ਭਾਰੀ ਗਿਣਤੀ ਵਿਚ ਸਮਰਥਕਾਂ ਨੇ ਕੀਤੀ ਸ਼ਮੂਲੀਅਤ-
ਸਰੀ (ਮਹੇਸ਼ਇੰਦਰ ਸਿੰਘ ਮਾਂਗਟ, ਦੇ ਪ੍ਰ ਬਿ ) – ਬੀਤੇ ਦਿਨ ਮੇਅਰ ਬਰੈਂਡਾਂ ਲੌਕ ਦੀ ਅਗਵਾਈ ਵਾਲੀ ਟੀਮ ਸਰੀ ਕੁਨੈਕਟ ( Surrey Connect) ਵੱਲੋਂ ਕਿੰਗ ਜੌਰਜ ਬੁਲੇਵਾਰਡ ਤੇ ਹਾਈਵੇ 99 ਨੇੜੇ ਇਕ ਫਾਰਮ ਹਾਊਸ ਤੇ ਵਿਸ਼ਾਲ ਫੰਡਰੇਜ਼ਿੰਗ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਸਰੀ ਦੇ ਪ੍ਰਮੁੱਖ ਕਾਰੋਬਾਰੀ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਸਮੇਤ ਵੱਖ-ਵੱਖ ਭਾਈਚਾਰਿਆਂ ਦੀਆਂ ਨਾਮਵਰ ਸ਼ਖ਼ਸੀਅਤਾਂ ਤੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਸਮਾਗਮ ਦੌਰਾਨ ਕਰੀਬ 800 ਦੇ ਆਸ-ਪਾਸ ਲੋਕਾਂ ਦੀ ਹਾਜ਼ਰੀ ਨੇ ਇਸ ਨੂੰ ਇੱਕ ਯਾਦਗਾਰ ਅਤੇ ਸਫਲ ਇਕੱਠ ਬਣਾ ਦਿੱਤਾ। ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠੇ ਹੋਣਾ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸਰੀ ਕੁਨੈਕਟ ਲਈ ਇੱਕ ਮਜ਼ਬੂਤ ਲੋਕ ਸਮਰਥਨ ਅਤੇ ਉਤਸ਼ਾਹਜਨਕ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਮੌਕੇ ਮੇਅਰ ਬਰੈਂਡਾ ਲੌਕ ਤੇ ਉਹਨਾਂ ਨਾਲ ਟੀਮ ਦੇ ਮੈਂਬਰਾਂ ਹੈਰੀ ਬੈਂਸ, ਪਰਦੀਪ ਕੂਨਰ, ਰੋਨਾ ਟੈਪਰ, ਗੋਰਡਨ ਹੈਪਨਰ, ਨੋਮੀ ਵਿਕਟੋਰੀਨੋ ਤੇ ਰੌਬ ਸਟੱਟ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ, ਸਮਰਥਕਾਂ ਅਤੇ ਦਾਨੀ ਸੱਜਣਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਭਾਈਚਾਰੇ ਵੱਲੋਂ ਮਿਲ ਰਿਹਾ ਪਿਆਰ, ਭਰੋਸਾ ਅਤੇ ਸਹਿਯੋਗ ਉਨ੍ਹਾਂ ਦੀ ਟੀਮ ਲਈ ਹੋਰ ਵੀ ਪ੍ਰੇਰਣਾਦਾਇਕ ਹੈ। ਇਸ ਮੌਕੇ ਮੇਅਰ ਬਰੈਂਡਾ ਲੌਕ ਸੰਬੋਧਨ ਕਰਦਿਆਂ ਵਿਸ਼ਵਾਸ ਜਤਾਇਆ ਕਿ ਸਰੀ ਦੇ ਵਿਕਾਸ, ਪਾਰਦਰਸ਼ੀ ਪ੍ਰਸ਼ਾਸਨ ਅਤੇ ਲੋਕ ਸੇਵਾ ਦੇ ਏਜੰਡੇ ਨੂੰ ਲੋਕਾਂ ਦਾ ਲਗਾਤਾਰ ਸਾਥ ਮਿਲਦਾ ਰਹੇਗਾ। ਉਹਨਾਂ ਵਿਰੋਧੀਆਂ ਦੇ ਪ੍ਰਚਾਰ ਨੂੰ ਨਾਕਾਰਦਿਆਂ ਕਿਹਾ ਕਿ ਸ਼ਹਿਰ ਵਾਸੀ ਜਾਣਦੇ ਹਨ ਕਿ ਉਹਨਾਂ ਦੀ ਟੀਮ ਕੀ ਕਰ ਰਹੀ ਹੈ। ਉਹਨਾਂ ਦਾ ਧਿਆਨ ਸ਼ਹਿਰ ਨੂੰ ਹਰ ਪੱਖੋ ਮਜ਼ਬੂਤ ਤੇ ਵਿਕਾਸ ਮੁਖੀ ਕਾਰਜ਼ਾਂ ਵੱਲ ਸੇਧਿਤ ਹੈ।
ਸਮਾਗਮ ਦੌਰਾਨ ਮਹਿਮਾਨਾਂ ਨੂੰ ਸਰੀ ਕੁਨੈਕਟ ਦੀ ਟੀਮ ਨਾਲ ਵਿਚਾਰ-ਵਟਾਂਦਰੇ ਦਾ ਮੌਕਾ ਵੀ ਮਿਲਿਆ ਅਤੇ ਸਰੀ ਦੇ ਭਵਿੱਖ, ਵਿਕਾਸ ਯੋਜਨਾਵਾਂ ਅਤੇ ਆਉਣ ਵਾਲੀਆਂ ਚੋਣਾਂ ਸਬੰਧੀ ਵੀ ਚਰਚਾ ਕੀਤੀ ਗਈ। ਫੰਡਰੇਜ਼ਿੰਗ ਰਿਸੈਪਸ਼ਨ ਦੀ ਵੱਡੀ ਸਫਲਤਾ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਸਰੀ ਕੁਨੈਕਟ ਨੂੰ ਭਾਈਚਾਰੇ ਦੇ ਵੱਖ-ਵੱਖ ਵਰਗਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਸਰੀ ਨਿਊਟਨ ਤੋਂ ਐਮ ਪੀ ਸੁੱਖ ਧਾਲੀਵਾਲ, ਸਰੀ ਪੈਨੋਰਮਾ ਤੋਂ ਐਮ ਐਲ ਏ ਬਰਾਇੰਨ ਟੈਪਰ, ਰੇਡੀਓ ਸਵਿਫਟ ਦੇ ਪ੍ਰੈਜੀਡੈਂਟ ਕੁਲਵੰਤ ਢੇਸੀ, ਰੇਡੀਓ ਇੰਡੀਆ ਦੇ ਮਨਿੰਦਰ ਗਿੱਲ, ਲਵਲੀਨ ਗਿੱਲ, ਤਾਜ ਕਨਵੈਨਸ਼ਨ ਸੈਂਟਰ ਵਾਲੇ ਕੁਲਤਾਰ ਸਿੰਘ ਥਿਆੜਾ, ਮਨਦੀਪ ਬੈਂਸ ਤੇਜਾ ਫੂਡਜ, ਅਵਤਾਰ ਗਿੱਲ, ਅਮਰੀਕ ਸਿੰਘ ਸੰਘਾ, ਨਛੱਤਰ ਸਿੰਘ ਕੂਨਰ, ਹਰਦੇਵ ਸਿੰਘ ਗਰੇਵਾਲ, ਪ੍ਰੋ ਗੁਰਦੇਵ ਸਿੰਘ, ਪ੍ਰੋ ਸੀਜੇ ਸਿੱਧੂ, ਜੁਗਰਾਜ ਸਿੰਘ ਗਰਚਾ, ਮੰਨੂ ਸੰਧੂ, ਰਾਜ ਆਦਮੀ ਤੇ ਭਾਈਚਾਰੇ ਦੀਆਂ ਕਈ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।
















