ ਘਰ ਗੰਗੂ ਹੋ ਗਏ ਨੇ,ਜੱਗ ਖੂਹ ਦੀਆਂ ਟਿੰਡਾਂ,ਸ਼ਾਨ ਖਾਲਸੇ ਦੀ, ਸਿੱਖੀ ਦਾ ਅਜਬ ਨਜ਼ਾਰਾ, ਧੰਨ ਗੁਰੂ ਰਵਿਦਾਸ,ਬੋਲ ਬਾਲਮੀਕ ਜੀ ਦੀ ਜੈ ਬੋਲ ਤੂੰ, ਜਨਮ ਦਿਹਾੜਾ ਗੁਰਾਂ ਦਾ ਆਇਆ(ਲੈਹਿੰਬਰ ਹੁਸੈਨਪੁਰੀ),ਸਰਦਾਰੀ ਬੋਲਦੀ (ਜੈਜ਼ ਧਾਮੀ),ਸਿੰਘ ਇਸ਼ਕ ਕਮਾਉਂਦੇ ਖ਼ੂਨੀ ਆਰਿਆਂ ਦੇ ਨਾਲ(ਭਿੰਦਾ ਜੱਟ),ਏਸੇ ਨੂੰ ਸਿੱਖੀ ਕਹਿੰਦੇ ਨੇ(ਇੰਦਰਜੀਤ ਨਿੱਕੂ)ਸ਼ਹੀਦ ਊਧਮ ਸਿੰਘ (ਸਰਬਜੀਤ ਚੀਮਾ)ਕੌਮ ਜੋ ਬਚਾਵੇ ਸੂਰਬੀਰ ਚਾਹੀਦਾ (ਢਾਡੀ ਤਰਸੇਮ ਸਿੰਘ ਮੋਰਾਂਵਾਲੀ)ਤੇਰਾ ਆਸਰਾ (ਆਦੇਸ਼ ਪਾਲ),ਸੰਭਲੋ਼ ਸਿੰਘੋ ਸੂਰਿਓ(ਅਮਨ ਰੋਜ਼ੀ )ਲੋਕ-ਤੱਥ (ਪੰਮਾ ਡੂੰਮੇਵਾਲੀਆ)ਆਦਿ ਸੁਪਰ ਡੁਪਰ ਹਿੱਟ ਗੀਤਾਂ ਦੇ ਬੋਲ ਗੁਰਪੁਰਬ,ਨਗਰ ਕੀਰਤਨ, ਧਾਰਮਿਕ ਅਸਥਾਨਾਂ ਤੇ ਅਤੇ ਛਬੀਲਾਂ ਤੇ ਅਕਸਰ ਹੀ ਬੜੇ ਸ਼ਰਧਾ ਭਾਵਨਾ ਨਾਲ ਸੁਣੇ ਜਾਂਦੇ ਹਨ।ਇਸ ਤੋਂ ਇਲਾਵਾ ਹੋਰ ਗਾਇਕਾਂ ,ਚੋਂ ਸੁਖਸ਼ਿੰਦਰ ਸ਼ਿੰਦਾ,ਜੈਜ਼ ਧਾਮੀ, ਮਦਨ ਸ਼ੌਂਕੀ,ਗੁਰਬਖਸ਼ ਸ਼ੌਂਕੀ,ਮੇਸ਼ੀ ਇਸ਼ਾਰਾ,ਰਾਜੂ ਦੀਨੇਵਾਲੀਆ, ਸਲੀਮ, ਕਮਲਜੀਤ ਨੀਰੂ,ਰਾਏ ਜੁਝਾਰ, ਮਿਸ ਪੂਜਾ, ਹਰਵਿੰਦਰ ਟਾਂਡੀ,ਕੇ.ਐਸ. ਮੱਖਣ,ਬਿੱਲ ਸਿੰਘ,ਗੀਤਾ ਜ਼ੈਲਦਾਰ, ,ਸੁਰਜੀਤ ਖਾਨ,ਨਰਿੰਦਰ ਮਾਵੀ,ਪ੍ਰਵੀਨ ਭਾਰਟਾ,ਸੁਦੇਸ਼ ਕੁਮਾਰੀ,ਸੀਰਤ ਕੁਮਾਰੀ,ਮਕਬੂਲ,ਬਲਬੀਰ ਕਮਲ,ਬੀਬੀ ਪ੍ਰੀਤਮ ਕੌਰ,ਦੀਪ ਬਾਜਵਾ,ਗੁਰਿੰਦਰ ਪੱਡਾ,ਕੁਲਤਾਰ ਬਾਜਵਾ,ਜੀਤਾ ਜਾਨੀ,ਨਿੱਕ ਨਿਸ਼ੂ,ਕੁਲਦੀਪ ਚੁੰਬਰ,ਸੰਜੀਵ ਸਿਤਾਰਾ,ਮਨਜੀਤ ਧਾਮੀ,ਰਣਵੀਰ ਸਿੰਘ ਰੱਖੜਾ,ਪ੍ਰੀਤ ਗੁਰਪ੍ਰੀਤ,ਕੁਲਦੀਪ ਰੰਧਾਵਾ,ਰੰਮੀ ਰੰਧਾਵਾ,ਪ੍ਰਿੰਸ ਰੰਧਾਵਾ,ਹਰਪ੍ਰੀਤ ਰੰਧਾਵਾ ਤੇ ਹੋਰ ਬਹੁਤ ਸਾਰੇ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤਾਂ ਨੂੰ ਗਾ ਕੇ ਪੰਜਾਬੀ ਗਾਇਕੀ ਦੀ ਸ਼ਾਨ ਨੂੰ ਹੋਰ ਵਧਾਇਆ। ਧਾਰਮਿਕ ਗੀਤਾਂ ਤੋਂ ਇਲਾਵਾ ਪੰਜਾਬੀ ਗੀਤ ਅਤੇ ਲੋਕ ਬੋਲੀਆਂ ਵਿੱਚ ਵੀ ਹਰਵਿੰਦਰ ਉਹੜਪੁਰੀ ਨੇ ਹਮੇਸ਼ਾ ਝੰਡੀ ਗੱਡੀ ਹੈ। ਬੱਲੇ ਬੱਲੇ ਬਈ ਕਰਤੇ ਮਲੰਗ ਬਾਣੀਏ,ਕਿੱਥੋਂ ਸਿੱਖਿਆ ਮੜਕ ਨਾਲ ਤੁਰਨਾ,ਮੋਰਚੇ ਬਣਾ ਕੇ ਬੈਠ ਗਈ ਤੇਰੇ ਰਾਹਾਂ ‘ਚ ਗੱਭਰੂਆਂ ਦੀ ਢਾਣੀ,ਸੰਗ ਖੁੱਲ ਗਈ ਤੇਰੇ ਤੇ ਜਦੋਂ ਡੁੱਲ ਗਈ, ਮੌਸਮ ਵਾਂਗ ਮਸ਼ੂਕਾਂ ਦੇ ਮਿਜ਼ਾਜ ਬਦਲਦੇ ਰਹਿੰਦੇ ਨੇ,ਬੇਈਮਾਨ ਗਾਹਕ ਮਾੜਾ ਪਿੱਠ ਦੇਉ ਸਾਕ ਮਾੜਾ(ਸੁਰਜੀਤ ਬਿੰਦਰਖੀਆ) ਅੱਖੀਆਂ ਮਾਰ ਗਿਆ ਜੈ਼ਲਦਾਰ ਦਾ ਪੋਤਾ ਸੁਪਰ ਹਿੱਟ ਬੋਲੀਆਂ, ਫੁੱਲਕਾਰੀ,ਬੋਲੀਆਂ -ਐਲਬਮ ਪਰਦੇਸੀ ਢੋਲਾ, ਨਾਨ ਸਟਾਪ ਬੋਲੀਆਂ(ਸਤਵਿੰਦਰ ਬਿੱਟੀ) ਫ਼ੁੱਲਾਂ ਵਾਲਾ ਸੂਟ,ਮਿੱਤਰਾਂ ਨੇ ਸ਼ਰਤਾਂ ਲਾਈਆਂ,ਖੁੱਲ੍ਹੇ ਬੂਹੇ ਮਿੱਤਰਾਂ ਦੇ,ਤੇਰੀ ਗੱਲ ਹੋਰ ਐ, ਦੁਨੀਆਂ ਤਾਹੀਓ ਕਰਦੀ ਏ ਸਤਿਕਾਰ ਪੰਜਾਬੀਆਂ ਦਾ (ਲੈਹਿੰਬਰ ਹੁਸੈਨਪੁਰੀ) ਤੇਰੀ ਅੱਖ ਦੀ ਸ਼ਰਾਰਤ ਸਾਰੀ ਗੱਭਰੂ ਤਾਂ ਐਵੇਂ ਬਦਨਾਮ ਹੋ ਗਿਆ,ਤੇਰੀਆਂ ਨਹੀਂ ਰੀਸਾਂ(ਯੁੱਧਵੀਰ ਮਾਣਕ),ਲੋਕ ਤੱਥ(ਸੁਖਵਿੰਦਰ ਪੰਛੀ),ਪਿਆਰ ਦੀ ਡਿਗਰੀ(ਸਾਬਰ ਕੋਟੀ) ਪੇਚਾ ਅੱਖੀਆਂ ਦਾ ਲੜਿਆ ਏ (ਇੰਦਰਜੀਤ ਨਿੱਕੂ),ਹੁਣ ਨਾ ਮਹਿਫ਼ਲ ਜੁੜਦੀ ਆ ਮੇਰੇ ਪਿੰਡ ਦੀਆਂ ਸੱਥਾਂ ਤੇ(ਹਰਮਿੰਦਰ ਨੂਰਪੁਰੀ)ਛੇਤੀ ਆ ਜਾ ਲੰਡਨੋਂ ਜਹਾਜੇ਼ ਚੜ੍ਹਕੇ(ਅਵਤਾਰ ਰੰਧਾਵਾ),ਟੂਣੇ ਦੇ ਤਵੀਤਾਂ ਵਾਂਗੂੰ ਵੈਰਨੇ ਯਾਰ ਨੂੰ ਵਿਯੋਗ ਤੇਰਾ ਖਾ ਗਿਆ(ਭੁਪਿੰਦਰ ਗਿੱਲ),ਮੈਂ ਡਿਸਕੋ ਨਹੀਂ ਜਾਣਾ ਮੇਰੀ ਮੰਮੀ ਲੜਦੀ ਆ(ਡੀ ਸੰਨੀ)।
ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਹਰਵਿੰਦਰ ਉਹੜਪੁਰੀ ਨੇ ਦੱਸਿਆ ਕਿ ਉਨ੍ਹਾਂ ਨੇ ਬਤੌਰ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਉੜਮੁੜ ਵਿਖੇ ਵੀ ਪੂਰੀ ਜ਼ਿੰਮੇਵਾਰੀ ਨਾਲ 31 ਸਾਲ ਡਿਊਟੀ ਨਿਭਾਉਦਿਆਂ ਬੀਤੇ ਦਿਨੀਂ ਸੇਵਾ ਮੁਕਤੀ ਦਾ ਮਾਣ ਹਾਸਲ ਕੀਤਾ ਹੈ।
ਹੋਰ ਤਾਂ ਹੋਰ ਸਮੇਂ ਦੇ ਨਾਲ ਗੀਤ ਬਦਲਦੇ ਨੇ.. ਸੰਗੀਤ ਦੇ ਰੁਝਾਨ ਬਦਲਦੇ ਨੇ ਪਰ ਉਹੜਪੁਰੀ ਦੇ ਲਿਖੇ ਬੋਲ ਅੱਜ ਵੀ ਉਵੇਂ ਹੀ ਲੋਕ ਮਨਾ ਵਿੱਚ ਵਸੇ ਹੋਏ ਨੇ ਅਤੇ ਨਵੇਂ ਗੀਤ ਵਸਦੇ ਜਾ ਰਹੇ ਨੇ,ਜਿਵੇਂ ਪੰਜਾਬੀ ਲੋਕ ਵਿਰਸੇ ਦੀਆਂ ਵੰਨਗੀਆਂ ਸਦਾ ਬਹਾਰ ਨੇ, ਕਿਉਂਕਿ ਉਹਨਾਂ ਦੇ ਬੋਲਾਂ ਦੇ ਅਰਥਾਂ ਚ ਬੇਅਰਥੀ ਨਹੀਂ ਹੈ ਸਿਰਫ਼ ਸ਼ਰਧਾ ਤੇ ਸਿਰਫ਼ ਪੰਜਾਬੀ ਸੱਭਿਆਚਾਰ ਦਾ ਪਿਆਰ ਸਤਿਕਾਰ ਹੁੰਦਾ ਆ, ਉੱਚ ਕੋਟੀ ਦੇ ਗਾਇਕਾਂ ਨੇ ਜਦੋਂ ਉਹਨਾਂ ਦੇ ਬੋਲਾਂ ਨੂੰ ਆਪਣੀ ਆਵਾਜ਼ ਦਿੱਤੀ ਤਾਂ ਉਹ ਬੋਲ ਸਿਰਫ ਗੀਤ ਨਹੀਂ ਰਹੇ ਉਹ ਸ਼ਰਧਾਵਾਨ ਦਿਲਾਂ ਦੀ ਅਰਦਾਸ ਰੂਪੀ ਲੋਕ ਗੀਤ ਬਣ ਗਏ,ਉਹ ਪਰੰਪਰਾ ਬਣ ਗਏ, ਉਹ ਪੰਜਾਬ ਦੀ ਪਛਾਣ ਬਣ ਗਏ।ਹਰਵਿੰਦਰ ਉਹੜਪੁਰੀ ਨੇ ਸਾਬਤ ਕਰ ਦਿੱਤਾ ਕਿ ਸੱਚੀ- ਸੁੱਚੀ ਅਤੇ ਸਾਫ਼-ਸੁਥਰੀ ਕਲਮ ਕਦੇ ਰੁੱਕਦੀ ਨਹੀਂ,ਬਲਕਿ ਹਰ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਦੀ ਹੈ। ਦੁਨੀਆ ਭਰ ਦੇ ਅਨੇਕਾਂ ਦੇਸ਼ਾਂ ਵਿੱਚ ਉਹਨਾਂ ਦੇ ਗੋਲਡ ਮੈਡਲਾਂ ਸਮੇਤ ਸੈਂਕੜੇ ਸਨਮਾਨ ਹੋ ਚੁੱਕੇ ਹਨ।ਪੰਜਾਬ ਭਰ ਵਿੱਚ ਵੀ ਵਿਸ਼ਵ ਪੱਧਰੀ ਮੇਲਿਆਂ ਦੇ ਵਿੱਚ ਹਰਵਿੰਦਰ ਉਹੜਪੁਰੀ ਦੇ ਵਿਸ਼ੇਸ਼ ਸਨਮਾਨ ਕੀਤੇ ਗਏ ਹਨ। ਹਰਵਿੰਦਰ ਉਹੜਪੁਰੀ ਦੀ ਸ਼ਾਨਾਮੱਤੀ ਕਲਮ ਇਸੇ ਤਰ੍ਹਾਂ ਹੀ ਨਿਰੰਤਰ ਗੀਤ ਰਚਦੀ ਰਹੇ,ਪਰਮਾਤਮਾ ਇਹਨਾਂ ਨੂੰ ਹੋਰ ਵੀ ਕਾਮਯਾਬੀਆਂ ਤੇ ਸਿਹਤਯਾਬੀਆਂ ਬਖਸ਼ੇ।
ਆਮੀਨ !

