ਵੈਨਕੂਵਰ ( ਦੇ ਪ੍ਰ ਬਿ)- ਸਰੀ ਦੀ 145 ਸਟਰੀਟ ਅਤੇ 76 ਐਵੇਨਿਊ ਸਥਿਤ ਸਰੀ ਦੇ ਇੱਕ ਵਿਅਕਤੀ ਵੱਲੋਂ ਆਪਣੇ ਘਰ ਦੇ ਮੂਹਰੇ ਪਹੁੰਚਦੇ ਸਾਰ ਹੀ ਤਿੰਨ ਜਣਿਆਂ ਵੱਲੋਂ ਉਸ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ, ਪਰ ਚੌਕਸੀ ਤੇ ਰੌਲਾ ਰੱਪਾ ਪਾਉਣ ਕਾਰਨ ਉਸ ਦਾ ਜਾਨੀ ਬਚਾਅ ਹੋ ਗਿਆ। ਪੀੜਤ ਦੀ ਪਛਾਣ ਹਰਜਿੰਦਰ ਸਿੰਘ ਢੰਡੋਵਾਲ ਵਜੋਂ ਹੋਈ ਹੈ, ਜੋ ਤਿੰਨ ਸਾਲ ਪਹਿਲਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੀ ਪਾਰਕਿੰਗ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਜਰ ਦਾ ਕਰੀਬੀ ਸਾਥੀ ਰਿਹਾ ਹੈ।
ਪੁਲੀਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਟਰੱਕ ਚਾਲਕ ਢੰਡੋਵਾਲ ਸਰੀ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਉਸਾਰੀ ਦੇ ਕੰਮ ਵਿੱਚ ਹਿੱਸਾ ਲੈਣ ਉਪਰੰਤ ਆਪਣੀ ਹੰਮਰ ਕਾਰ ਉੱਤੇ ਦੇਰ ਰਾਤ ਜਿਵੇਂ ਹੀ ਘਰ ਦੇ ਮੂਹਰੇ ਪਹੁੰਚਿਆ, ਤਾਂ ਉਸ ਦਾ ਪਿੱਛਾ ਕਰ ਰਹੇ ਦੋ ਕਾਰਾਂ ਵਿੱਚ ਸਵਾਰ ਤਿੰਨ ਜਣਿਆਂ ਨੇ ਉਸ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਢੰਡੋਵਾਲ ਨੇ ਤੁਰੰਤ ਕਾਰ ਦਾ ਤੇਜ਼ ਹਾਰਨ ਵਜਾਉਣਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਹਮਲਾਵਰ ਉਸ ਉੱਤੇ ਕੁਝ ਗੋਲੀਆਂ ਚਲਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਢੰਡੋਵਾਲ ਦੀ ਖੱਬੀ ਬਾਂਹ ’ਤੇ ਕੁਝ ਗੋਲੀਆਂ ਲੱਗਣ ਕਾਰਨ ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ।
