Jul 16, 2026

ਦਰਬਾਰਾ ਸਿੰਘ ਕਾਹਲੋਂ-

ਇੱਕ ਵਾਰ ਫਿਰ  ਕੌਮਾਂਤਰੀ ਮੀਡੀਆ ਅਤੇ ਕੌਮਾਂਤਰੀ ਪੱਧਰ ਤੇ ਭਾਰਤ ਸਥਿਤ ਬਦਨਾਮ ਬਿਸ਼ਨੋਈ ਗੈਂਗ ਸਮੇਤ ਤਿੰਨ ਵੱਖ-ਵੱਖ ਭਾਰਤੀ ਅਪਰਾਧਿਕ  ਗੈਂਗਸਟਰਵਾਦੀਆ  ਦਾ ਖੁਲਾਸਾ ਕੀਤਾ ਗਿਆ ਹੈ। 7 ਜੁਲਾਈ 2026 ਨੂੰ ਇੱਕ ਭਰਵੀਂ ਪ੍ਰੈਸ ਕਾਨਫਰੰਸ ਵਿੱਚ ਕਨੇਡੀਅਨ ਆਰਸੀ ਐਮਪੀ ਕਮਿਸ਼ਨਰ ਮਾਈਕ ਡੂਹੇਮੀ  , ਅਮਰੀਕੀ ਸਥਾਨਕ ਪੁਲਿਸ ਅਤੇ ਐਫਬੀਆਈ ਅਧਿਕਾਰੀ ਨੇ ਇੱਕ ਭਰਵੀ  ਪ੍ਰੈਸ ਕਾਨਫਰੰਸ  ਵਿੱਚ ਲਾਸ ਏਜਲਸ  ਵਿਖੇ ਦੱਸਿਆ ਕਿ ਉਹਨਾਂ ਵੱਲੋਂ ਤਿੰਨ ਭਾਰਤੀ ਅਪਰਾਧਿਕ ਸੰਗਠਨਾਂ ਵਿਰੁੱਧ ਜੋ ਧੋਖਾਘੜੀ ,ਕਤਲਾਂ ਫਿਰੌਤੀਆਂ, ਜਬਰੀ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵਿਸ਼ਵ ਭਰ ਵਿੱਚ ਹੋਰ ਅਪਰਾਧਾਂ ਵਿੱਚ ਸ਼ਾਮਿਲ ਹਨ, ਵਿਰੁੱਧ “ਹਾਰਡ ਬਾਲ ਆਪਰੇਸ਼ਨ” ਅਧੀਨ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਇਸ ਸਬੰਧਿਤ 37 ਵਿੱਚੋਂ 24 ਅਪਰਾਧੀ ਦਬੋਚ ਲਏ ਗਏ ਹਨ ਜਿਨਾਂ ਵਿੱਚੋਂ ਤਿੰਨ ਕਨੇਡਾ ਵਿੱਚ ਫੜੇ ਹਨ ਅਤੇ ਸੱਤ ਪਹਿਲਾਂ ਹੀ ਜੇਲ ਵਿੱਚ ਹਨ । 10 ਅਪਰਾਧੀ ਭਗੋੜੇ ਹਨ ਜਿਹਨਾਂ ਵਿੱਚੋਂ ਸੱਤ ਅਮਰੀਕਾ ,2 ਭਾਰਤ ਅਤੇ ਇਕ ਯੂਰਪ ਵਿੱਚ ਹੈ ।”ਹਾਰਡ ਬਾਲ ਆਪਰੇਸ਼ਨ” ਅਧੀਨ ਕਾਰਵਾਈ ਵਿੱਚ 10 00ਕਿਲੋ ਕੋਕੀਨ ,ਇਕ ਕਿਲੋ  ਹੈਰੋਇਨ,40 000ਡਾਲਰ ਨਗਦ ਅਤੇ ਇੱਕ ਦਰਜਨ ਦੇ ਕਰੀਬ ਹਥਿਆਰ ਪਕੜੇ ਗਏ ਹਨ।

ਮਈ ਕਾਂਡ :

ਅਜੇ ਮਈ 2026 ਵਿੱਚ ਕੈਨੇਡਾ ਅੰਦਰ ਓਂਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ 17 ਪੰਜਾਬੀ ਅਤੇ ਖਾਸ ਕਰਕੇ ਸਿੱਖ ਨੌਜਵਾਨਾਂ ਅਧਾਰਤ ਅੰਤਰਰਾਸ਼ਟਰੀ ਗੈਂਗ ਜੋ “ਫਾਰ ਬ੍ਰਦਰਜ ਗੈਗ “ਲਈ ਕੰਮ ਕਰਦੇ ਸਨ ,ਪਕੜੇ ਗਏ ।ਵੱਖ ਵੱਖ ਦੇਸ਼ਾਂ ਵਿੱਚ ਵੱਡੇ ਪੱਧਰ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ,ਹਵਾਲਾ ਅਤੇ ਅਪਰਾਧਕ ਘਟਨਾਵਾਂ ਸਬੰਧੀ ਇਸ ਕੇਸ ਦੀ ਸਿਆਹੀ ਅਜੇ ਤੱਕ ਨਹੀਂ ਸੁੱਕੀ ਸੀ ਕਿ ਲਾਸ  ਏਜਲਸ ਦੀ ਪ੍ਰੈਸ ਕਾਨਫਰਸ ਨੇ ਮੁੜ ਭਾਰਤ ਨੂੰ ਕੌਮਾਂਤਰੀ ਪੱਧਰ ਤੇ ਨਸ਼ਰ ਕਰਕੇ ਰੱਖ ਦਿੱਤਾ। ਮਈ ਕਾਰਵਾਈ ਵਿੱਚ ਸਰੀ (ਬ੍ਰਿਟਿਸ਼ ਕੋ ਲੰਬੀਆ } ਦੇ ਆਰਸੀ ਐਮਪੀ ਅਧਿਕਾਰੀਆਂ ,ਕਨੇਡਾ ਬਾਰਡਰ ਸਰਵਿਸ ਏਜੰਸੀ ,ਅਮਰੀਕਨ ਐਫਬੀਆਈ ਅਤੇ ਫਿਨਟਰੈਕ ਏਜੰਸੀਆਂ ਨਾਲ ਮਿਲ ਕੇ ਪੁਲਿਸ ਨੇ 17 ਤੇ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਜਬਰੀ ਵਸੂਲੀ ,ਆਗਜ਼ਨੀ ,ਗੋਲੀ ਕਾਂਡ, ਹਿੰਸਾ ਅਤੇ ਧਮਕੀਆਂ ਦੇ ਦੋਸ਼ਾਂ ਹੇਠ ਪਕੜਿਆ ਸੀ। ਇਹਨਾਂ ਤੇ 106 ਕੇਸ ਆਇਦ ਕੀਤੇ ਗਏ ਸਨ ਜਿਨਾਂ ਵਿੱਚੋਂ 11 ਜਬਰੀ ਵਸੂਲੀ ,75 ਗੈਰ ਕਾਨੂੰਨੀ ਹਥਿਆਰ ਰੱਖਣ ,24 ਵਿੱਚੋਂ 16 ਸੰਗੀਨ ਹਿੰਸਕ ਘਟਨਾਵਾਂ ਵਿੱਚ ਸ਼ਾਮਿਲ ਹੋਣ ਨਾਲ ਸੰਬੰਧਿਤ ਸਨ ।

ਅਜੋਕੇ ਦੋਸ਼ :

ਅਜੋਕੇ ਦੋਸ਼ਾਂ ਅਨੁਸਾਰ ਭਾਰਤ ਸਥਿਤ ਬਿਸ਼ਨੋਈ ਗੈਂਗ ਅਤੇ ਉਸਦੇ ਕਥਿਤ ਦੋਸ਼ੀ ਅਮਰੀਕੀ ਲਫਟੈਨ ਤੇ ਅਮਰੀਕੀ ਸਰਕਾਰੀ ਵਕੀਲਾਂ ਵੱਲੋਂ ਕਨੇਡੀਅਨ ਵੱਖਵਾਦੀ ਕਾਰਕੁਨ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ ।ਇਹ ਕੇਸ ਜੁਲਾਈ 1,2026 ਨੂੰ ਦਾਖਲ ਕੀਤਾ ਗਿਆ ਸੀ ਜਿਸ ਨੂੰ ਅਮਰੀਕੀ ਅਦਾਲਤ ਨੇ 7 ਜੁਲਾਈ ਨੂੰ ਖੋਲਿਆ ਅਤੇ ਜਿਸ ਅਨੁਸਾਰ ਲਾਰੰਸ ਬਿਸ਼ਨੋਈ ,ਉਸਦੇ ਕਥਿਤ ਦੋਸ਼ੀ ਅਮਰੀਕਾ ਸਥਿਤ ਡਿਪਟੀ ਸਤਿੰਦਰਜੀਤ ਸਿੰਘ ਉਲਫ ਗੋਲਡੀ ਬਰਾੜ ਵੱਲੋਂ ਨਿਜਰ ਦੀ 18 ਜੂਨ 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਗੁਰਦੁਆਰੇ ਵਿਖੇ ਹਤਿਆ ਦੇ ਹੁਕਮ ਦਿੱਤੇ ਗਏ ਸਨ ।  ਇਹ ਖੁਲਾਸੇ ਸੰਗੀਨ ਇਸ ਕਰਕੇ ਹਨ ਕਿ ਇਹਨਾਂ ਵਿੱਚ ਪਹਿਲੀ ਵਾਰ ਵਿਧੀਵਤ ਤੌਰ ਤੇ ਅਦਾਲਤ ਵਿੱਚ ਲਾਰਸ ਬਿਸ਼ਨੋਈ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਉਸ ਦੇ ਨਾਲ ਹੀ ਜੱਗੂ ਭਗਵਾਨਪੁਰੀਆ (ਆਸਾਮ ਜੇਲ ਵਿੱਚ ਬੰਦ }ਅਤੇ ਅਤੀ ਸਨਸਨੀਖੇਜ ਖੁਲਾਸਾ ਕਿ ਇਸ ਗੈਂਗਸਟਰਵਾਦ ਵਿੱਚ ਪੰਜਾਬ ਪੁਲਿਸ ਦਾ ਟਾਂਡਾ ਵਿਖੇ ਤਾਇਨਾਤ ਇੱਕ ਐਸ ਐਚ ਓ ਪੰਜਾਬ ਪੁਲਿਸ  ਦਾ ਨਾਂਅ ਵੀ ਸਾਹਮਣੇ ਆਇਆ( ਜਿਸ ਨੂੰ ਤੁਰੰਤ ਪੰਜਾਬ ਸਰਕਾਰ ਨੇ ਲਾਈਨ ਹਾਜ਼ਰ ਕਰ ਦਿੱਤਾ ਹੈ )ਇਹ ਪੰਜਾਬ ਸਰਕਾਰ ਵੱਲੋਂ ਇੱਕ ਮਾਰਚ, 2025 ਨੂੰ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੀ ਨਕਾਮੀ  ਤੇ ਸ਼ਰਮਨਾਕ ਦਾਗ ਹੈ ।ਇੱਥੇ ਹੀ ਬੱਸ ਨਹੀਂ 4 ਜੁਲਾਈ ਨੂੰ ਇੱਕ ਐਡੀਸ਼ਨਲ ਜੇਲ ਸੁਪਰਡੈਂਟ ,ਸੈਂਟਰਲ ਜੇਲ ਹੁਸ਼ਿਆਰਪੁਰ,12 ਹੋਰ ਲੋਕਾਂ ਸਮੇਤ ਜੇਲ ਵਿੱਚ ਨਸ਼ੇ ਵਿਕਾਉਣ ਦੇ ਦੋਸ਼ ਵਿੱਚ ਪਕੜਿਆ ਗਿਆ ।ਇਸ ਤੋਂ ਇਲਾਵਾ ਕੁਝ ਨਸ਼ਾ ਤਸਕਰ ਉੱਚ ਪੁਲਿਸ ਅਫਸਰ ਭਗੋੜੇ ਹਨ ।ਇੰਝ ਪ੍ਰਤੀਤ ਹੁੰਦਾ ਹੈ ਜਿਵੇਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਉਲਟੀ ਪੰਜਾਬ ਵਿੱਚ ਕੋਮਾਂਤਰੀ ਪੱਧਰ ਤੇ ਨਸ਼ੀਲੇ ਪਥਾਰਥਾਂ ਦੇ ਤਸਕਰ ,ਅਪਰਾਧੀ ਅਤੇ ਗੈਂਗਸਟਰ ਪੈਦਾ ਕਰਨ ਵਿੱਚ ਸਹਾਈ ਹੋਈ ਹੋਵੇ ।

ਅਮਰੀਕੀ ਗਰਾਂਡ ਜੂਊਰੀ ਵੱਲੋਂ ਹਰਦੀਪ ਸਿੰਘ ਨਿਜਰ ਨੂੰ “ਐਚ ਐਸ ਐਨ “ਵਜੋਂ ਦਰਸਾਇਆ ਗਿਆ ਹੈ ਜਿਸ ਅਨੁਸਾਰ ਬਿਸ਼ਨੋਈ ਨੇ ਚਾਰ  ਬੇਨਾਮੀ ਅਪਰਾਧੀਆਂ ਨੂੰ ਉਸ ਦੀ ਫੋਟੋ ਅਤੇ ਹੋਰ ਜਾਣਕਾਰੀ ਮੁਹਈਆ ਕਰਵਾਈ ਸੀ ।ਗੋਲਡੀ ਬਰਾੜ ਨੂੰ ਬਿਸ਼ਨੋਈ ਦਾ ਲੰਗੋਟੀਆ ਯਾਰ ਦਰਸਾਇਆ ਗਿਆ ਹੈ ਜੋ ਅਮਰੀਕਾ ਵਿਖੇ ਭੱਜ ਗਿਆ ਅਤੇ ਉੱਥੇ ਫਰੌਤੀਆਂ,ਧਮਕੀਆਂ ,ਲੁਟਾ ਖੋਹਾਂ ,ਕਤਲਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਗੁਰਗਾ ਬਣ ਬੈਠਾ ।33 ਸਾਲਾ ਬਿਸ਼ਨੋਈ (ਗੁਜਰਾਤ ਜੇਲ ਵਿੱਚ ਬੰਦ )ਨੇ ਵਿਦਿਆਰਥੀ ਰਾਜਨੀਤਿਕ ਜੀਵਨ ਤੋਂ ਆਪਣਾ ਅਪਰਾਧਿਕ ਗੈਂਗ ਗਠਿਤ ਕਰ ਲਿਆ ਸੀ ਜੋ ਸਨ 2015 ਤੋਂ ਭਾਰਤੀ ਜੇਲ ਵਿੱਚੋਂ ਸਮਗਲਿੰਗ ਕੀਤੇ ਫੋਨਾਂ ਰਾਹੀਂ ਆਪਣਾ ਅੰਤਰਰਾਸ਼ਟਰੀ ਗੈਂਗ ਦੇਸ਼ ਵਿਦੇਸ਼ ਵਿੱਚ ਚਲਾ ਰਿਹਾ ਹੈ ਇਸ ਤੇ ਕਨੇਡਾ ,ਬ੍ਰਿਟੇਨ ,ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਭਾਰਤੀ ਕਾਰੋਬਾਰੀਆਂ ,ਰਾਜਨੀਤਿਕ ਕਾਰਕੁਨਾਂ ,ਅਤੇ ਅਮੀਰ  ਲੋਕਾਂ ਨੂੰ  ਨਿਸ਼ਾਨਾ ਬਣਾਉਣ ਦੇ ਦੋਸ਼ ਹਨ। ਵੈਸੇ ਉਹ ਆਪਣੇ ਆਪ ਨੂੰ ਇਕ ਦੇਸ਼ ਭਗਤ ਰਾਸ਼ਟਰਵਾਦੀ ਅਤੇ ਧਾਰਮਿਕ ਵਿਅਕਤੀ ਦਰਸਾਉਂਦਾ ਹੈ । ਵੱਖਵਾਦੀ ਆਗੂ ਨਿਜਰ ਨੂੰ ਮਾਰਨ ਸਮੇਂ ਤਤਕਾਲੀ ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਸਦੇ ਕਤਲ ਵਿੱਚ ਨਵੀ ਦਿੱਲੀ ਤੇ ਦੋਸ਼ ਲਗਾਏ ਸਨ ਜਿਨਾਂ ਨੂੰ ਨਕਾਰ ਦਿੱਤਾ ਗਿਆ ।ਉਸ ਸਮੇਂ ਸਥਿਤੀ ਇਸ ਕਦਰ  ਵਿਗੜੀ ਕਿ ਭਾਰਤ ਅਤੇ ਕੈਨੇਡਾ ਨੂੰ  ਆਪਣੇ ਡਿਪਲੋਮੈਟਿਕ ਸਬੰਧ ਤੋੜਨੇ ਪੈ ਗਏ ।ਉਦੋਂ ਕੈਨੇਡੀਅਨ  ਪੁਲਿਸ ਦੇ ਦੋ ਸਿੱਖ ਵੱਖਵਾਦੀਆਂ ਅਤੇ ਤਿੰਨ ਕੈਨੇਡੀਅਨਾ ਦੇ ਕਤਲ ਦੇ ਵੀ ਦੋਸ਼ ਲਗਾਏ ਸਨ। ਹੁਣ ਟਰੂਡੋ ਸਰਕਾਰ ਦੀ ਰਾਸ਼ਟਰੀ ਸਲਾਹਕਾਰ ਰਹੀ ਜੂਡੀ  ਥਾਮਸ ਨੇ ਅਜੋਕੇ ਕੇਸ ਤੋਂ ਬਾਅਦ ਖੁਲਾਸਾ ਕੀਤਾ ਹੈ ਕਿ ਬਿਸ਼ਨੋਈ ਗੈਂਗ ਕਿਸੇ ਹੋਰ ਤੋਂ ਹੁਕਮਾਂ  ਅਧੀਨ ਕੰਮ ਕਰਦਾ ਹੈ । ਉਸ ਦਾ ਕਹਿਣਾ ਹੈ ਕਿ ਜੇਲ ਵਿੱਚੋਂ ਜੇਕਰ ਐਸੇ ਗੈਂਗ ਕਾਰਵਾਈ ਕਰ ਰਹੇ ਹਨ ਤਾਂ ਇਸ ਲਈ ਭਾਰਤ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ ।

ਹਾਈ ਕਮਿਸ਼ਨਰ :

ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਇਹਨਾਂ ਗਿਰਫਤਾਰੀਆਂ ਦੇ ਦੋਸ਼ਾਂ ਨੂੰ ਸਹੀ ਕਰਾਰ ਦਿੰਦੇ ਕਿਹਾ ਹੈ ਕਿ ਨਵੀਂ ਦਿੱਲੀ ਤਾਂ ਪਹਿਲਾਂ ਹੀ ਸਹਿਯੋਗੀ ਦੇਸ਼ਾਂ ਨੂੰ ਐਸੇ ਅੰਤਰ ਦੇਸੀ ਗੈਂਗਾਂ ਤੇ ਕੜੀ ਕਾਰਵਾਈ ਲਈ ਜ਼ੋਰ ਦਿੰਦੀ ਆ ਰਹੀ ਹੈ ਭਾਰਤ ਅੰਦਰ ਲੰਮੇ ਸਮੇਂ ਤੋਂ ਦੋਸ਼  ਲਗਾਏ ਜਾ ਰਹੇ ਸਨ  ਕਿ ਐਸੇ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਅਪਰਾਧੀਆਂ ਵਿਰੁੱਧ ਕਾਰਵਾਈ ਪ੍ਰਤੀ ਉੱਤਰੀ ਅਮਰੀਕੀ ਸਰਕਾਰਾਂ  ਅੱਖਾਂ  ਮੀਟੀ  ਬੈਠੀਆਂ ਸਨ ਜਿਸ ਕਰਕੇ ਉਹਨਾਂ ਨੂੰ ਹਿੰਸਕ ਕਾਰਨਾਮੇ ਕਰਨ ਲਈ ਉਤਸਾਹ ਮਿਲਦਾ ਰਿਹਾ ਹੈ। ਪਰ ਅਜੋਕੇ ਸਾਂਝੇ ਵਿਸ਼ੇ ਅਧੀਨ ਕਾਰਵਾਈ ਤੋਂ ਯਕੀਨ ਹੋ ਗਿਆ ਹੈ ਕਿ ਹੁਣ ਉਹ ਸਖਤ ਕਾਰਵਾਈ ਲਈ ਤਿਆਰ ਹਨ ।ਉਹਨਾਂ ਨਿਸ਼ਚਾ ਕੀਤਾ ਹੈ ਕਿ ਕਨੇਡਾ ,ਅਮਰੀਕਾ ਅਤੇ ਵਿਸ਼ਵ ਵਿੱਚ ਸੁਰੱਖਿਆ ਸੁਨਿਸ਼ਚਿਤ ਬਣਾਉਣ ਲਈ ਇਹਨਾਂ ਗੈਂਗਾਂ ਦਾ ਲੱਕ ਤੋੜਨਾ ਜਰੂਰੀ ਹੈ ।ਸ੍ਰੀ ਪਟਨਾਇਕ  ਨੇ ਕਿਹਾ ਕਿ ਜੇਕਰ ਇਹਨਾਂ ਗੈਂਗਸਟਰਾਂ ਦੀ ਹਵਾਲਗੀ ਦੀ ਮੰਗ ਕੀਤੀ ਜਾਵੇਗੀ ਤਾਂ ਭਾਰਤੀ ਅਦਾਲਤਾਂ ਇਸ ਸਬੰਧੀ ਨਿਰਣਾ ਲੈਣਗੀਆ ।

ਸਰਵੇ :

ਜਦੋਂ ਅਮਰੀਕਾ ਆਪਣੀ 250 ਵੀ ਵਰੇਗੱਡ ਦੇ ਜਸ਼ਨ ਮਨਾ ਰਿਹਾ ਹੈ  ਇੱਕ ਪੋਸਟ ਮੀਡੀਆ -ਲੇਜਰ ਵੱਲੋਂ ਸਰਵੇ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ 64 ਪ੍ਰਤੀਸ਼ਤ ਲੋਕ ਸਮਝਦੇ ਹਨ ਕਿ ਕੈਨੇਡੀਅਨ, ਅਮਰੀਕਨਾ ਨਾਲੋਂ ਕਿਤੇ ਵਧੀਆ ਲੋਕ ਹਨ ।ਦੋ ਤਿਹਾਈ  ਲੋਕਾਂ ਦਾ ਮੱਤ ਹੈ ਕਿ ਅਮਰੀਕੀ ਹੰਕਾਰੀ ਲੋਕ ਹਨ । 82ਪ੍ਰਤੀਸ਼ਤ ਲੋਕਾਂ ਦਾ ਮੱਤ ਹੈ ਕਿ ਕੈਨੇਡੀਅਨਾਂ ਪੂਰੇ ਵਿਸ਼ਵ ਵਿੱਚ ਸਤਿਕਾਰੇ ਜਾਂਦੇ  ਲੋਕ ਹਨ ।ਕੈਨੇਡੀਅਨ ਕਈ ਖੇਤਰਾਂ ਵਿੱਚ ਅਮਰੀਕੀ ਲੋਕਾਂ ਨਾਲੋ  ਸਰੇਸ਼ਟ ,ਸਾਊ ,ਭੱਦਰਪੁਰਸ਼ ,ਵਧੀਆ ਸੰਸਕ੍ਰਿਤੀ ਵਾਲੇ ਅਤੇ ਵਧੀਆ ਲੋਕ ਮੰਨੇ  ਜਾਂਦੇ ਹਨ । ਲੱਖ ਟਕੇ ਦਾ ਸਵਾਲ ਇਹ ਹੈ ਕਿ ਭਾਰਤੀਆਂ  ਬਾਰੇ ਲੋਕ ਐਸਾ ਕਦੋਂ ਸਮਝਣਗੇ ?  ਵਧੀਆ ,ਆਦਰਸ਼ਕ ਅਤੇ ਅਨੁਸ਼ਾਸਿਤ ਮਾਹੌਲ ਵਿੱਚ ਪ੍ਰਾਪਤ ਸਿੱਖਿਆ ਇੱਕ ਖੂਬਸੂਰਤ ਵਿਅਕਤੀ ਦਾ ਨਿਰਮਾਣ ਕਰਦੀ ਹੈ 60ਵੇ ਦਹਾਕੇ ਵਿੱਚ ਅਸੀਂ ਗੁਰਦਾਸਪੁਰ ਖਾਲਸਾ ਹਾਈ ਸਕੂਲ ਤੋਂ ਮੈਟਰਿਕ ਕੀਤੀ ।ਸਾਡੇ ਹੈਡਮਾਸਟਰ ਹਰਨਾਮ ਸਿੰਘ ਜੀ ਦਾ ਨਾਮ ਹੀ “ਅਨੁਸ਼ਾਸਨ” ਸੀ ।ਅਠਵੀਂ ਤੱਕ ਇੱਕ ਪੀਰੀਅਡ ਧਾਰਮਿਕ ਸਿੱਖਿਆ ਦਾ ਹੁੰਦਾ ਸੀ ।ਮੈਂਨੂੰ ਚੰਗੀ ਤਰ੍ਹਾਂ ਯਾਦ ਹੈ  ਕਿ ਸਾਡੀ ਦਸਵੀਂ  ਏ -ਕਲਾਸ  ਦੇ 35 -40 ਵਿਦਿਆਰਥੀਆਂ ਵਿੱਚੋਂ ਇੱਕ ਵੀ ਅਪਰਾਧੀ ਨਹੀਂ ਸੀ ਨਿਕਲਿਆ। ਕੁਝ ਤਾਂ ਵੱਡੇ ਵੱਡੇ ਸਰਕਾਰੀ ਸਿਵਲ ਅਤੇ ਫੌਜੀ ਅਫਸਰ ਬਣ ਗਏ ਸਨ ।

ਪੰਜਾਬ ਵਿੱਚ ਅੱਤਵਾਦ ਵੇਲੇ ਸਿੱਖਿਆ ਦਾ ਢਾਂਚਾ ਐਸਾ ਬੁਰੀ ਤਰ੍ਹਾਂ ਤਹਿਸ ਨਹਿਸ ਹੋਇਆ ਕਿ ਫਿਰ ਕਦੇ ਪੈਰੀ ਨਾ ਆ ਸਕਿਆ । ਦਰਅਸਲ ਜਿਸ ਸੂਬੇ ਜਾ ਦੇਸ਼ ਦਾ ਸਿੱਖਿਆ ਸਿਸਟਮ ਨਕਾਰਾ ਹੋ ਜਾਵੇ ਉਥੇ ਵਧੀਆ ਨਾਗਰਿਕਾਂ ਦੀ ਥਾਂ ਬੇਰੁਜ਼ਗਾਰ ਅਪਰਾਧੀਆ  ਦੀ ਫੌਜ ਤਿਆਰ ਹੋ ਜਾਂਦੀ ਹੈ ਇਸੇ ਕਰਕੇ ਪੰਜਾਬ ਵਿੱਚ ਲਗਾਤਾਰ ਅਮਰ ਕਾਨੂੰਨ ਦੀ ਸਥਿਤੀ ਬੇਕਾਬੂ  ਬਣੀ ਪਈ ਹੈ ।ਵਿਧਾਨ ਸਭਾ ਚੋਣਾਂ  ਸਿਰ ਤੇ ਹਨ। ਰਾਜ ਵਿੱਚ ਪੰਜਾਬ ਪੁਲਿਸ ਅਤੇ ਸਰਕਾਰ ਨੂੰ ਨਵੀਂ ਦੂਰ ਅੰਦੇਸ਼, ਸਮਰੱਥ .ਮਜਬੂਤ ਅਤੇ ਇੱਛਾ ਸ਼ਕਤੀ ਭਰਪੂਰ ਲੀਡਰਸ਼ਿਪ ਦੀ ਲੋੜ ਹੈ ਤਾਂ ਕਿ  ਕੌਮਾਂਤਰੀ ਪੱਧਰ ਤੇ ਪੰਜਾਬ ਅਤੇ ਪੰਜਾਬੀਆਂ  ਕਰਕੇ  ਨਸ਼ੀਲੇ ਪਦਾਰਥਾਂ ਦੇ ਮਾਫੀਆ ਹੋਣ ਦਾ ਮੱਥੇ ਤੇ ਲੱਗਾ ਕਲੰਕ ਧੋਤਾ ਜਾ ਸਕੇ ਜਿਸ ਕਰਕੇ ਭਾਰਤ ਦੇਸ਼ ਵੀ ਬਦਨਾਮ ਹੋ ਰਿਹਾ ਹੈ ।

ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ

ਕਿੰਗਸਟਨ -ਕੈਨੇਡਾ +12898292929

Leave a Reply

Your email address will not be published. Required fields are marked *